ਨਾਂਦੇੜ ਵਿੱਚ ਸੁਖਬੀਰ ਬਾਦਲ 'ਤੇ ਹਮਲਾ, ਪੁਲਿਸ ਨੇ ਹਮਲਾਵਰ ਬਾਰੇ ਕੀ ਦੱਸਿਆ, ਜਾਣੋ ਹੁਣ ਤੱਕ ਕੀ-ਕੀ ਪਤਾ ਹੈ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਵਿੱਚ ਹਮਲਾ ਹੋਇਆ ਹੈ। ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ।
ਬੀਬੀਸੀ ਪੱਤਰਕਾਰ ਸ਼੍ਰੀਕਾਂਤ ਬੰਗਾੜੇ ਦੀ ਰਿਪੋਰਟ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ 'ਤੇ ਪੰਜਾਬ ਤੋਂ ਨਾਂਦੇੜ ਪਹੁੰਚਣ ਤੋਂ ਬਾਅਦ ਮਾਤਾ ਸਾਹਿਬ ਕੌਰ ਗੁਰਦੁਆਰਾ ਨੇੜੇ ਹਮਲਾ ਹੋਇਆ ਹੈ।

ਤਸਵੀਰ ਸਰੋਤ, SAD
ਬੀਬੀਸੀ ਮਰਾਠੀ ਮੁਤਾਬਕ ਇਹ ਘਟਨਾ ਦੁਪਹਿਰੇ ਵਾਪਰੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਸੁਰੱਖਿਆ ਵਿੱਚ ਤੈਨਾਤ ਇੰਸਪੈਕਟਰ ਸੰਤੋਸ਼ ਕੇਂਦਰੇ 'ਤੇ ਵੀ ਹਮਲਾ ਹੋਇਆ ਅਤੇ ਉਹ ਜ਼ਖ਼ਮੀ ਹੋ ਗਏ। ਪੁਲਿਸ ਨੇ ਹਮਲੇ ਦੇ ਇੱਕ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਂਦੇੜ ਦੇ ਪੁਲਿਸ ਸੁਪਰੀਡੈਂਟ ਤੋਂ ਘਟਨਾ ਸਬੰਧੀ ਜਾਣਕਾਰੀ ਲਈ ਹੈ। ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁੱਖ ਮੰਤਰੀ ਨੇ ਹਮਲੇ ਦੇ ਪਿੱਛੇ ਮਕਸਦ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੀ ਹਾਲਤ ਸਥਿਰ ਅਤੇ ਠੀਕ ਦੱਸੀ ਜਾ ਰਹੀ ਹੈ।
ਦਰਅਸਲ, ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਨਾਂਦੇੜ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਹ ਖ਼ਬਰ ਲਗਾਤਾਰ ਅਪਡੇਟ ਕਰ ਰਹੇ ਹਾਂ।
ਹਮਲੇ ਬਾਰੇ ਨਾਂਦੇੜ ਪੁਲਿਸ ਨੇ ਕੀ ਕਿਹਾ

ਤਸਵੀਰ ਸਰੋਤ, ANI
ਨਾਂਦੇੜ ਪੁਲਿਸ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਅੱਜ ਦੁਪਹਿਰ ਕਰੀਬ 2 ਵਜੇ ਮਾਤਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਇੱਕ ਸੇਵਾਦਾਰ ਨੇ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਨਾਂਦੇੜ ਦੇ ਸੁਪਰਡੈਂਟ ਡਾ. ਨੀਲਾਭ ਰੋਹਣ ਮੁਤਾਬਕ ਹਮਲੇ ਵਿੱਚ ਸੁਖਬੀਰ ਬਾਦਲ ਦੇ ਸੱਜੇ ਹੱਥ 'ਤੇ ਸੱਟ ਲੱਗੀ, ਜਦਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਤੈਨਾਤ ਐੱਸਪੀਯੂ ਦੇ ਇੱਕ ਇੰਸਪੈਕਟਰ ਨੇ ਹਮਲਾ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਦੇ ਹੱਥ 'ਤੇ ਵੀ ਮਾਮੂਲੀ ਸੱਟ ਲੱਗੀ।
ਡਾ. ਨੀਲਾਭ ਰੋਹਣ ਦੱਸਿਆ, "ਹਮਲਾ ਹੁੰਦੇ ਹੀ ਹਮਲਾਵਰ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।"
ਪੁਲਿਸ ਮੁਤਾਬਕ ਹਮਲਾਵਰ ਦੀ ਪਛਾਣ ਜਸਪਾਲ ਸਿੰਘ ਵਜੋਂ ਹੋਈ ਹੈ ਅਤੇ ਉਸ ਦੀ ਉਮਰ ਕਰੀਬ 60 ਤੋਂ 62 ਸਾਲ ਹੈ। ਉਹ ਪਿਛਲੇ ਲਗਭਗ ਦੋ ਸਾਲ ਤੋਂ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ ਅਤੇ ਮੂਲ ਰੂਪ ਵਿੱਚ ਪੁਣੇ ਦਾ ਰਹਿਣ ਵਾਲਾ ਹੈ।
ਡਾ. ਨੀਲਾਭ ਰੋਹਣ ਨੇ ਦੱਸਿਆ, "ਹਮਲੇ ਦਾ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਹਮਲਾਵਰ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਗੁੱਸੇ ਦੀ ਗੱਲ ਕਹੀ ਹੈ, ਪਰ ਇਸ ਬਿਆਨ ਦੀ ਪੁਸ਼ਟੀ, ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।"
ਪੁਲਿਸ ਮੁਤਾਬਕ, ਹਮਲਾਵਰ ਦਾ ਕੋਈ ਅਪਰਾਧਿਕ ਪਿਛੋਕੜ ਜਾਂ ਕਿਸੇ ਗੈਂਗ ਨਾਲ ਸਬੰਧ ਹੁਣ ਤੱਕ ਸਾਹਮਣੇ ਨਹੀਂ ਆਇਆ। ਹਮਲੇ ਪਿੱਛੇ ਕਿਸੇ ਸਿਆਸੀ ਕਾਰਨ ਦੀ ਵੀ ਪੁਸ਼ਟੀ ਨਹੀਂ ਹੋਈ ਹੈ। ਨਾਂਦੇੜ ਪੁਲਿਸ ਦੇ ਨਾਲ ਐਂਟੀ ਟੈਰਰਿਜ਼ਮ ਸਕੁਐਡ (ਏਟੀਐੱਸ) ਅਤੇ ਹੋਰ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਡਾ. ਨੀਲਾਭ ਰੋਹਣ ਮੁਤਾਬਕ, "ਸੁਖਬੀਰ ਸਿੰਘ ਬਾਦਲ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਇਹ ਸੁਰੱਖਿਆ ਵਿੱਚ ਚੂਕ ਨਹੀਂ ਸੀ, ਕਿਉਂਕਿ ਸੁਖਬੀਰ ਬਾਦਲ ਦੀ ਸੁਰੱਖਿਆ ਲਈ ਜ਼ੈੱਡ-ਪਲੱਸ ਸੁਰੱਖਿਆ ਪ੍ਰਬੰਧ ਤਹਿਤ ਅਧਿਕਾਰੀ ਤੈਨਾਤ ਸਨ ਅਤੇ ਹਮਲਾ ਹੁੰਦੇ ਹੀ ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ਨੂੰ ਰੋਕ ਕੇ ਕਾਬੂ ਕਰ ਲਿਆ।"
ਅਕਾਲੀ ਦਲ ਨੇ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਮੰਗੀ

ਤਸਵੀਰ ਸਰੋਤ, SAD
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਹਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਜਾਂਚ ਵਿੱਚ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਹਮਲੇ ਪਿੱਛੇ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਸੀ।
ਅਕਾਲੀ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੁਖਬੀਰ ਬਾਦਲ 'ਤੇ ਹੋਏ ਪਿਛਲੇ ਹਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਉਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਤਾਂ ਸ਼ਾਇਦ ਨਾਂਦੇੜ ਵਿੱਚ ਵਾਪਰੀ ਘਟਨਾ ਨੂੰ ਟਾਲਿਆ ਜਾ ਸਕਦਾ ਸੀ।
ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਹਮਲੇ ਨੂੰ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲਿਆਂ ਨਾਲ ਜੋੜ ਕੇ ਇਸ ਦਾ ਸਿਆਸੀਕਰਨ ਕਰਨ ਦਾ ਇਲਜ਼ਾਮ ਲਾਇਆ।
ਉਨ੍ਹਾਂ ਕਿਹਾ, "ਹਮਲੇ ਤੋਂ ਬਾਅਦ ਕੀਤੇ ਗਏ ਕੁਝ ਬਿਆਨ ਅਤੇ ਸੋਸ਼ਲ ਮੀਡੀਆ ਪੋਸਟਾਂ ਗ਼ੈਰ-ਜ਼ਿੰਮੇਵਾਰਾਨਾ ਹਨ ਅਤੇ ਇਨ੍ਹਾਂ ਰਾਹੀਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
"ਅਜਿਹੀਆਂ ਕੋਸ਼ਿਸ਼ਾਂ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਪੰਜਾਬੀਆਂ ਨੂੰ ਅਜਿਹੇ ਬਿਆਨਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਲਈ ਵਚਨਬੱਧ ਹੈ।"
ਸ਼੍ਰੋਮਣੀ ਅਕਾਲੀ ਦਲ ਨੇ ਹਮਲੇ ਬਾਰੇ ਕੀ ਕਿਹਾ

ਤਸਵੀਰ ਸਰੋਤ, SAD
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਹਨ। ਜਦੋਂ ਉਹ ਮੱਥਾ ਟੇਕ ਕੇ ਬਾਹਰ ਨਿਕਲ ਰਹੇ ਸਨ ਤਾਂ ਇੱਕ ਸ਼ਖ਼ਸ, ਜੋ ਨਿਹੰਗੀ ਬਾਣੇ ਦੇ ਵਿੱਚ ਸੀ, ਉਸ ਨੇ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਸ਼ਖ਼ਸ ਨੂੰ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤੈਨਾਤ ਕਰਮਚਾਰੀਆਂ ਨੇ ਰੋਕਿਆ।"
"ਪਰ ਇਸ ਹਮਲੇ ਦੇ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਾਂਹ ਦੇ ਉੱਤੇ ਮਾਮੂਲੀ ਸੱਟ ਵੱਜੀ ਹੈ। ਉਹ ਹਸਪਤਾਲ ਦੇ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਡ੍ਰੈਸਿੰਗ ਹੋ ਰਹੀ ਹੈ। ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਸਿਹਤਯਾਬ ਹਨ, ਚੜ੍ਹਦੀ ਕਲਾ ਦੇ ਵਿੱਚ ਹਨ। ਸੋ ਜਿਹੜੀਆਂ ਅਫ਼ਵਾਹਾਂ ਇਸ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਹਨ ਉਸ ਲਈ ਮੈਂ ਸਪਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਤੇ ਚੜ੍ਹਦੀ ਕਲਾ ਦੇ ਵਿੱਚ ਹਨ।"
ਅਰਸ਼ਦੀਪ ਕਲੇਰ ਨੇ ਕਿਹਾ, "ਕਿਉਂਕਿ ਮਾਮਲਾ ਪੰਜਾਬ ਤੋਂ ਬਾਹਰ ਦਾ, ਮਹਾਰਾਸ਼ਟਰ ਦਾ ਹੈ। ਸੋ ਮਹਾਰਾਸ਼ਟਰ ਦੀ ਪੁਲਿਸ ਇਸ ਵਿੱਚ ਜਾਂਚ ਕਰੇ ਕਿ ਉਹ ਸ਼ਖ਼ਸ ਕੌਣ ਹੈ, ਉਹ ਕਿਸ ਦੇ ਕਹਿਣ 'ਤੇ, ਕਿਹੜੀ ਸਾਜ਼ਿਸ਼ ਤਹਿਤ ਇਹ ਹਮਲਾ ਕੀਤਾ ਹੈ।"
ਸਿਆਸੀ ਪ੍ਰਤੀਕਿਰਿਆਵਾਂ ਕੀ ਰਹੀਆਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਾਦਲ ਉੱਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ, "ਗੁਰਦੁਆਰਾ ਸਾਹਿਬ ਉਹ ਪਾਵਨ ਅਸਥਾਨ ਹਨ ਜਿੱਥੇ ਸਿੱਖ ਸੰਗਤ ਸਰਬੱਤ ਦੇ ਭਲੇ ਦੀ ਅਰਦਾਸ ਲਈ ਨਤਮਸਤਕ ਹੁੰਦੀ ਹੈ ਅਤੇ ਅਜਿਹੇ ਪਵਿੱਤਰ ਸਥਾਨ 'ਤੇ ਹਿੰਸਕ ਘਟਨਾ ਵਾਪਰਨਾ ਬੇਹੱਦ ਮੰਦਭਾਗਾ ਹੈ।"
"ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਸ਼ਰਧਾਲੂ ਸਿੱਖ ਵਜੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿਖੇ ਦਰਸ਼ਨਾਂ ਲਈ ਗਏ ਸਨ ਅਤੇ ਉੱਥੇ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਗਿਆ। ਅਜਿਹੇ ਵਿੱਚ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਉਨ੍ਹਾਂ 'ਤੇ ਹਮਲਾ ਕਰਨਾ ਨਿੰਦਣਯੋਗ ਹੈ। ਇਸ ਘਟਨਾ ਨਾਲ ਗੁਰਦੁਆਰਾ ਸਾਹਿਬਾਨ ਦੀ ਮਾਣ-ਮਰਯਾਦਾ ਨੂੰ ਠੇਸ ਪਹੁੰਚੀ ਹੈ ਅਤੇ ਸਮੁੱਚੀ ਸਿੱਖ ਕੌਮ ਦੇ ਅਕਸ ਨੂੰ ਵੀ ਨੁਕਸਾਨ ਹੋਇਆ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਗੁਰੂ ਦਾ ਸੱਚਾ ਸਿੱਖ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਕਿਸੇ ਵੀ ਸਿੱਖ 'ਤੇ ਹਮਲਾ ਨਹੀਂ ਕਰ ਸਕਦਾ ਅਤੇ ਅਜਿਹੀ ਹਰਕਤ ਕਰਨ ਵਾਲਾ ਵਿਅਕਤੀ ਸਿੱਖੀ ਦੀਆਂ ਕਦਰਾਂ-ਕੀਮਤਾਂ ਦਾ ਪ੍ਰਤੀਨਿਧ ਨਹੀਂ ਹੋ ਸਕਦਾ।"
ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦੀ ਕੋਸ਼ਿਸ਼ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਆਸਥਾ ਦੇ ਪ੍ਰਤੀਕ ਪਾਵਨ ਅਸਥਾਨ 'ਤੇ ਨੁਮਾਇੰਦਾ ਸਿੱਖ ਸਿਆਸੀ ਜਥੇਬੰਦੀ ਦੇ ਮੁਖੀ 'ਤੇ ਹਮਲਾ ਦੁਖਦਾਈ ਤੇ ਮੰਦਭਾਗਾ ਹੈ।
ਉਨ੍ਹਾਂ ਕਿਹਾ, "ਗੁਰੂ ਘਰ ਦਰਸ਼ਨਾਂ ਲਈ ਪਰਿਵਾਰ ਸਮੇਤ ਗਏ ਬਾਦਲ 'ਤੇ ਹਮਲਾ ਕਰਨਾ ਜਿੱਥੇ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਉੱਥੇ ਹੀ ਗੁਰੂ ਘਰ ਦੀ ਮਾਣ-ਮਰਯਾਦਾ ਦੀ ਸਿੱਧੇ ਤੌਰ 'ਤੇ ਤੌਹੀਨ ਹੈ। ਹਰ ਸਿੱਖ ਭਾਵਨਾ ਨਾਲ ਗੁਰੂ ਘਰ ਆਉਂਦਾ ਹੈ ਅਤੇ ਕਿਸੇ ਸ਼ਰਧਾਲੂ 'ਤੇ ਅਜਿਹਾ ਹਮਲਾ ਸਿੱਖ ਸ਼ਰਧਾ ਨੂੰ ਸਿੱਧੀ ਠੇਸ ਹੈ।"
"ਪੰਥ ਵਿਰੋਧੀ ਤਾਕਤਾਂ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਕੌਮ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਅਜਿਹੇ ਮਨਸੂਬਿਆਂ ਲਈ ਹੀ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਹਨ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋ ਕੇ ਇਸ ਘਟਨਾ ਦੇ ਦੋਸ਼ੀ ਅਤੇ ਇਸ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।"

ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ, "ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਖ਼ਬਰ ਸੁਣ ਕੇ ਮੈਂ ਬੇਹੱਦ ਚਿੰਤਤ ਹਾਂ। ਉਨ੍ਹਾਂ ਦੀ ਜਲਦ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ।"
"ਹਿੰਸਾ ਦਾ ਕਿਸੇ ਵੀ ਸਮਾਜ ਅਤੇ ਲੋਕਤੰਤਰ ਵਿੱਚ ਕੋਈ ਸਥਾਨ ਨਹੀਂ ਹੈ। ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਸਾਨੂੰ ਸ਼ਾਂਤੀ, ਸੇਵਾ, ਸਿਮਰਨ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਇਸ ਪਾਵਨ ਅਸਥਾਨ 'ਤੇ ਵਾਪਰੀ ਅਜਿਹੀ ਹਿੰਸਕ ਘਟਨਾ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ।"
ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, "ਸੁਖਬੀਰ ਸਿੰਘ ਬਾਦਲ ਉੱਤੇ ਕੀਤੇ ਹਮਲੇ ਦੀਠ ਕਾਇਰਾਨਾ ਕੋਸ਼ਿਸ਼ ਬੇਹੱਦ ਨਿੰਦਣਯੋਗ ਹੈ ਅਤੇ ਇਹ ਪੰਜਾਬ ਦੀ ਸ਼ਾਂਤੀ ਤੇ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ। ਹਿੰਸਾ ਅਤੇ ਡਰਾਉਣ-ਧਮਕਾਉਣ ਦੀਆਂ ਕਾਰਵਾਈਆਂ ਦਾ ਸਾਡੇ ਪਵਿੱਤਰ ਗੁਰਧਾਮਾਂ ਵਿੱਚ ਕੋਈ ਸਥਾਨ ਨਹੀਂ ਹੈ।"
"ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬੇਨਕਾਬ ਕਰਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਸੁਰੱਖਿਆ ਵਿੱਚ ਹੋਈ ਕੁਤਾਹੀ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਸਿੱਖ ਧਰਮ ਸੇਵਾ, ਹਿੰਮਤ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ, ਹਿੰਸਾ ਦਾ ਨਹੀਂ।"
ਇਸ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਵੀ ਹੋਈ ਸੀ ਹਮਲੇ ਦੀ ਕੋਸ਼ਿਸ਼

ਤਸਵੀਰ ਸਰੋਤ, Punjab govt/PTI
4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਦਰਸ਼ਨੀ ਡਿਊਢੀ ਦੇ ਬਾਹਰ ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਵੇਲੇ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਧਾਰਮਿਕ ਸਜ਼ਾ ਤਹਿਤ ਸੇਵਾ ਨਿਭਾ ਰਹੇ ਸਨ। ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਸੀ।
ਉਸ ਵੇਲੇ ਘਟਨਾ ਦੀ ਵੀਡੀਓ ਵਿੱਚ ਦਿਖਾਈ ਦਿੱਤਾ ਸੀ ਕਿ ਨਾਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਵੱਲ ਪਿਸਤੌਲ ਤਾਣ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਸੁਰੱਖਿਆ ਵਿੱਚ ਤੈਨਾਤ ਮੁਲਾਜ਼ਮਾਂ ਨੇ ਤੁਰੰਤ ਦਖ਼ਲ ਦੇ ਕੇ ਹਮਲਾ ਨਾਕਾਮ ਕਰ ਦਿੱਤਾ। ਉਸ ਵੇਲੇ ਪੁਲਿਸ ਨੇ ਵੀ ਕਿਹਾ ਸੀ ਕਿ ਸੁਰੱਖਿਆ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਸੁਖਬੀਰ ਬਾਦਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
























