ਵਾਈ-ਫਾਈ ਹੌਲੀ ਹੈ, ਤਾਂ ਘਰ ਵਿੱਚ ਰੱਖਿਆ ਮਾਈਕ੍ਰੋਵੇਵ ਅਤੇ ਇਹ 4 ਚੀਜ਼ਾਂ ਹੋ ਸਕਦੀਆਂ ਹਨ ਕਾਰਨ

    • ਲੇਖਕ, ਥਾਮਸ ਜਰਮੈਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਇੰਟਰਨੈੱਟ ਦੀ ਦੁਨੀਆ ਵਾਈ-ਫਾਈ ਦੇ ਸਹਾਰੇ ਚੱਲਦੀ ਹੈ। ਡਿਜੀਟਲ ਦੁਨੀਆ 'ਤੇ ਸਾਡੀ ਨਿਰਭਰਤਾ ਇੰਨੀ ਵੱਧ ਗਈ ਹੈ ਕਿ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਦੁਨੀਆ ਵਾਈ-ਫਾਈ ਦੇ ਸਹਾਰੇ ਚੱਲ ਰਹੀ ਹੈ।

ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੇ ਆਲੇ-ਦੁਆਲੇ ਮੌਜੂਦ ਕੁਝ ਚੀਜ਼ਾਂ ਵਾਈ-ਫਾਈ ਦੇ ਸਿਗਨਲ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਹਨ। ਇੱਥੋਂ ਤੱਕ ਕਿ ਤੁਹਾਡਾ ਖਾਣਾ ਵੀ ਇਨ੍ਹਾਂ ਵਿੱਚ ਸ਼ਾਮਲ ਹੋ ਸਕਦਾ ਹੈ।

ਐਲੇਕਸ ਹਿਲਜ਼ ਦੁਨੀਆ ਦੇ ਉਨ੍ਹਾਂ ਪਹਿਲੇ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਵਾਈ-ਫਾਈ ਕਨੈਕਸ਼ਨ ਦੀਆਂ ਸਮੱਸਿਆਵਾਂ ਨਾਲ ਜੂਝਣਾ ਪਿਆ ਸੀ।

ਸਾਲ 1993 ਵਿੱਚ ਉਹ ਅਮਰੀਕਾ ਦੀ ਕਾਰਨੇਗੀ ਮੇਲਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ। ਉਨ੍ਹਾਂ ਨੇ ਉਸ ਟੀਮ ਦੀ ਅਗਵਾਈ ਕੀਤੀ ਸੀ, ਜਿਸ ਨੇ ਦੁਨੀਆ ਦੇ ਸ਼ੁਰੂਆਤੀ ਵੱਡੇ ਵਾਈ-ਫਾਈ ਨੈੱਟਵਰਕਾਂ ਵਿੱਚੋਂ ਇੱਕ ਤਿਆਰ ਕੀਤਾ ਸੀ।

ਹਿਲਜ਼ ਨੇ ਆਪਣੀ ਕਿਤਾਬ 'ਵਾਈ-ਫਾਈ ਐਂਡ ਦਿ ਬੈਡ ਬੁਆਇਜ਼ ਆਫ ਰੇਡੀਓ' ਵਿੱਚ ਇਸ ਕਹਾਣੀ ਦਾ ਜ਼ਿਕਰ ਕੀਤਾ ਹੈ।

ਪਰ ਇੱਥੇ 'ਬੈਡ ਬੁਆਇਜ਼' ਦਾ ਮਤਲਬ ਉਨ੍ਹਾਂ ਦੀ ਟੀਮ ਦੇ ਇੰਟਰਨੈੱਟ ਹੈਕਰਾਂ ਨਾਲ ਨਹੀਂ ਹੈ। ਹਿਲਜ਼ ਨੇ ਇਹ ਨਾਮ ਉਨ੍ਹਾਂ ਚੀਜ਼ਾਂ ਅਤੇ ਗਤੀਵਿਧੀਆਂ ਲਈ ਵਰਤਿਆ ਸੀ, ਜੋ ਵਾਈ-ਫਾਈ ਦੇ ਸਹੀ ਢੰਗ ਨਾਲ ਕੰਮ ਕਰਨ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ।

ਹੋ ਸਕਦਾ ਹੈ ਕਿ ਤੁਹਾਡਾ ਘਰ ਵੀ ਅਜਿਹੇ 'ਬੈਡ ਬੁਆਇਜ਼' ਨਾਲ ਭਰਿਆ ਹੋਵੇ, ਜੋ ਤੁਹਾਡੇ ਮੀਮ ਦੇਖਣ ਦੇ ਰਸਤੇ ਵਿੱਚ ਹਰ ਸੰਭਵ ਰੁਕਾਵਟ ਪੈਦਾ ਕਰ ਰਹੇ ਹੋਣ।

ਕੁਝ ਰੁਕਾਵਟਾਂ ਹੈਰਾਨ ਨਹੀਂ ਕਰਦੀਆਂ, ਜਿਵੇਂ ਮੋਟੀਆਂ ਕੰਧਾਂ। ਪਰ ਕੁਝ ਕਾਰਨ ਥੋੜ੍ਹੇ ਅਜੀਬ ਹੋ ਸਕਦੇ ਹਨ।

ਇਨ੍ਹਾਂ ਰੁਕਾਵਟਾਂ ਦੀ ਪਛਾਣ ਕਰਨ ਨਾਲ ਤੁਹਾਨੂੰ ਆਪਣੇ ਵਾਈ-ਫਾਈ ਕਨੈਕਸ਼ਨ ਦੀ ਸਮੱਸਿਆ ਹੱਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇੰਨਾ ਹੀ ਨਹੀਂ, ਇਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਭ ਤੋਂ ਮਹੱਤਵਪੂਰਨ ਤਕਨੀਕਾਂ ਵਿੱਚੋਂ ਇੱਕ ਨੂੰ ਦੇਖਣ ਦਾ ਨਜ਼ਰੀਆ ਵੀ ਬਦਲ ਸਕਦਾ ਹੈ।

ਮਾਈਕ੍ਰੋਵੇਵ

ਆਸਟ੍ਰੇਲੀਆ ਵਿੱਚ ਖਗੋਲ ਵਿਗਿਆਨੀ 17 ਸਾਲਾਂ ਤੱਕ ਰਹੱਸਮਈ ਰੇਡੀਓ ਸੰਕੇਤਾਂ ਨੂੰ ਲੈ ਕੇ ਉਲਝੇ ਰਹੇ।

ਕੁਝ ਲੋਕਾਂ ਨੇ ਇਸ ਲਈ ਸੂਰਜੀ ਤੂਫ਼ਾਨਾਂ ਨੂੰ ਜ਼ਿੰਮੇਵਾਰ ਮੰਨਿਆ, ਜਦਕਿ ਆਮ ਲੋਕਾਂ ਨੂੰ ਸ਼ੱਕ ਸੀ ਕਿ ਇਸ ਦੇ ਪਿੱਛੇ ਏਲੀਅਨ ਹੋ ਸਕਦੇ ਹਨ।

ਆਖ਼ਰਕਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਅਸਲ ਕਾਰਨ ਉਨ੍ਹਾਂ ਦੇ ਬਿਲਕੁਲ ਨੇੜੇ ਹੀ ਸੀ। ਉਨ੍ਹਾਂ ਦਾ ਟੈਲੀਸਕੋਪ ਦੁਪਹਿਰ ਦੇ ਖਾਣੇ ਦੇ ਸਮੇਂ ਦਫ਼ਤਰ ਦੇ ਮਾਈਕ੍ਰੋਵੇਵ ਓਵਨ ਵਿੱਚੋਂ ਨਿਕਲਣ ਵਾਲੀਆਂ ਊਰਜਾ ਤਰੰਗਾਂ ਨੂੰ ਫੜ੍ਹ ਰਿਹਾ ਸੀ।

ਨੁਕਸਾਨਦਾਇਕ ਮਾਈਕ੍ਰੋਵੇਵ ਤਰੰਗਾਂ ਨਾਲ ਸਿਰਫ਼ ਟੈਲੀਸਕੋਪ ਹੀ ਪ੍ਰਭਾਵਿਤ ਨਹੀਂ ਹੁੰਦੇ, ਇਹ ਤੁਹਾਡੇ ਵਾਈ-ਫਾਈ ਵਿੱਚ ਵੀ ਰੁਕਾਵਟ ਪੈਦਾ ਕਰ ਸਕਦੀਆਂ ਹਨ।

ਜ਼ਿਆਦਾਤਰ ਵਾਇਰਲੈੱਸ ਸੰਚਾਰ ਤਕਨੀਕਾਂ ਵਾਂਗ ਵਾਈ-ਫਾਈ ਵੀ ਰੇਡੀਓ ਤਰੰਗਾਂ ਰਾਹੀਂ ਜਾਣਕਾਰੀ ਭੇਜਦਾ ਹੈ।

ਸਰਕਾਰਾਂ ਜ਼ਿਆਦਾਤਰ ਰੇਡੀਓ ਫ੍ਰਿਕਵੈਂਸੀਆਂ ਨੂੰ ਖ਼ਾਸ ਮਕਸਦਾਂ ਲਈ ਰਾਖਵਾਂ ਰੱਖਦੀਆਂ ਹਨ, ਜਿਵੇਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਹਵਾਈ ਆਵਾਜਾਈ ਕੰਟ੍ਰੋਲ ਅਤੇ ਏਐੱਮ ਤੇ ਐੱਫਐੱਮ ਰੇਡੀਓ ਸਟੇਸ਼ਨਾਂ ਲਈ।

ਪਰ ਕੁਝ ਫ੍ਰਿਕਵੈਂਸੀਆਂ ਬਿਨਾਂ ਲਾਇਸੈਂਸ ਦੇ ਆਮ ਲੋਕਾਂ ਦੀ ਵਰਤੋਂ ਲਈ ਉਪਲਬਧ ਹੁੰਦੀਆਂ ਹਨ।

ਉਦਾਹਰਨ ਵਜੋਂ, 2.4 ਗੀਗਾਹਰਟਜ਼ ਫ੍ਰਿਕਵੈਂਸੀ ਵਾਈ-ਫਾਈ ਨੈੱਟਵਰਕ ਅਤੇ ਬਲੂਟੁੱਥ ਉਪਕਰਣਾਂ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਆਮ ਫ੍ਰਿਕਵੈਂਸੀਆਂ ਵਿੱਚੋਂ ਇੱਕ ਹੈ।

ਇਹੀ ਫ੍ਰਿਕਵੈਂਸੀ ਤੁਹਾਡਾ ਮਾਈਕ੍ਰੋਵੇਵ ਓਵਨ ਬਚਿਆ ਹੋਇਆ ਖਾਣਾ ਗਰਮ ਕਰਨ ਲਈ ਵਰਤਦਾ ਹੈ।

ਮਾਈਕ੍ਰੋਵੇਵ ਓਵਨ ਨੂੰ ਚੰਗੀ ਤਰ੍ਹਾਂ ਸੀਲ ਕੀਤਾ ਜਾਂਦਾ ਹੈ ਤਾਂ ਜੋ ਖਾਣਾ ਗਰਮ ਕਰਨ ਵਾਲੀਆਂ ਤਰੰਗਾਂ ਉਪਕਰਣ ਦੇ ਅੰਦਰ ਹੀ ਰਹਿਣ।

ਪਰ ਹਿਲਜ਼ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਮਾਈਕ੍ਰੋਵੇਵ ਓਵਨ ਪੁਰਾਣਾ ਜਾਂ ਖ਼ਰਾਬ ਹੈ, ਜਾਂ ਤੁਸੀਂ ਖਾਣਾ ਗਰਮ ਹੋਣ ਤੋਂ ਪਹਿਲਾਂ ਹੀ ਉਸ ਦਾ ਦਰਵਾਜ਼ਾ ਖੋਲ੍ਹ ਦਿੰਦੇ ਹੋ, ਤਾਂ ਇਹ ਤੁਹਾਡੇ ਵਾਈ-ਫਾਈ ਸਿਗਨਲ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।

ਹਿਲਜ਼ ਕਹਿੰਦੇ ਹਨ, "ਇਹ ਉਨ੍ਹਾਂ ਮੁੱਖ ਰੁਕਾਵਟਾਂ ਵਿੱਚੋਂ ਇੱਕ ਹੈ, ਜਿਨ੍ਹਾਂ ਬਾਰੇ ਲੋਕ ਅਕਸਰ ਗੱਲ ਕਰਦੇ ਹਨ।"

ਫਲੋਰੋਸੈਂਟ ਲਾਈਟਾਂ ਜਾਂ ਕਾਰ ਦੇ ਇਗਨੀਸ਼ਨ ਸਿਸਟਮ ਤੋਂ ਨਿਕਲਣ ਵਾਲੀਆਂ ਫ੍ਰਿਕਵੈਂਸੀਆਂ ਵੀ ਇਸੇ ਤਰ੍ਹਾਂ ਦੀ ਸਮੱਸਿਆ ਪੈਦਾ ਕਰ ਸਕਦੀਆਂ ਹਨ।

ਹਿਲਜ਼ ਕਹਿੰਦੇ ਹਨ, "ਅੱਜਕੱਲ੍ਹ ਮਾਈਕ੍ਰੋਵੇਵ ਇੰਨੀ ਵੱਡੀ ਸਮੱਸਿਆ ਨਹੀਂ ਰਹੇ।"

ਹੁਣ ਵਾਈ-ਫਾਈ ਤਕਨੀਕ ਬਿਹਤਰ ਹੋ ਗਈ ਹੈ ਅਤੇ ਇਹ 2.4 ਗੀਗਾਹਰਟਜ਼ ਦੀ ਬਜਾਏ 5 ਗੀਗਾਹਰਟਜ਼ ਬੈਂਡ 'ਤੇ ਵੀ ਕੰਮ ਕਰ ਸਕਦੀ ਹੈ।

ਪਰ ਜੇਕਰ ਤੁਹਾਡਾ ਵਾਈ-ਫਾਈ ਸਿਸਟਮ ਜਾਂ ਮਾਈਕ੍ਰੋਵੇਵ ਓਵਨ ਪੁਰਾਣਾ ਹੈ, ਤਾਂ ਖਾਣਾ ਡੀਫਰੌਸਟ ਕਰਦੇ ਸਮੇਂ ਤੁਹਾਡੇ ਮੀਮ ਦੇਖਣ ਵਿੱਚ ਰੁਕਾਵਟ ਆ ਸਕਦੀ ਹੈ।

ਐਕਵੇਰੀਅਮ

ਜੇਕਰ ਤੁਹਾਡੇ ਘਰ ਵਿੱਚ ਮੱਛੀਆਂ ਹਨ, ਭਾਵ ਤੁਸੀਂ ਘਰ ਵਿੱਚ ਐਕਵੇਰੀਅਮ ਰੱਖਿਆ ਹੋਇਆ ਹੈ, ਤਾਂ ਇਹ ਵੀ ਵਾਈ-ਫਾਈ ਦੇ ਰਸਤੇ ਵਿੱਚ ਰੁਕਾਵਟ ਬਣ ਸਕਦਾ ਹੈ।

ਹਿਲਜ਼ ਕਹਿੰਦੇ ਹਨ, "ਦੂਰੀ ਵਧਣ ਨਾਲ ਰੇਡੀਓ ਸਿਗਨਲ ਕੁਦਰਤੀ ਤੌਰ 'ਤੇ ਕਮਜ਼ੋਰ ਹੁੰਦਾ ਜਾਂਦਾ ਹੈ। ਪਰ ਕਈ ਵਾਰ ਜਦੋਂ ਇਹ ਕਿਸੇ ਚੀਜ਼ ਦੇ ਆਰ-ਪਾਰ ਜਾਂਦਾ ਹੈ, ਤਾਂ ਉਹ ਸਿਗਨਲ ਨੂੰ ਕਮਜ਼ੋਰ ਕਰ ਦਿੰਦੀ ਹੈ। ਇਸ ਨੂੰ ਅਸੀਂ 'ਸ਼ੈਡੋਇੰਗ' ਕਹਿੰਦੇ ਹਾਂ।"

ਵਾਈ-ਫਾਈ ਅਤੇ ਪਾਣੀ ਦੀ ਆਪਸ ਵਿੱਚ ਨਹੀਂ ਬਣਦੀ।

ਹੋਰ ਕਾਰਨਾਂ ਤੋਂ ਇਲਾਵਾ, ਪਾਣੀ ਦੇ ਅਣੂ ਛੋਟੀਆਂ ਚੁੰਬਕਾਂ ਵਾਂਗ ਕੰਮ ਕਰਦੇ ਹਨ ਅਤੇ ਰੇਡੀਓ ਸਿਗਨਲ ਦੀ ਊਰਜਾ ਨੂੰ ਸੋਖ ਲੈਂਦੇ ਹਨ।

ਜੇਕਰ ਤੁਹਾਡੇ ਅਤੇ ਰਾਊਟਰ ਦੇ ਵਿਚਕਾਰ ਮੱਛੀਆਂ ਦਾ ਐਕਵੇਰੀਅਮ ਰੱਖਿਆ ਹੈ, ਤਾਂ ਉੱਥੇ ਅਜਿਹਾ ਖੇਤਰ ਬਣ ਸਕਦਾ ਹੈ ਜਿੱਥੇ ਵਾਈ-ਫਾਈ ਉਪਲਬਧ ਨਾ ਹੋਵੇ।

ਹਿਲਜ਼ ਕਹਿੰਦੇ ਹਨ ਕਿ ਵਾਈ-ਫਾਈ ਨੈੱਟਵਰਕ ਵਿੱਚ ਲੋਕਾਂ ਦੇ ਸਾਹਮਣੇ ਆਉਣ ਵਾਲੀ ਸਭ ਤੋਂ ਵੱਡੀ ਸਮੱਸਿਆ 'ਸ਼ੈਡੋਇੰਗ' ਹੈ ਅਤੇ ਇਸ ਦੀ ਵਜ੍ਹਾ ਸਿਰਫ਼ ਮੱਛੀਆਂ ਦਾ ਐਕਵੇਰੀਅਮ ਨਹੀਂ ਹੈ।

ਰੇਡੀਓ ਤਰੰਗਾਂ ਲੱਕੜ ਅਤੇ ਡ੍ਰਾਈਵਾਲ ਵਰਗੀਆਂ ਕੁਝ ਚੀਜ਼ਾਂ ਦੇ ਆਰ-ਪਾਰ ਮੁਕਾਬਲਤਨ ਆਸਾਨੀ ਨਾਲ ਲੰਘ ਸਕਦੀਆਂ ਹਨ।

ਪਰ ਜੇਕਰ ਤੁਹਾਡੇ ਘਰ ਦੀਆਂ ਕੰਧਾਂ ਇੱਟ ਜਾਂ ਕੰਕਰੀਟ ਵਰਗੀ ਠੋਸ ਸਮੱਗਰੀ ਨਾਲ ਬਣੀਆਂ ਹਨ, ਤਾਂ ਸਮੱਸਿਆ ਵੱਧ ਸਕਦੀ ਹੈ।

ਹਿਲਜ਼ ਕਹਿੰਦੇ ਹਨ, "ਆਪਣੇ ਰਾਊਟਰ ਅਤੇ ਜਿਸ ਉਪਕਰਣ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ, ਉਨ੍ਹਾਂ ਦੇ ਵਿਚਕਾਰ ਇੱਕ ਸਿੱਧੀ ਲਾਈਨ ਦੀ ਕਲਪਨਾ ਕਰੋ।"

ਸਿਗਨਲ ਕਮਰੇ ਵਿੱਚ ਮੌਜੂਦ ਚੀਜ਼ਾਂ ਨਾਲ ਟਕਰਾ ਕੇ ਦੂਜਾ ਰਸਤਾ ਲੱਭ ਸਕਦਾ ਹੈ। ਪਰ ਰਸਤੇ ਵਿੱਚ ਜਿੰਨੀਆਂ ਜ਼ਿਆਦਾ ਰੁਕਾਵਟਾਂ ਹੋਣਗੀਆਂ, ਉਸ ਲਈ ਅੱਗੇ ਵਧਣਾ ਉਨਾ ਹੀ ਮੁਸ਼ਕਲ ਹੋਵੇਗਾ।

ਘੱਟ ਦੂਰੀ ਵਾਈ-ਫਾਈ ਲਈ ਬਿਹਤਰ ਹੁੰਦੀ ਹੈ। ਇਸ ਲਈ ਰਾਊਟਰ ਨੂੰ ਘਰ ਦੇ ਵਿਚਕਾਰ ਅਤੇ ਜਿੱਥੋਂ ਤੱਕ ਸੰਭਵ ਹੋਵੇ, ਉੱਚੀ ਜਗ੍ਹਾ 'ਤੇ ਰੱਖਣਾ ਚੰਗਾ ਹੁੰਦਾ ਹੈ।

ਜੇਕਰ ਇਸ ਨਾਲ ਵੀ ਗੱਲ ਨਾ ਬਣੇ, ਤਾਂ ਤੁਸੀਂ ਵਾਈ-ਫਾਈ ਐਕਸਟੈਂਡਰ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਸਿਗਨਲ ਦੀ ਪਹੁੰਚ ਵਧ ਜਾਵੇਗੀ। ਤੁਸੀਂ ਆਪਣੇ ਰਾਊਟਰ ਦੀ ਥਾਂ ਮੈਸ਼ ਨੈੱਟਵਰਕ ਵੀ ਲਗਾ ਸਕਦੇ ਹੋ।

ਮੈਸ਼ ਨੈੱਟਵਰਕ ਕਈ ਛੋਟੇ ਉਪਕਰਣਾਂ ਰਾਹੀਂ ਪੂਰੇ ਘਰ ਵਿੱਚ ਵਾਈ-ਫਾਈ ਪਹੁੰਚਾਉਂਦਾ ਹੈ।

ਇਸ ਨਾਲ ਤੁਹਾਨੂੰ ਉਨ੍ਹਾਂ ਪਰੇਸ਼ਾਨ ਕਰਨ ਵਾਲੀਆਂ ਮੱਛੀਆਂ ਨੂੰ ਹਟਾਉਣ ਦੀ ਲੋੜ ਨਹੀਂ ਪਵੇਗੀ।

ਸ਼ੀਸ਼ੇ

ਰੇਡੀਓ ਵੀ ਰੌਸ਼ਨੀ ਦਾ ਹੀ ਇੱਕ ਰੂਪ ਹੈ।

ਜਿਸ ਤਰ੍ਹਾਂ ਰੌਸ਼ਨੀ ਸ਼ੀਸ਼ੇ ਵਰਗੀਆਂ ਚਮਕਦਾਰ ਸਤਹਾਂ ਨਾਲ ਟਕਰਾ ਕੇ ਖਿਲਰ ਜਾਂਦੀ ਹੈ ਜਾਂ ਵਾਪਸ ਮੁੜ ਜਾਂਦੀ ਹੈ, ਉਸੇ ਤਰ੍ਹਾਂ ਤੁਹਾਡਾ ਵਾਈ-ਫਾਈ ਸਿਗਨਲ ਵੀ ਵਾਪਸ ਮੁੜ ਸਕਦਾ ਹੈ।

ਟੈਲੀਵਿਜ਼ਨ ਵਰਗੀ ਕੋਈ ਵੀ ਸਮਤਲ ਅਤੇ ਚਮਕਦਾਰ ਸਤਹ ਅਜਿਹੀ ਸਮੱਸਿਆ ਪੈਦਾ ਕਰ ਸਕਦੀ ਹੈ। ਜੇਕਰ ਤੁਹਾਡੀਆਂ ਕੰਧਾਂ ਵਿੱਚ ਧਾਤ ਦੀਆਂ ਚਾਦਰਾਂ ਦੀ ਵਰਤੋਂ ਹੋਈ ਹੈ, ਤਾਂ ਵੀ ਇਹ ਦਿੱਕਤ ਆ ਸਕਦੀ ਹੈ।

ਜੇਕਰ ਤੁਹਾਡੇ ਘਰ ਦੇ ਕਿਸੇ ਹਿੱਸੇ ਵਿੱਚ ਵਾਈ-ਫਾਈ ਸਿਗਨਲ ਕਮਜ਼ੋਰ ਹੈ, ਤਾਂ ਆਪਣੇ ਅਤੇ ਰਾਊਟਰ ਦੇ ਵਿਚਕਾਰ ਇੱਕ ਸਿੱਧੀ ਲਾਈਨ ਦੀ ਕਲਪਨਾ ਕਰੋ।

ਦੇਖੋ ਕਿ ਕੀ ਉਸ ਰਸਤੇ ਵਿੱਚ ਕੋਈ ਸ਼ੀਸ਼ਾ ਜਾਂ ਵੱਡਾ ਟੀਵੀ ਹੈ, ਜੋ ਸਿਗਨਲ ਦੀ ਦਿਸ਼ਾ ਬਦਲ ਸਕਦਾ ਹੈ।

ਤੁਸੀਂ ਅਜਿਹੀਆਂ ਚੀਜ਼ਾਂ ਨੂੰ ਦੂਜੀ ਜਗ੍ਹਾ ਰੱਖਣ ਬਾਰੇ ਵਿਚਾਰ ਕਰ ਸਕਦੇ ਹੋ।

ਜੇਕਰ ਤੁਸੀਂ ਆਪਣੇ ਘਰ ਦੀ ਵਿਵਸਥਾ ਨਹੀਂ ਬਦਲਣਾ ਚਾਹੁੰਦੇ, ਤਾਂ ਵਾਈ-ਫਾਈ ਐਕਸਟੈਂਡਰ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ।

ਠੰਢ

ਜੇਕਰ ਤੁਸੀਂ ਕਿਸੇ ਖੁੱਲ੍ਹੇ ਖੇਤਰ ਦੇ ਦੂਜੇ ਪਾਸੇ ਮੌਜੂਦ ਕਿਸੇ ਹੋਰ ਇਮਾਰਤ ਦੇ ਨੈੱਟਵਰਕ ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਮੀਂਹ ਤੁਹਾਡੇ ਵਾਈ-ਫਾਈ ਨੂੰ ਨਹੀਂ ਰੋਕੇਗਾ।

ਪਰ ਮੌਸਮ ਬਹੁਤ ਖ਼ਰਾਬ ਹੋਣ 'ਤੇ ਹਾਲਾਤ ਵਿਗੜ ਸਕਦੇ ਹਨ।

ਬਰਫ਼ਬਾਰੀ ਕਿਸੇ ਘਰ, ਮੁਹੱਲੇ ਜਾਂ ਪੂਰੇ ਸ਼ਹਿਰ ਨੂੰ ਇੰਟਰਨੈੱਟ ਸੇਵਾ ਦੇਣ ਵਾਲੇ ਬੁਨਿਆਦੀ ਢਾਂਚੇ ਨੂੰ ਠੱਪ ਕਰ ਸਕਦੀ ਹੈ।

ਭਿਆਨਕ ਠੰਢ ਨਾਲ ਕੇਬਲ ਦੇ ਅੰਦਰ ਮੌਜੂਦ ਧਾਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਾਂ ਜੰਮੀ ਹੋਈ ਬਰਫ਼ ਸੈਟੇਲਾਈਟ ਸਿਗਨਲ ਨੂੰ ਰੋਕ ਸਕਦੀ ਹੈ।

ਗਰਮੀ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਹਾਲਾਂਕਿ ਮੌਸਮ ਹੀ ਇਕੱਲੀ ਸਮੱਸਿਆ ਨਹੀਂ ਹੈ। ਜਦੋਂ ਤੁਹਾਡੇ ਘਰ ਦੇ ਸਾਰੇ ਲੋਕ ਅੰਦਰ ਬੈਠ ਕੇ ਇੱਕੋ ਸਮੇਂ ਯੂਟਿਊਬ ਦੇਖ ਰਹੇ ਹੋਣ, ਤਾਂ ਨੈੱਟਵਰਕ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ।

ਇਸ ਦਾ ਮਤਲਬ ਹੈ ਕਿ ਮੀਮ ਦੇਖਣ ਵਿੱਚ ਰੁਕਾਵਟ ਜਲਵਾਯੂ ਪਰਿਵਰਤਨ ਦਾ ਇੱਕ ਹੋਰ ਨਤੀਜਾ ਹੋ ਸਕਦੀ ਹੈ।

ਹੱਲ ਕੀ ਹੈ?

ਧਰਤੀ ਨੂੰ ਬਚਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਤੁਸੀਂ ਟੈਲੀਕਾਮ ਕੰਪਨੀਆਂ ਅਤੇ ਸਥਾਨਕ ਅਧਿਕਾਰੀਆਂ ਤੋਂ ਪਹਿਲਾਂ ਹੀ ਜ਼ਰੂਰੀ ਕਦਮ ਚੁੱਕਣ ਦੀ ਮੰਗ ਕਰ ਸਕਦੇ ਹੋ।

ਜਿੱਥੋਂ ਤੱਕ ਐਲੇਕਸ ਹਿਲਜ਼ ਦੀ ਗੱਲ ਹੈ, ਉਹ ਹੁਣ ਅਲਾਸਕਾ ਵਿੱਚ ਰਹਿੰਦੇ ਹਨ।

ਉਨ੍ਹਾਂ ਨੇ ਆਪਣੇ ਕੰਮਕਾਜੀ ਜੀਵਨ ਦਾ ਵੱਡਾ ਹਿੱਸਾ ਦੂਰ-ਦੁਰਾਡੇ ਦੇ ਕਸਬਿਆਂ ਅਤੇ ਪਿੰਡਾਂ ਤੱਕ ਇੰਟਰਨੈੱਟ ਪਹੁੰਚਾਉਣ ਵਿੱਚ ਮਦਦ ਕਰਦੇ ਹੋਏ ਬਿਤਾਇਆ ਹੈ।

ਸੈਟੇਲਾਈਟ ਇੰਟਰਨੈੱਟ ਸੇਵਾਵਾਂ ਨੇ ਇਸ ਕੰਮ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਹੈ। ਪਰ ਉਨ੍ਹਾਂ ਦੇ ਆਪਣੇ ਵਾਈ-ਫਾਈ 'ਬੈਡ ਬੁਆਇਜ਼' ਵੀ ਹਨ।

ਕਈ ਵਾਰ ਬਰਫ਼ੀਲੇ ਤੂਫ਼ਾਨ ਵਿੱਚ ਤੁਹਾਡੀ ਸੈਟੇਲਾਈਟ ਡਿਸ਼ ਬਰਫ਼ ਨਾਲ ਢੱਕ ਜਾਂਦੀ ਹੈ। ਅਜਿਹੇ ਵਿੱਚ ਤੁਹਾਨੂੰ ਕਹੀ ਚੁੱਕ ਕੇ ਉਸ ਨੂੰ ਸਾਫ਼ ਕਰਨਾ ਪੈ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)