ਟਰੰਪ ਨੇ ਕਿਹੜਾ ਨਵਾਂ ਟੈਰਿਫ਼ ਲਗਾਇਆ ਜਿਸ ਨਾਲ ਪਲਾਸਟਿਕ ਪ੍ਰਦੂਸ਼ਣ ਵਧਣ ਦਾ ਹੈ ਖ਼ਤਰਾ

ਤਸਵੀਰ ਸਰੋਤ, Getty Images
- ਲੇਖਕ, ਜੋਆਓ ਡਾ ਸਿਲਵਾ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਕੋਕਾ-ਕੋਲਾ ਨੂੰ ਆਉਂਦੇ ਸਮੇਂ ਵਿੱਚ ਆਪਣੇ ਡ੍ਰਿੰਕਸ (ਪੀਣ ਵਾਲੇ ਪਦਾਰਥ) ਪਲਾਸਟਿਕ ਦੀਆਂ ਬੋਤਲਾਂ ਵਿੱਚ ਵੇਚਣੇ ਪੈ ਸਕਦੇ ਹਨ ਜਦਕਿ ਫਿਲਹਾਲ ਕੰਪਨੀ ਅਮਰੀਕਾ ਵਿੱਚ ਇਨ੍ਹਾਂ ਪਦਾਰਥਾਂ ਨੂੰ ਵੇਚਣ ਲਈ ਵਧੇਰੇ ਤੌਰ 'ਤੇ ਐਲੂਮੀਨੀਅਮ ਦੇ ਕੈਨਸ ਦੀ ਵਰਤੋਂ ਕਰ ਰਹੀ ਹੈ।
ਪਰ ਹਾਲ ਹੀ ਵਿੱਚ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ਼ ਵਿੱਚ ਦਾਖਲ ਹੋਣ ਵਾਲੇ ਸਾਰੇ ਸਟੀਲ ਅਤੇ ਐਲੂਮੀਨੀਅਮ 'ਤੇ 25 ਫੀਸਦੀ ਆਯਾਤ (ਦਰਾਮਦ) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ।
ਇਸ ਫੈਸਲੇ ਨਾਲ ਅਮਰੀਕਾ ਵਿੱਚ ਪੈਕ ਕੀਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਇਸ ਮਗਰੋਂ, ਕੋਕਾ-ਕੋਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਮਜ਼ ਕੁਇੰਸੀ ਨੇ ਨਿਵੇਸ਼ਕਾਂ ਨਾਲ ਇੱਕ ਕਾਲ ਦੌਰਾਨ ਕਿਹਾ ਕਿ ਜੇਕਰ ਰਾਸ਼ਟਰਪਤੀ ਡੌਨਲਡ ਟਰੰਪ ਦੇ ਟੈਰਿਫ਼ ਨਾਲ ਐਲੂਮੀਨੀਅਮ ਦੇ ਡੱਬੇ/ਕੈਨ ਹੋਰ ਮਹਿੰਗੇ ਹੋ ਜਾਂਦੇ ਹਨ ਤਾਂ ਹੋ ਸਕਦਾ ਹੈ ਕਿ ਕੰਪਨੀ ਨੂੰ ਅਮਰੀਕਾ ਵਿੱਚ ਆਪਣੇ ਪੇਅ ਪਦਾਰਥ ਵੇਚਣ ਲਈ ਪਲਾਸਟਿਕ ਦੀਆਂ ਬੋਤਲਾਂ ਦਾ ਇਸਤੇਮਾਲ ਕਰਨਾ ਪਵੇ।

ਕੋਕਾ-ਕੋਲਾ ਦੁਨੀਆਂ ਭਰ ਵਿੱਚ ਆਪਣੇ ਪੇਅ ਪਦਾਰਥਾਂ ਲਈ ਜਾਣੀ ਜਾਂਦੀ ਹੈ। ਪਿਛਲੇ ਸਾਲ ਦਸੰਬਰ ਵਿੱਚ ਕੰਪਨੀ ਨੇ ਕਿਹਾ ਸੀ ਕਿ ਉਹ ਆਪਣੇ ਸਥਿਰਤਾ ਦੇ ਟੀਚੇ ਤਹਿਤ 2030 ਤੱਕ ਆਪਣੀ ਪੈਕੇਜਿੰਗ ਵਿੱਚ 50 ਫੀਸਦ ਰੀਸਾਈਕਲ ਕੀਤੀ ਸਮੱਗਰੀ ਦੀ ਵਰਤੋਂ ਕਰਨਗੇ ਅਤੇ 2035 ਤੱਕ ਇਸ ਨੂੰ ਘਟਾ ਕੇ 35 ਤੋਂ 40 ਫੀਸਦੀ ਕਰ ਦਿੱਤਾ ਜਾਵੇਗਾ।
ਵਾਤਾਵਰਣ ਸਮੂਹਾਂ ਨੇ ਲਗਾਤਾਰ ਛੇ ਸਾਲਾਂ ਤੋਂ ਕੋਕਾ-ਕੋਲਾ ਨੂੰ "ਵਿਸ਼ਵ ਪੱਧਰ ਦੀ ਸਿਖਰਲੀ ਪਲਾਸਟਿਕ ਪ੍ਰਦੂਸ਼ਕ" ਕੰਪਨੀ ਵਜੋਂ ਲੇਬਲ ਕੀਤਾ ਹੈ।
ਕੁਇੰਸੀ ਨੇ ਆਪਣੀ ਕਾਲ ਦੌਰਾਨ ਕਿਹਾ ਸੀ, "ਜੇਕਰ ਇੱਕ ਪੈਕੇਜ ਵਿੱਚ ਇਨਪੁਟ ਲਾਗਤਾਂ ਵਿੱਚ ਕੁਝ ਵਾਧਾ ਹੁੰਦਾ ਹੈ, ਤਾਂ ਸਾਡੇ ਕੋਲ ਪੈਕੇਜਿੰਗ ਦੇ ਹੋਰ ਬਦਲ ਰਹਿੰਦੇ ਹਨ, ਤਾਂ ਜੋ ਅਸੀਂ ਕਿਫਾਇਤੀ ਸਮੱਗਰੀ ਦੇਣ ਦੇ ਯੋਗ ਰਹੀਏ।''
ਉਨ੍ਹਾਂ ਕਿਹਾ, "ਮਿਸਾਲ ਵਜੋਂ, ਜੇਕਰ ਐਲੂਮੀਨੀਅਮ ਦੇ ਕੈਨ ਹੋਰ ਮਹਿੰਗੇ ਹੋ ਜਾਂਦੇ ਹਨ, ਤਾਂ ਅਸੀਂ PET (ਪਲਾਸਟਿਕ) ਬੋਤਲਾਂ ਦਾ ਇਸਤੇਮਾਲ ਵਧਾ ਸਕਦੇ ਹਾਂ।"
ਅਮਰੀਕਾ ਕਿੰਨਾ ਐਲੂਮੀਨੀਅਮ ਦਰਾਮਦ ਕਰਦਾ ਹੈ

ਤਸਵੀਰ ਸਰੋਤ, Getty Images
ਹਾਲਾਂਕਿ, ਕੋਕਾ-ਕੋਲਾ ਦੇ ਬੌਸ ਨੇ ਇਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਕਾਰੋਬਾਰ 'ਤੇ ਟੈਰਿਫ਼ ਦਾ ਪ੍ਰਭਾਵ ਬਹੁਤ ਜ਼ਿਆਦਾ ਵੀ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਪੈਕੇਜਿੰਗ, ਉਨ੍ਹਾਂ ਦੀ ਕੰਪਨੀ ਦੀ ਲਾਗਤ ਦੇ ਮੁਕਾਬਲਤਨ ਇੱਕ ਛੋਟਾ ਹਿੱਸਾ ਹੈ।
ਹਾਲ ਹੀ ਦੇ ਸਾਲਾਂ ਵਿੱਚ, ਕੋਕਾ-ਕੋਲਾ ਆਪਣੀਆਂ ਮਾਰਕੀਟਿੰਗ ਅਤੇ ਸਥਿਰਤਾ ਰਣਨੀਤੀਆਂ ਦੇ ਤਹਿਤ ਆਪਣੇ ਉਤਪਾਦਾਂ ਨੂੰ ਵੇਚਣ ਲਈ ਮੁੱਖ ਰੂਪ ਨਾਲ ਐਲੂਮੀਨੀਅਮ ਦੇ ਕੈਨ ਵਰਤ ਰਿਹਾ ਹੈ।
ਆਮ ਤੌਰ 'ਤੇ ਇਹ ਜ਼ਿਆਦਾ ਮਹਿੰਗੇ ਹੁੰਦੇ ਹਨ ਪਰ ਇਸ ਦੇ ਬਾਵਜੂਦ, ਸਮੇਂ ਦੇ ਨਾਲ-ਨਾਲ ਪਲਾਸਟਿਕ ਦੀਆਂ ਬੋਤਲਾਂ ਦੇ ਬਜਾਏ ਐਲੂਮੀਨੀਅਮ ਦੇ ਡੱਬੇ ਜਾਂ ਕੈਨ ਰੀਸਾਈਕਲ ਕਰਨ ਦੇ ਵਧੇਰੇ ਯੋਗ ਹੁੰਦੇ ਹਨ।
ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ ਦੇ ਅਨੁਸਾਰ, ਅਮਰੀਕਾ ਵਿੱਚ ਕੁੱਲ ਵਰਤੇ ਜਾਣ ਵਾਲੇ ਐਲੂਮੀਨੀਅਮ ਦਾ ਲਗਭਗ ਅੱਧਾ ਹਿੱਸਾ ਆਯਾਤ ਕੀਤਾ ਜਾਂਦਾ ਹੈ। ਇਸ ਲਈ ਸਾਰੇ ਦਰਾਮਦ 'ਤੇ 25 ਫੀਸਦੀ ਟੈਰਿਫ਼ ਇਨ੍ਹਾਂ ਐਲੂਮੀਨੀਅਮ ਡੱਬਿਆਂ ਨੂੰ ਹੋਰ ਵੀ ਮਹਿੰਗਾ ਕਰ ਸਕਦਾ ਹੈ।
2018 ਵਿੱਚ ਜਦੋਂ ਟਰੰਪ ਸਰਕਾਰ ਨੇ ਸਟੀਲ 'ਤੇ ਟੈਰਿਫ਼ ਲਗਾਇਆ ਸੀ, ਉਸ ਮਗਰੋਂ ਬਹੁਤ ਸਾਰੇ ਡੱਬੇ (ਕੈਨ) ਬਣਾਉਣ ਵਾਲਿਆਂ ਨੇ ਉਨ੍ਹਾਂ ਆਯਾਤ ਟੈਕਸਾਂ ਤੋਂ ''ਛੋਟ'' ਪ੍ਰਾਪਤ ਕਰ ਲਈ ਸੀ।
ਪਰ ਇਸ ਵਾਰ, ਟਰੰਪ ਨੇ ਸਪੱਸ਼ਟ ਕਿਹਾ ਹੈ ਕਿ ਵਿਅਕਤੀਗਤ ਉਤਪਾਦਾਂ ਜਾਂ ਕਿਸੇ ਵੀ ਖਾਸ ਦੇਸ਼ ਲਈ ਇਨ੍ਹਾਂ ਨਿਯਮਾਂ ਤੋਂ ਕੋਈ ਛੋਟ ਨਹੀਂ ਹੋਵੇਗੀ।
ਟਰੰਪ ਦਾ ਪਲਾਸਟਿਕ ਸਬੰਧੀ ਇੱਕ ਹੋਰ ਆਦੇਸ਼
ਟਰੰਪ ਸਰਕਾਰ ਨੇ ਇੱਕ ਹੋਰ ਕਦਮ ਵੀ ਚੁੱਕਿਆ ਹੈ, ਜਿਸ ਨਾਲ ਪਲਾਸਟਿਕ ਪ੍ਰਦੂਸ਼ਣ ਵਿੱਚ ਹੋਰ ਯੋਗਦਾਨ ਪੈਣ ਦੀ ਸੰਭਾਵਨਾ ਹੈ।
ਟਰੰਪ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਅਮਰੀਕੀ ਸਰਕਾਰ ਵੱਲੋਂ ਪਲਾਸਟਿਕ ਦੇ ਸਟ੍ਰਾਜ਼ (ਜੂਸ ਆਦਿ ਪੀਣ ਲਈ ਵਰਤੀਆਂ ਜਾਂਦੀਆਂ ਪਾਈਪਾਂ) ਨੂੰ ਕਾਗਜ਼ ਵਾਲੇ ਸਟ੍ਰਾਜ਼ ਨਾਲ ਬਦਲਣ ਦੀ ਅਮਰੀਕੀ ਸਰਕਾਰ ਦੀ ਕੋਸ਼ਿਸ਼ ਨੂੰ ਖਤਮ ਕਰ ਦਿੱਤਾ ਗਿਆ ਹੈ।
ਇਹ ਹੁਕਮ, ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਦਸਤਖ਼ਤ ਕੀਤੇ ਗਏ ਇੱਕ ਆਦੇਸ਼ ਨੂੰ ਉਲਟਾਉਂਦਾ ਹੈ, ਜੋ ਉਨ੍ਹਾਂ ਨੇ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਉਪਰਾਲੇ ਵਜੋਂ ਜਾਰੀ ਕੀਤਾ ਸੀ। ਬਾਇਡਨ ਨੇ ਪਲਾਸਟਿਕ ਪ੍ਰਦੂਸ਼ਣ ਨੂੰ ਇੱਕ "ਸੰਕਟ" ਕਿਹਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












