ਕੈਨੇਡਾ: ਬੱਚੇ ਨੇ ਸੀਟ ਬੈਲਟ ਪਹਿਨਣ ਤੋਂ ਇਨਕਾਰ ਕੀਤਾ ਤਾਂ ਫਲਾਈਟ ਕਰਨੀ ਪਈ ਰੱਦ, ਨਿਯਮ ਕੀ ਕਹਿੰਦੇ ਹਨ

ਪੋਰਟਰ ਏਅਰਲਾਈਨਜ਼ ਦਾ ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਬੱਚੇ ਵੱਲੋਂ ਸੀਟ ਬੈਲਟ ਨਾ ਲਾਈ ਹੋਣ ਕਾਰਨ ਫਲਾਈਟ ਨੂੰ ਟਰਮੀਨਲ 'ਤੇ ਪਰਤਣਾ ਪਿਆ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਕੈਨੇਡਾ ਵਿੱਚ ਇੱਕ ਬੱਚੇ ਨੇ ਸੀਟ ਬੈਲਟ ਪਹਿਨਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇੱਕ ਫਲਾਈਟ ਰੱਦ ਕਰਨੀ ਪਈ।

ਇਸ ਘਟਨਾ ਤੋਂ ਬਾਅਦ ਫਲਾਈਟ ਵਿੱਚ ਯਾਤਰਾ ਕਰਨ ਵਾਲੇ ਬੱਚਿਆਂ ਨਾਲ ਜੁੜੇ ਸ਼ਿਸ਼ਟਾਚਾਰ ਅਤੇ ਸੁਰੱਖਿਆ ਪ੍ਰਕਿਰਿਆਵਾਂ ਬਾਰੇ ਬਹਿਸ ਦੁਬਾਰਾ ਸ਼ੁਰੂ ਹੋ ਗਈ ਹੈ।

ਪੋਰਟਰ ਏਅਰਲਾਈਨਜ਼ ਦੀ ਇਹ ਫਲਾਈਟ ਛੇ ਅਗਸਤ ਨੂੰ ਵਿਕਟੋਰੀਆ ਤੋਂ ਟੋਰਾਂਟੋ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਹੀ ਸੀ। ਪਰ ਫਲਾਈਟ ਨੂੰ ਟਰਮੀਨਲ 'ਤੇ ਵਾਪਸ ਪਰਤਣਾ ਪਿਆ।

ਏਅਰਲਾਈਨਜ਼ ਨੇ ਕਿਹਾ, "ਇੱਕ ਛੋਟਾ ਬੱਚਾ ਆਪਣੀ ਸੀਟ 'ਤੇ ਖੜਾ ਸੀ ਅਤੇ ਉਸ ਨੇ ਆਪਣੀ ਸੀਟ ਬੈਲਟ ਨਹੀਂ ਲਗਾਈ ਸੀ।"

ਇਸ ਤੋਂ ਬਾਅਦ ਫਲਾਈਟ ਰਵਾਨਾ ਹੀ ਨਹੀਂ ਹੋ ਸਕੀ ਕਿਉਂਕਿ ਰਾਤ ਹੋਣ ਕਾਰਨ ਰਨਵੇਅ ਬੰਦ ਹੋ ਗਿਆ। ਇਸ ਕਾਰਨ ਸਾਰੇ ਯਾਤਰੀਆਂ ਨੂੰ ਅਗਲੇ ਦਿਨ ਦੀ ਉਡਾਣ ਵਿੱਚ ਦੁਬਾਰਾ ਬੁਕਿੰਗ ਕਰਾਉਣੀ ਪਈ।

ਇਸ ਘਟਨਾ ਬਾਅਦ ਇਸ ਗੱਲ 'ਤੇ ਬਹਿਸ ਛਿੜ ਗਈ ਹੈ ਕਿ ਅਜਿਹੇ ਹਾਲਾਤ ਵਿੱਚ ਬੱਚਿਆਂ ਦੇ ਨਾਲ ਕਿਵੇਂ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਏਅਰਲਾਈਨਜ਼ ਨੂੰ ਅਜਿਹੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ।

ਫ਼ੈਸਲੇ ਨੂੰ ਮਾਹਿਰ ਕਿਉਂ ਠਹਿਰਾ ਰਹੇ ਸਹੀ ?

ਜਹਾਜ਼ ਦੀ ਸੀਟ 'ਤੇ ਖਿੜਕੀ ਵੱਲ ਮੂੰਹ ਕਰਕੇ ਖੜੀ ਛੋਟੀ ਬੱਚੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰ ਦੱਸਦੇ ਹਨ ਕਿ ਬਿਨ੍ਹਾਂ ਸੁਰੱਖਿਆ ਬੈਲਟ ਵਾਲੇ ਬੱਚੇ ਹਵਾ ਵਿੱਚ ਉਛਲ ਸਕਦੇ ਹਨ।

ਬੱਚੇ ਦੇ ਵਿਵਹਾਰ ਦੇ ਸਬੰਧ ਵਿੱਚ, ਪੋਰਟਰ ਏਅਰਲਾਈਨਜ਼ ਨੇ ਕਿਹਾ ਕਿ "ਨਾਲ ਆਏ ਪਰਿਵਾਰਕ ਅਤੇ ਚਾਲਕ ਦਲ ਇਸ ਸਮੱਸਿਆ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਅਸਫਲ ਰਹੇ।"

ਇਸ ਵਿੱਚ ਅੱਗੇ ਕਿਹਾ ਗਿਆ ਹੈ, "ਇਸ ਸੁਰੱਖਿਅਤ ਸਥਿਤੀ ਵਿੱਚ ਜਹਾਜ਼ ਉਡਾਣ ਨਹੀਂ ਭਰ ਸਕਦਾ ਸੀ, ਇਸ ਲਈ ਚਾਲਕ ਦਲ ਨੇ ਟਰਮੀਨਲ 'ਤੇ ਪਰਤਣ ਅਤੇ ਦੋਹਾਂ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨ ਦਾ ਵਿਕਲਪ ਚੁਣਿਆ।"

ਬਾਲ ਵਿਮਾਨ ਸੁਰੱਖਿਆ ਮਾਹਿਰ ਲੀਆ ਟੂਸੋ ਨੇ ਬੀਬੀਸੀ ਨੇ ਦੱਸਿਆ ਕਿ ਪੋਰਟਰ ਦੇ ਚਾਲਕ ਦਲ ਨੇ ਉਡਾਣ ਰੋਕਣ ਦੇ ਆਪਣੇ ਫ਼ੈਸਲੇ ਨਾਲ ਨਾ ਕੇਵਲ ਬੱਚੇ ਦੀ ਸੁਰੱਖਿਆ ਦੀ ਰੱਖਿਆ ਕੀਤੀ ਬਲਕਿ ਉਹ ਉਡਾਣ ਵਿੱਚ ਸਵਾਰ ਯਾਤਰੀਆਂ ਦੀ ਸੁਰੱਖਿਆ ਵੀ ਕਰ ਰਹੇ ਸੀ।

ਟੂਸੋ ਨੇ ਕਿਹਾ, "ਬਿਨ੍ਹਾਂ ਸੁਰੱਖਿਆ ਬੈਲਟ ਵਾਲੇ ਬੱਚੇ ਹਵਾ ਵਿੱਚ ਉਛਲ ਸਕਦੇ ਹਨ।" ਠੀਕ ਉਸੇ ਤਰ੍ਹਾਂ ਜਿਵੇਂ ਬਿਨ੍ਹਾਂ ਸੁਰੱਖਿਆ ਬੈਲਟ ਵਾਲੇ ਸਮਾਨ ਜੋ ਟਰਬੂਲੈਂਸ ਦੀ ਸਥਿਤੀ ਵਿੱਚ ਵਿਸ਼ੇਸ਼ ਰੂਪ ਵਿੱਚ ਟੇਕਆਫ ਅਤੇ ਲੈਂਡਿੰਗ ਦੌਰਾਨ ਯਾਤਰੀਆਂ 'ਤੇ ਉੱਡ ਕੇ ਆ ਸਕਦੇ ਹਨ।

ਕਿਸ ਤਰ੍ਹਾਂ ਦੀ ਬਹਿਸ ਨੂੰ ਦਿੱਤਾ ਜਨਮ ?

ਢਲਦੇ ਸੂਰਜ ਦੀ ਰੌਸ਼ਨੀ ਵਿੱਚ ਖੜ੍ਹਾ ਇੱਕ ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਗੱਲ 'ਤੇ ਬਹਿਸ ਛਿੜ ਗਈ ਹੈ ਕਿ ਏਅਰਲਾਈਨਜ਼ ਨੂੰ ਯਾਤਰਾ ਕਰਨ ਵਾਲੇ ਪਰਿਵਾਰਾਂ ਨੂੰ ਪ੍ਰਤੀ ਕਿੰਨਾ ਸਹਿਣਸ਼ੀਲ ਹੋਣਾ ਚਾਹੀਦਾ ਹੈ ਅਤੇ ਮਾਤਾ ਪਿਤਾ ਨੂੰ ਏਅਰਲਾਈਨ ਨਿਯਮਾਂ ਨੂੰ ਕਿੰਨਾ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

ਇਸ ਘਟਨਾ ਤੋਂ ਬਾਅਦ ਆਨਲਾਈਨ ਇਸ ਗੱਲ 'ਤੇ ਬਹਿਸ ਛਿੜ ਗਈ ਹੈ ਕਿ ਏਅਰਲਾਈਨਜ਼ ਨੂੰ ਯਾਤਰਾ ਕਰਨ ਵਾਲੇ ਪਰਿਵਾਰਾਂ ਪ੍ਰਤੀ ਕਿੰਨਾ ਸਹਿਣਸ਼ੀਲ ਹੋਣਾ ਚਾਹੀਦਾ ਹੈ ਅਤੇ ਮਾਤਾ ਪਿਤਾ ਨੂੰ ਏਅਰਲਾਈਨ ਨਿਯਮਾਂ ਨੂੰ ਕਿੰਨਾ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇਸ ਗੱਲ ਦੀ ਉਦਾਹਰਨ ਹੈ ਕਿ ਜਦੋਂ ਮਾਤਾ ਪਿਤਾ ਆਪਣੇ ਬੱਚਿਆਂ ਦੇ ਪ੍ਰਤੀ ਬਹੁਤ ਨਰਮ ਹੁੰਦੇ ਹਨ ਤਾਂ ਕੀ ਹੁੰਦਾ ਹੈ। ਫੌਕਸ ਨਿਊਜ਼ ਦੇ ਸਵੇਰ ਦੇ ਪ੍ਰੋਗਰਾਮ ਵਿੱਚ ਇਸ 'ਤੇ ਬਹਿਸ ਹੋਈ, ਜਿਸ ਵਿੱਚ ਸਹਿ-ਮੇਜ਼ਬਾਨ ਚਾਰਲਜ਼ ਹਰਟ ਨੇ ਕਿਹਾ ਕਿ ਉਹ ਸਰੀਰਕ ਅਨੁਸ਼ਾਸਨ ਦਾ ਸਮਰਥਨ ਕਰਦੇ ਹਨ।

ਉਨ੍ਹਾਂ ਨੇ ਕਿਹਾ, "ਅਸੀਂ ਸਾਰੇ ਕਦੇ ਨਾ ਕਦੇ ਅਜਿਹੇ ਮਾਤਾ ਪਿਤਾ ਰਹੇ ਹਾਂ। ਪਰ ਇਹ ਤਾਂ ਹੱਦ ਤੋਂ ਜ਼ਿਆਦਾ ਬੁਰਾ ਹੈ।"

ਹੋਰ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਕਦੇ ਕਦੇ ਬੱਚੇ ਹਵਾਈ ਯਾਤਰਾ ਤੋਂ ਡਰਦੇ ਹਨ ਅਤੇ ਉਹ ਜਾਣ ਬੁੱਝ ਕੋਈ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹੁੰਦੇ ਹਨ।

ਪੋਰਟਰ ਏਅਰਲਾਈਨਜ਼ ਦੇ ਵਿਮਾਨ ਵਿੱਚ ਸਵਾਰ ਇੱਕ ਯਾਤਰੀ, ਆਰਿਆ ਕੋਜ਼ੁਚ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਬੱਚਾ ਬਦਤਮੀਜ਼ ਨਹੀਂ ਸੀ, ਪਰ ਡਰਿਆ ਹੋਇਆ ਲੱਗ ਰਿਹਾ ਸੀ।

"ਉਹ ਬੱਸ ਆਪਣੀ ਸੀਟ ਦੇ ਥੱਲੇ ਲੁਕ ਰਿਹਾ ਸੀ। ਜੇ ਉਸ ਨੂੰ ਜ਼ਬਰਦਸਤੀ ਸੀਟ ਬੈਲਟ ਲਗਾਉਣੀ ਪੈਂਦੀ ਤਾਂ ਉਹ ਕਿਸੇ ਤਰ੍ਹਾਂ ਹੇਠਾਂ ਖਿਸਕ ਕਰਕੇ ਬਾਹਰ ਨਿਕਲ ਆਉਂਦਾ।"

ਉਡਾਣ ਰੱਦ ਕਰਨ 'ਤੇ ਵੀ ਉੱਠੇ ਸਵਾਲ

ਜਹਾਜ਼ ਦੀਆਂ ਸੀਟਾਂ 'ਤੇ ਬੈਠੇ ਇੱਕ ਮਹਿਲਾ ਅਤੇ ਬੱਚਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਇੱਕ ਬੱਚੇ ਲਈ ਪੂਰੀ ਉਡਾਣ ਨੂੰ ਰੋਕਣ ਦੀ ਬਜਾਏ ਪਰਿਵਾਰ ਨੂੰ ਹੀ ਜਹਾਜ਼ ਤੋਂ ਉਤਾਰ ਦੇਣਾ ਚਾਹੀਦਾ ਸੀ।

ਕਈ ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਇੱਕ ਬੱਚੇ ਲਈ ਪੂਰੀ ਉਡਾਣ ਨੂੰ ਰੋਕਣਾ ਪਿਆ ਅਤੇ ਕਿਹਾ ਕਿ ਪਰਿਵਾਰ ਨੂੰ ਹੀ ਜਹਾਜ਼ ਤੋਂ ਉਤਾਰ ਦੇਣਾ ਚਾਹੀਦਾ ਸੀ।

2018 ਵਿੱਚ ਇਹੀ ਘਟਨਾ ਘਟੀ ਸੀ ਜਦੋਂ ਸ਼ਿਕਾਗੋ ਤੋਂ ਅਟਲਾਂਟਾ ਜਾਣ ਵਾਲੀ ਸਾਊਥ ਵੈਸਟ ਏਅਰਲਨਾਈਜ਼ ਦੀ ਫਲਾਈਟ ਤੋਂ ਇੱਕ ਪਿਤਾ ਅਤੇ ਬੇਟੀ ਨੂੰ ਬਾਹਰ ਕੱਢੇ ਜਾਣ ਦਾ ਵੀਡੀਓ ਬਣਾਇਆ ਗਿਆ ਸੀ।

ਘਟਨਾ ਦਾ ਵੀਡੀਓ ਬਣਾਉਣ ਵਾਲੇ ਇੱਕ ਯਾਤਰੀ ਦੇ ਮੁਤਾਬਕ, ਏਅਰਲਾਈਨ ਦੇ ਕਰਮਚਾਰੀਆਂ ਨੇ ਪਿਤਾ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ ਉਡਾਣ ਤੋਂ ਉਤਾਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਬੱਚੀ ਦਾ ਗੁੱਸਾ ਸ਼ਾਂਤ ਹੋ ਗਿਆ ਸੀ ਅਤੇ ਉਹ ਪੰਜ ਮਿੰਟ ਤੋਂ ਜ਼ਿਆਦਾ ਸਮੇਂ ਤੱਕ ਚੁੱਪ ਚਾਪ ਆਪਣੀ ਸੀਟ 'ਤੇ ਬੈਠੀ ਰਹੀ।

ਬਾਲ ਵਿਮਾਨ ਸੁਰੱਖਿਆ ਮਾਹਿਰ ਲੀਆ ਟੂਸੋ ਦਾ ਬਿਆਨ

ਇਸ ਘਟਨਾ ਵਿੱਚ ਸ਼ਾਮਿਲ ਏਅਰਲਾਈਨ, ਸਾਊਥ ਵੈਸਟ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ "ਚਾਲਕ ਦਲ ਅਤੇ ਇੱਕ ਛੋਟੇ ਬੱਚੇ ਦੇ ਨਾਲ ਯਾਤਰਾ ਕਰ ਰਹੇ ਸ਼ਖਸ ਵਿਚਕਾਰ ਜਹਾਜ਼ ਵਿੱਚ ਹੋਈ ਗੱਲਬਾਤ ਤਣਾਅਪੂਰਨ ਹੋ ਗਈ ਸੀ।"

2012 ਵਿਚ ਇਸੇ ਤਰ੍ਹਾਂ ਦੀ ਘਟਨਾ ਤੋਂ ਬਾਅਦ ਜਿਸ ਪਰਿਵਾਰ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ ਉਹ ਐਨਬੀਸੀ ਦੇ ਟੂਡੇ ਸ਼ੋ ਵਿੱਚ ਸ਼ਾਮਿਲ ਹੋਇਆ ਅਤੇ ਏਅਰਲਾਈਨ 'ਤੇ ਅਣ-ਮਨੁੱਖੀ ਵਤੀਰੇ ਦਾ ਇਲਜ਼ਾਮ ਲਗਾਇਆ।

ਇਸ ਮਾਮਲੇ ਵਿੱਚ ਸ਼ਾਮਲ ਏਅਰਲਾਈਨ ਜੇਟਬਲੂ ਨੇ ਕਿਹਾ ਕਿ ਉਸ ਦੇ ਕੁਝ ਯਾਤਰੀਆਂ ਨੇ ਲੰਬੇ ਸਮੇਂ ਤੱਕ ਚਾਲਕ ਦਲ ਦੇ ਮੈਂਬਰਾਂ ਦੇ ਨਿਰਦੇਸ਼ਾਂ ਦਾ ਪਾਲਨ ਨਹੀਂ ਕੀਤਾ।

ਇਸ ਵਿੱਚ ਅੱਗੇ ਕਿਹਾ ਗਿਆ, "ਕਪਤਾਨ ਨੇ ਜਹਾਜ਼ 'ਤੇ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਲਈ ਸਬੰਧਤ ਯਾਤਰੀਆਂ ਨੂੰ ਹਟਾਉਣ ਦਾ ਫ਼ੈਸਲਾ ਲਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)