'ਸਤਲੁਜ' ਫ਼ਿਲਮ ਹੁਣ ਭਾਰਤ ਦੇ ਨਾਲ-ਨਾਲ ਹੋਰ ਮੁਲਕਾਂ ਵਿੱਚ ਵੀ ਨਹੀਂ ਦਿਖੇਗੀ, ਜ਼ੀ5 ਤੋਂ ਕੌਮਾਂਤਰੀ ਪੱਧਰ 'ਤੇ ਹਟੀ, ਪੰਜਾਬ ਦੇ ਪਿੰਡਾਂ 'ਚ ਸਕ੍ਰੀਨਿੰਗ ਜਾਰੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਫ਼ਿਲਮ 'ਸਤਲੁਜ' ਨੂੰ ਹੁਣ ਅੰਤਰ-ਰਾਸ਼ਟਰੀ ਪੱਧਰ 'ਤੇ ਵੀ ਹਟਾ ਲਿਆ ਗਿਆ ਹੈ।

ਇਸ ਦਾ ਮਤਲਬ ਹੈ ਕਿ ਹੁਣ ਇਹ ਫ਼ਿਲਮ ਕਿਸੇ ਵੀ ਦੇਸ਼ 'ਚ ਓਟੀਟੀ ਪਲੇਟਫਰਾਮ ਜ਼ੀ5 'ਤੇ ਨਹੀਂ ਦੇਖੀ ਜਾ ਸਕੇਗੀ।

ਇਸ ਮਾਮਲੇ 'ਚ ਬੀਬੀਸੀ ਪੰਜਾਬੀ ਦੇ ਸਹਿਯੋਗੀ ਅਰਸ਼ਦੀਪ ਅਰਸ਼ੀ ਨੇ ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਸੋਸ਼ਲ ਮੀਡੀਆ ਉੱਤੇ ਵੀ ਇਸ ਸਬੰਧੀ ਕਾਫੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਕਈ ਲੋਕਾਂ ਨੇ ਲਿਖਿਆ ਕਿ ਉਹ ਹੁਣ ਆਪਣੇ ਦੇਸ਼ ਵਿੱਚ ਇਸ ਫ਼ਿਲਮ ਨੂੰ ਨਹੀਂ ਦੇਖ ਪਾ ਰਹੇ ਹਨ।

ਉੱਧਰ ਖਬਰ ਏਜੰਸੀ ਪੀਟੀਆਈ ਦੇ ਮੁਤਾਬਕ, ਸਰਕਾਰੀ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦਿਲਜੀਤ ਦੋਸਾਂਝ ਦੀ ਫ਼ਿਲਮ 'ਸਤਲੁਜ' ਦੇ ਕੰਟੈਂਟ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਇੱਕ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਇਸ ਨੂੰ ਆਨਲਾਈਨ ਸਟ੍ਰੀਮਿੰਗ ਪਲੇਟਫ਼ਾਰਮ 'ਤੇ ਦਿਖਾਏ ਜਾਣ 'ਤੇ ਲੱਗੀ ਰੋਕ ਜਾਰੀ ਰਹਿਣੀ ਚਾਹੀਦੀ ਹੈ, ਕਿਉਂਕਿ ਇਹ ਫ਼ਿਲਮ ਕਥਿਤ ਤੌਰ 'ਤੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੇ ਖ਼ਿਲਾਫ਼ ਹੈ।

ਪੰਜਾਬ ਦੇ ਪਿੰਡਾਂ 'ਚ ਅਜੇ ਵੀ ਹੋ ਰਹੀ ਫ਼ਿਲਮ ਦੀ ਸਕ੍ਰੀਨਿੰਗ

ਓਟੀਟੀ ਤੋਂ ਹਟਾਏ ਜਾਣ ਤੋਂ ਬਾਅਦ ਵੀ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਆਪਣੇ ਪੱਧਰ 'ਤੇ ਫਿਲਮ ਨੂੰ ਡਾਊਨਲੋਡ ਕਰਕੇ ਵੱਡੀਆਂ ਐੱਲਈਡੀ ਸਕਰੀਨਾਂ ਲਗਾ ਕੇ ਦੇਖ ਰਹੇ ਹਨ।

ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕ ਆਪਣੇ ਪੱਧਰ 'ਤੇ ਵੱਡੀਆਂ ਐੱਲਈਡੀ ਸਕਰੀਨਾਂ ਕਿਰਾਏ 'ਤੇ ਲੈ ਕੇ ਗੁਰਦੁਆਰਿਆਂ, ਖੁੱਲ੍ਹੀਆਂ ਥਾਵਾਂ ਉੱਤੇ ਇਕੱਠੇ ਬੈਠ ਕੇ ਇਸ ਫਿਲਮ ਨੂੰ ਵੇਖ ਰਹੇ ਹਨ।

ਪਿਛਲੇ ਕੁਝ ਦਿਨਾਂ ਵਿਚ ਗੁਰਦਾਸਪੁਰ, ਸੰਗਰੂਰ, ਜਲੰਧਰ, ਰੋਪੜ, ਬਠਿੰਡਾ, ਫਿਰੋਜ਼ਪੁਰ, ਮੋਗਾ, ਪਟਿਆਲਾ ਆਦਿ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਤੋਂ ਸਤਲੁਜ ਫਿਲਮ ਦਿਖਾਏ ਜਾਣ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।

ਇਸ ਤਰ੍ਹਾਂ ਦੀਆਂ ਸਕ੍ਰੀਨਿੰਗ ਦੀਆਂ ਤਸਵੀਰਾਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਇਲਾਕੇ ਤੋਂ ਵੀ ਵਾਇਰਲ ਹੋਈਆਂ ਹਨ, ਜਿਨ੍ਹਾਂ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਵੀ ਸਾਂਝਾ ਕੀਤਾ ਸੀ।

ਇਸ ਰਿਪੋਰਟ ਰਾਹੀਂ ਹੁਣ ਤੱਕ ਦੇ ਸਾਰੇ ਵਿਵਾਦ 'ਤੇ ਇੱਕ ਨਜ਼ਰ ਮਾਰਦੇ ਹਾਂ:

ਫ਼ਿਲਮ ਨੂੰ ਲੈ ਕੇ ਲੰਮੀ ਉਡੀਕ, ਰਿਲੀਜ਼ ਅਤੇ ਰੋਕ

ਇਹ ਫਿਲਮ ਓਟੀਟੀ ਪਲੈਟਫਾਰਮ ਜ਼ੀ5 ਉੱਤੇ 3 ਜੁਲਾਈ ਨੂੰ 'ਸਤਲੁਜ' ਨਾਮ ਨਾਲ ਰਿਲੀਜ਼ ਹੋਈ ਸੀ। ਪਰ ਫਿਰ 5 ਜੁਲਾਈ ਨੂੰ ਜ਼ੀ5 ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਗਲੇ ਨੋਟਿਸ ਤੱਕ ਭਾਰਤ ਵਿੱਚ ਹੁਣ ਇਸ ਫਿਲਮ ਨੂੰ ਹਟਾ ਲਿਆ ਗਿਆ ਹੈ।

ਉਸ ਵੇਲੇ ਜ਼ੀ5 ਨੇ ਆਪਣੇ ਬਿਆਨ ਵਿੱਚ ਲਿਖਿਆ ਸੀ-

"ਸਤਲੁਜ ਨੂੰ ਰਿਲੀਜ਼ ਹੋਣ ਤੋਂ ਬਾਅਦ ਮਿਲੇ ਬੇਹੱਦ ਪਿਆਰ ਅਤੇ ਸਮਰਥਨ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਸੀਂ ਹਰ ਉਸ ਦਰਸ਼ਕ ਦੇ ਦਿਲੋਂ ਧੰਨਵਾਦੀ ਹਾਂ, ਜਿਸ ਨੇ ਜ਼ੀ5 ਨੂੰ ਸਬਸਕ੍ਰਾਈਬ ਕੀਤਾ, ਫ਼ਿਲਮ ਨੂੰ ਦੇਖਿਆ ਅਤੇ ਇਸ ਦਾ ਸਮਰਥਨ ਕੀਤਾ। ਤੁਹਾਡੇ ਪਿਆਰ ਅਤੇ ਹੌਸਲਾ-ਅਫ਼ਜ਼ਾਈ ਨੇ ਸਾਡੇ ਲਈ ਅਤੇ ਇਸ ਕਹਾਣੀ ਨੂੰ ਪਰਦੇ 'ਤੇ ਲਿਆਉਣ ਵਾਲੇ ਹਰ ਵਿਅਕਤੀ ਲਈ ਬਹੁਤ ਮਹੱਤਵ ਰੱਖਿਆ ਹੈ।''

''ਜ਼ੀ5 ਵਿੱਚ ਅਸੀਂ ਸਤਲੁਜ ਅਤੇ ਇਸ ਦੇ ਪਿੱਛੇ ਦੀ ਰਚਨਾਤਮਕ ਸੋਚ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਵਿਸ਼ਵਾਸ ਹੈ ਕਿ ਪ੍ਰਭਾਵਸ਼ਾਲੀ ਕਹਾਣੀ-ਕਥਨ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ, ਲੰਬੇ ਸਮੇਂ ਤੱਕ ਪ੍ਰਭਾਵ ਛੱਡਣ ਅਤੇ ਸਮਾਜ 'ਤੇ ਅਸਰ ਪਾਉਣ ਦੀ ਤਾਕਤ ਹੁੰਦੀ ਹੈ। ਅਸੀਂ ਅਜਿਹੀਆਂ ਪ੍ਰਮਾਣਿਕ ਅਤੇ ਅਰਥਪੂਰਨ ਕਹਾਣੀਆਂ ਨੂੰ ਅੱਗੇ ਲਿਆਉਣ ਲਈ ਵਚਨਬੱਧ ਹਾਂ।''

ਫ਼ਿਲਮ ਰਿਲੀਜ਼ ਹੋਣ ਮੌਕੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਿਖਿਆ ਸੀ, "ਇਸ ਫ਼ਿਲਮ ਵਿੱਚ ਨਾ ਕੋਈ ਕੱਟ ਹੈ ਅਤੇ ਨਾ ਹੀ ਇਸ ਦੇ ਅਸਲ ਰੂਪ ਨਾਲ ਕੋਈ ਸਮਝੌਤਾ ਕੀਤਾ ਗਿਆ ਹੈ।"

'ਸਤਲੁਜ' ਫ਼ਿਲਮ ਦਾ ਪਹਿਲਾ ਨਾਮ 'ਪੰਜਾਬ 95' ਸੀ। ਇਹ ਫ਼ਿਲਮ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਕਾਰਨਾਂ ਕਰਕੇ ਰੁਕੀ ਹੋਈ ਸੀ।

ਇਸੇ ਬਾਰੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ 'ਪੰਜਾਬ 95' ਬਾਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ 'ਕਈਆਂ ਦੇ ਮੂੰਹ ਬੰਦ ਹੋਣਗੇ, ਜਿਹੜੀਆਂ ਫ਼ਿਲਮਾਂ ਕੀਤੀਆਂ ਉਹ ਆਉਣਗੀਆਂ।''

ਪਹਿਲਾਂ ਇਹ ਫ਼ਿਲਮ ਸਾਲ 2025 ਵਿੱਚ 7 ਫਰਵਰੀ ਨੂੰ ਕੌਮਾਂਤਰੀ ਪੱਧਰ ʼਤੇ ਰਿਲੀਜ਼ ਕੀਤੇ ਜਾਣ ਦਾ ਐਲਾਨ ਹੋਇਆ ਸੀ ਤੇ ਇਸ ਦਾ ਟੀਜ਼ਰ ਵੀ ਜਾਰੀ ਹੋਇਆ ਸੀ ਪਰ ਇਸ ਦੀ ਰਿਲੀਜ਼ ਫਿਰ ਟਾਲ ਦਿੱਤੀ ਗਈ ਸੀ।

ਫਿਲਮ ਵਿੱਚ ਦਿਲਜੀਤ ਦੋਸਾਂਝ, ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ, ਜਗਜੀਤ ਸੰਧੂ ਅਤੇ ਗੀਤਿਕਾ ਵਿਦਿਆ ਓਹਲਾਨ ਵੱਖ-ਵੱਖ ਭੂਮਿਕਾਵਾਂ ਵਿੱਚ ਹਨ।

ਫਿਲਮ ਦੇ ਨਾਮ ਬਾਰੇ ਡਾਇਰੈਕਟਰ ਨੇ ਕੀ ਕਿਹਾ ਸੀ?

ਡਾਇਰੈਕਟਰ ਹਨੀ ਤ੍ਰੇਹਨ ਇਸ ਬਾਰੇ ਪਹਿਲਾਂ ਗੱਲ ਕਰ ਚੁੱਕੇ ਹਨ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟ ਵੱਲੋਂ ਫ਼ਿਲਮ ਵਿੱਚ ਕਈ ਕੱਟ ਲਾਏ ਜਾਣ ਅਤੇ ਤਬਦੀਲੀਆਂ ਲਈ ਕਿਹਾ ਗਿਆ ਸੀ।

ਫ਼ਿਲਮ ਦੇ ਜ਼ੀ5 ਉੱਤੇ ਆਉਣ ਤੋਂ ਬਾਅਦ ਪਾਈ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਉਨ੍ਹਾਂ ਨੇ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉਨ੍ਹਾਂ ਲਈ ਹਮੇਸ਼ਾ ਪ੍ਰੇਰਣਾਤਮਕ ਰਹੀ ਹੈ। ਉਨ੍ਹਾਂ ਨੇ ਲਿਖਿਆ, "ਇਹ ਉਨ੍ਹਾਂ (ਖਾਲੜਾ) ਦੀ ਕਹਾਣੀ ਹੈ। ਇਹ ਉਨ੍ਹਾਂ (ਖਾਲੜਾ) ਦਾ ਨਿਆਂ ਹੈ।

ਉਨ੍ਹਾਂ ਨੇ ਫ਼ਿਲਮ ਦੇ ਨਾਮ ਬਾਰੇ ਲਿਖਿਆ ਸੀ, "ਅਸੀਂ ਫ਼ਿਲਮ ਦਾ ਪੁਰਾਣਾ ਨਾਮ ਨਹੀਂ ਲੈ ਸਕੇ, ਹੁਣ ਇਸਦਾ ਟਾਈਟਲ 'ਸਤਲੁਜ' ਹੈ, ਇਹ ਪੂਰੀ ਫ਼ਿਲਮ ਹੈ, ਬਿਨ੍ਹਾਂ ਕਿਸੇ ਕੱਟਾਂ ਦੇ, ਅਤੇ ਸਮਝੌਤੇ ਦੇ ਆਪਣੇ ਅਸਲ ਰੂਪ ਵਿੱਚ ਜਿਵੇਂ ਅਸੀਂ ਹਮੇਸ਼ਾ ਚਾਹੁੰਦੇ ਸੀ।"

ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਦੱਸਿਆ ਸੀ ਕਿ ''ਫਿਲਮ ਵਿੱਚ ਕੋਈ ਕੱਟ ਨਹੀਂ ਲਗਾਏ ਗਏ ਹਨ, ਬਸ ਸਾਨੂੰ ਟਾਈਟਲ ਨਹੀਂ ਮਿਲ ਸਕਿਆ ਕਿਸੇ ਕਾਰਨ।''

ਫ਼ਿਲਮ ਨੂੰ ਭਾਰਤ 'ਚ ਹਟਾਏ ਜਾਣ 'ਤੇ ਕੀ ਬੋਲੇ ਸਨ ਦਿਲਜੀਤ

'ਸਤਲੁਜ' ਫਿਲਮ ਨੂੰ ਜ਼ੀ-5 ਪਲੇਟਫ਼ਾਰਮ ਉੱਤੋਂ ਹਟਾ ਲਏ ਜਾਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਗੱਲ ਨੂੰ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ।

ਆਪਣੇ ਇੰਸਟਾਗ੍ਰਾਮ ਲਾਈਵ ਉੱਤੇ ਉਨ੍ਹਾਂ ਕਿਹਾ ਕਿ ''ਫਿਲਮ ਲੋਕਾਂ ਦੀ ਆਪਣੀ ਹੈ ਤੇ ਲੋਕ ਜਿਵੇਂ ਚਾਹੁਣ ਇਸ ਨੂੰ ਦੇਖ ਸਕਦੇ ਹਨ।''

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਫ਼ਿਲਮ ਸੋਮਵਾਰ ਨੂੰ ਹਟਾਈ ਜਾਵੇਗੀ ਪਰ ਅਜਿਹਾ ਐਤਵਾਰ ਸ਼ਾਮ ਨੂੰ ਹੀ ਹੋ ਗਿਆ.. ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਸਨ ਕਿ ਫਿਲਮ ਥਿਏਟਰ ਵਿੱਚ ਲੱਗੇ ਪਰ ਇਹ ਵੀ ਨਹੀਂ ਹੋ ਸਕਿਆ।

ਦਿਲਜੀਤ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਪਣਾ ਕੰਮ ਜਿੱਦਾਂ ਹੈ, ਉੱਦਾਂ ਹੀ ਲੋਕਾਂ ਕੋਲ ਲੈ ਕੇ ਪਹੁੰਚੇ ਹਨ।

ਉਨ੍ਹਾਂ ਕਿਹਾ, ''ਫਿਲਮ ਦੇ ਹਟਾਏ ਜਾਣ ਬਾਰੇ ਮੈਨੂੰ ਹੈਰਾਨੀ ਨਹੀਂ ਹੈ ਅਤੇ ਇਸ ਦੀ ਉਮੀਦ ਸੀ..''

ਫ਼ਿਲਮ ਨੂੰ ਪਲੇਟਫ਼ਾਰਮ ਤੋਂ ਹਟਾਏ ਜਾਣ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਫ਼ਿਲਮ ਦਾ ਹੀ ਇੱਕ ਸੀਨ ਅਤੇ ਡਾਇਲੌਗ ਸ਼ੇਅਰ ਕਰਦਿਆਂ ਲਿਖਿਆ ਸੀ - ''ਮੈਂ ਹਨ੍ਹੇਰੇ ਨੂੰ ਚੈਲੇਂਜ ਕਰਦਾ ਹਾਂ।''

ਉਨ੍ਹਾਂ ਲਿਖਿਆ ਸੀ, ''ਜਸਵੰਤ ਸਿੰਘ ਖਾਲੜਾ ਜੀ, ਪੰਜਾਬ95 ਸਤਲੁਜ ਨਾਲ ਵੀ ਉਹੀ ਹੋਇਆ ਜੋ ਖਾਲੜਾ ਸਾਬ੍ਹ ਨਾਲ ਹੋਇਆ ਸੀ।''

ਸਿਆਸਤ ਵੀ ਗਰਮਾਈ

'ਸਤਲੁਜ' ਫ਼ਿਲਮ ਨੂੰ ਓਟੀਟੀ ਪਲੇਟਫਾਰਮ ਜ਼ੀ 5 ਤੋਂ ਹਟਾਏ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਦੀਆਂ ਪ੍ਰਤੀਕਿਰਿਆਵਾਂ ਵੀ ਆਈਆਂ।

ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਫਿਲਮ ਦੀ ਕਹਾਣੀ ਅਤੇ ਤੱਥਾਂ ਨੂੰ ਅਧਾਰ ਬਣਾ ਕੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਨੂੰ ਘੇਰਿਆ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲੇ ਸਿਆਸਤਦਾਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਫਿਲਮ ਨੂੰ ਓਟੀਟੀ ਤੋਂ ਹਟਾਏ ਜਾਣ ਦਾ ਵਿਰੋਧ ਕੀਤਾ।

ਦੂਜੇ ਪਾਸੇ ਕਾਂਗਰਸ ਦੇ ਕੁਝ ਆਗੂ ਫਿਲਮ ਦੀ ਵਕਾਲਤ ਕਰ ਰਹੇ ਹਨ ਪਰ ਕਈ ਵੱਡੇ ਆਗੂਆਂ ਨੇ ਚੁੱਪੀ ਸਾਧ ਕੇ ਰੱਖੀ।

ਦੇਸ਼ ਭਰ ਵਿੱਚ ਵਿਰੋਧੀ ਧਿਰਾਂ ਨੇ ਫਿਲਮ ਨੂੰ ਓਟੀਟੀ ਤੋਂ ਹਟਾਏ ਜਾਣ ਲਈ ਬੀਜੇਪੀ ਨੂੰ ਘੇਰਿਆ ਅਤੇ ਪੰਜਾਬ ਦੇ ਮਨੁੱਖੀ ਅਧਿਕਾਰਾਂ ਦੇ 'ਘਾਣ' ਨੂੰ ਦਿਖਾਏ ਜਾਣ ਤੋਂ ਰੋਕਣ ਦਾ ਇਲਜ਼ਾਮ ਲਗਾਇਆ। ਪਰ ਬੀਜੇਪੀ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਕਿਹਾ ਸੀ ਕਿ ਫਿਲਮ ਨੂੰ ਲੈ ਕੇ ਰਿਵਿਊ ਕਮੇਟੀ ਬਣਾ ਦਿੱਤੀ ਗਈ ਹੈ।

ਹਾਲਾਂਕਿ, ਲੰਮੇਂ ਸਮੇਂ ਤੋਂ ਪੰਜਾਬ ਦੀ ਸਿਆਸਤ ਨੂੰ ਦੇਖਣ ਵਾਲੇ ਸਿਆਸੀ ਕਾਰਕੁਨ, ਲੇਖਕ ਅਤੇ ਪੱਤਰਕਾਰਾਂ ਦਾ ਮੰਨਣਾ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸੂਬੇ ਵਿੱਚ ਸੱਤਾ ਹੰਢਾਈ ਹੈ ਅਤੇ ਹੁਣ ਉਹ ਸਿਰਫ਼ ਸਿਆਸੀ ਲਾਹਾ ਲੈਣ ਲਈ ਇੱਕ ਦੂਜੇ ਉਪਰ ਬਿਆਨਬਾਜ਼ੀ ਕਰ ਰਹੇ ਹਨ।

'ਸਤਲੁਜ' ਫ਼ਿਲਮ ਸਬੰਧੀ ਮੁੱਖ ਘਟਨਾਕ੍ਰਮ 'ਤੇ ਇੱਕ ਝਾਤ:

ਮਾਰਚ 2022

  • ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ 'ਤੇ ਅਧਾਰਿਤ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ
  • ਰਿਪੋਰਟਾਂ ਆਈਆਂ ਕਿ ਫ਼ਿਲਮ ਦਾ ਨਿਰਦੇਸ਼ਨ ਹਨੀ ਤ੍ਰੇਹਨ ਕਰਨਗੇ ਅਤੇ ਮੁੱਖ ਭੂਮਿਕਾ ਵਿੱਚ ਦਿਲਜੀਤ ਦੋਸਾਂਝ ਹੋਣਗੇ
  • ਸਵੰਤ ਸਿੰਘ ਖਾਲੜਾ ਦੇ ਪਤਨੀ ਪਰਮਜੀਤ ਕੌਰ ਖਾਲੜਾ ਨੇ ਫ਼ਿਲਮ ਬਣਾਉਣ ਦੀ ਆਗਿਆ ਦੇਣ ਦੀ ਗੱਲ ਕਹੀ

ਜੁਲਾਈ 2023

  • ਜੁਲਾਈ 2023 ਵਿੱਚ ਇਸ ਦੇ ਪ੍ਰੀਮੀਅਰ ਦਾ ਐਲਾਨ ਕੀਤਾ ਗਿਆ ਸੀ
  • ਦਿਲਜੀਤ ਦੋਸਾਂਝ ਨੇ ਫ਼ਿਲਮ ਦੇ ਪ੍ਰੀਮੀਅਰ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਉੱਤੇ 25 ਜੁਲਾਈ, 2023 ਨੂੰ ਜਾਣਕਾਰੀ ਦਿੱਤੀ
  • ਇਸ ਫ਼ਿਲਮ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (ਟੀਆਈਐੱਫ਼ਐੱਫ਼) ਵਿੱਚ ਕੀਤੇ ਜਾਣ ਦੀ ਗੱਲ ਕਹੀ
  • ਪਰ ਬਾਅਦ ਵਿੱਚ ਫ਼ਿਲਮ ਨੂੰ ਟੀਆਈਐੱਫ਼ਐੱਫ਼ 2023 ਵਿੱਚ ਦਿਖਾਈਆ ਜਾਣ ਵਾਲੀਆਂ ਫ਼ਿਲਮਾਂ ਦੀ ਲਿਸਟ ਤੋਂ ਹਟਾ ਦਿੱਤਾ ਗਿਆ।

ਅਕਤੂਬਰ 2024

  • ਫ਼ਿਲਮ ਦਾ ਨਾਮ ਪਹਿਲਾਂ 'ਘੱਲੂਘਾਰਾ' ਸੀ, ਬਾਅਦ ਵਿੱਚ ਇਹ ਫ਼ਿਲਮ 'ਪੰਜਾਬ 95' ਸਿਰਲੇਖ ਹੇਠ ਤਿਆਰ ਹੋਈ
  • ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ-ਸੈਂਸਰ ਬੋਰਡ ਨੇ ਫ਼ਿਲਮ 'ਚ 120 ਕੱਟ ਲਾਉਣ ਦੀ ਮੰਗ ਕੀਤੀ
  • ਆਖ਼ਿਰ ਵਿੱਚ ਫ਼ਿਲਮ 'ਸਤਲੁਜ' ਨਾਮ ਨਾਲ ਰਿਲੀਜ਼ ਕੀਤੀ ਗਈ

ਫ਼ਰਵਰੀ 2025

  • 17 ਜਨਵਰੀ 2025 ਨੂੰ ਦਿਲਜੀਤ ਦੋਸਾਂਝ ਨੇ ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ
  • ਫ਼ਿਲਮ 7 ਫਰਵਰੀ 2025 ਨੂੰ ਇੰਟਰਨੈਸ਼ਨਲੀ ਰਿਲੀਜ਼ ਹੋਣੀ ਸੀ ਪਰ ਫ਼ਿਲਮ ਦੀ ਰਿਲੀਜ਼ ਟਲ਼ ਗਈ
  • ਬਾਅਦ ਵਿੱਚ ਇਸ ਫ਼ਿਲਮ ਦਾ ਟੀਜ਼ਰ ਵੀ ਯੂ-ਟਿਊਬ ਤੋਂ ਹਟਾ ਦਿੱਤਾ ਗਿਆ

ਜੁਲਾਈ 2026

  • ਲੰਮੀ ਜੱਦੋ-ਜਹਿਦ ਤੋਂ ਬਾਅਦ ਆਖਿਰਕਾਰ ਫਿਲਮ 'ਸਤਲੁਜ' ਨਾਮ ਹੇਠ 3 ਜੁਲਾਈ 2026 ਨੂੰ ਰਿਲੀਜ਼ ਹੋਈ
  • ਪਰ ਦੋ ਦਿਨਾਂ ਬਾਅਦ ਹੀ, 5 ਜੁਲਾਈ 2026 ਨੂੰ ਇਸਨੂੰ ਓਟੀਟੀ ਪਲੇਟਫ਼ਾਰਮ ਜ਼ੀ5 ਤੋਂ ਹਟਾ ਲਿਆ ਗਿਆ
  • ਕੇਂਦਰੀ ਜਾਂਚ ਕਮੇਟੀ ਨੇ ਫਿਲਮ 'ਤੇ ਲੱਗੀ ਰੋਕ ਨੂੰ ਜਾਰੀ ਰੱਖਣ ਦਾ ਸੁਝਾਅ ਦਿੱਤਾ ਅਤੇ ਇਸਨੂੰ ਦੇਸ਼ ਦੀ ਪ੍ਰਭੂਸੱਤਾ ਦੇ 'ਖ਼ਿਲਾਫ਼ ਦੱਸਿਆ'
  • 11 ਜੁਲਾਈ 2026 ਨੂੰ ਫ਼ਿਲਮ ਨੂੰ ਅੰਤਰ-ਰਾਸ਼ਟਰੀ ਪੱਧਰ ਤੋਂ ਵੀ ਹਟਾਏ ਜਾਣ ਦੀ ਪੁਸ਼ਟੀ ਹੋਈ

ਜਸਵੰਤ ਸਿੰਘ ਖਾਲੜਾ ਕੌਣ ਸਨ?

ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਕਦੇ ਘਰ ਨਹੀਂ ਪਰਤੇ।

ਅਦਾਲਤਾਂ ਵਿੱਚ ਸੀਬੀਆਈ ਨੇ ਜੋ ਵੇਰਵੇ ਦਿੱਤੇ ਉਨ੍ਹਾਂ ਮੁਤਾਬਕ, ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।

ਉਨ੍ਹਾਂ ਮੁਤਾਬਕ, ਪੰਜਾਬ 1980ਵਿਆਂ ਅਤੇ 1990ਵਿਆਂ ਦੌਰ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੇ ਨਾਲ-ਨਾਲ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਕਰਕੇ ਵੀ ਲਗਾਤਾਰ ਚਰਚਾ ਵਿੱਚ ਰਿਹਾ।

ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਆਈਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ।

ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ।

ਜਸਵੰਤ ਸਿੰਘ ਖਾਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਥ ਕਰਦੇ ਸਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲਾਸ਼ਾਂ ਸ਼ਮਸ਼ਾਨ ਘਾਟਾਂ ਤੱਕ ਪੁਲਿਸ ਵਲੋਂ ਪਹੁੰਚਾਈਆਂ ਗਈਆਂ ਸਨ।

ਸੀਬੀਆਈ ਦੀ ਰਿਪੋਰਟ ਮੁਤਾਬਕ ਜਸਵੰਤ ਸਿੰਘ ਖਾਲੜਾ ਨੇ ਇਸ ਵਿਰੁੱਧ ਆਵਾਜ਼ ਉਠਾਈ।

ਰਿਪੋਰਟ ਮੁਤਾਬਕ, "ਸਥਾਨਕ ਪੁਲਿਸ ਨੂੰ ਇਹ ਪਸੰਦ ਨਹੀਂ ਆ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਅਤੇ ਇਸ ਅਪਰਾਧਿਕ ਸਾਜ਼ਿਸ਼ ਨੂੰ ਅੱਗੇ ਤੋਰਦਿਆਂ ਸਥਾਨਕ ਪੁਲਿਸ ਅਧਿਕਾਰੀਆਂ ਨੇ 6 ਸਤੰਬਰ 1995 ਨੂੰ ਖਾਲੜਾ ਨੂੰ ਉਨ੍ਹਾਂ ਦੀ ਕਬੀਰ ਪਾਰਕ ਨੇੜਲੀ ਰਿਹਾਇਸ਼ ਤੋਂ ਅਗਵਾ ਕਰ ਲਿਆ।''

''ਉਨ੍ਹਾਂ ਨੂੰ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਹਰੀਕੇ ਇਲਾਕੇ ਵਿੱਚ ਨਹਿਰ ਵਿੱਚ ਸੁੱਟ ਦਿੱਤੀ ਗਈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)