ਨੈੱਟਫ਼ਲਿਕਸ ਡਾਕੂਮੈਂਟਰੀ : 'ਦੀ ਮੈਨ ਵਿਦ 1000 ਕਿੱਡਸ' ਦੇ 'ਵਿਕੀ ਡੋਨਰ' ਦੀ ਕਹਾਣੀ, ਆਖਿਰ ਕਿੰਨੇ ਬੱਚਿਆਂ ਦਾ ਪਿਤਾ?

ਜੋਨਾਥਨ ਜੈਕਬ

ਤਸਵੀਰ ਸਰੋਤ, NETFLIX

ਤਸਵੀਰ ਕੈਪਸ਼ਨ, ਜੋਨਾਥਨ ਜੈਕਬ ਨੇ ਨੈੱਟਫਲਿਕਸ ਡਾਕੂਮੈਂਟਰੀ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ
ਪ੍ਰਕਾਸ਼ਿਤ

ਕੁਝ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਧੋਖਾ ਹੋਇਆ ਹੈ, ਜਦਕਿ ਸਾਹਮਣੇ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ।

ਅਸੀਂ ਗੱਲ ਕਰ ਰਹੇ ਹਾਂ ਜੋਨਾਥਨ ਜੈਕਬ ਮੀਜੇਰ ਦੀ।

43 ਸਾਲ ਦਾ ਇਹ ਵਿਅਕਤੀ 2017 ਵਿੱਚ ਉਸ ਸਮੇਂ ਸੁਰਖੀਆਂ 'ਚ ਆਇਆ ਜਦੋਂ ਨੀਦਰਲੈਂਡ ਦੀ ਇੱਕ ਅਦਾਲਤ ਨੇ ਉਨ੍ਹਾਂ ਖਿਲਾਫ਼ ਫਰਟੀਲਿਟੀ ਕਲੀਨਿਕਾਂ ਨੂੰ ਸ਼ੁਕਰਾਣੂ ਦਾਨ ਕਰਨ 'ਤੇ ਰੋਕ ਲਗਾਉਣ ਦਾ ਹੁਕਮ ਸੁਣਾਇਆ।

ਜੋਨਾਥਨ 'ਤੇ ਇਹ ਇਲਜ਼ਾਮ ਸੀ ਕਿ ਉਨ੍ਹਾਂ ਨੇ ਨੀਦਰਲੈਂਡ ਵਿੱਚ ਇਕੱਲਿਆਂ ਹੀ 100 ਬੱਚਿਆਂ ਦੇ ਜਨਮ ਵਿੱਚ ਆਪਣਾ ਯੋਗਦਾਨ ਪਾਇਆ, ਜਦਕਿ ਉਥੇ ਸ਼ੁਕਰਾਣੂ ਦਾਨ ਕਰਨ ਵਾਲਿਆਂ ਲਈ ਕਾਨੂੰਨ ਤਹਿਤ ਸਿਰਫ਼ 25 ਬੱਚਿਆਂ ਤੱਕ ਹੀ ਗਤੀਵਿਧੀ ਸੀਮਤ ਰੱਖਣ ਦੀ ਵਿਵਸਥਾ ਹੈ।

ਦੂਜੇ ਪਾਸੇ, ਜੋਨਾਥਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਅਤੇ ਉਨ੍ਹਾਂ ਦੇ ਸ਼ੁਕਰਾਣੂ ਦਾਨ ਕਰਨ ਨਾਲ ਸੈਂਕੜੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਆਈਆਂ ਹਨ।

ਕਾਨੂੰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੀਦਰਲੈਂਡ ਵਿੱਚ, ਇੱਕ ਵਿਅਕਤੀ ਸਿਰਫ 25 ਬੱਚਿਆਂ ਲਈ ਸ਼ੁਕਰਾਣੂ ਦਾਨ ਕਰ ਸਕਦਾ ਹੈ।

ਸਾਲ 2023 ਵਿੱਚ ਜੋਨਾਥਨ ਦਾ ਮਾਮਲਾ ਇੱਕ ਵਾਰ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਉਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।

ਜੋਨਾਥਨ ਨੇ ਸ਼ੁਕਰਾਣੂ ਵੇਚਣਾ ਜਾਰੀ ਰੱਖਿਆ ਸੀ ਅਤੇ ਡੱਚ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਉਸ ਸਾਲ ਉਨ੍ਹਾਂ ਨੇ ਦੁਨੀਆ ਭਰ ਵਿੱਚ ਕਰੀਬ 1000 ਬੱਚਿਆਂ ਦੇ ਜਨਮ ਵਿੱਚ ਆਪਣਾ ਯੋਗਦਾਨ ਪਾਇਆ ਹੈ।

ਜੋਨਾਥਨ ਦੇ ਖਿਲਾਫ਼ ਤੈਅ ਕੀਤੇ ਗਏ ਦੋਸ਼ਾਂ ਤੋਂ ਇਹ ਪਤਾ ਚੱਲਿਆ ਕਿ ਉਨ੍ਹਾਂ ਨੇ ਜਾਣਬੁੱਝ ਕੇ ਸੈਂਕੜੇ ਪਰਿਵਾਰਾਂ ਨੂੰ ਝੂਠ ਬੋਲਿਆ ਕਿ ਉਹ ਪਿਛਲੇ ਸਮੇਂ ਦੌਰਾਨ ਕਿੰਨੇ ਬੱਚਿਆਂ ਲਈ ਸ਼ੁਕਰਾਣੂ ਦਾਨ ਕਰ ਚੁਕੇ ਹਨ।

ਕੁਝ ਦਿਨ ਪਹਿਲਾਂ ਨੈੱਟਫ਼ਲਿਕਸ 'ਤੇ ਰਿਲੀਜ਼ ਹੋਈ ਇੱਕ ਨਵੀਂ ਦਸਤਾਵੇਜ਼ੀ ਸੀਰੀਜ਼ ਵਿੱਚ ਜੋਨਾਥਨ ਦੇ ਸ਼ੁਕਰਾਣੂ ਦੀ ਵਰਤੋਂ ਕਰਨ ਵਾਲੀਆਂ ਕਈ ਔਰਤਾਂ ਨੇ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਿਆ ਹੈ।

ਦਸਤਾਵੇਜ਼ੀ ਸੀਰੀਜ਼ ਵਿੱਚ ਇਨ੍ਹਾਂ ਔਰਤਾਂ ਨੇ ਦੱਸਿਆ ਹੈ ਕਿ ਜੋਨਾਥਨ ਦੀ ਚਲਾਕੀ ਕਿਵੇਂ ਫੜ੍ਹੀ ਗਈ।

ਉਨ੍ਹਾਂ ਵਿਚੋਂ ਇੱਕ ਔਰਤ ਨੇ ਦੱਸਿਆ ਕਿ ਇਹ ਪਤਾ ਲੱਗਣ ਤੋਂ ਬਾਅਦ ਕਿ ਜੋਨਾਥਨ ਦੇ ਕਿੰਨੇ ਬੱਚੇ ਹਨ, ਉਹ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ, ਉਹ ਉਦਾਸ ਅਤੇ ਨਾਰਾਜ਼ ਹੈ।

ਨੈੱਟਫ਼ਲਿਕਸ ਦੀ ਦਸਤਾਵੇਜ਼ੀ ਸੀਰੀਜ਼ ਵਿੱਚ ਭਾਗ ਲੈਣ ਤੋਂ ਜੋਨਾਥਨ ਨੇ ਇਨਕਾਰ ਕਰ ਦਿੱਤਾ ਪਰ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਖ਼ੁਦ 'ਤੇ ਲੱਗੇ ਦੋਸ਼ਾਂ ਨੂੰ ਖ਼ਾਰਜ ਕੀਤਾ ਅਤੇ ਇਹ ਕਹਿੰਦੇ ਹੋਏ ਆਪਣੇ ਵਤੀਰੇ ਦਾ ਬਚਾਅ ਕੀਤਾ ਕਿ ਉਨ੍ਹਾਂ ਦੇ ਸ਼ੁਕਰਾਣੂ ਪਾਉਣ ਵਾਲੇ 'ਬਹੁਤ ਸਾਰੇ ਲੋਕ ਖੁਸ਼ ਹਨ'।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜੋਨਾਥਨ ਦਾ ਸ਼ੁਕਰਾਣੂ ਦਾਨ ਕਰਨਾ

ਜੋਨਾਥਨ ਕਰੀਬ 17 ਸਾਲ ਤੱਕ ਸ਼ੁਕਰਾਣੂ ਦਾਨ ਕਰਦੇ ਰਹੇ। ਬਹੁਤ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਨੇ ਇਹ ਕੰਮ ਗੁਪਤ ਰੱਖਦੇ ਹੋਏ ਕੀਤਾ। ਫਰਟੀਲਿਟੀ ਕਲੀਨਿਕ ਦੀ ਥਾਂ ਸ਼ੁਕਰਾਣੂ ਲੈਣ ਵਾਲੇ ਪਰਿਵਾਰਾਂ ਨਾਲ ਉਨ੍ਹਾਂ ਸਿੱਧਾ ਹੀ ਡੀਲ ਕੀਤੀ।

ਨੀਦਰਲੈਂਡ ਵਿੱਚ ਉਨ੍ਹਾਂ ਨੇ 102 ਬੱਚਿਆਂ ਦੇ ਜਨਮ ਵਿੱਚ ਯੋਗਦਾਨ ਪਾਇਆ। ਇਸ ਕੰਮ ਦੇ ਲਈ 11 ਫਰਟੀਲਿਟੀ ਕਲੀਨਿਕਾਂ ਨੇ ਉਨ੍ਹਾਂ ਤੋਂ ਸ਼ੁਕਰਾਣੂ ਦਾਨ 'ਚ ਲਏ ਸਨ।

ਕਿਉਂਕਿ ਨੀਦਰਲੈਂਡ ਵਿੱਚ ਉਨ੍ਹਾਂ 'ਤੇ ਸ਼ੁਕਰਾਣੂ ਦਾਨ ਕਰਨ ਲਈ ਸਾਲ 2017 ਤੋਂ ਹੀ ਰੋਕ ਲੱਗੀ ਹੋਈ ਹੈ ਪਰ ਉਹ 2023 ਤੱਕ ਦੇਸ਼ ਦੇ ਬਾਹਰ ਆਪਣੇ ਸ਼ੁਕਰਾਣੂ ਭੇਜਦੇ ਰਹੇ ਸਨ।

ਉਸੇ ਸਾਲ ਇੱਕ ਔਰਤ ਅਤੇ ਇੱਕ ਸੰਗਠਨ ਨੇ ਉਨ੍ਹਾਂ ਦੇ ਖ਼ਿਲਾਫ਼ ਸਿਵਲ ਮੁਕੱਦਮਾ ਦਾਇਰ ਕੀਤਾ।

ਪਟੀਸ਼ਨਕਰਤਾਵਾਂ ਨੇ ਇਹ ਦਾਅਵਾ ਕੀਤਾ ਕਿ ਜੋਨਾਥਨ ਦੀ ਇਸ ਹਰਕਤ ਨੇ ਉਨ੍ਹਾਂ ਦੇ ਬੱਚਿਆਂ ਲਈ ਇਨਸੈਸਟ (ਰਿਸ਼ਤੇਦਾਰਾਂ ਵਿੱਚਕਾਰ ਜਿਨਸੀ ਸੰਪਰਕ) ਦਾ ਖ਼ਤਰਾ ਵਧਾ ਦਿੱਤਾ ਹੈ।

ਅਦਾਲਤ 'ਚ ਦਾਇਰ ਕੀਤੇ ਗਏ ਆਪਣੇ ਹਲਫ਼ਨਾਮੇ 'ਚ ਜੋਨਾਥਨ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਹ 550 ਤੋਂ 600 ਦੇ ਵਿੱਚਕਾਰ ਬੱਚਿਆਂ ਦੇ ਜਨਮ ਲਈ ਜ਼ਿੰਮੇਵਾਰ ਹਨ।

ਹਾਲਾਂਕਿ ਅਦਾਲਤ ਦਾ ਕਹਿਣਾ ਹੈ ਕਿ ਕਈ ਉਪ-ਮਹਾਂਦੀਪਾਂ 'ਚ ਜੋਨਾਥਨ ਦੇ ਕਰੀਬ ਇੱਕ ਹਜ਼ਾਰ ਬੱਚੇ ਹਨ।

ਆਖ਼ਿਰਕਾਰ ਜੋਨਾਥਨ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਵੱਲੋਂ ਉਨ੍ਹਾਂ 'ਤੇ ਹੋਰ ਮਾਪਿਆਂ ਨੂੰ ਸ਼ੁਕਰਾਣੂ ਦਾਨ ਕਰਨ 'ਤੇ ਪਾਬੰਧੀ ਲਗਾ ਦਿੱਤੀ ਗਈ।

ਅਦਾਲਤ ਨੇ ਇਹ ਵੀ ਕਿਹਾ ਕਿ ਹਰੇਕ ਸ਼ੁਕਰਾਣੂ ਦਾਨ ਲਈ ਉਨ੍ਹਾਂ 'ਤੇ ਇੱਕ ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ ਜਾਵੇਗਾ।

ਨੀਦਰਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੀਦਰਲੈਂਡ ਦੀ ਇੱਕ ਅਦਾਲਤ ਦਾ ਕਹਿਣਾ ਹੈ ਕਿ ਜੋਨਾਥਨ ਜੈਕਬ ਦੇ ਸ਼ੁਕਰਾਣੂ ਦਾਨ ਤੋਂ ਤਕਰੀਬਨ 1,000 ਬੱਚੇ ਪੈਦਾ ਹੋਏ ਹਨ।

'ਦਿ ਮੈਨ ਵਿਦ 1000 ਕਿੱਡਸ'

ਨੈੱਟਫ਼ਲਿਕਸਦੀ ਦਸਤਾਵੇਜ਼ੀ ਸੀਰੀਜ਼ ਦਾ ਟਾਈਟਲ ਹੈ 'ਦਿ ਮੈਨ ਵਿਦ 1000 ਕਿੱਡਸ।'

ਇਸ ਦਸਤਾਵੇਜ਼ੀ ਸੀਰੀਜ਼ ਵਿੱਚ ਕਈ ਅਜਿਹੇ ਪਰਿਵਾਰਾਂ ਅਤੇ ਔਰਤਾਂ ਦੇ ਇੰਟਰਵਿਊ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਨੂੰ ਸ਼ੁਕਰਾਣੂ ਦਾਨ ਕਰਨ ਵਾਲੇ ਜੋਨਾਥਨ ਜੈਕਬ ਦੇ ਪਹਿਲਾਂ ਹੀ ਸੈਂਕੜੇ ਬੱਚੇ ਸਨ।

ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਸ਼ੁਕਰਾਣੂ ਦਾਨ ਕਰਦੇ ਸਮੇਂ ਜੋਨਾਥਨ ਨੇ ਇਹ ਜਾਣਕਾਰੀ ਉਨ੍ਹਾਂ ਤੋਂ ਗੁਪਤ ਰੱਖੀ।

ਇਨ੍ਹਾਂ ਔਰਤਾਂ ਵਿੱਚੋਂ ਇੱਕ ਮਾਂ ਨੇ ਦੱਸਿਆ, "ਮੈਂ ਬਹੁਤ ਉਦਾਸ ਹਾਂ ਕਿਉਂਕਿ ਸ਼ੁਕਰਾਣੂ ਦਾਨ ਕਰਦੇ ਸਮੇਂ ਉਸ ਨੇ ਦੱਸਿਆ ਸੀ ਕਿ ਉਹ ਪੰਜ ਪਰਿਵਾਰਾਂ ਨੂੰ ਸ਼ੁਕਰਾਣੂ ਦੇ ਰਿਹਾ ਹੈ।"

ਨਤਾਲੀ ਨਾਮ ਦੀ ਇਸ ਔਰਤ ਨੇ ਬੀਬੀਸੀ ਨਾਲ ਵੀ ਗੱਲ ਕੀਤੀ ਸੀ।

ਫ਼ਿਲਮ ਦਾ ਪੋਸਟਰ

ਤਸਵੀਰ ਸਰੋਤ, NETFLIX

ਤਸਵੀਰ ਕੈਪਸ਼ਨ, ਫ਼ਿਲਮ ਦਾ ਪੋਸਟਰ

ਨਤਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਡੋਨਰ ਨੇ ਜੋ ਕੁਝ ਕੀਤਾ ਸੀ, ਇਹ ਸਭ ਜਾਣਕਾਰੀ ਉਨ੍ਹਾਂ ਨੂੰ ਪ੍ਰੈੱਸ ਦੇ ਜ਼ਰੀਏ ਮਿਲੀ ਸੀ।

ਉਹ ਕਹਿੰਦੇ ਹਨ, "ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਬੱਚੇ ਇੱਕ ਦਿਨ ਮਿਲਣਗੇ ਅਤੇ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਣਗੇ ਕਿਉਂਕਿ ਉਹ ਇੱਕ ਦੂਸਰੇ ਵਿੱਚ ਕੋਈ ਸਮਾਨਤਾ ਖੋਜ ਲੈਣਗੇ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਦਾ ਜਨਮ ਇੱਕ ਹੀ ਡੋਨਰ ਪੇਰੈਂਟ ਤੋਂ ਹੋਇਆ ਹੈ।"

ਪਰ ਜੋਨਾਥਨ ਦਾ ਕਹਿਣਾ ਹੈ ਕਿ ਨੈੱਟਫ਼ਲਿਕਸਦੀ ਦਸਤਾਵੇਜ਼ੀ ਸੀਰੀਜ਼ ਵਿੱਚ ਉਨ੍ਹਾਂ ਲੋਕਾਂ ਦੀ ਕਹਾਣੀ ਨੂੰ ਜ਼ਿਆਦਾ ਥਾਂ ਦਿੱਤੀ ਗਈ ਹੈ, ਜਿਹੜੇ ਉਨ੍ਹਾਂ ਦੇ ਸ਼ੁਕਰਾਣੂ ਦਾਨ ਕਰਕੇ ਨਾਖੁਸ਼ ਹਨ ਅਤੇ ਬਹੁਤ ਸਾਰੇ ਪਰਿਵਾਰ ਜੋ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਨੈੱਟਫ਼ਲਿਕਸ ਨੇ ਜਾਣਬੁੱਝ ਕੇ ਦਸਤਾਵੇਜ਼ੀ ਸੀਰੀਜ਼ ਦਾ ਟਾਈਟਲ 'ਦਿ ਮੈਨ ਵਿਦ 1000 ਕਿੱਡਸ' ਰੱਖਿਆ ਹੈ, ਜਦਕਿ ਇਸ ਦਾ ਨਾਮ 'ਦਿ ਸਪ੍ਰਮ ਡੋਨਰ ਹੂ ਹੈਲਪਡ ਫ਼ੈਮਿਲੀਜ਼ ਕਨਸੀਵ 550 ਚਿਲਡ੍ਰਨ' (ਉਹ ਸ਼ੁਕਰਾਣੂ ਦਾਨ ਕਰਨ ਵਾਲਾ ਜਿਸ ਨੇ 550 ਬੱਚਿਆਂ ਦੇ ਜਨਮ ਲਈ ਪਰਿਵਾਰਾਂ ਦੀ ਮਦਦ ਕੀਤੀ) ਹੋਣਾ ਚਾਹੀਦਾ ਸੀ। ਇਸ ਲਈ ਉਹ ਸ਼ੁਰੂ ਤੋਂ ਹੀ ਝੂਠ ਬੋਲ ਰਹੇ ਹਨ ਅਤੇ ਜਾਣਬੁੱਝ ਕੇ ਝੂਠ ਬੋਲ ਰਹੇ ਹਨ।"

ਸੂਜ਼ੇਨ ਤੇ ਨਤਾਲੀ

ਤਸਵੀਰ ਸਰੋਤ, NETFLIX

ਤਸਵੀਰ ਕੈਪਸ਼ਨ, ਸੂਜ਼ੇਨ (ਖੱਬੇ) ਅਤੇ ਨਤਾਲੀ ਉਨ੍ਹਾਂ ਔਰਤਾਂ ਵਿੱਚੋਂ ਹਨ ਜਿਨ੍ਹਾਂ ਨੇ ਜੋਨਾਥਨ ਦੇ ਦਾਨ ਕੀਤੇ ਸ਼ੁਕਰਾਣੂ ਨਾਲ ਗਰਭ ਧਾਰਨ ਕੀਤਾ

ਜੋਨਾਥਨ ਨੇ ਬੀਬੀਸੀ ਨੂੰ ਇਹ ਵੀ ਕਿਹਾ ਕਿ ਸੈਂਕੜੇ ਬੱਚਿਆਂ ਦੇ ਜਨਮ ਲਈ ਸ਼ੁਕਰਾਣੂ ਦਾਨ ਕਰਨ ਵਿੱਚ ਉਨ੍ਹਾਂ ਨੂੰ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ ਹੈ।

ਉਹ ਇਸ ਸੰਭਾਵਨਾ ਤੋਂ ਵੀ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੇ ਸ਼ੁਕਰਾਣੂਆਂ ਨਾਲ ਪੈਦਾ ਹੋਏ ਬੱਚਿਆਂ ਵਿਚਾਲੇ ਜਿਨਸੀ ਸੰਪਰਕ ਸਥਾਪਤ ਹੋ ਸਕਦਾ ਹੈ ਕਿਉਂਕਿ ਉਹ ਕੋਈ ਅਜਿਹੇ ਡੋਨਰ ਨਹੀਂ ਹਨ, ਜਿਸ ਨੇ ਆਪਣੀ ਪਹਿਚਾਣ ਲੁਕਾਈ ਹੋਵੇ।

ਉਹ ਕਹਿੰਦੇ ਹਨ, "ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਹਾਂ ਕਿ ਹੁਣ ਸਸਤੀਆਂ ਡੀਐੱਨਏ ਟੈਸਟ ਕਿੱਟਾਂ ਉਪਲੱਬਧ ਹਨ ਅਤੇ ਮੇਰਾ ਰਿਕਾਰਡ ਡੀਐੱਨਏ ਡਾਟਾਬੇਸ ਵਿੱਚ ਹੈ ਤਾਂ ਕਿ ਕੋਈ ਵੀ ਮੇਰਾ ਪਤਾ ਲਗਾ ਸਕੇ।"

ਜੋਨਾਥਨ ਨੇ ਕਿਹਾ ਕਿ ਉਹ ਨੈੱਟਫ਼ਲਿਕਸਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨਗੇ। ਨੈੱਟਫ਼ਲਿਕਸਨੇ ਜੋਨਾਥਨ ਦੇ ਇਲਜ਼ਾਮਾਂ 'ਤੇ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।

ਸੀਰੀਜ਼ ਦੀ ਕਾਰਜਕਾਰੀ ਨਿਰਮਾਤਾ ਨਤਾਲੀ ਹਿਲ ਨੇ ਦੱਸਿਆ ਕਿ ਇਸ ਦਸਤਾਵੇਜ਼ੀ ਸੀਰੀਜ਼ ਲਈ ਉਨ੍ਹਾਂ ਨੇ ਚਾਰ ਸਾਲ ਖੋਜ ਕਰਨ 'ਚ ਬਿਤਾਏ ਅਤੇ ਲਗਭਗ 50 ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਕਿਹਾ, "50 ਪਰਿਵਾਰਾਂ ਨੇ ਉਨ੍ਹਾਂ ਦੇ ਝੂਠ ਦੇ ਬਾਰੇ ਅਦਾਲਤ ਵਿੱਚ ਹੈਰਾਨ ਕਰਨ ਵਾਲੇ ਬਿਆਨ ਦਿੱਤੇ ਹਨ। ਉਨ੍ਹਾਂ ਨੇ ਜੱਜ ਅੱਗੇ ਗੁਹਾਰ ਲਗਾਈ ਕਿ ਉਹ ਜੋਨਾਥਨ ਨੂੰ ਸ਼ੁਕਰਾਣੂ ਦਾਨ ਕਰਨ ਤੋਂ ਰੋਕਣ। ਇਸ ਮੁੱਦੇ 'ਤੇ ਅਸੀਂ ਜੋਨਾਥਨ ਦਾ ਪੱਖ ਦਸਤਾਵੇਜ਼ੀ ਸੀਰੀਜ਼ ਵਿੱਚ ਸ਼ਾਮਲ ਕਰਨ ਲਈ ਤਿਆਰ ਹਾਂ।"

(ਇਹ ਆਰਟੀਕਲ ਬੀਬੀਸੀ ਦੀ ਸਪੈਨਿਸ਼ ਭਾਸ਼ਾ ਦੀ ਵੈੱਬਸਾਈਟ ਤੋਂ ਲਿਆ ਗਿਆ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)