ਅਮਰੀਕਾ ਵਿੱਚ ਵਿਦਿਆਰਥੀ ਕਿਉਂ ਖੁਦ ‘ਝੂਠ-ਮੂਠ’ ਅਗਵਾ ਹੋ ਰਹੇ ਹਨ, ਮਾਮਲਾ ਕੀ ਹੈ

    • ਲੇਖਕ, ਇਸ਼ਾਰੀਆ ਪ੍ਰਾਇਥੋਂਗਿਯਮ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ

ਚੀਨ ਦੇ ਅਮਰੀਕਾ ਵਿਚਲੇ ਸਫ਼ਾਰਤਖਾਨੇ ਨੇ ਅਮਰੀਕਾ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਖ਼ਾਸ ਕਰ ਕੇ ਵਿਦਿਆਰਥੀਆਂ ਨੂੰ “ਝੂਠ-ਮੂਠ ਅਗਵਾ ਹੋ ਜਾਣ” (ਵਰਚੂਅਲ ਕਿਡਨੈਪਿੰਗ) ਤੋਂ ਸਾਵਧਾਨ ਰਹਿਣ ਦਾ ਚੇਤਾ ਕਰਵਾਇਆ ਹੈ।

ਅਸਲ ਵਿੱਚ 17 ਸਾਲਾ ਚੀਨੀ ਵਿਦਿਆਰਥੀ ਕਾਇ ਯੁਹਾਂਗ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਮਿਲੀ ਜੋ ਕਿ ਬਾਅਦ ਵਿੱਚ 31 ਦਸੰਬਰ ਨੂੰ ਉਤਾਹ ਦੇ ਨੀਮ ਜੰਗਲੀ ਖੇਤਰ ਦੀ ਆਰਜੀ ਕੈਂਪ ਸਾਈਟ ਵਿੱਚੋਂ ਸੁਰੱਖਿਅਤ ਮਿਲ ਗਿਆ।

ਕਾਇ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਤਸਵੀਰ ਭੇਜ ਕੇ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਉਨ੍ਹਾਂ ਦਾ ਬੇਟਾ ਅਗਵਾ ਕਰ ਲਿਆ ਗਿਆ ਹੈ।

ਪੁਲਿਸ ਮੁਤਾਬਕ ਸਾਈਬਰ ਕਿਡਨੈਪਿੰਗ ਦੇ ਪੀੜਤਾਂ ਨੂੰ ਖ਼ੁਦ ਨੂੰ ਇਕਾਂਤਵਾਸ ਕਰ ਲੈਣ ਨੂੰ ਮਜਬੂਰ ਕੀਤਾ ਜਾਂਦਾ ਹੈ।

ਉਨ੍ਹਾਂ ਨੂੰ ਅਜਿਹੀਆਂ ਤਸਵੀਰਾਂ ਲੈਣ ਲਈ ਕਿਹਾ ਜਾਂਦਾ ਹੈ ਜਿਨ੍ਹਾਂ ਤੋਂ ਉਨ੍ਹਾਂ ਦੇ ਅਗਵਾ ਕੀਤੇ ਜਾਣ ਦੀ ਪੁਸ਼ਟੀ ਹੋ ਸਕੇ।

ਇਹ ਸਭ ਕੁਝ ਪੀੜਤ ਦੁਆਲੇ ਅਗਵਾ ਕੀਤੇ ਜਾਣ ਦਾ ਭਰਮ ਸਿਰਜ ਕੇ ਹੀ ਕੀਤਾ ਜਾਂਦਾ ਹੈ ਅਤੇ ਅਗਵਾਕਾਰ ਕਿਤੇ ਵੀ ਖ਼ੁਦ ਮੌਜੂਦ ਨਹੀਂ ਹੁੰਦੇ। ਹਾਲਾਂਕਿ ਪੀੜਤਾਂ ਉੱਪਰ ਫੇਸਟਾਈਮ ਅਤੇ ਸਕਾਈਪ ਦੇ ਜ਼ਰੀਏ ਨਿਗ੍ਹਾ ਰੱਖੀ ਜਾਂਦੀ ਹੈ।

ਪੀੜਤ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਕਹਿਣਾ ਨਾ ਮੰਨਣ ਦੀ ਸੂਰਤ ਵਿੱਚ ਦੂਜੇ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।

ਸਥਾਨਕ ਪੁਲਿਸ ਮੁਤਾਬਕ ਕਾਇ ਦੇ ਮਾਪਿਆਂ ਨੂੰ ਝਾਂਸੇ ਦੇ ਕੇ ਚੀਨ ਦੇ ਹੀ ਇੱਕ ਬੈਂਕ ਖਾਤੇ ਵਿੱਚ 80,000 ਅਮਰੀਕੀ ਡਾਲਰ ਟ੍ਰਾਂਸਫਰ ਕਰਨ ਲਈ ਕਿਹਾ ਗਿਆ।

ਵਰਚੂਅਲ ਕਿਡਨੈਪਿੰਗ ਕੀ ਹੈ?

ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ (ਐੱਫਬੀਆਈ) ਮੁਤਾਬਕ ਸੂਹੀਆ ਏਜੰਸੀਆਂ ਘੱਟੋ-ਘੱਟ ਪਿਛਲੇ ਦੋ ਦਹਾਕਿਆਂ ਤੋਂ ਇਸ ਝੂਠ-ਮੂਠ ਵਿੱਚ ਅਗਵਾ ਕੀਤੇ ਜਾਣ ਦੇ ਅਪਰਾਧ ਤੋਂ ਜਾਣੂ ਹਨ ਅਤੇ ਇਸ ਬਾਰੇ ਕੰਮ ਕਰ ਰਹੀਆਂ ਹਨ।

ਝੂਠ-ਮੂਠ ਦੀ ਅਗਵਾਕਾਰੀ ਦੇ ਕਈ ਰੂਪ ਹੋ ਸਕਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਕਿਸੇ ਪਿਆਰੇ ਨੂੰ ਨੁਕਸਾਨ ਪਹੁੰਚਾਉਣ, ਇੱਥੋਂ ਤੱਕ ਕਿ ਜਾਨੋਂ ਮਾਰਨ ਤੱਕ ਦੀ ਧਮਕੀ ਦੇ ਕੇ ਫ਼ਿਰੌਤੀ ਦੀ ਮੰਗ ਕੀਤੀ ਜਾਂਦੀ ਹੈ।

ਐੱਫਬੀਆਈ ਮੁਤਾਬਕ ਰਵਾਇਤੀ ਅਗਵਾਕਾਰੀ ਦੇ ਉਲਟ ਝੂਠ-ਮੂਠ ਦੀ ਅਗਵਾਕਾਰੀ ਵਿੱਚ ਕਿਸੇ ਨੂੰ ਸੱਚੀ-ਮੁੱਚੀ ਅਗਵਾ ਨਹੀਂ ਕੀਤਾ ਜਾਂਦਾ।

ਸਗੋਂ ਭੇਤ ਖੁੱਲ੍ਹਣ ਤੋਂ ਪਹਿਲਾਂ ਹੀ ਪੀੜਤਾਂ ਨੂੰ ਛਲਾਵੇ ਵਿੱਚ ਲੈ ਕੇ ਫਰੌਤੀ ਉਗਰਾਹ ਲਈ ਜਾਂਦੀ ਹੈ।

ਚੀਨੀ ਵਿਦਿਆਰਥੀ ਕਿੱਥੇ ਨਿਸ਼ਾਨਾ ਬਣਾਏ ਜਾ ਰਹੇ ਹਨ?

ਪੁਲਿਸ ਮੁਤਾਬਕ ਚੀਨ ਤੋਂ ਆਏ ਕੌਮਾਂਤਰੀ ਵਿਦਿਆਰਥੀਆਂ ਨੂੰ ਪੱਛਮੀ ਦੇਸਾਂ ਵਿੱਚ ਸਾਈਬਰ ਅਗਵਾਕਾਰ ਆਪਣਾ ਨਿਸ਼ਾਨਾ ਬਣਾ ਰਹੇ ਹਨ।

ਸਤੰਬਰ 2023 ਵਿੱਚ ਬ੍ਰਿਟੇਨ ਦੇ ਸਾਊਥ ਯੌਕਸ਼ਾਇਰ ਪੁਲਿਸ ਦੇ ਧੋਖਾਧੜੀ ਵਿਰੋਧੀ ਸੈੱਲ ਨੇ ਇਸ ਬਾਰੇ ਆਪਣੀ ਚੇਤਾਵਨੀ ਵਿੱਚ ਉੱਤਰੀ ਇੰਗਲੈਂਡ ਦੇ ਸ਼ੈਫੀਲਡ ਵੱਲ ਜਾ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਸੀ।

ਚੇਤਾਵਨੀ ਵਿੱਚ ਕਿਹਾ ਗਿਆ ਸੀ ਕਿ ਇਸ ਧੋਖਾਧੜੀ ਵਿੱਚ ਮੁੱਖ ਤੌਰ ’ਤੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਪੀੜਤ ਨੂੰ ਧੋਖੇਬਾਜ਼ ਫੋਨ ਕਰਦੇ ਹਨ ਕਿ ਉਹ ਚੀਨ ਦੇ ਸਫ਼ਾਰਤਖਾਨੇ, ਇਮੀਗ੍ਰੇਸ਼ਨ ਜਾਂ ਕਸਟਮ, ਚੀਨ ਦੀ ਪੁਲਿਸ ਜਾਂ ਰੌਇਲ ਮੇਲ ਤੋਂ ਬੋਲ ਰਹੇ ਹਨ।

ਉਹ ਦਾਅਵਾ ਕਰਦੇ ਹਨ ਕਿ ਉਹ ਕਿਸੇ ਕੌਮਾਂਤਰੀ ਰੈਕਟ ਦੀ ਜਾਂਚ ਪੜਤਾਲ ਕਰ ਰਹੇ ਹਨ ਅਤੇ ਇਸ ਵਿੱਚ ਪੀੜਤ ਨੂੰ ਚੀਨ ਦੇ ਕਿਸੇ ਖਾਤੇ ਵਿੱਚ ਬਹੁਤ ਵੱਡੀ ਰਕਮ ਭੇਜਣ ਲਈ ਕਿਹਾ ਜਾਂਦਾ ਹੈ।

ਸਾਊਥ ਯੌਰਕਸ਼ਾਇਰ ਪੁਲਿਸ ਨੇ ਕਿਹਾ ਕਿ ਅਪਰਾਧੀ ਪੀੜਤ ਨੂੰ ਸਹਿਯੋਗ ਕਰਨ ਲਈ ਮਜਬੂਰ ਕਰਨ ਲਈ ਧਮਕੀਆਂ ਦੀ ਵੀ ਵਰਤੋਂ ਕਰਦੇ ਹਨ।

ਆਸਟ੍ਰੇਲੀਆ ਵਿੱਚ, ਨਿਊ ਸਾਊਥ ਵੇਲਜ਼ ਦੀ ਪੁਲਿਸ ਨੇ ਅਕਤੂਬਰ 2023 ਵਿੱਚ ਚੇਤਾਵਨੀ ਜਾਰੀ ਕੀਤੀ ਸੀ ਕਿ ਝੂਠ-ਮੂਠ ਦੀ ਅਗਵਾਕਾਰੀ ਦੇ ਅਪਰਾਧਾਂ ਦੀ ਤਕਨੀਕ ਵਿੱਚ ਲਗਾਤਾਰ ਸੁਧਾਰ ਹੁੰਦਾ ਜਾ ਰਿਹਾ ਹੈ।

ਨਿਊ ਸਾਊਥ ਵੇਲਜ਼ ਪੁਲਿਸ ਦੇ ਜਸੂਸ ਸੂਪਰੀਟੈਂਡੈਂਟ ਜੋਸੇਫ਼ ਦੂਈਹੀ ਨੇ ਕਿਹਾ ਕਿ ਇਨ੍ਹਾਂ ਅਪਰਾਧਾਂ ਦਾ ਮੁੱਢ ਚੀਨ ਤੋਂ ਹੀ ਬੱਝਿਆ ਹੈ।

ਧੋਖੇਬਾਜ਼ ਪੀੜਤਾਂ ਨੂੰ ਚੀਨੀ ਅਧਿਕਾਰੀ ਬਣ ਕੇ ਫੋਨ ਕਰਦੇ ਹਨ। ਫਿਰੌਤੀ ਵਸੂਲ ਕਰਦੇ ਹਨ ਅਤੇ ਫਿਰ ਅਗਲੇ ਸ਼ਿਕਾਰ ਦੇ ਮਗਰ ਲੱਗ ਜਾਂਦੇ ਹਨ।

ਜੋਸੇਫ਼ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ, “ਧੋਖੇਬਾਜ਼ ਪੀੜਤਾਂ ਨੂੰ ਦੇਸ ਦੇ ਅੰਦਰ ਇੱਕ ਸੂਬੇ ਤੋਂ ਦੂਜੇ ਸੂਬੇ ਅਤੇ ਵਿਦੇਸ਼ ਸਫ਼ਰ ਕਰਨ ਲਈ ਮਜਬੂਰ ਕਰਦੇ ਹਨ।"

"ਇਹ ਪੱਧਰ ਅਸੀਂ ਪਹਿਲਾਂ ਨਹੀਂ ਦੇਖਿਆ। ਸਾਡੇ ਕੁਝ ਪੀੜਤ ਤਾਂ ਥਾਈਲੈਂਡ ਅਤੇ ਕੰਬੋਡੀਆ ਅਤੇ ਆਸਟ੍ਰੇਲੀਆ ਦੇ ਦੂਜੇ ਸੂਬਿਆਂ ਵਿੱਚ ਗਏ ਸਨ।“

ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਨੇ ਨਿਊ ਸਾਊਥ ਵੇਲਜ਼ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਹੀ 20 ਤੋਂ 23 ਸਾਲ ਦੇ ਤਿੰਨ ਵਿਦਿਆਰਥੀਆਂ ਨੂੰ ਅਪਰਾਧੀਆਂ ਨੇ ਚੀਨੀ ਅਫ਼ਸਰ ਬਣ ਕੇ ਸੰਪਰਕ ਕੀਤਾ ਸੀ।

ਪੀੜਤਾਂ ਨੂੰ ਕਿਸੇ ਜੁਰਮ ਵਿੱਚ ਫਸਾਉਣ ਦਾ ਕਹਿ ਕੇ 3,38,880 ਅਮਰੀਕੀ ਡਾਲਰ ਤੱਕ ਦਾ ਭੁਗਤਾਨ ਕਰਨ ਲਈ ਮਜਬੂਰ ਕੀਤਾ ਗਿਆ।

ਇੱਕ ਹੋਰ ਮਾਮਲੇ ਵਿੱਚ ਤਾਂ 20 ਸਾਲ ਦੇ ਇੱਕ ਨੌਜਵਾਨ ਨੂੰ ਹੱਥਕੜੀਆਂ ਲਾ ਕੇ ਅਤੇ ਜਹਾਜ਼ ਰਾਹੀਂ ਜਾ ਕੇ ਸ਼ੰਘਾਈ ਪੁਲਿਸ ਵੱਲੋਂ ਕੁਝ “ਅਧਿਕਾਰਿਕ ਦਸਤਾਵੇਜ਼” ਅਗਲੇ ਪੀੜਤਾਂ ਨੂੰ ਐਡਲੈਡ ਅਤੇ ਵਿਕਟੋਰੀਆ ਵਿੱਚ ਸੌਂਪਣ ਲਈ ਮਜਬੂਰ ਕੀਤਾ ਗਿਆ।

ਪੀੜਤ ਦੇ ਪਰਿਵਾਰ ਤੋਂ 1,35,730 ਅਮਰੀਕੀ ਡਾਲਰ ਦੀ ਮੰਗ ਕੀਤੀ ਗਈ। ਪਰਿਵਾਰ ਨੇ ਮਨ੍ਹਾਂ ਕਰ ਦਿੱਤਾ ਅਤੇ ਨਿਊ ਸਾਊਥਵੇਲਜ਼ ਦੀ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ।

ਇਸੇ ਤਰ੍ਹਾਂ ਸਾਲ 2020 ਵਿੱਚ ਨਿਊ ਸਾਊਥ ਵੇਲਜ਼ ਪੁਲਿਸ ਨੇ ਝੂਠ-ਮੂਠ ਦੀ ਅਗਵਾਕਾਰੀ ਦੇ ਅੱਠ ਪੁਸ਼ਟ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਕ ਚੇਤਾਵਨੀ ਜਾਰੀ ਕੀਤੀ ਅਤੇ ਕਿਹਾ ਕਿ 1,355,538 ਡਾਲਰ ਦੀਆਂ ਫਿਰੌਤੀਆਂ ਅਜਿਹੀਆਂ ਅਗਵਾਕਾਰੀਆਂ ਲਈ ਦੇ ਦਿੱਤੀਆਂ ਗਈਆਂ ਜੋ ਕਦੇ ਹੋਈਆਂ ਹੀ ਨਹੀਂ।

ਅਜਿਹਾ ਇੱਕ ਮਾਮਲਾ 2020 ਦੇ ਅਪ੍ਰੈਲ ਮਹੀਨੇ ਦੌਰਾਨ ਸਿਡਨੀ ਦੇ ਇੱਕ ਨੀਮ ਸ਼ਹਿਰੀ ਖੇਤਰ ਵਿੱਚ ਹੋਇਆ।

ਰਾਇਦ ਪੁਲਿਸ ਨੂੰ ਇੱਕ ਚੀਨੀ ਵਿਦਿਆਰਥਣ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਲਗਦਾ ਹੈ ਕਿ ਉਹ ਅਗਵਾ ਕਰ ਲਈ ਗਈ ਹੈ। ਵਿਦਿਆਰਥਣ ਨੇ ਚੀਨ ਤੋਂ ਫੋਨ ਕਰਨ ਦਾ ਦਾਅਵਾ ਕਰਨ ਵਾਲੇ ਨੂੰ 2,03,300 ਡਾਲਰ ਦੀ ਫ਼ਿਰੌਤੀ ਵੀ ਦੇ ਦਿੱਤੀ।

ਹਾਲਾਂਕਿ ਜਾਂਚ ਤੋਂ ਬਾਅਦ ਵਿਦਿਆਰਥਣ ਇੱਕ ਘਰ ਵਿੱਚੋਂ ਸੁਰੱਖਿਅਤ ਬਰਾਮਦ ਕਰ ਲਈ ਗਈ।

ਅਗਸਤ 2023 ਵਿੱਚ ਜਪਾਨ ਟਾਈਮਜ਼ ਨੇ ਖ਼ਬਰ ਦਿੱਤੀ ਕਿ ਜਪਾਨ ਵਿੱਚ ਰਹਿ ਰਹੇ ਕੁਝ ਚੀਨੀ ਵਿਦਿਆਰਥੀਆਂ ਨੂੰ ਵੀ ਧੋਖੇਬਾਜ਼ਾਂ ਨੇ ਅਜਿਹੀਆਂ ਹੀ ਸਥਿਤੀਆਂ ਵਿੱਚ ਬਲੈਕਮੇਲ ਕੀਤਾ ਸੀ।

ਇੱਕ ਹੋਰ ਮਾਮਲੇ ਵਿੱਚ ਇੱਕ ਹੋਰ ਚੀਨੀ ਵਿਦਿਆਰਥਣ ਨੇ ਚੀਨ ਦੇ ਇੱਕ ਬੈਂਕ ਖਾਤੇ ਵਿੱਚ 42,300 ਅਮਰੀਕੀ ਡਾਲਰ ਆਪਣੀ ਬੇਟੀ ਦੀ ਕਥਿਤ ਸੁਰੱਖਿਆ ਲਈ ਜਮ੍ਹਾ ਕਰਵਾਏ। ਉਸ ਨੂੰ ਉਸ ਦੀ ਬੇਟੀ ਦੀ ਤਸਵੀਰ ਭੇਜੀ ਗਈ ਜਿਵੇਂ ਉਹ ਕਿਸੇ ਖ਼ਤਰੇ ਵਿੱਚ ਹੋਵੇ।

ਬਾਅਦ ਵਿੱਚ ਸਾਹਮਣੇ ਆਇਆ ਕਿ ਪੀੜਤ ਨੂੰ ਕਿਸੇ ਧੋਖੇਬਾਜ਼ ਨੇ ਚੀਨ ਦੀ ਪਬਲਿਕ ਸਕਿਊਰਿਟੀ ਦਾ ਅਧਿਕਾਰੀ ਬਣ ਕੇ ਫੋਨ ਕੀਤਾ ਸੀ।

ਵਿਅਕਤੀ ਨੇ ਵਿਦਿਆਰਥਣ ਨੂੰ ਦੱਸਿਆ ਕਿ ਉਸ ਖ਼ਿਲਾਫ਼ ਗ੍ਰਿਫ਼ਤਾਰੀ ਦੇ ਸੰਮਨ ਜਾਰੀ ਕੀਤੇ ਗਏ ਅਤੇ ਉਸ ਨੂੰ ਆਪਣੇ ਅਗਵਾ ਦਾ ਝੂਠ-ਮੂਠ ਦਾ ਬਿਰਤਾਂਤ ਸਿਰਜਣਾ ਪਵੇਗਾ ਤਾਂ ਜੋ ਉਸ ਦੇ ਮਾਪੇ ਉਸ ਨੂੰ ਰਾਜ਼ੀ-ਖੁਸ਼ੀ ਛੁਡਾਉਣ ਬਦਲੇ ਫ਼ਿਰੌਤੀ ਦੇ ਪੈਸੇ ਭਰਨ।

ਪੁਲਿਸ ਚੀਨ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਚੇਤ ਕਰ ਰਹੀ ਹੈ ਕਿ ਉਹ ਅਜਿਹੀਆਂ ਫੋਨ ਕਾਲਾਂ ਪ੍ਰਤੀ ਸਾਵਧਾਨੀ ਵਰਤਣ। ਲੋੜ ਪੈਣ ’ਤੇ ਸਥਾਨਕ ਕਾਊਂਸਲੇਟ ਨਾਲ ਸੰਪਰਕ ਕਰਨ ਅਤੇ ਜੇ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਇਸ ਬਾਰੇ ਪੁਲਿਸ ਨੂੰ ਸੂਚਿਤ ਕਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)