ਰੂਸ ਦਾ ਦਾਅਵਾ: ਪੁਤਿਨ ਦੀ ਜਾਨ ਲੈਣ ਲਈ ਯੂਕਰੇਨ ਨੇ ਕ੍ਰੇਮਲਿਨ ’ਤੇ ਕੀਤੇ ਦੋ ਡਰੋਨ ਹਮਲੇ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਰੂਸ ਨੇ ਯੂਕਰੇਨ 'ਤੇ ਦੋਸ਼ ਲਗਾਇਆ ਹੈ ਕਿ ਯੂਕਰੇਨ ਨੇ ਰਾਤ ਨੂੰ ਕ੍ਰੇਮਲਿਨ ਉਪਰ ਦੋ ਡਰੋਨ ਹਮਲੇ ਕੀਤੇ ਹਨ।

ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਮਲੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਜਾਨ ਲੈਣ ਦੀ ਕੋਸ਼ਿਸ਼ ਤਹਿਤ ਕੀਤੇ ਗਏ ਸਨ।

ਰੂਸ ਨੇ ਇਸ ਘਟਨਾ ਨੂੰ ਕੱਟੜਪੰਥੀ ਕਾਰਵਾਈ ਦੱਸਿਆ ਹੈ।

ਹਲਾਂਕਿ, ਇਸ ਘਟਨਾ ਦੀ ਹਾਲੇ ਤੱਕ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।

ਦੂਜੇ ਪਾਸੇ ਯੂਕਰੇਨ ਨੇ ਕਿਹਾ ਹੈ ਕਿ ਕ੍ਰੇਮਲਿਨ ਵਿੱਚ ਹੋਏ ਡਰੋਨ ਹਮਲੇ ਨਾਲ ਉਸਦਾ ਕੋਈ ਸਬੰਧ ਨਹੀਂ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਬੁਲਾਰੇ ਨੇ ਕਿਹਾ ਹੈ ਕਿ ਯੂਕਰੇਨ ਦਾ ਧਿਆਨ ਆਪਣੀ ਜ਼ਮੀਨ ਨੂੰ ਰੂਸ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਹੈ।

ਯੂਕਰੇਨ ਦੇ ਇੱਕ ਹੋਰ ਅਧਿਕਾਰੀ ਨੇ ਬੀਬੀਸੀ ਨੂੰ ਕਿਹਾ ਕਿ ਰੂਸ ਨੇ ਇਸ ਘਟਨਾ ਲਈ ਯੂਕਰੇਨ ਨੂੰ ਇਸ ਕਰਕੇ ਜ਼ਿੰਮੇਵਾਰ ਠਹਿਰਾਇਆ ਹੈ ਤਾਂ ਜੋ ਉਹ ਵੱਡੇ ਪੱਧਰ 'ਤੇ ਹਮਲੇ ਕਰ ਸਕੇ।

ਰੂਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਸ ਇਸ ਨੂੰ ਕੱਟੜਪੰਥੀ ਕਾਰਵਾਈ ਅਤੇ ਰੂਸੀ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਮੰਨਦਾ ਹੈ।

ਰੂਸ ਦਾ ਇਲਜ਼ਾਮ

ਰੂਸ ਨੇ ਕਿਹਾ ਹੈ ਕਿ ਉਸ ਨੇ ਇਲੈਕਟ੍ਰਾਨਿਕ ਰਾਡਾਰ ਰਾਹੀਂ ਕ੍ਰੇਮਲਿਨ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਡਰੋਨਾਂ ਨੂੰ ਨਸ਼ਟ ਕਰ ਦਿੱਤਾ ਹੈ।

ਕ੍ਰੇਮਲਿਨ ਨੇ ਇੱਕ ਬਿਆਨ ਵਿੱਚ ਕਿਹਾ, "ਬੀਤੀ ਰਾਤ ਯੂਕਰੇਨ ਨੇ ਇੱਕ ਮਨੁੱਖ ਰਹਿਤ ਡਰੋਨ ਨਾਲ ਕ੍ਰੇਮਲਿਨ ਵਿੱਚ ਰੂਸੀ ਰਾਸ਼ਟਰਪਤੀ ਦੇ ਨਿਵਾਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।"

ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਸ ਇਸ ਨੂੰ ਕੱਟੜਪੰਥੀ ਕਾਰਵਾਈ ਅਤੇ ਰੂਸੀ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਮੰਨਦਾ ਹੈ ਅਤੇ ਆਪਣੀ ਮਰਜ਼ੀ ਨਾਲ ਬਦਲਾ ਲੈਣ ਲਈ ਦ੍ਰਿੜ ਹੈ।

ਬੀਬੀਸੀ ਦੇ ਰੂਸੀ ਸੰਪਾਦਕ ਸਟੀਵ ਰੋਜ਼ੇਨਬਰਗ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹਨ ਅਤੇ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਡਰੋਨ ਉਨ੍ਹਾਂ ਦੀ ਰਿਹਾਇਸ਼ ਦੇ ਇੰਨੇ ਨੇੜੇ ਪਹੁੰਚ ਗਏ।

ਕ੍ਰੇਮਲਿਨ ਨੇ ਕਿਹਾ ਹੈ ਕਿ ਇਸ ਹਮਲੇ 'ਚ ਰਾਸ਼ਟਰਪਤੀ ਪੁਤਿਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਰੂਸੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਫੁਟੇਜ 'ਚ ਮੱਧ ਮਾਸਕੋ 'ਚ ਧੂੰਏਂ ਦਾ ਗੁਬਾਰ ਦੇਖਿਆ ਜਾ ਸਕਦਾ ਹੈ।

ਰੂਸ ਦਾ ਕਹਿਣਾ ਹੈ ਕਿ ਡਰੋਨ ਦੇ ਕੁਝ ਹਿੱਸੇ ਕ੍ਰੇਮਲਿਨ ਦੀਆਂ ਇਮਾਰਤਾਂ 'ਤੇ ਡਿੱਗੇ ਹਨ ਪਰ ਕੋਈ ਜ਼ਖਮੀ ਨਹੀਂ ਹੋਇਆ।

ਪਰ ਯੂਕਰੇਨ ਨੇ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਹਮਲੇ ਤੋਂ ਇਨਕਾਰ ਕੀਤਾ ਹੈ।

ਰੂਸ

ਰੂਸ ਅਤੇ ਯੂਕਰੇਨ ਜੰਗ ਬਾਰੇ ਖਾਸ ਗੱਲਾਂ:

  • ਰੂਸ ਅਤੇ ਯੂਕਰੇਨ ਵਿੱਚਕਾਰ ਜੰਗ 24 ਫ਼ਰਵਰੀ 2022 ਨੂੰ ਸ਼ੁਰੂ ਹੋਈ ਸੀ
  • ਪੱਛਮੀ ਨੇਤਾ ਮੰਨਦੇ ਹਨ ਕਿ ਇਹ ਜੰਗ ਯੂਕਰੇਨ ਨੂੰ ਜਿੱਤਣੀ ਚਾਹੀਦੀ ਹੈ
  • ਰਾਸ਼ਟਰਪਤੀ ਪੁਤਿਨ ਨੇ ਚੇਤਾਵਨੀ ਦਿੱਤੀ ਸੀ ਕਿ ਯੁੱਧ "ਇੱਕ ਲੰਮੀ ਪ੍ਰਕਿਰਿਆ" ਹੋ ਸਕਦੀ ਹੈ
  • ਰੂਸ ਨੇ ਯੂਕਰੇਨ 'ਤੇ ਦੋਸ਼ ਲਗਾਇਆ ਹੈ ਕਿ ਯੂਕਰੇਨ ਨੇ ਰਾਤ ਨੂੰ ਕ੍ਰੇਮਲਿਨ ਉਪਰ ਦੋ ਡਰੋਨ ਹਮਲੇ ਕੀਤੇ ਹਨ
  • ਯੂਕਰੇਨ ਨੇ ਕਿਹਾ ਹੈ ਕਿ ਕ੍ਰੇਮਲਿਨ ਵਿੱਚ ਹੋਏ ਡਰੋਨ ਹਮਲੇ ਨਾਲ ਉਸਦਾ ਕੋਈ ਸਬੰਧ ਨਹੀਂ ਹੈ
ਰੂਸ

ਯੂਕਰੇਨ ਨੇ ਕੀ ਕਿਹਾ?

ਯੂਕਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

ਯੂਕਰੇਨ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ, "ਮਾਸਕੋ ਵਿੱਚ ਜੋ ਕੁਝ ਵੀ ਹੋਇਆ, ਉਹ 9 ਮਈ ਤੋਂ ਪਹਿਲਾਂ ਭੜਕਾਉਣ ਦੀ ਇੱਕ ਕੋਸ਼ਿਸ਼ ਹੈ।"

ਦੱਸਣਾ ਬਣਦਾ ਹੈ ਕਿ ਰੂਸ 'ਚ 9 ਮਈ ਨੂੰ ਵਿਕਟਰੀ ਡੇ ਪਰੇਡ ਕੀਤੀ ਜਾਣੀ ਹੈ, ਜਿਸ 'ਚ ਕੁਝ ਵਿਦੇਸ਼ੀ ਮਹਿਮਾਨਾਂ ਦੇ ਆਉਣ ਦੀ ਵੀ ਸੰਭਾਵਨਾ ਹੈ।

ਹਾਲਾਂਕਿ, ਰੂਸ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਵਿਕਟਰੀ ਡੇ ਪਰੇਡ ਆਪਣੇ ਸਮੇਂ 'ਤੇ ਹੀ ਹੋਵੇਗੀ।

ਦੂਜੇ ਪਾਸੇ ਮਾਸਕੋ ਦੇ ਮੇਅਰ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਤੋਂ ਸ਼ਹਿਰ 'ਚ ਡਰੋਨ ਉਡਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਕਿਸੇ ਵੀ ਡਰੋਨ ਨੂੰ ਉਡਾਉਣ ਲਈ ਵਿਸ਼ੇਸ਼ ਪਰਮਿਟ ਦੀ ਲੋੜ ਹੋਵੇਗੀ।

ਬੀਬੀਸੀ ਰੂਸੀ ਸੇਵਾ ਦੀ ਰਿਪੋਰਟ ਦੇ ਅਨੁਸਾਰ, ਕੁਝ ਟੈਲੀਗ੍ਰਾਮ ਚੈਨਲਾਂ 'ਤੇ ਅਜਿਹੇ ਵੀਡੀਓ ਪੋਸਟ ਕੀਤੇ ਗਏ ਹਨ, ਜਿਸ ਵਿੱਚ ਕ੍ਰੇਮਲਿਨ ਦੇ ਉੱਪਰ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਹੈ।

ਹਾਲਾਂਕਿ, ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਤਿਨ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਇਨ੍ਹਾਂ ਡਰੋਨਾਂ ਨੂੰ ਰੂਸ ਨੇ ਨਾਕਾਮ ਕਰ ਦਿੱਤਾ।

ਅਮਰੀਕਾ ਦਾ ਕੀ ਪ੍ਰਤੀਕਰਮ ਆਇਆ?

ਅਮਰੀਕਾ ਦੇ ਸਾਬਕਾ ਡਿਪਟੀ ਅਸਿਸਟੈਂਟ ਸੈਕਟਰੀ ਆਫ ਡਿਫੈਂਸ ਅਤੇ ਸੀਆਈਏ ਅਧਿਕਾਰੀ ਮਿਕ ਮੁਲਰੋਏ ਨੇ ਬੀਬੀਸੀ ਨੂੰ ਕਿਹਾ ਕਿ ਜੇਕਰ ਘਟਨਾ ਦੀਆਂ ਰਿਪੋਰਟਾਂ ਠੀਕ ਹਨ ਤਾਂ ਇਹ ਹੱਤਿਆ ਦੀ ਕੋਸ਼ਿਸ਼ ਹੋਣ ਦੀ "ਸੰਭਾਵਨਾ" ਨਹੀਂ ਸੀ ਕਿਉਂਕਿ ਯੂਕਰੇਨ ਰਾਸ਼ਟਰਪਤੀ ਪੁਤਿਨ ਦੀਆਂ ਹਰਕਤਾਂ 'ਤੇ ਨੇੜਿਓਂ ਨਜ਼ਰ ਰੱਖਦਾ ਹੈ ਅਤੇ ਉਹ ਉਸ ਸਮੇਂ ਮਾਸਕੋ ਵਿੱਚ ਨਹੀਂ ਸਨ।

ਉਹਨਾਂ ਨੇ ਕਿਹਾ, "ਇਹ ਰੂਸੀ ਲੋਕਾਂ ਨੂੰ ਦਿਖਾਉਣ ਲਈ ਹੋ ਸਕਦਾ ਹੈ ਕਿ ਉਹਨਾਂ ਨੂੰ ਕਿਤੇ ਵੀ ਮਾਰਿਆ ਜਾ ਸਕਦਾ ਹੈ। ਉਹਨਾਂ ਨੇ ਜੋ ਯੁੱਧ ਯੂਕਰੇਨ ਵਿੱਚ ਸ਼ੁਰੂ ਕੀਤਾ ਸੀ ਉਹ ਆਖਰ ਰੂਸ ਪਹੁੰਚ ਸਕਦਾ ਹੈ, ਇੱਥੋਂ ਤੱਕ ਕਿ ਰਾਜਧਾਨੀ ਤੱਕ ਪਹੁੰਚ ਸਕਦਾ ਹੈ।"

ਮਿਕ ਮੁਲਰੋਏ ਨੇ ਕਿਹਾ ਕਿ ਜੇ ਰਿਪੋਰਟਾਂ ਸਹੀ ਨਹੀਂ ਹਨ ਤਾਂ "ਰੂਸ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਨਿਸ਼ਾਨਾ ਬਣਾਉਣ ਲਈ ਇਸ ਨੂੰ ਬਹਾਨੇ ਵਜੋਂ ਵਰਤਣ ਦੀ ਕੋਸ਼ਿਸ਼ ਕਰ ਸਕਦਾ ਹੈ। ਕੁਝ ਅਜਿਹਾ ਜੋ ਉਨ੍ਹਾਂ ਨੇ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)