You’re viewing a text-only version of this website that uses less data. View the main version of the website including all images and videos.
ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਤੇ ਭਾਜਪਾ ਸੂਬੇ ਦੇ ਇਨ੍ਹਾਂ ਮੁੱਦਿਆਂ ਉੱਤੇ ਚੋਣ ਲੜਨ ਜਾ ਰਹੇ ਹਨ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕੀਤਾ ਹੈ ।
ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਜੰਮੂ-ਕਸ਼ਮੀਰ ਵਿੱਚ ਤਿੰਨ ਗੇੜਾਂ ਵਿੱਚ ਜਦਕਿ ਹਰਿਆਣਾ ਵਿੱਚ ਇੱਕੋ ਗੇੜ ਵਿੱਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ।
ਦੋਵਾਂ ਸੂਬਿਆਂ ਵਿੱਚ ਚਾਰ ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ ਨੂੰ ਸਮਾਪਤ ਹੋ ਰਿਹਾ।
ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਨਾਲ ਖੇਤੀ ਪ੍ਰਧਾਨ ਸੂਬਾ ਆਪਣੀ 90 ਮੈਂਬਰੀ ਵਿਧਾਨ ਸਭਾ ਲਈ ਬਹੁ-ਕੋਣੀ ਮੁਕਾਬਲੇ ਲਈ ਤਿਆਰ ਹੈ।
ਵਿਧਾਨ ਸਭਾ ਚੋਣਾਂ ਲੜਨ ਵਾਲੀਆਂ ਮੁੱਖ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਗਠਜੋੜ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ-ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਹਨ।
ਭਾਜਪਾ ਨੇ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ।
ਜਦਕਿ ਕਾਂਗਰਸ ਨੇ ਹਾਲੇ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
ਇੰਡੀਅਨ ਨੈਸ਼ਨਲ ਲੋਕ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਜੁਲਾਈ 2024 ਵਿੱਚ ਵਿਧਾਨ ਸਭਾ ਚੋਣਾਂ ਲਈ ਗਠਜੋੜ ਕਰਨ ਦਾ ਐਲਾਨ ਕੀਤਾ ਸੀ।
ਅਭੈ ਸਿੰਘ ਚੌਟਾਲਾ ਨੂੰ INLD-BSP ਗਠਜੋੜ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਸੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਅਕਤੂਬਰ 2019 ਵਿੱਚ ਹੋਈਆਂ ਸਨ। ਇਸ ਦੌਰਾਨ ਹਰਿਆਣਾ ਵਿੱਚ ਗਠਜੋੜ ਦੀ ਸਰਕਾਰ ਨੇ ਸਾਸ਼ਨ ਕੀਤਾ ।
ਇਹ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਦਾ ਦੂਜਾ ਕਾਰਜਕਾਲ ਸੀ ਅਤੇ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਦੁਸ਼ਯੰਤ ਚੌਟਾਲਾ ਨੇ ਉਪ ਮੁੱਖ ਮੰਤਰੀ ਦੀ ਭੂਮਿਕਾ ਨਿਭਾਈ ਸੀ ।
2019 ਦੀਆਂ ਚੋਣਾਂ ਵਿੱਚ ਭਾਜਪਾ ਨੇ 40 ਅਤੇ ਜੇਜੇਪੀ ਨੇ 10 ਸੀਟਾਂ ਹਾਸਲ ਕੀਤੀਆਂ ਸਨ। ਸਰਕਾਰ ਬਣਾਉਣ ਦੇ ਲਈ ਭਾਜਪਾ ਕੋਲ 46 ਦਾ ਬਹੁਮਤ ਵਾਲਾ ਅੰਕੜਾ ਨਹੀਂ ਸੀ ।
ਭਾਵੇਂ ਭਾਜਪਾ ਨੇ 75 ਸੀਟਾਂ ਦਾ ਟੀਚਾ ਰੱਖਿਆ ਸੀ ,ਭਾਜਪਾ 2014 ਦੀ ਤਰ੍ਹਾਂ ਸਪੱਸ਼ਟ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਸੀ।
ਸਥਿਰਤਾ ਲਈ ਆਜ਼ਾਦ ਉਮੀਦਵਾਰਾਂ 'ਤੇ ਭਰੋਸਾ ਕਰਨ ਦੀ ਬਜਾਏ, ਭਾਜਪਾ ਨੇ ਜੇਜੇਪੀ ਨਾਲ ਗਠਜੋੜ ਕਰਨ ਦੀ ਚੋਣ ਕੀਤੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੀ ਕਹਿੰਦੇ ਹਨ
ਦੁਸ਼ਯੰਤ ਚੌਟਾਲਾ, ਜੋ ਆਪਣੇ ਪਰਿਵਾਰ ਦੇ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਵੱਖ ਹੋ ਕੇ ਆਪਣੀ ਰਾਜਨੀਤਿਕ ਮੌਜੂਦਗੀ ਸਥਾਪਤ ਕਰਨ ਲਈ ਉਤਸੁਕ ਸਨ।
ਉਨ੍ਹਾਂ ਨੂੰ ਆਪਣੀ ਪਹਿਲੀ ਚੋਣ ਵਿੱਚ 10 ਸੀਟਾਂ ਜਿੱਤਣ ਨਾਲ ਉਪ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ।
ਹਾਲਾਂਕਿ, ਭਾਜਪਾ ਦੇ ਸਭ ਤੋਂ ਕੱਟੜ ਅਲੋਚਕਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਭਾਜਪਾ ਨਾਲ ਕੀਤੇ ਗਠਜੋੜ ਦੇ ਫੈਸਲੇ ਨੇ ਹਮਾਇਤੀਆਂ ਨੂੰ ਨਿਰਾਸ਼ ਕੀਤਾ।
ਬੁਢਾਪਾ ਪੈਨਸ਼ਨ ਵਧਾ ਕੇ 5,100 ਕਰਨ ਅਤੇ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਵਿੱਚ 75% ਦਾ ਰਾਖਵਾਂ ਦੇਣ ਦਾ ਉਨ੍ਹਾਂ ਦਾ ਵਾਅਦਾ ਪੂਰਾ ਨਹੀਂ ਹੋਇਆ ।
2024 ਵਿੱਚ, ਸਾਢੇ ਚਾਰ ਸਾਲਾਂ ਦੀ ਸਾਂਝੇਦਾਰੀ ਦੇ ਬਾਅਦ ਭਾਜਪਾ ਨੇ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਨਾਲ ਗਠਜੋੜ ਤੋੜ ਦਿੱਤਾ । 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੇ 30 ਸੀਟਾਂ ਜਿੱਤੀਆਂ ਸਨ।
ਇੱਕ ਸੀਟ ਇੰਡੀਅਨ ਨੈਸ਼ਨਲ ਲੋਕ ਦਲ ਨੇ ਜਿੱਤੀ ਸੀ, ਦੂਜੀ ਹਰਿਆਣਾ ਲੋਕ ਹਿੱਤ ਪਾਰਟੀ ਦੇ ਨੇਤਾ ਗੋਪਾਲ ਕਾਂਡਾ ਦੁਆਰਾ ਅਤੇ ਬਾਕੀ ਆਜ਼ਾਦ ਉਮੀਦਵਾਰ ਜਿੱਤੇ ਸਨ।
ਮਨੋਹਰ ਲਾਲ ਖੱਟਰ ਦੇ ਅਸਤੀਫ਼ੇ ਬਾਅਦ ਨਾਇਬ ਸੈਣੀ ਬਣੇ ਮੁੱਖ ਮੰਤਰੀ
ਭਾਜਪਾ-ਜੇਜੇਪੀ ਗੱਠਜੋੜ ਦੇ ਅੰਤ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਅਸਤੀਫ਼ਾ ਦਿੱਤਾ ਜਿਸ ਤੋਂ ਬਾਅਦ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ।
ਖੱਟਰ ਨੇ ਕਰਨਾਲ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੇ। ਜਦਕਿ ਸੈਣੀ ਨੇ ਕਰਨਾਲ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ।
ਮਨੋਹਰ ਲਾਲ ਖੱਟਰ ਦਿੱਲੀ ਵਿੱਚ ਕੇਂਦਰ ਸਰਕਾਰ ਵਿੱਚ ਚਲੇ ਗਏ ਅਤੇ ਨਾਇਬ ਸੈਣੀ ਨੇ ਸੂਬੇ ਦੀ ਕਮਾਨ ਸੰਭਾਲੀ।
ਕਾਂਗਰਸ ਨੇ 'ਹਰਿਆਣਾ ਮੰਗੇ ਹਿਸਾਬ' ਨਾਮ ਦੀ ਮੁਹਿੰਮ ਵਿੱਢੀ
ਜੁਲਾਈ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਭਾਜਪਾ ਸਰਕਾਰ ਦੇ ਖ਼ਿਲਾਫ 'ਚਾਰਜਸ਼ੀਟ' ਲਾਂਚ ਕੀਤੀ।
ਕਾਂਗਰਸ ਨੇ ਇਸ 'ਚਾਰਜਸ਼ੀਟ' ਵਿੱਚ ਭਾਜਪਾ ਉੱਤੇ ਮੁੱਖ ਮੁੱਦੇ ਜਿਵੇਂ ਕਿ ਬੇਰੁਜ਼ਗਾਰੀ ਅਤੇ ਅਮਨ-ਕਾਨੂੰਨ ਦੀ ਸਥਿਤੀ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਲਈ ਸਵਾਲ ਚੁੱਕੇ ਗਏ।
ਕਾਂਗਰਸ ਨੇ ਵੱਲੋਂ ਸੂਬੇ ਵਿੱਚ 15 ਜੁਲਾਈ ਤੋਂ 'ਹਰਿਆਣਾ ਮੰਗੇ ਹਿਸਾਬ' ਨਾਮ ਦੀ ਮੁਹਿੰਮ ਵੀ ਚਲਾਈ ਗਈ।
ਸਰਕਾਰ ਦੀਆਂ ਅਸਫਲਤਾਵਾਂ ਬਾਰੇ ਦੱਸਣ ਲਈ ਕਾਂਗਰਸ ਨੇਤਾ ਅਗਲੇ ਦੋ ਮਹੀਨਿਆਂ ਦੌਰਾਨ ਸਾਰੇ 90 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨ ਲਈ ਤਿਆਰ ਸਨ।
ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁਹਿੰਮ ਦਾ ਮਕਸਦ ਸਰਕਾਰ ਦੀਆਂ ਕਮੀਆਂ ਦੱਸਣਾ ਅਤੇ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰ ਲਈ ਜਨਤਾ ਦੀ ਰਾਇ ਲੈਣਾ ਹੈ।
ਉਨ੍ਹਾਂ ਨੇ ਭਰੋਸਾ ਦਵਾਇਆ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਸਾਰੇ ਮਸਲੇ ਹੱਲ ਕਰਨਗੇ।
ਕਾਂਗਰਸ ਨੇਤਾ ਉਦੈ ਭਾਨ ਨੇ ਕਿਹਾ ਕਿ ਉਨ੍ਹਾਂ ਦੀ ਚਾਰਜਸ਼ੀਟ ਵਿੱਚ ਵੱਖ-ਵੱਖ ਮੁੱਦਿਆਂ ਉੱਤੇ ਭਾਜਪਾ ਸਰਕਾਰ ਲਈ 15 ਸਵਾਲ ਹਨ ।
ਕਾਂਗਰਸ ਨੇ 'ਚਾਰਜਸ਼ੀਟ' ਵਿੱਚ ਕਿਹਾ ਕਿ ਸੂਬੇ ਵਿੱਚ ਲਗਭਗ 2 ਲੱਖ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ । ਦਾਅਵਾ ਕੀਤਾ ਗਿਆ ਸਿੱਖਿਆ ਖੇਤਰ ਵਿੱਚ 60 ਹਜ਼ਾਰ ਅਤੇ ਪੁਲਿਸ ਅਤੇ ਸਿਹਤ ਖੇਤਰ ਵਿੱਚ 20 ਹਜ਼ਾਰ ਅਸਾਮੀਆਂ ਖਾਲੀ ਹਨ।
ਕਾਂਗਰਸ ਵੱਲੋਂ ਭਾਜਪਾ ਸਰਕਾਰ ਨੂੰ ਸਕੈਮ ਅਤੇ ਪੇਪਰ ਲੀਕ ਮਾਮਲਿਆਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ।
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੈ ਭਾਨ ਨੇ ਇਲਜ਼ਾਮ ਲਾਇਆ ਕਿ ਹਰਿਆਣਾ ਅਸੁਰੱਖਿਅਤ ਬਣ ਗਿਆ ਹੈ। ਵੱਧਦੀ ਅਪਰਾਧ ਦਰ ਕਰਕੇ ,ਦਲਿਤਾਂ ਅਤੇ ਮਹਿਲਾਵਾਂ ਖ਼ਿਲਾਫ ਵਧਦੇ ਜੁਰਮ ਕਰਕੇ ਅਪਰਾਧ ਵਿੱਚ ਵਾਧਾ ਹੋਇਆ ਹੈ।
ਭਾਜਪਾ ਕਿਹੜੇ ਮੁੱਦਿਆਂ ਉੱਤੇ ਚੋਣਾਂ ਲੜ ਰਹੀ ਹੈ
ਸੱਤਾਧਾਰੀ ਭਾਜਪਾ ਚੋਣ ਪ੍ਰਚਾਰ 'ਚ ਭ੍ਰਿਸ਼ਟਾਚਾਰ ਵਿਰੋਧੀ ਹੋਣ ਅਤੇ ਅਮਨ-ਕਾਨੂੰਨ ਦੇ ਮੁੱਦੇ 'ਤੇ ਜ਼ੋਰ ਦੇ ਰਹੀ ਹੈ।
ਭਾਜਪਾ ਪਾਰਟੀ ਦਾ ਹਰ ਵੱਡਾ ਨੇਤਾ ਕਾਂਗਰਸ ਦੇ ਸ਼ਾਸਨ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ 'ਤੇ ਹਮਲਾ ਬੋਲ ਰਿਹਾ ਹੈ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਪੁੱਤਰ ਦੀਪੇਂਦਰ ਸਿੰਘ ਹੁੱਡਾ ਨੂੰ ਉੱਤੇ ਸਵਾਲ ਖੜੇ ਕਰ ਰਿਹਾ ਹੈ।
ਮਨੋਹਰ ਲਾਲ ਖੱਟਰ ਦੀ ਥਾਂ 'ਤੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਭਾਜਪਾ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵੋਟ ਬੈਂਕ 'ਤੇ ਵੀ ਨਿਰਭਰ ਕਰ ਰਹੀ ਹੈ।
ਭਾਜਪਾ ਰਾਜ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਪਾਰਦਰਸ਼ੀ ਪ੍ਰਣਾਲੀ ਦਾ 'ਬਿਨਾਂ ਪਰਚੀ-ਬਿਨਾਂ ਖਰਚੀ' ਨਾਮ ਤਹਿਤ ਪ੍ਰਚਾਰ ਕਰ ਰਹੀ ਹੈ ।
ਹਰਿਆਣਾ ਵਿੱਚ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਨੇ ਕ੍ਰਮਵਾਰ 5-5 ਸੀਟਾਂ ਜਿੱਤੀਆਂ ਹਨ,ਜੋ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਲਈ ਇਹ ਚੋਣਾਂ ਅਸਾਨ ਨਹੀਂ ਹਨ। ਭਾਜਪਾ 2019 ਵਾਂਗ ਇਸ ਵਾਰ ਵੀ 10 ਵਿੱਚੋਂ 10 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ ਪਰ ਲੋਕ ਸਭਾ ਚੋਣਾਂ ਵਿੱਚ ਪੰਜ ਸੀਟਾਂ ਹਾਰ ਗਈ ਹੈ।