ਵੰਡ ਦਾ ਦਰਦ: 'ਅਣਜਾਣ ਸ਼ਖਸ' ਦੇ ਨਾਂਅ ਲਿਖੀਆਂ ਚਿੱਠੀਆਂ ਤੋਂ ਉੱਭਰਦੀ ਲਾਹੌਰ ਦੇ ਇੱਕ ਘਰ ਦੀ ਕਹਾਣੀ

ਲਾਹੌਰ ਦੇ ਪਤੇ ’ਤੇ ਭੇਜੀ ਗਈ ਪਹਿਲੀ ਚਿੱਠੀ

ਤਸਵੀਰ ਸਰੋਤ, Arif Shamim

ਤਸਵੀਰ ਕੈਪਸ਼ਨ, ਲਾਹੌਰ ਦੇ ਪਤੇ 'ਤੇ ਭੇਜੀ ਗਈ ਪਹਿਲੀ ਚਿੱਠੀ
    • ਲੇਖਕ, ਆਰਿਫ਼ ਸ਼ਮੀਮ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 14 ਮਿੰਟ

ਭਾਰਤ-ਪਾਕਿਸਤਾਨ ਵੰਡ ਦੇ 60 ਸਾਲ ਮੁਕੰਮਲ ਹੋਣ 'ਤੇ ਮੈਂ ਬੀਬੀਸੀ ਵਰਲਡ ਸਰਵਿਸ ਲਈ ਇੱਕ ਡਾਕੂਮੈਂਟਰੀ ਬਣਾਈ ਸੀ। ਇਸ ਦਾ ਨਾਂਅ ਸੀ- ਲੇਟਰਜ਼ ਫਰਾਮ ਪਾਰਟੀਸ਼ਨ।

ਇਸ ਨੂੰ ਬਣਾਏ 19 ਸਾਲ ਲੰਘ ਚੁੱਕੇ ਹਨ ਅਤੇ ਇਨ੍ਹਾਂ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ ਪਰ ਕੀ 1947 ਦੀ ਪੀੜ੍ਹੀ ਵਿੱਚ ਵੰਡ ਦਾ ਦਰਦ ਘੱਟ ਹੋਇਆ ਹੈ ?

ਹਾਲ ਹੀ ਵਿੱਚ ਬਾਲੀਵੁੱਡ ਦੇ ਨਾਮੀ ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ 'ਮੈਂ ਵਾਪਸ ਆਊਂਗਾ' ਨੇ ਉਪ-ਮਹਾਂਦੀਪ ਦੇ ਵੰਡ ਦੇ ਦਰਦ, ਵਿਛੋੜੇ ਦੇ ਦੁੱਖ ਅਤੇ ਆਪਣੀ ਮਿੱਟੀ ਪ੍ਰਤੀ ਪਿਆਰ ਦੀ ਕਹਾਣੀ ਬਿਆਨ ਕੀਤੀ ਹੈ।

ਤਾਂ ਕੀ ਇਹ 1947 ਦੀ ਖ਼ੂਨੀ ਵੰਡ ਨੂੰ ਯਾਦ ਰੱਖਣ ਵਾਲੀ ਆਖ਼ਰੀ ਪੀੜ੍ਹੀ ਹੈ? ਸ਼ਾਇਦ ਇਹ ਸੱਚ ਹੋਵੇ, ਪਰ ਮੇਰਾ ਤਜ਼ਰਬਾ ਵੱਖ ਹੈ ਅਤੇ ਮੈਂ ਇਸ ਨੂੰ ਇਸੇ ਤਰ੍ਹਾਂ ਯਾਦ ਰੱਖਣਾ ਚਾਹੁੰਦਾ ਹਾਂ।

ਇਸ ਕਹਾਣੀ ਨੂੰ ਦੱਸਣ ਲਈ ਸਾਨੂੰ ਅਤੀਤ ਵਿੱਚ ਜਾਣਾ ਹੋਵੇਗਾ। ਵੰਡ ਦੇ ਉਸ ਦੌਰ ਵਿੱਚ, ਜਦੋਂ ਲੱਖਾਂ ਜਾਨਾਂ ਕੁਰਬਾਨ ਹੋਈਆਂ।

ਚਲੋ ਲਾਹੌਰ ਚੱਲਦੇ ਹਾਂ, ਜਿੱਥੇ ਅੰਮ੍ਰਿਤਸਰ ਤੋਂ ਉੱਜੜ ਕੇ ਆਏ ਮੇਰੀ ਅੰਮੀ ਦੇ ਮਾਸੜ ਅਤੇ ਮੇਰੇ ਰਿਸ਼ਤੇ ਦੇ ਨਾਨਾ ਚੌਧਰੀ ਮੁਹੰਮਦ ਲਤੀਫ਼ ਨੂੰ ਸ਼ਹਿਰ ਦੇ ਇੱਕ ਮੱਧਵਰਗੀ ਇਲਾਕੇ ਕ੍ਰਿਸ਼ਨ ਨਗਰ ਵਿੱਚ ਇੱਕ ਘਰ ਅਲਾਟ ਹੋਇਆ। ਘਰ ਦਾ ਪਤਾ ਸੀ—32 ਪਾਂਡੂ ਸਟ੍ਰੀਟ।

ਹਰਕਿਸ਼ਨ ਦਾਸ ਬੇਦੀ ਦੀ ਪਹਿਲੀ ਚਿੱਠੀ

ਤਸਵੀਰ ਸਰੋਤ, Arif Shamim

ਤਸਵੀਰ ਕੈਪਸ਼ਨ, ਹਰਕਿਸ਼ਨ ਦਾਸ ਬੇਦੀ ਦੀ ਪਹਿਲੀ ਚਿੱਠੀ

ਉਨ੍ਹਾਂ ਨੂੰ ਉੱਥੇ ਰਹਿੰਦਿਆਂ ਕੁਝ ਹੀ ਦਿਨ ਹੋਏ ਸਨ ਕਿ ਉਨ੍ਹਾਂ ਦੇ ਪਤੇ 'ਤੇ ਇੱਕ ਚਿੱਠੀ ਆਈ। ਭੇਜਣ ਵਾਲੇ ਨੇ ਚਿੱਠੀ ਦੇ ਲਿਫ਼ਾਫ਼ੇ 'ਤੇ ਪਤਾ ਲਿਖਿਆ ਸੀ-

ਮਕਾਨ ਨੰਬਰ 32, ਪਾਂਡੂ ਸਟ੍ਰੀਟ

ਕ੍ਰਿਸ਼ਨ ਨਗਰ, ਲਾਹੌਰ

ਇਹ ਚਿੱਠੀ ਹਰਕਿਸ਼ਨ ਦਾਸ ਬੇਦੀ ਨੇ ਲਿਖੀ ਸੀ, ਜੋ ਵੰਡ ਦੌਰਾਨ ਇਸੇ ਘਰ ਵਿੱਚ ਰਹਿ ਰਹੇ ਸਨ। ਬੇਦੀ ਸਾਹਿਬ ਨੇ ਕੁਝ ਸਾਲ ਪਹਿਲਾਂ ਹੀ ਬੇਹੱਦ ਪਿਆਰ ਨਾਲ ਇਸ ਘਰ ਨੂੰ ਬਣਵਾਇਆ ਸੀ।

ਉਨ੍ਹਾਂ ਨੂੰ ਪਤਾ ਲੱਗਿਆ ਕਿ ਵਾਪਸ ਮੁੜਨ ਦਾ ਇੱਕੋ-ਇੱਕ ਰਸਤਾ ਇਹ ਸੀ ਕਿ ਸਰਕਾਰ ਇਸ ਲਈ ਰਾਜ਼ੀ ਹੋਵੇ। ਨਾਲ ਹੀ ਮਕਾਨ ਦੇ ਮੌਜੂਦਾ ਮਾਲਕ ਦੀ ਵੀ ਸਹਿਮਤੀ ਹੋਵੇ ਅਤੇ ਉਹ ਤੁਹਾਨੂੰ ਤੁਹਾਡੀਆਂ ਚੀਜ਼ਾਂ ਦੇਣ ਲਈ ਰਾਜ਼ੀ ਹੋਵੇ।

ਇਸ ਕੋਸ਼ਿਸ਼ ਤਹਿਤ ਹਰਕਿਸ਼ਨ ਦਾਸ ਬੇਦੀ ਲਾਹੌਰ ਗਏ, ਪਰ ਬਦਕਿਸਮਤੀ ਨਾਲ ਚੌਧਰੀ ਲਤੀਫ਼ ਘਰ ਵਿੱਚ ਨਹੀਂ ਸਨ। ਇਸ ਲਈ ਉਹ ਆਪਣਾ ਕੋਈ ਵੀ ਸਮਾਨ ਨਾਲ ਨਹੀਂ ਲਿਜਾ ਸਕੇ।

ਉਹ ਵਾਪਸ ਪਰਤ ਆਏ ਅਤੇ ਆਪਣੀ ਪਹਿਲੀ ਚਿੱਠੀ ਲਿਖੀ, ਜੋ ਕੁਝ ਇਸ ਤਰ੍ਹਾਂ ਸੀ-

'ਮੈਨੂੰ ਲੱਗਾ ਗੜਬੜ ਬੰਦ ਹੋਵੇਗੀ ਅਤੇ ਅਸੀਂ ਲਾਹੌਰ ਵਿੱਚ ਹੀ ਰਹਾਂਗੇ'

ਹਰਕਿਸ਼ਨ ਦਾਸ ਬੇਦੀ ਦੀ ਲਿਖੀ ਇੱਕ ਹੋਰ ਚਿੱਠੀ

ਤਸਵੀਰ ਸਰੋਤ, Arif Shamim

ਤਸਵੀਰ ਕੈਪਸ਼ਨ, ਹਰਕਿਸ਼ਨ ਦਾਸ ਬੇਦੀ ਦੀ ਲਿਖੀ ਇੱਕ ਹੋਰ ਚਿੱਠੀ

ਤਸਲੀਮ,

ਮੈਂ ਤੁਹਾਨੂੰ ਇਹ ਚਿੱਠੀ ਇੱਕ ਇਨਸਾਨ ਵੱਜੋਂ ਲਿਖ ਰਿਹਾ ਹਾਂ। ਉਮੀਦ ਹੈ ਕਿ ਤੁਸੀਂ ਇਹ ਨਹੀਂ ਸੋਚੋਗੇ ਕਿ ਇੱਕ ਹਿੰਦੂ ਤੁਹਾਨੂੰ ਚਿੱਠੀ ਲਿਖ ਰਿਹਾ ਹੈ। ਅਸੀਂ ਸਭ ਤੋਂ ਪਹਿਲਾਂ ਇਨਸਾਨ ਹਾਂ, ਹਿੰਦੂ ਅਤੇ ਮੁਸਲਮਾਨ ਬਾਅਦ ਵਿੱਚ।

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਇੱਕ ਇਨਸਾਨ ਵੱਜੋਂ ਮੇਰੇ ਚਿੱਠੀ ਦਾ ਜਵਾਬ ਦਿਓਗੇ।

ਮੈਂ 17 ਸਤੰਬਰ ਨੂੰ ਕ੍ਰਿਸ਼ਨ ਨਗਰ ਸਥਿਤ 32 ਪਾਂਡੂ ਸਟ੍ਰੀਟ ਸਥਿਤ ਆਪਣਾ ਘਰ ਦੇਖਣ ਗਿਆ ਸੀ। ਉੱਥੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਮੇਰਾ ਘਰ ਕਿਸੇ ਹੋਰ ਨੂੰ ਅਲਾਟ ਕਰ ਦਿੱਤਾ ਗਿਆ ਹੈ, ਇਸ ਲਈ ਮੈਂ ਆਪਣਾ ਕੋਈ ਵੀ ਸਮਾਨ ਘਰੋਂ ਨਹੀਂ ਲਿਜਾ ਸਕਿਆ।

ਮੈਂ ਬੱਚਿਆਂ ਦੇ ਕੱਪੜਿਆਂ ਦਾ ਇੱਕ ਛੋਟਾ ਜਿਹਾ ਬਕਸਾ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ, ਪਰ ਸਿਪਾਹੀ ਨੇ ਮੈਨੂੰ ਉਸ ਨੂੰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ... ਖ਼ੈਰ, ਜਾਣ ਦਿਓ। ਹੁਣ ਮੈਂ ਆਪਣੇ ਮਤਲਬ ਦੀ ਗੱਲ 'ਤੇ ਆਉਂਦਾ ਹੈ।

ਮੈਂ ਸਨਾਤਨ ਧਰਮ ਹਾਈ ਸਕੂਲ ਵਿੱਚ ਅੰਗਰੇਜ਼ੀ ਅਤੇ ਗਣਿਤ ਦਾ ਅਧਿਆਪਕ ਸੀ। ਮੇਰੇ ਸ਼ਾਗਿਰਦ ਹਿੰਦੂ, ਮੁਸਲਮਾਨ ਅਤੇ ਸਿੱਖ ਸਨ ਅਤੇ ਮੇਰੀ ਨਜ਼ਰ ਵਿੱਚ ਉਨ੍ਹਾਂ ਵਿੱਚ ਕੋਈ ਭੇਦ ਨਹੀਂ ਸੀ। ਤੁਸੀਂ ਚੌਧਰੀ ਸਿਰਾਜ ਦੀਨ ਤੋਂ ਪੁੱਛ ਸਕਦੇ ਹੋ। ਮੈਂ ਅਤੇ ਦੀਨਾਨਾਥ ਨੇ ਉਨ੍ਹਾਂ ਦੇ ਘਰ ਦੀ ਹਰ ਤਰ੍ਹਾਂ ਨਾਲ ਰੱਖਿਆ ਕੀਤੀ।

ਉਹ ਕ੍ਰਿਸ਼ਨ ਨਗਰ ਵਿੱਚ ਨਹੀਂ ਰਹਿੰਦੇ ਸਨ ਪਰ ਅਸੀਂ ਉਨ੍ਹਾਂ ਦੇ ਘਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ।

ਸਕੂਲ ਬੰਦ ਸੀ। ਲਾਹੌਰ ਵਿੱਚ ਬਹੁਤ ਹਫੜਾ-ਦਫੜੀ ਮਚੀ ਹੋਈ ਸੀ। ਮੈਂ ਆਪਣੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਗਿਆ ਸੀ ਅਤੇ ਮੇਰਾ ਸਾਰਾ ਸਮਾਨ ਘਰ ਵਿੱਚ ਹੀ ਪਿਆ ਸੀ। ਮੈਨੂੰ ਲੱਗਿਆ ਸੀ ਕਿ ਗੜਬੜ ਬੰਦ ਹੋ ਜਾਵੇਗੀ ਅਤੇ ਅਸੀਂ ਲਾਹੌਰ ਵਿੱਚ ਹੀ ਰਹਾਂਗੇ, ਭਾਵੇਂ ਪਾਕਿਸਤਾਨ ਹੋਵੇ ਜਾਂ ਨਾ ਹੋਵੇ।

ਪਰ ਕੁਦਰਤ ਨੇ ਅਜਿਹਾ ਨਹੀਂ ਹੋਣ ਦਿੱਤਾ। ਮੈਂ ਸਮੇਂ ਸਿਰ ਲਾਹੌਰ ਨਹੀਂ ਪਰਤ ਸਕਿਆ ਅਤੇ ਮੇਰਾ ਸਾਰਾ ਸਮਾਨ ਜਾਂਦਾ ਰਿਹਾ।

ਜਿਸ ਦਿਨ ਮੈਂ ਆਪਣੇ ਘਰ ਗਿਆ, ਮੇਰੀਆਂ ਕਿਤਾਬਾਂ, ਫਰਨੀਚਰ ਅਤੇ ਮੇਰਾ ਕੁਝ ਸਮਾਨ ਉੱਥੇ ਮੌਜੂਦ ਸੀ, ਪਰ ਮੈਂ ਉਸ ਨੂੰ ਆਪਣੇ ਨਾਲ ਨਹੀਂ ਲਿਆ ਸਕਿਆ ਅਤੇ ਖਾਲੀ ਹੱਥ ਵਾਪਸ ਆ ਗਿਆ।

ਖ਼ੈਰ, ਮੈਂ ਤੁਹਾਨੂੰ ਥੋੜ੍ਹੀ ਪਰੇਸ਼ਾਨੀ ਦੇਵਾਂਗਾ। ਮੇਰੇ ਲੋਹੇ ਦੇ ਬਕਸੇ ਵਿੱਚ ਕੁਝ ਬਹੁਤ ਅਹਿਮ ਕਾਗਜ਼ਾਤ ਹਨ- ਬੈਂਕ ਦੀ ਪਾਸਬੁੱਕ, ਡਾਕਖ਼ਾਨੇ ਦੀ ਪਾਸਬੁੱਕ, ਬੀਮਾ ਪਾਲਿਸੀਆਂ, ਕੁਝ ਰਾਇਲਟੀ ਦੇ ਕਾਗਜ਼ ਅਤੇ ਕਿਤਾਬਾਂ ਦੇ ਸਮਝੌਤੇ ਹਨ।

ਜੇ ਤੁਹਾਨੂੰ ਇਹ ਚੀਜ਼ਾਂ ਮੇਰੇ ਬਕਸੇ ਵਿੱਚ ਮਿਲਣ ਤਾਂ ਕਿਰਪਾ ਕਰਕੇ ਇਨ੍ਹਾਂ ਨੂੰ ਰਜਿਸਟਰੀ ਕਰਵਾ ਕੇ ਜ਼ਰੂਰ ਭੇਜ ਦਿਓ। ਲੋਹੇ ਦੇ ਬਕਸੇ ਦੀਆਂ ਚਾਬੀਆਂ ਕੱਚ ਦੀ ਅਲਮਾਰੀ ਵਿੱਚ ਸਨ ਅਤੇ 17 ਸਤੰਬਰ ਨੂੰ ਮੈਨੂੰ ਲੋਹੇ ਦਾ ਬਕਸਾ ਖੁੱਲ੍ਹਾ ਹੋਇਆ ਮਿਲਿਆ।

ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਡਾਕ ਘਰ ਦੀ ਪਾਸਬੁੱਕ, ਰਾਇਲਟੀ ਦੇ ਕਾਗਜ਼ਾਤ ਅਤੇ ਕਿਤਾਬਾਂ ਦੇ ਸਮਝੌਤੇ ਡਾਕ ਰਾਹੀਂ ਮੇਰੇ ਪਤੇ 'ਤੇ ਭੇਜ ਦਿਓ।

ਕਿਰਪਾ ਕਰਕੇ ਬੀਮਾ ਕੰਪਨੀ ਦੀ ਪਾਲਿਸੀ ਵੀ ਨਾਲ ਭੇਜ ਦਿਓ। ਬਕਸੇ ਵਿੱਚ ਮੇਰੇ ਘਰ ਦੀ ਰਜਿਸਟਰੀ ਅਤੇ ਦੋ ਹੋਰ ਰਜਿਸਟਰੀਆਂ ਵੀ ਰੱਖੀਆਂ ਹੋਈਆਂ ਹਨ। ਇਹ ਸਾਰੇ ਮੇਰੇ ਲਈ ਬਹੁਤ ਅਹਿਮ ਦਸਤਾਵੇਜ਼ ਹਨ।

ਉਮੀਦ ਹੈ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਭੇਜਣ ਦੀ ਕਿਰਪਾਲਤਾ ਕਰੋਗੇ। ਤੁਸੀਂ ਸਮਝ ਸਕਦੇ ਹੋ ਕਿ ਇਹ ਕਾਗਜ਼ਾਤ ਮੇਰੇ ਲਈ ਕਿੰਨੇ ਕੀਮਤੀ ਹਨ। ਮੈਂ ਕੀ ਲਿਖਾਂ? ਮੈਂ ਬੇਘਰ ਹਾਂ, ਮੇਰੇ ਕੋਲ ਪੈਸੇ ਨਹੀਂ ਹਨ ਅਤੇ ਮੇਰੀ ਨੌਕਰੀ ਵੀ ਚਲੀ ਗਈ ਹੈ। ਮੈਂ ਕੁਝ ਨਹੀਂ ਕਰ ਸਕਦਾ। ਮੈਨੂੰ ਨਹੀਂ ਪਤਾ ਕਿ ਮੇਰੀ ਬਾਕੀ ਜ਼ਿੰਦਗੀ ਕਿਵੇਂ ਗੁਜ਼ਰੇਗੀ।

ਤੁਹਾਡੀ ਮਦਦ ਨਾਲ ਮੇਰੀਆਂ ਮੁਸ਼ਕਿਲਾਂ ਕੁਝ ਹੱਦ ਤੱਕ ਘੱਟ ਹੋ ਸਕਦੀਆਂ ਹਨ। ਤੁਹਾਡੇ ਲਈ ਇਹ ਮਹਿਜ਼ ਕਾਗਜ਼ਾਤ ਹੋਣਗੇ ਪਰ ਮੇਰੇ ਲਈ ਇਹ ਜ਼ਿੰਦਗੀ ਦਾ ਸਹਾਰਾ ਹਨ। ਇਸ ਮਨੁੱਖੀ ਰਿਸ਼ਤੇ ਅਤੇ ਭਾਈਚਾਰੇ ਦੇ ਨਾਂਅ 'ਤੇ ਮੈਂ ਤੁਹਾਡੇ ਤੋਂ ਮਦਦ ਦੀ ਬੇਨਤੀ ਕਰਦਾ ਹਾਂ।

ਮੇਰੀ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਨ। ਤੁਸੀਂ ਉਨ੍ਹਾਂ ਨੂੰ ਇੱਕ ਬੋਰੀ ਵਿੱਚ ਪਾ ਕੇ ਸਟੋਰ ਵਿੱਚ ਰੱਖ ਸਕਦੇ ਹੋ। ਹਾਲਾਤ ਸੁਧਰਦੇ ਹੀ ਮੈਂ ਆ ਕੇ ਉਨ੍ਹਾਂ ਨੂੰ ਲੈ ਜਾਵਾਂਗਾ। ਜਿਨ੍ਹਾਂ ਚੀਜ਼ਾਂ ਦੀ ਤੁਹਾਨੂੰ ਲੋੜ ਨਹੀਂ ਹੈ, ਉਨ੍ਹਾਂ ਨੂੰ ਵੀ ਇੱਕ ਬੋਰੀ ਵਿੱਚ ਪਾ ਦਿਓ। ਤੁਸੀਂ ਬਰਤਨ ਅਤੇ ਫਰਨੀਚਰ ਇਸਤੇਮਾਲ ਕਰ ਸਕਦੇ ਹੋ।

ਜੇ ਤੁਹਾਨੂੰ ਹੁਸ਼ਿਆਰਪੁਰ ਜਾਂ ਜਲੰਧਰ ਤੋਂ ਕੋਈ ਕੰਮ ਕਰਵਾਉਣਾ ਹੋਵੇ ਜਾਂ ਕੁਝ ਆਰਡਰ ਕਰਨਾ ਹੋਵੇ ਤਾਂ ਮੈਨੂੰ ਜ਼ਰੂਰ ਲਿਖਿਓ। ਮੈਨੂੰ ਤੁਹਾਡੇ ਲਈ ਉਹ ਕੰਮ ਕਰਨ ਵਿੱਚ ਖ਼ੁਸ਼ੀ ਹੋਵੇਗੀ।

ਮੈਂ ਦੁਆ ਕਰਦਾ ਹਾਂ ਕਿ ਹਾਲਾਤ ਬਿਹਤਰ ਹੋ ਜਾਣ ਅਤੇ ਅਸੀਂ ਹਿੰਦੂ ਅਤੇ ਮੁਸਲਮਾਨ ਭਾਰਤ ਅਤੇ ਪਾਕਿਸਤਾਨ ਵਿੱਚ ਅਮਨ ਅਤੇ ਸੁਕੂਨ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕੀਏ।

ਤੁਹਾਡਾ ਸ਼ੁਭਚਿੰਤਕ

ਹਰਕਿਸ਼ਨ ਦਾਸ ਬੇਦੀ, ਬੀ.ਏ., ਬੀ.ਟੀ.

ਮਾਰਫ਼ਤ ਪੰਜਾਬ ਬੁੱਕ ਸਟੋਰ

ਮਾਈ ਹੀਰਾ ਗੇਟ, ਜਲੰਧਰ ਸ਼ਹਿਰ

ਜਲੰਧਰ ਬੁੱਕ ਡਿਪੋ, ਮਾਈ ਹੀਰਾ ਗੇਟ, ਜਲੰਧਰ

ਪਾਂਡੂ ਸਟ੍ਰੀਟ ’ਤੇ ਚੌਧਰੀ ਲਤੀਫ਼ ਅਤੇ ਹਰਕਿਸ਼ਨ ਦਾਸ ਬੇਦੀ ਦਾ ਘਰ ਹੁਣ ਮੌਜੂਦ ਨਹੀਂ ਹੈ। ਉਸ ਦੀ ਥਾਂ ’ਤੇ ਇੱਕ ਨਵੀਂ ਇਮਾਰਤ ਬਣ ਗਈ ਹੈ

ਤਸਵੀਰ ਸਰੋਤ, Arif Shamim

ਤਸਵੀਰ ਕੈਪਸ਼ਨ, ਪਾਂਡੂ ਸਟ੍ਰੀਟ 'ਤੇ ਚੌਧਰੀ ਲਤੀਫ਼ ਅਤੇ ਹਰਕਿਸ਼ਨ ਦਾਸ ਬੇਦੀ ਦਾ ਘਰ ਹੁਣ ਮੌਜੂਦ ਨਹੀਂ ਹੈ। ਉਸ ਦੀ ਥਾਂ 'ਤੇ ਇੱਕ ਨਵੀਂ ਇਮਾਰਤ ਬਣ ਗਈ ਹੈ

ਇਸ ਚਿੱਠੀ ਦੇ ਜਵਾਬ ਵਿੱਚ ਚੌਧਰੀ ਲਤੀਫ਼ ਨੇ ਵੀ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ ਸੀ। ਮੈਂ ਉਸ ਚਿੱਠੀ ਦੀ ਭਾਲ ਵਿੱਚ ਭਾਰਤ ਦੇ ਅੰਮ੍ਰਿਤਸਰ, ਜਲੰਧਰ ਅਤੇ ਦਿੱਲੀ ਦੀ ਯਾਤਰਾ ਕੀਤੀ, ਪਰ ਚੌਧਰੀ ਲਤੀਫ਼ ਦੀ ਕੋਈ ਚਿੱਠੀ ਨਹੀਂ ਮਿਲੀ। ਮੈਨੂੰ ਉਨ੍ਹਾਂ ਦੇ ਕਿਸੇ ਵੰਸ਼ਜ ਬਾਰੇ ਵੀ ਨਹੀਂ ਪਤਾ ਲੱਗਾ।

ਮੇਰੇ ਕੋਲ ਸਿਰਫ਼ ਇੱਕ ਹੀ ਸੁਰਾਗ ਸੀ—ਜਲੰਧਰ ਬੁੱਕ ਡਿਪੋ, ਮਾਈ ਹੀਰਾ ਗੇਟ, ਜਲੰਧਰ।

ਇਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਪਤਾ ਸੀ। ਮੈਨੂੰ ਇਹ ਵੀ ਡਰ ਸੀ ਕਿ ਕੀ ਅੱਧੀ ਸਦੀ ਬਾਅਦ ਵੀ ਉੱਥੇ ਕਿਤਾਬਾਂ ਦੀ ਦੁਕਾਨ ਹੀ ਹੋਵੇਗੀ, ਪਰ ਮੇਰਾ ਇਰਾਦਾ ਪੱਕਾ ਸੀ।

ਖੁਸ਼ਕਿਸਮਤੀ ਨਾਲ ਮੈਨੂੰ ਉਹ ਦੁਕਾਨ ਮਿਲ ਗਈ ਅਤੇ ਇਹ ਵੀ ਪਤਾ ਲੱਗਾ ਕਿ ਹਰਕਿਸ਼ਨ ਦਾਸ ਬੇਦੀ ਦਾ ਦੇਹਾਂਤ ਹੋ ਚੁੱਕਾ ਹੈ ਪਰ ਚੌਧਰੀ ਲਤੀਫ਼ ਦੀਆਂ ਚਿੱਠੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਸ ਦਾ ਕਾਰਨ ਤੁਹਾਨੂੰ ਬਾਅਦ ਵਿੱਚ ਪਤਾ ਲੱਗੇਗਾ ਪਰ ਚੌਧਰੀ ਲਤੀਫ਼ ਦੀਆਂ ਚਿੱਠੀਆਂ ਦਾ ਜਵਾਬ ਜ਼ਰੂਰ ਮਿਲਦਾ ਸੀ।

ਪੜ੍ਹੋ ਹਰਕਿਸ਼ਨ ਦਾਸ ਬੇਦੀ ਵੱਲੋਂ ਲਿਖੀ ਇੱਕ ਹੋਰ ਚਿੱਠੀ

ਜਲੰਧਰ ਸ਼ਹਿਰ

9-1-1948

ਜਨਾਬ ਮੁਹੰਮਦ ਲਤੀਫ਼ ਸਾਬ੍ਹ,

ਆਦਾਬ,

ਮੈਨੂੰ ਤੁਹਾਡਾ ਨਵਾਜ਼ਿਸ਼-ਨਾਮਾ ਮਿਲਿਆ। ਮੈਂ ਤੁਹਾਡੀ ਚਿੱਠੀ ਨੂੰ ਦੋ-ਤਿੰਨ ਵਾਰ ਪੜ੍ਹਿਆ ਅਤੇ ਪੜ੍ਹ ਕੇ ਇਹ ਮਹਿਸੂਸ ਕੀਤਾ ਕਿ ਇਹ ਚਿੱਠੀ ਮੈਨੂੰ ਇੱਕ ਸੱਚੇ ਰਫ਼ੀਕ ਵੱਲੋਂ ਮਿਲੀ ਹੈ।

ਮੈਂ ਤੁਹਾਡੇ ਵੱਲੋਂ ਲਿਖੀ ਚਿੱਠੀ ਨੂੰ ਆਪਣੇ ਕਈ ਦੋਸਤਾਂ ਨੂੰ ਪੜ੍ਹ ਕੇ ਸੁਣਾਇਆ ਅਤੇ ਸਾਰਿਆਂ ਨੇ ਇਹੀ ਕਿਹਾ ਕਿ ਜੇ ਸਾਰੇ ਹਿੰਦੂ ਅਤੇ ਮੁਸਲਮਾਨ ਉਹੀ ਭਾਵਨਾਵਾਂ ਰੱਖਦੇ, ਜੋ ਤੁਸੀਂ ਆਪਣੀ ਚਿੱਠੀ ਵਿੱਚ ਪ੍ਰਗਟ ਕੀਤੀਆਂ ਹਨ ਤਾਂ ਭਾਰਤ ਵਿੱਚ ਇਹ ਖ਼ੂਨ-ਖ਼ਰਾਬਾ ਕਦੇ ਨਾ ਹੁੰਦਾ। ਅਤੇ ਅਸੀਂ, ਭਾਰਤ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕ, ਆਪਣੇ-ਆਪਣੇ ਵਤਨ ਨੂੰ ਹੋਰ ਵੀ ਉੱਚਾ ਚੁੱਕ ਲੈਂਦੇ ਪਰ ਈਸ਼ਵਰ ਨੇ ਅਜਿਹਾ ਨਹੀਂ ਚਾਹਿਆ।

ਜਦੋਂ ਮੈਂ ਸੋਚਦਾ ਹਾਂ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੇ ਆਪਣੇ ਹੀ ਦੇਸ਼ਵਾਸੀਆਂ ਨਾਲ ਕੀ ਕੀਤਾ ਤਾਂ ਮੇਰਾ ਸਰੀਰ ਕੰਬ ਉੱਠਦਾ ਹੈ। ਮੇਰੀ ਦਿਲੀ ਇੱਛਾ ਹੈ ਕਿ ਕਾਸ਼ ਇਨ੍ਹਾਂ ਘਟਨਾਵਾਂ ਦੇ ਵਾਪਰਨ ਤੋਂ ਪਹਿਲਾਂ ਹੀ ਮੈਂ ਆਪਣੀਆਂ ਅੱਖਾਂ ਹਮੇਸ਼ਾ ਲਈ ਬੰਦ ਕਰ ਲੈਂਦਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਬਾਰੇ ਦੱਸਣ ਦੀ ਵੀ ਲੋੜ ਨਾ ਪਵੇ।

ਖ਼ੈਰ, ਅਸੀਂ, ਨੇਕ ਹਿੰਦੂ ਅਤੇ ਮੁਸਲਮਾਨ, ਜੋ ਕੁਝ ਹੋਇਆ, ਉਸ ਲਈ ਜ਼ਿੰਮੇਵਾਰ ਨਹੀਂ ਹਾਂ।

ਇਹ ਇੱਕ ਪਾਗਲਪਨ ਸੀ, ਜਿਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਅਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਸਭ ਧਰਮ ਅਤੇ ਆਸਥਾ ਦੇ ਨਾਂਅ 'ਤੇ ਹੋਇਆ।

ਕੋਈ ਵੀ ਧਰਮ ਇਸ ਤਰ੍ਹਾਂ ਦੇ ਖ਼ੂਨ-ਖ਼ਰਾਬੇ ਦੀ ਇਜਾਜ਼ਤ ਨਹੀਂ ਦਿੰਦਾ। ਸ਼ਾਇਦ ਕੁਦਰਤ ਨੇ ਸਾਡੀ ਪ੍ਰੀਖਿਆ ਲਈ, ਪਰ ਅਸੀਂ ਇਸ ਪ੍ਰੀਖਿਆ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਅਤੇ ਦੁਨੀਆ ਦੇ ਸਾਹਮਣੇ ਆਪਣਾ ਚਿਹਰਾ ਨਹੀਂ ਦਿਖਾ ਸਕਦੇ।

ਖ਼ੈਰ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਅਮਨ ਅਤੇ ਕਾਨੂੰਨ-ਵਿਵਸਥਾ ਬਣੀ ਰਹੇ ਅਤੇ ਅਸੀਂ ਪਹਿਲਾਂ ਵਾਂਗ ਮੁੜ ਇੱਕ ਥਾਂ ਤੋਂ ਦੂਜੀ ਥਾਂ ਆਜ਼ਾਦੀ ਨਾਲ ਆ-ਜਾ ਸਕੀਏ।

ਜੋ ਕੁਝ ਵੀ ਹੋਇਆ ਹੈ, ਉਹ ਸੱਤਾ ਦੀ ਰਾਜਨੀਤੀ ਦਾ ਨਤੀਜਾ ਹੈ ਅਤੇ ਇਸ ਵਿੱਚ ਇੱਕ ਸੰਤ ਸਮਾਨ ਵਿਅਕਤੀ ਦੀ ਬਲੀ ਚੜ੍ਹ ਗਈ ਹੈ।

ਮੈਂ ਤੁਹਾਡੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਸ਼ਾਇਦ ਭਵਿੱਖ ਵਿੱਚ ਅਸੀਂ ਸੱਚੇ ਦੋਸਤਾਂ ਵਾਂਗ ਇੱਕ-ਦੂਜੇ ਦੇ ਸਹਿਯੋਗੀ ਸਾਬਤ ਹੋ ਸਕੀਏ।

ਤੁਹਾਡੀ ਹਮਦਰਦੀ ਅਤੇ ਸੰਵੇਦਨਾ ਲਈ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ ਅਤੇ ਮੈਨੂੰ ਤੁਹਾਡੇ ਤੋਂ...ਇੱਕ ਚੰਗੇ ਇਨਸਾਨ ਤੋਂ...ਇਹੀ ਉਮੀਦ ਸੀ ਕਿ ਤੁਸੀਂ ਹਰ ਸੰਭਵ ਤਰੀਕੇ ਨਾਲ ਦੂਜਿਆਂ ਦੀ ਮਦਦ ਕਰ ਕੇ ਦਿਲੀ ਸਕੂਨ ਮਹਿਸੂਸ ਕਰੋਗੇ।

ਮੈਨੂੰ ਅਫ਼ਸੋਸ ਹੈ ਕਿ ਤੁਹਾਡੇ ਵਰਗੇ ਨੇਕ ਇਨਸਾਨ ਨੂੰ ਇਸ ਗੜਬੜ ਵਿੱਚ ਸੱਟ ਪਹੁੰਚੀ ਅਤੇ ਪੂਰਬੀ ਪੰਜਾਬ ਵਿੱਚ ਨੌਕਰੀ ਕਰਨ ਦੇ ਬਾਵਜੂਦ ਤੁਹਾਨੂੰ ਪਾਕਿਸਤਾਨ ਜਾਣਾ ਪਿਆ।

ਪਰ ਸਾਡੇ ਹੀ ਭਰਾਵਾਂ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਪੱਛਮੀ ਪੰਜਾਬ ਵਿੱਚ ਹਿੰਦੂ-ਸਿੱਖ ਅਤੇ ਪੂਰਬੀ ਪੰਜਾਬ ਵਿੱਚ ਇੱਕ ਮੁਸਲਮਾਨ ਦਾ ਰਹਿਣਾ ਨਾਮੁਮਕਿਨ ਹੋ ਗਿਆ।

ਸ਼ੁਕਰ ਹੈ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਸੁਰੱਖਿਅਤ ਲਾਹੌਰ ਪਹੁੰਚ ਗਏ ਪਰ ਜਾਇਦਾਦ ਦਾ ਨੁਕਸਾਨ ਯਕੀਨਨ ਬਹੁਤ ਦੁਖਦਾਈ ਹੈ।

ਉਮੀਦ ਹੈ ਕਿ ਦੋਵੇਂ ਦੇਸ਼ਾਂ ਵਿੱਚ ਜਾਇਦਾਦ ਸਬੰਧੀ ਜਲਦੀ ਕੋਈ ਫ਼ੈਸਲਾ ਲਿਆ ਜਾਵੇਗਾ ਅਤੇ ਸ਼ਾਇਦ ਅਸੀਂ ਜਾਇਦਾਦ ਦਾ ਅਦਾਨ-ਪ੍ਰਦਾਨ ਕਰ ਸਕਾਂਗੇ। ਇਸ ਨਾਲ ਸਾਡੀਆਂ ਪਰੇਸ਼ਾਨੀਆਂ ਕੁਝ ਹੱਦ ਤੱਕ ਘੱਟ ਹੋ ਜਾਣਗੀਆਂ।

ਫਿਲਹਾਲ ਤਾਂ ਕਿਸਮਤ ਨੂੰ ਕੋਸਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ...

ਹੁਣ ਮੈਂ ਜਲੰਧਰ ਵਿੱਚ ਇੱਕ ਦੋਸਤ ਦੇ ਨਾਲ ਰਹਿੰਦਾ ਹਾਂ। ਮੇਰੇ ਬੱਚੇ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਹਨ।

ਮੇਰੇ ਕੋਲ ਨਾ ਤਾਂ ਆਪਣਾ ਕੋਈ ਘਰ ਹੈ ਅਤੇ ਨਾ ਹੀ ਕੋਈ ਨੌਕਰੀ ਅਤੇ ਮੈਂ ਬਹੁਤ ਤਰਸਯੋਗ ਜੀਵਨ ਗੁਜ਼ਾਰ ਰਿਹਾ ਹਾਂ।

ਸਰਕਾਰ ਨੇ ਨਿੱਜੀ ਸਕੂਲਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਨੌਕਰੀ ਨਹੀਂ ਦਿੱਤੀ ਹੈ। ਮੈਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ ਕਿ ਮੈਂ ਆਪਣੇ ਬੱਚਿਆਂ ਦਾ ਢਿੱਡ ਕਿਵੇਂ ਭਰਾਂਗਾ।

ਇਹ ਕਿਤਾਬਾਂ ਮੇਰੀ ਸਾਰੀ ਜ਼ਿੰਦਗੀ ਦੀ ਅਨਮੋਲ ਧਰੋਹਰ ਸਨ ਅਤੇ ਮੈਂ ਇਨ੍ਹਾਂ ਨੂੰ ਸਤੰਬਰ ਵਿੱਚ ਇਸ ਘਰ ਵਿੱਚ ਆਉਂਦਿਆਂ ਹੀ ਦੇਖਿਆ ਸੀ।

ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇਨ੍ਹਾਂ ਕਿਤਾਬਾਂ ਦੀ ਹਿਫ਼ਾਜ਼ਤ ਕਰੋਗੇ ਅਤੇ ਹਾਲਾਤ ਸਧਾਰਨ ਹੁੰਦਿਆਂ ਹੀ ਮੈਂ ਇਨ੍ਹਾਂ ਨੂੰ ਵਾਪਸ ਲੈ ਲਵਾਂਗਾ। ਤੁਸੀਂ ਮੇਰੇ ਘਰ ਵਿੱਚ ਰਹੋ ਅਤੇ ਇਸ ਦਾ ਖ਼ਿਆਲ ਰੱਖੋ। ਮੌਜੂਦਾ ਹਾਲਾਤ ਵਿੱਚ ਮੈਂ ਹੋਰ ਕੀ ਲਿਖ ਸਕਦਾ ਹਾਂ ?

ਮੈਂ ਬਹੁਤ ਚਿੰਤਤ ਅਤੇ ਬੇਸਹਾਰਾ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਮੇਰਾ ਆਪਣਾ ਘਰ ਨਹੀਂ ਹੈ।

ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਹਰ ਸੰਭਵ ਤਰੀਕੇ ਨਾਲ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕਰੋਗੇ।

ਤੁਹਾਡਾ ਸ਼ੁਭਚਿੰਤਕ

ਹਰਕਿਸ਼ਨ ਦਾਸ ਬੇਦੀ, ਬੀ.ਏ. ਬੀ.ਟੀ.

ਮਾਰਫ਼ਤ ਪੰਜਾਬ ਬੁੱਕਸਟੋਰ, ਮਾਈ ਹੀਰਾ ਗੇਟ

ਜਲੰਧਰ ਸ਼ਹਿਰ

'ਮੈਂ ਉਸ ਨੂੰ ਆਪਣਾ ਨੰਬਰ ਦਿੱਤਾ ਅਤੇ ਉਸ ਦਾ ਫ਼ੋਨ ਤੁਰੰਤ ਵੱਜ ਉੱਠਿਆ'

ਭਾਰਤ ਦੀ ਵੰਡ ਦੌਰਾਨ, ਕਰੀਬ ਇੱਕ ਕਰੋੜ 20 ਲੱਖ ਲੋਕ ਸ਼ਰਨ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ’ਤੇ ਪਲਾਇਨ ਕਰ ਗਏ  (ਫਾਈਲ ਤਸਵੀਰ)

ਤਸਵੀਰ ਸਰੋਤ, Arif Shamim

ਤਸਵੀਰ ਕੈਪਸ਼ਨ, ਭਾਰਤ ਦੀ ਵੰਡ ਦੌਰਾਨ, ਕਰੀਬ ਇੱਕ ਕਰੋੜ 20 ਲੱਖ ਲੋਕ ਸ਼ਰਨ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਲਾਇਨ ਕਰ ਗਏ (ਫਾਈਲ ਤਸਵੀਰ)

ਹੁਣ ਇਸ ਚਿੱਠੀ ਨੂੰ ਧਿਆਨ ਨਾਲ ਪੜ੍ਹੋ ਅਤੇ ਇਹ ਵੀ ਯਾਦ ਰੱਖੋ ਕਿ ਇਸ ਨੂੰ ਇੱਕ ਹਿੰਦੂ ਨੇ ਲਿਖਿਆ ਸੀ, ਜਿਸ ਨੂੰ 1947 ਦੀ ਵੰਡ ਦੌਰਾਨ ਲਾਹੌਰ ਛੱਡ ਕੇ ਜਲੰਧਰ ਆਉਣਾ ਪਿਆ ਸੀ।

ਇਹ ਉਹ ਸਮਾਂ ਸੀ ਜਦੋਂ ਵੰਡ ਕਾਰਨ ਭੜਕੀ ਨਫ਼ਰਤ ਦੀ ਅੱਗ ਨੇ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ।

ਮੇਰੀ ਕਹਾਣੀ ਚੌਧਰੀ ਮੁਹੰਮਦ ਲਤੀਫ਼ ਅਤੇ ਹਰਕਿਸ਼ਨ ਦਾਸ ਬੇਦੀ ਦੀਆਂ ਕਹਾਣੀਆਂ ਨਾਲ ਜੁੜਦੀ ਹੈ।

ਚੌਧਰੀ ਲਤੀਫ਼ ਦੇ ਦੇਹਾਂਤ ਤੋਂ ਬਾਅਦ, ਜਦੋਂ ਉਨ੍ਹਾਂ ਦੇ ਕਮਰੇ ਦੀ ਸਫਾਈ ਹੋ ਰਹੀ ਸੀ ਉਦੋਂ ਕੁਝ ਅਜਿਹੀਆਂ ਚਿੱਠੀਆਂ ਮਿਲੀਆਂ ਜਿਨ੍ਹਾਂ ਬਾਰੇ ਪਰਿਵਾਰ ਵਿੱਚ ਕਿਸੇ ਨੂੰ ਪਤਾ ਨਹੀਂ ਸੀ।

ਇਹ ਚਿੱਠੀਆਂ ਹਰਕਿਸ਼ਨ ਦਾਸ ਬੇਦੀ ਦੀਆਂ ਸਨ। ਮੈਂ ਸੋਚਣ ਲੱਗਾ ਕਿ ਉਸ ਭੜਕਾਊ ਮਾਹੌਲ ਵਿੱਚ ਵੀ ਅਮਨ ਅਤੇ ਵਿਵਸਥਾ ਦੀ ਗੱਲ ਕਰਨ ਵਾਲੇ ਲੋਕ ਕੌਣ ਰਹੇ ਹੋਣਗੇ?

ਸ਼ਾਇਦ ਅਜਿਹੇ ਲੱਖਾਂ ਹੋਰ ਲੋਕ ਹੋਣ... ਸ਼ਾਇਦ ਕਰੋੜਾਂ ਲੋਕ ਅੱਜ ਵੀ ਅਜਿਹਾ ਸੋਚਦੇ ਹੋਣ ਅਤੇ ਇਹ ਸਭ 'ਸੱਤਾ ਦੀ ਰਾਜਨੀਤੀ' ਹੋਵੇ। ਸ਼ਾਇਦ ਅਸੀਂ ਲੜਨਾ ਹੀ ਨਹੀਂ ਚਾਹੁੰਦੇ।

ਕੁਝ ਸਾਲ ਪਹਿਲਾਂ, ਜਦੋਂ ਇੱਕ ਨੌਜਵਾਨ ਨੇ ਲਿੰਕਡਇਨ 'ਤੇ ਮੈਨੂੰ ਮੈਸੇਜ ਭੇਜਿਆ ਅਤੇ ਮੇਰੇ ਨਾਲ ਗੱਲ ਕਰਨ ਦੀ ਇੱਛਾ ਜਤਾਈ ਤਾਂ ਇਸ ਗੱਲ 'ਤੇ ਮੇਰਾ ਵਿਸ਼ਵਾਸ ਹੋਰ ਵੀ ਮਜਬੂਤ ਹੋ ਗਿਆ।

ਮੈਂ ਉਸ ਨੂੰ ਆਪਣਾ ਨੰਬਰ ਦਿੱਤਾ ਅਤੇ ਉਸ ਦਾ ਫ਼ੋਨ ਤੁਰੰਤ ਵੱਜ ਉੱਠਿਆ।

ਅਗਲੇ ਕੁਝ ਵਾਕਾਂ ਵਿੱਚ ਉਸ ਨੇ ਜੋ ਕਿਹਾ, ਉਹ ਮੈਨੂੰ ਆਪਣੀ ਜ਼ਿੰਦਗੀ ਵਿੱਚ ਪੱਤਰਕਾਰਤਾ ਦਾ ਸਾਰ ਲੱਗਾ। ਉਹ ਨੌਜਵਾਨ ਹਰਕਿਸ਼ਨ ਦਾਸ ਬੇਦੀ ਦਾ ਪੋਤਾ ਸੀ।

ਉਸ ਨੇ ਮੈਨੂੰ ਦੱਸਿਆ, "ਇੱਕ ਦਿਨ ਮੇਰੀ ਮਾਂ ਪਰਿਵਾਰ ਦੇ ਇੱਕ ਬੱਚੇ ਨੂੰ ਗਣਿਤ ਪੜ੍ਹਾ ਰਹੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਤੇਰੇ ਦਾਦਾ ਜੀ ਇੱਕ ਮਹਾਨ ਗਣਿਤ-ਵਿਦਵਾਨ ਸਨ ਅਤੇ ਉਨ੍ਹਾਂ ਨੇ ਗਣਿਤ 'ਤੇ ਕਿਤਾਬਾਂ ਲਿਖੀਆਂ ਸਨ। ਬੱਚੇ ਨੇ ਕਿਹਾ ਕਿ ਮੈਂ ਵੀ ਦੇਖਣਾ ਚਾਹੁੰਦਾ ਹਾਂ ਅਤੇ ਉਸ ਨੇ ਇੰਟਰਨੈੱਟ 'ਤੇ ਖੋਜ ਕਰਨੀ ਸ਼ੁਰੂ ਕਰ ਦਿੱਤੀ। ਪਰ ਜਿਵੇਂ ਹੀ ਉਸ ਨੇ ਹਰਕਿਸ਼ਨ ਦਾਸ ਬੇਦੀ ਦਾ ਨਾਂਅ ਟਾਈਪ ਕੀਤਾ, ਆਰਿਫ਼ ਸ਼ਮੀਮ ਦਾ ਨਾਂਅ ਸਾਹਮਣੇ ਆ ਗਿਆ, ਕਿਉਂਕਿ ਉਨ੍ਹਾਂ ਨੇ ਬੇਦੀ 'ਤੇ ਇੱਕ ਡਾਕੂਮੈਂਟਰੀ ਬਣਾਈ ਸੀ।"

ਉਸ ਨੌਜਵਾਨ ਨੇ ਕਿਹਾ ਕਿ ਉਸ ਦਾ ਪੂਰਾ ਪਰਿਵਾਰ ਆਪਣੇ ਬਜ਼ੁਰਗ ਬਾਰੇ ਲਿਖਣ ਲਈ ਮੇਰਾ ਧੰਨਵਾਦ ਕਰਨਾ ਚਾਹੁੰਦਾ ਹੈ। ਹਰਕਿਸ਼ਨ ਦਾਸ ਬੇਦੀ ਭਾਰਤ ਵਿੱਚ ਸਿੱਖਿਆ ਅਤੇ ਅਧਿਆਪਨ ਨਾਲ ਵੀ ਜੁੜੇ ਹੋਏ ਸਨ।

ਪੜ੍ਹੋ ਹਰਕਿਸ਼ਨ ਦਾਸ ਬੇਦੀ ਵੱਲੋਂ ਲਿਖੀ ਇੱਕ ਹੋਰ ਚਿੱਠੀ

ਮਾਰਫ਼ਤ ਪੰਜਾਬ ਬੁੱਕ ਸਟੋਰ, ਜਲੰਧਰ ਸਿਟੀ

22 ਜਨਵਰੀ, 1948

ਮੇਰੇ ਸ਼ਫ਼ੀਕ ਅਤੇ ਮੋਹਸਿਨ ਮੁਹੰਮਦ ਲਤੀਫ਼ ਸਾਬ੍ਹ

ਮੈਂ ਠੀਕ ਹਾਂ, ਬਿਲਕੁੱਲ ਠੀਕ ਹਾਂ। ਖ਼ਬਰ ਹੈ ਕਿ ਤੁਸੀਂ ਜੋ ਰਜਿਸਟਰੀ ਭੇਜੀ ਸੀ, ਉਹ ਮੈਨੂੰ ਮਿਲ ਗਈ ਹੈ।

ਉਸ ਵਿੱਚ ਮੇਰੇ ਘਰ ਦੀ ਰਜਿਸਟਰੀ, ਦੋ ਪਲਾਟਾਂ ਦੀਆਂ ਰਜਿਸਟਰੀ, ਬੀਮਾ ਕੰਪਨੀ ਦੀ ਪਾਲਿਸੀ ਅਤੇ ਡਾਕ ਘਰ ਅਤੇ ਬੈਂਕ ਦੀ ਪਾਸਬੁੱਕ ਹਨ। ਤੁਹਾਡੇ ਵਰਗੇ ਚੰਗੇ ਇਨਸਾਨ ਦਾ ਮੈਂ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ, ਘੱਟ ਹੈ।

ਮੈਨੂੰ ਤੁਹਾਡੇ ਤੋਂ ਇੱਕ ਸ਼ਿਕਾਇਤ ਹੈ। ਤੁਸੀਂ ਡਾਕ ਘਰ ਦੇ ਫਾਰਮ ਨਾਲ ਇੱਕ ਰੁਪਏ ਦਾ ਨੋਟ ਭੇਜਿਆ ਹੈ।

ਇਸ ਨਾਲ ਮੈਨੂੰ ਬਹੁਤ ਦੁੱਖ ਹੋਇਆ ਹੈ। ਕੀ ਤੁਸੀਂ ਮੈਨੂੰ ਇੰਨਾ ਲਾਚਾਰ ਸਮਝਦੇ ਹੋ ਕਿ ਮੈਂ ਤੁਹਾਡੇ ਲਈ ਆਪਣੀ ਜੇਬ ਵਿੱਚੋਂ ਇੱਕ ਰੁਪਇਆ ਵੀ ਖ਼ਰਚ ਨਹੀਂ ਕਰ ਸਕਦਾ ?

ਮੈਨੂੰ ਇਹ ਗੱਲ ਪੂਰੀ ਤਰ੍ਹਾਂ ਮਹਿਸੂਸ ਹੋਈ ਹੈ। ਭਵਿੱਖ ਵਿੱਚ ਮੇਰੇ 'ਤੇ ਇੰਨਾ ਬੋਝ ਨਾ ਪਾਓ।

ਜਦੋਂ ਤੁਸੀਂ ਮੇਰੇ ਲਈ ਇੰਨਾ ਕੁਝ ਕਰ ਰਹੇ ਹੋ ਤਾਂ ਮੈਨੂੰ ਵੀ ਤੁਹਾਡੇ ਲਈ ਕੁਝ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।

ਤੁਸੀਂ ਮੇਰੇ ਇੰਨੇ ਸਾਰੇ ਦਸਤਾਵੇਜ਼ ਭੇਜੇ ਅਤੇ ਉਨ੍ਹਾਂ ਦੀ ਰਜਿਸਟਰੀ ਦਾ ਖ਼ਰਚਾ ਵੀ ਆਪ ਚੁੱਕਿਆ। ਕੀ ਇਹ ਮੇਰੇ ਲਈ ਤੁਹਾਡੇ ਸਾਹਮਣੇ ਨਤਮਸਤਕ ਹੋਣ ਲਈ ਕਾਫ਼ੀ ਨਹੀਂ ਸੀ?

ਮੇਰੀ ਤੁਹਾਨੂੰ ਨਿਮਰ ਬੇਨਤੀ ਹੈ ਕਿ ਭਵਿੱਖ ਵਿੱਚ ਮੈਨੂੰ ਆਪਣਾ ਨੌਕਰ ਸਮਝ ਕੇ ਮੇਰੇ ਉੱਤੇ ਇੰਨਾ ਬੋਝ ਨਾ ਪਾਓ ਅਤੇ ਮੈਨੂੰ ਵੀ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ।

ਮੈਂ ਇੱਕ-ਦੋ ਦਿਨਾਂ ਤੋਂ ਬਿਮਾਰ ਹਾਂ ਅਤੇ ਪਿਛਲੇ ਚਾਰ-ਪੰਜ ਦਿਨਾਂ ਤੋਂ ਕੁਝ ਖਾਧਾ ਵੀ ਨਹੀਂ ਹੈ। ਜਿਵੇਂ ਹੀ ਮੈਂ ਠੀਕ ਹੋ ਜਾਵਾਂਗਾ, ਅੰਮ੍ਰਿਤਸਰ ਜਾ ਕੇ ਤੁਹਾਡਾ ਕੰਮ ਕਰਾਂਗਾ...

ਮੈਨੂੰ ਇਹ ਲਿਖਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਘਰ ਇੱਕ ਅਜਿਹੇ ਅਧਿਆਪਕ ਨੂੰ ਅਲਾਟ ਕੀਤਾ ਗਿਆ ਹੈ, ਜੋ ਸੱਚਮੁੱਚ ਇੱਕ ਸੰਪੂਰਨ ਇਨਸਾਨ ਹਨ।

ਖ਼ੈਰ, ਮੈਂ ਤੁਹਾਡੀ ਤਾਰੀਫ਼ ਨਹੀਂ ਕਰ ਰਿਹਾ। ਮੇਰਾ ਦਿਲ ਇਸ ਗੱਲ ਦਾ ਗਵਾਹ ਹੈ।

ਸਿਰਫ਼ ਖ਼ੁਦਾ ਹੀ ਜਾਣਦਾ ਹੈ ਕਿ ਭਵਿੱਖ ਵਿੱਚ ਸਾਡਾ ਰਿਸ਼ਤਾ ਕਿੰਨਾ ਡੂੰਘਾ ਹੋਵੇਗਾ।

ਬੈਠਕ ਦੀ ਚਿਮਨੀ ਦੇ ਹੇਠਾਂ ਇੱਕ ਹਾਰਮੋਨੀਅਮ ਪਿਆ ਸੀ। ਇਸ ਹਾਰਮੋਨੀਅਮ ਦੇ ਉੱਪਰ ਕੁਝ ਕਿਤਾਬਾਂ ਸਨ ਅਤੇ ਉਨ੍ਹਾਂ ਵਿੱਚ ਇੱਕ ਫਾਈਲ ਸੀ, ਜਿਸ ਵਿੱਚ ਅਮਰੀਕਾ ਅਤੇ ਇੰਗਲੈਂਡ ਦਰਮਿਆਨ ਮੇਰੇ ਪੱਤਰ-ਵਿਹਾਰ ਦਾ ਰਿਕਾਰਡ ਸੀ।

ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਕੁਝ ਲਾਇਸੈਂਸ ਅਤੇ ਦੋ ਬਿੱਲ ਵੀ ਸਨ—ਇੱਕ ਪੈਂਸਲ ਦਾ ਅਤੇ ਇੱਕ ਵਿਦੇਸ਼ੀ ਟੁੱਥਪੇਸਟ ਦਾ।

ਤੁਹਾਨੂੰ ਇਸ ਫਾਈਲ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਕਿਤਾਬਾਂ ਨੂੰ ਇੱਕ ਬੋਰੀ ਵਿੱਚ ਪਾ ਕੇ ਰੱਖ ਦਿੱਤਾ ਹੋਵੇਗਾ।

ਮੇਰੇ ਛੋਟੇ ਜਿਹੇ ਕਮਰੇ ਵਿੱਚ ਕਾਗਜ਼ ਦੇ 20 ਰੀਮ ਅਤੇ ਦੇਸੀ ਕਾਗਜ਼ ਦਾ ਇੱਕ ਰੀਮ ਸੀ। ਕੀ ਇਹ ਕਾਗਜ਼ ਅਜੇ ਵੀ ਉੱਥੇ ਪਏ ਹਨ ਜਾਂ ਸਰਕਾਰ ਉਨ੍ਹਾਂ ਨੂੰ ਲੈ ਗਈ ਹੈ ? ਤੁਹਾਨੂੰ ਲਿਖਣਾ ਹੋਵੇਗਾ...

ਮੇਰੇ ਛੋਟੇ ਕਮਰੇ ਵਿੱਚ ਮੇਜ਼ 'ਤੇ 'ਹਾਈ ਸਕੂਲ ਜਿਓਮੈਟਰੀ' ਨਾਂ ਦੀ ਇੱਕ ਕਿਤਾਬ ਪਈ ਸੀ।

ਮੈਂ ਇਸ ਕਿਤਾਬ ਦਾ ਅੱਧਾ ਹਿੱਸਾ ਸੰਪਾਦਿਤ ਕਰ ਲਿਆ ਸੀ। ਜੇ ਸੰਭਵ ਹੋਵੇ ਤਾਂ ਤੁਸੀਂ ਇਸ ਨੂੰ ਵੱਖਰੇ ਤੌਰ 'ਤੇ ਭੇਜ ਦਿਓ ਜਾਂ ਆਪਣੇ ਕੋਲ ਰੱਖ ਲਓ।

ਮੈਂ ਬਾਅਦ ਵਿੱਚ ਇਸ ਨੂੰ ਮੰਗਵਾ ਲਵਾਂਗਾ। ਇਹ ਕਿਤਾਬ ਮੈਂ ਖ਼ੁਦ ਲਿਖੀ ਹੈ, ਜਿਸ ਦਾ ਅੱਧਾ ਹਿੱਸਾ ਮੈਂ ਸੋਧ ਲਿਆ ਹੈ। ਬਾਕੀ ਅੱਧਾ ਹਿੱਸਾ ਅਜੇ ਸੋਧਣਾ ਬਾਕੀ ਹੈ, ਜਿਸ ਤੋਂ ਬਾਅਦ ਇਸ ਕਿਤਾਬ ਨੂੰ ਦੁਬਾਰਾ ਛਾਪਿਆ ਜਾਣਾ ਹੈ...

ਤੁਹਾਡਾ ਸ਼ੁਭਚਿੰਤਕ

ਹਰਕਿਸ਼ਨ ਦਾਸ ਬੇਦੀ

ਵੰਡ ਵੀ ਹਰਕਿਸ਼ਨ ਦਾਸ ਬੇਦੀ ਅਤੇ ਚੌਧਰੀ ਲਤੀਫ਼ ਦੇ ਸਬੰਧਾਂ ਨੂੰ ਨਹੀਂ ਤੋੜ ਸਕੀ

ਚਾਰ ਸਾਲ ਪਹਿਲਾਂ ਮੈਂ ਇੱਕ ਦੋਸਤ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਗਿਆ ਸੀ।

ਉਸ ਦੌਰਾਨ ਮੈਂ ਫੇਸਬੁੱਕ 'ਤੇ ਆਪਣਾ ਸਟੇਟਸ ਅਪਡੇਟ ਕੀਤਾ ਅਤੇ ਤੁਰੰਤ ਮੈਨੂੰ ਫੇਸਬੁੱਕ 'ਤੇ ਇੱਕ ਸੁਨੇਹਾ ਮਿਲਿਆ:

'ਮਿਸਟਰ ਆਰਿਫ਼, ਕੀ ਤੁਸੀਂ ਕੈਨੇਡਾ ਵਿੱਚ ਹੋ ? ਮੈਂ ਸੋਨੀਆ ਬੇਦੀ ਹਾਂ, ਹਰਕਿਸ਼ਨ ਦਾਸ ਬੇਦੀ ਦੀ ਪੋਤੀ।'

ਮੈਂ ਉਸ ਨੂੰ ਦੱਸਿਆ ਕਿ ਹਾਂ, ਮੈਂ ਇੱਥੇ ਆਇਆ ਹੋਇਆ ਹਾਂ। ਉਸ ਨੇ ਕਿਹਾ ਕਿ ਮੇਰੇ ਪਿਤਾ, ਜੋ ਬੇਦੀ ਸਾਬ੍ਹ ਦੇ ਪੁੱਤਰ ਹਨ, ਮੈਨੂੰ ਮਿਲਣਾ ਚਾਹੁੰਦੇ ਹਨ। ਅਸੀਂ ਇੱਕ ਕੌਫ਼ੀ ਸ਼ੌਪ ਵਿੱਚ ਮਿਲਣ ਦਾ ਵਾਅਦਾ ਕੀਤਾ।

ਸੰਜੋਗ ਨਾਲ ਚੌਧਰੀ ਲਤੀਫ਼ ਦੀ ਪੋਤੀ ਅਤੇ ਮੇਰੀ ਚਚੇਰੀ ਭੈਣ ਕੈਨੇਡਾ ਵਿੱਚ ਰਹਿੰਦੀਆਂ ਹਨ।

ਮੈਂ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ। ਸਾਡੀ ਕਾਫ਼ੀ ਦੇਰ ਤੱਕ ਮੁਲਾਕਾਤ ਹੋਈ, ਜਿਸ ਦੌਰਾਨ ਬੇਦੀ ਸਾਬ੍ਹ ਦੇ ਪੁੱਤਰ ਨੇ ਮੈਨੂੰ ਕਈ ਵਾਰ ਗਲੇ ਲਗਾਇਆ ਅਤੇ ਮੇਰਾ ਧੰਨਵਾਦ ਕੀਤਾ।

ਅਖ਼ੀਰ ਵਿੱਚ ਅਸੀਂ ਇਸ ਗੱਲ 'ਤੇ ਵੀ ਬਹਿਸ ਕਰਦੇ ਰਹੇ ਕਿ ਕੌਫ਼ੀ ਦਾ ਬਿੱਲ ਕੌਣ ਦੇਵੇਗਾ।

ਬਿਲਕੁਲ ਉਸੇ ਤਰ੍ਹਾਂ, ਜਿਵੇਂ ਹਰਕਿਸ਼ਨ ਦਾਸ ਬੇਦੀ ਸ਼ਿਕਾਇਤ ਕਰਦੇ ਸਨ ਕਿ ਚੌਧਰੀ ਲਤੀਫ਼ ਖੁਦ ਉਨ੍ਹਾਂ ਦੀ ਰਜਿਸਟਰੀ ਦਾ ਖ਼ਰਚਾ ਚੁੱਕਦੇ ਹਨ।

ਹਾਲ ਹੀ ਵਿੱਚ ਬੇਦੀ ਸਾਬ੍ਹ ਦੇ ਦੂਜੇ ਪੁੱਤਰ ਨੇ ਵੀ ਭਾਰਤ ਤੋਂ ਫ਼ੋਨ ਕੀਤਾ। ਉਨ੍ਹਾਂ ਨੇ ਵਾਅਦਾ ਕੀਤਾ ਕਿ ਹਾਲਾਂਕਿ ਇਹ ਮੁਸ਼ਕਲ ਹੋਵੇਗਾ ਪਰ ਉਹ ਚੌਧਰੀ ਲਤੀਫ਼ ਵੱਲੋਂ ਆਪਣੇ ਪਿਤਾ ਨੂੰ ਲਿਖੀਆਂ ਚਿੱਠੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਨਗੇ।

ਜਦੋਂ ਵੀ ਮੈਂ ਕਿਸਮਤ ਦੀ ਇਸ ਖੇਡ ਬਾਰੇ ਸੋਚਦਾ ਹਾਂ ਤਾਂ ਮੇਰਾ ਇਹ ਵਿਸ਼ਵਾਸ ਹੋਰ ਵੀ ਮਜਬੂਤ ਹੋ ਜਾਂਦਾ ਹੈ ਕਿ ਅਸੀਂ ਸਾਰੇ ਮੂਲ ਰੂਪ ਵਿੱਚ ਇੱਕੋ ਜਿਹੇ ਹਾਂ।

ਅਸੀਂ ਇੱਕੋ ਹੀ ਇਲਾਕੇ ਤੋਂ ਹਾਂ, ਹਜ਼ਾਰਾਂ ਸਾਲਾਂ ਤੋਂ ਇਕੱਠੇ ਰਹਿੰਦੇ ਆਏ ਹਾਂ ਅਤੇ ਅਸੀਂ ਇੱਕ ਅਜਿਹਾ ਰਿਸ਼ਤਾ ਬਣਾਇਆ ਹੈ, ਜਿਸ ਨੂੰ ਕੋਈ ਵੰਡ ਖ਼ਤਮ ਨਹੀਂ ਕਰ ਸਕਦੀ ਅਤੇ ਨਾ ਹੀ ਕੋਈ ਰੈੱਡਕਲਿਫ਼ ਇਸ ਦੇ ਵਿਚਕਾਰ ਕੋਈ ਲਕੀਰ ਖਿੱਚ ਸਕਦਾ ਹੈ।

ਸੋਨੀਆ ਅਤੇ ਮੇਰੀ ਚਚੇਰੀ ਭੈਣ ਤੈਯਬਾ ਅੱਜ ਵੀ ਜਦੋਂ ਸਮਾਂ ਮਿਲਦਾ ਹੈ ਤਾਂ ਕੈਨੇਡਾ ਦੀ ਇੱਕ ਕੌਫ਼ੀ ਸ਼ੌਪ ਵਿੱਚ ਮਿਲਦੀਆਂ ਹਨ।

ਵੰਡ ਵੀ ਹਰਕਿਸ਼ਨ ਦਾਸ ਬੇਦੀ ਦੇ ਕ੍ਰਿਸ਼ਨ ਨਗਰ ਅਤੇ ਉੱਥੇ ਰਹਿਣ ਵਾਲੇ ਚੌਧਰੀ ਲਤੀਫ਼ ਨਾਲ ਸਬੰਧਾਂ ਨੂੰ ਤੋੜ ਨਹੀਂ ਸਕੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ-ਦੂਜੇ ਨੂੰ ਮਿਲਣ ਤੋਂ ਰੋਕ ਸਕੀ।

ਵੰਡ ਦੇ 79 ਸਾਲ ਪੂਰੇ ਹੋਣ ਦੇ ਮੌਕੇ 'ਤੇ ਇਹ ਸੋਚਣਾ ਬਹੁਤ ਜ਼ਰੂਰੀ ਹੈ ਕਿ ਇਹ ਸਿਰਫ਼ ਦੋ ਪਰਿਵਾਰ ਨਹੀਂ ਹਨ, ਸਗੋਂ ਸ਼ਾਇਦ ਹਜ਼ਾਰਾਂ-ਲੱਖਾਂ ਅਜਿਹੇ ਲੋਕ ਹਨ, ਜੋ ਅਜਿਹਾ ਹੀ ਸੋਚਦੇ ਹਨ।

ਵੰਡ ਕਈ ਸਾਲ ਪਹਿਲਾਂ ਹੋਈ ਸੀ। ਹੁਣ ਇਸ ਨੂੰ ਸਵੀਕਾਰ ਕਰਨ ਅਤੇ ਮਿਲ-ਜੁਲ ਕੇ ਰਹਿਣ ਦੀ ਲੋੜ ਹੈ।

ਪਾਕਿਸਤਾਨ ਅਤੇ ਭਾਰਤ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ !

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)