ਪੰਜਾਬ ਦੇ ਇਸਾਈ ਡੇਰੇ: 'ਪਾਸਟਰ ਬਜਿੰਦਰ ਮੇਰੇ ਰੂਹਾਨੀ ਪਿਤਾ ਹਨ, ਤੇ ਜੇ ਬਾਪ ਇੱਕ ਹੀ ਹੈ ਤਾਂ ਅੱਜ ਰਾਤ ਤੋਂ ਹੀ...'

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 13 ਮਿੰਟ

"ਜੇਕਰ ਤੁਹਾਡੇ ਅੰਦਰ ਇਹ ਗੱਲ ਹੈ ਕਿ ਪਾਸਟਰ ਬਜਿੰਦਰ ਮੇਰੇ ਰੂਹਾਨੀ ਫਾਦਰ ਹਨ ਅਤੇ ਜੇਕਰ ਬਾਪ ਇੱਕ ਹੀ ਬਣਾਓਗੇ ਤਾਂ ਯਾਦ ਰੱਖਣਾ ਅੱਜ ਰਾਤ ਤੋਂ ਬਾਅਦ ਤੁਹਾਡੇ ਕੋਲ ਅਸੀਸਾਂ ਦੇ ਢੇਰ ਲੱਗਣਗੇ।"

ਇਹ ਟਿੱਪਣੀ ਪਾਸਟਰ ਬਜਿੰਦਰ ਦੀ ਹੈ ਜੋ ਇੱਕ ਪ੍ਰਾਰਥਨਾ ਸਮਾਗਮ ਦੀ ਵੀਡੀਓ ਵਿੱਚ ਸੰਦੇਸ਼ ਦੇ ਰਹੇ ਹਨ।

ਇਸ ਟਿੱਪਣੀ ਤੋਂ ਪਹਿਲਾਂ ਉਨ੍ਹਾਂ ਨਾਲ ਇੱਕ ਅਜਿਹਾ ਪਰਿਵਾਰ ਨਜ਼ਰ ਆ ਰਿਹਾ ਹੈ, ਜੋ ਦਾਅਵਾ ਕਰਦਾ ਹੈ ਕਿ ਉਨ੍ਹਾਂ ਦਾ 6 ਵਾਰ ਕੈਨੇਡਾ ਦਾ ਵੀਜ਼ਾ ਰੱਦ ਹੋ ਗਿਆ ਸੀ ਅਤੇ ਪਾਸਟਰ ਬਜਿੰਦਰ ਦੀ ਪ੍ਰਾਰਥਨਾ ਨਾਲ ਹੁਣ ਮਿਲ ਗਿਆ ਹੈ।

ਇਹ ਸਾਰੀ ਵੀਡੀਓ ਪਰਿਵਾਰ ਵਲੋਂ ਕੈਨੇਡਾ ਦਾ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਕੀਤੇ ਸਮਾਗਮ ਦੀ ਹੈ, ਜੋ ਬਜਿੰਦਰ ਸਿੰਘ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਪਲੋਡ ਕੀਤੀ ਗਈ ਹੈ।

ਵੀਡੀਓ ਬਣਾਉਣ ਵਾਲੇ ਨੇ ਵਾਇਸ ਓਵਰ ਵਿੱਚ ਆਖਿਆ ਹੈ, "ਜੇਕਰ ਤੁਸੀਂ ਆਪਣੇ ਨਾ ਹੋ ਰਹੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਪਾਸਟਰ ਬਜਿੰਦਰ ਕੋਲ ਪ੍ਰਾਰਥਨਾ ਲਈ ਆ ਸਕਦੇ ਹੋ।"

"ਪਾਸਟਰ ਬਜਿੰਦਰ ਸਿੰਘ ਦੀ ਪ੍ਰਾਰਥਨਾ ਤੋਂ ਬਾਅਦ ਕਿਸੇ ਵੀ ਦੇਸ਼ ਦਾ ਵੀਜ਼ਾ ਮਿਲ ਸਕਦਾ ਹੈ, ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਹਨ ਅਤੇ ਵਿਗੜੇ ਹੋਏ ਕੰਮ ਬਣ ਸਕਦੇ ਹਨ।"

ਅਜਿਹੇ ਹੀ ਹੋਰ ਵੀ ਦਾਅਵੇ ਉਹ ਸੋਸ਼ਲ ਮੀਡੀਆ ਉੱਤੇ ਕਰਦੇ ਹਨ।

ਬਜਿੰਦਰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਅਤੇ ਜਲੰਧਰ ਦੇ ਤਾਜਪੁਰ ਪਿੰਡ ਵਿਚਲੀ 'ਦਿ ਚਰਚ ਆਫ਼ ਗਲੋਰੀ ਐਂਡ ਵਿਜ਼ਡਮ' ਦੇ ਬਾਨੀ ਹਨ। ਅੱਜ ਕੱਲ੍ਹ ਉਹ ਇੱਕ ਔਰਤ ਨਾਲ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਕਾਰਨ ਚਰਚਾ ਵਿੱਚ ਹਨ।

ਭਾਵੇਂ ਇਨ੍ਹਾਂ ਇਲਜ਼ਾਮਾਂ ਨੂੰ ਉਹ ਪੂਰੀ ਤਰ੍ਹਾਂ ਰੱਦ ਕਰ ਕਰਦੇ ਹਨ ਅਤੇ ਆਪਣੇ ਖ਼ਿਲਾਫ਼ ਸਾਜ਼ਿਸ਼ ਕਰਾਰ ਦਿੰਦੇ ਹਨ। ਪਰ ਪਾਸਟਰ ਬਜਿੰਦਰ ਸਿੰਘ ਨਾਲ ਜੁੜਿਆ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ।

2018 ਵਿੱਚ ਵੀ ਉਨ੍ਹਾਂ ਉੱਤੇ ਇੱਕ ਔਰਤ ਨੇ ਬਲਾਤਕਾਰ ਦੇ ਇਲਜ਼ਾਮ ਲਾਏ ਸਨ ਜਿਸ ਦੇ ਤਹਿਤ ਉਨ੍ਹਾਂ ਨੂੰ ਕਰੀਬ ਦੋ ਮਹੀਨੇ ਪਟਿਆਲਾ ਦੀ ਜੇਲ੍ਹ ਵਿੱਚ ਬਤੀਤ ਕਰਨ ਪਏ ਸਨ। ਇਸ ਕੇਸ ਦਾ ਉਹ ਅਜੇ ਵੀ ਸਾਹਮਣਾ ਕਰ ਰਹੇ ਹਨ।

ਭਾਵੇਂ ਕਿ ਇਸਾਈ ਧਰਮ ਪੰਜਾਬ ਵਿੱਚ ਬਹੁਤ ਪੁਰਾਣਾ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਇਸਾਈਆਂ ਨਾਲ ਸਬੰਧਤ ਗਿਰਜਾਘਰਾਂ, ਖ਼ਾਸ ਬਜਿੰਦਰ ਜਿਹੇ ਪਾਸਟਰਾਂ ਦੇ ਨਿੱਜੀ ਡੇਰਿਆਂ ਦੀ ਗਿਣਤੀ ਵਿੱਚ ਬਹੁਤ ਹੀ ਤੇਜ਼ੀ ਵਾਧਾ ਹੋਣ ਦੀ ਚਰਚਾ ਚੱਲ ਰਹੀ ਹੈ।

ਖ਼ਾਸ ਗੱਲ ਇਹ ਵੀ ਹੈ ਕਿ ਪੰਜਾਬ ਦੇ ਇਸਾਈ ਭਾਈਚਾਰੇ ਦੇ ਮੁੱਖਧਾਰਾ ਦੇ ਚਰਚ ਇਨ੍ਹਾਂ ਨਿੱਜੀ ਇਸਾਈ ਡੇਰਿਆਂ ਨੂੰ ਕੋਈ ਮਾਨਤਾ ਨਹੀਂ ਦਿੰਦੇ।

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਤਾਂ ਉਲਟਾ ਇਸਾਈ ਧਰਮ ਦੇ ਸਿਧਾਂਤਾਂ ਤੇ ਰਵਾਇਤਾਂ ਨੂੰ ਢਾਹ ਲੱਗ ਰਹੀ ਹੈ।

ਇਨ੍ਹਾਂ ਨਿੱਜੀ ਡੇਰਿਆਂ ਦੇ ਜ਼ਿਆਦਾਤਰ ਪਾਸਟਰ, (ਇਨ੍ਹਾਂ ਨਾਲ ਜੁੜੇ ਲੋਕ ਇਨ੍ਹਾਂ ਨੂੰ "ਪਾਪਾ" ਆਖਦੇ ਹਨ) ਜਨਮ ਤੋਂ ਇਸਾਈ ਨਹੀਂ, ਬਲਕਿ ਆਪਣਾ ਮੂਲ ਧਰਮ ਛੱਡ ਕੇ ਇਸ ਧਰਮ ਵਿੱਚ ਆਏ ਹਨ ਅਤੇ ਇਨ੍ਹਾਂ ਆਪਣੇ ਵਿਸ਼ਾਲ ਡੇਰੇ ਕਾਇਮ ਕਰ ਲਏ ਹਨ।

ਪੰਜਾਬ ਦੇ ਅਜਿਹੇ ਪਾਸਟਰਾਂ ਵਿੱਚ ਬਜਿੰਦਰ ਸਿੰਘ, ਅੰਕੁਰ ਨਰੂਲਾ ਅਤੇ ਹਰਪ੍ਰੀਤ ਸਿੰਘ ਦਿਓਲ ਪ੍ਰਮੁੱਖ ਹਨ।

ਇਨ੍ਹਾਂ ਪਾਸਟਰਾਂ ਨੇ ਇਸਾਈ ਧਰਮ ਦੀ ਪੜ੍ਹਾਈ ਅਤੇ ਪ੍ਰਚਾਰਕ ਦੀ ਟਰੇਨਿੰਗ ਕਿੰਨੀ ਅਤੇ ਕਿੱਥੋਂ ਕੀਤੀ ਹੈ, ਇਸ ਦਾ ਵੇਰਵਾ ਨਹੀਂ ਮਿਲਦਾ ਪਰ ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਲੱਖਾਂ ਲੋਕ ਇਨ੍ਹਾਂ ਦੇ ਨਾਲ ਜੁੜੇ ਹੋਏ ਹਨ।

ਬੀਬੀਸੀ ਪੰਜਾਬੀ ਨੇ ਇਨ੍ਹਾਂ ਇਸਾਈ ਡੇਰਿਆਂ ਦੇ ਪ੍ਰਬੰਧਾਂ ਨਾਲ ਜੁੜੇ ਹੋਏ ਕੁਝ ਲੋਕਾਂ ਨਾਲ ਗੱਲ ਕਰ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੱਗੋਂ ਸਪੱਸ਼ਟ ਜਵਾਬ ਨਹੀਂ ਮਿਲਿਆ।

ਇਹ ਡੇਰੇ ਕੁਝ ਹੀ ਸਾਲਾਂ ਵਿੱਚ ਇੰਨੇ ਜ਼ਿਆਦਾ ਵੱਡੇ ਰੂਪ ਧਾਰਨ ਕਰ ਗਏ ਹਨ ਕਿ ਇਹ ਉਸ ਇਲਾਕੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਲੱਗੇ ਹਨ। ਅਕਸਰ ਵੋਟਾਂ ਸਮੇਂ ਵੱਖ-ਵੱਖ ਸਿਆਸੀ ਦਲਾਂ ਦੇ ਆਗੂ ਇਨ੍ਹਾਂ ਡੇਰਿਆਂ ਦੀ ਹਾਜ਼ਰੀ ਭਰਦੇ ਹੋਏ ਆਮ ਦੇਖੇ ਜਾ ਸਕਦੇ ਹਨ।

ਕੁਝ ਸਮੇਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਿੱਜੀ ਡੇਰਿਆਂ ਦੇ ਪਾਸਟਰਾਂ ਉੱਤੇ ਲੋਕਾਂ ਨੂੰ ਭਰਮਾ ਕੇ ਧਰਮ ਪਰਿਵਰਤਨ ਦੇ ਇਲਜ਼ਾਮ ਵੀ ਲਗਾ ਚੁੱਕੇ ਹਨ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਬਕਾਇਦਾ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ 'ਘਰ ਵਾਪਸੀ ਮੁਹਿੰਮ' ਵੀ ਪਿਛਲੇ ਕਾਫੀ ਸਮੇਂ ਤੋਂ ਸ਼ੁਰੂ ਕੀਤੀ ਹੋਈ ਹੈ।

ਇਸ ਰਿਪੋਰਟ ਰਾਹੀਂ ਅਸੀਂ ਆਪੇ ਬਣੇ ਪਾਸਟਰਾਂ, ਇਨ੍ਹਾਂ ਦੇ ਡੇਰਿਆਂ ਅਤੇ ਇਨ੍ਹਾਂ ਦੇ ਪੰਜਾਬ ਵਿੱਚ ਅਸਰ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ।

ਪਾਸਟਰ ਬਜਿੰਦਰ ਦਾ ਕੀ ਹੈ ਪਿਛੋਕੜ

ਪਾਸਟਰ ਬਜਿੰਦਰ ਸਿੰਘ ਦਾ ਸਬੰਧ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਹੈ ਅਤੇ ਉਹ ਜਾਟ ਭਾਈਚਾਰੇ ਨਾਲ ਸਬੰਧਤ ਹਨ।

ਉਨ੍ਹਾਂ ਦੀ ਚਰਚ ਦੀਆਂ ਪੂਰੇ ਦੇਸ਼ ਵਿੱਚ 260 ਇਕਾਈਆਂ ਹਨ ਅਤੇ ਸਭ ਤੋਂ ਵੱਡੀ ਬਰਾਂਚ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਅਤੇ ਜਲੰਧਰ ਦੇ ਤਾਜਪੁਰ ਪਿੰਡ ਵਿੱਚ ਹੈ ਜਿਸ ਨੂੰ 'ਗਲੋਰੀ ਆਫ਼ ਵਿਜ਼ਡਮ ਚਰਚ' ਕਿਹਾ ਜਾਂਦਾ ਹੈ।

ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਵੀ ਇਨ੍ਹਾਂ ਦੀਆਂ ਵੱਡੀਆਂ ਇਕਾਈਆਂ ਹਨ।

ਇੱਕ ਜਾਟ ਪਰਵਾਰ ਵਿੱਚ ਜੰਮੇ, ਬਜਿੰਦਰ ਸਿੰਘ ਆਪਣੇ ਬਾਰੇ ਦੱਸਦੇ ਹਨ, "ਚਿੜਚਿੜਾ ਸੁਭਾਅ ਹੋਣ ਕਾਰਨ ਅਕਸਰ ਉਹ ਲੋਕਾਂ ਨਾਲ ਲੜਦੇ ਅਤੇ ਕੁੱਟਮਾਰ ਕਰਦੇ ਰਹਿੰਦੇ ਸਨ। ਬਾਅਦ ਵਿੱਚ ਕਤਲ ਦੇ ਇੱਕ ਮਾਮਲੇ ਵਿੱਚ ਉਹ ਜੇਲ੍ਹ ਚਲੇ ਗਏ ਅਤੇ ਜਿੱਥੇ ਉਨ੍ਹਾਂ ਈਸਾਈ ਧਰਮ ਅਪਣਾ ਲਿਆ।"

ਪਾਸਟਰ ਬਜਿੰਦਰ ਸਿੰਘ ਮਨਿਸਟਰੀ ਦੇ ਕੌਮੀ ਪ੍ਰਧਾਨ ਅਵਤਾਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "2016 ਵਿੱਚ ਸਿਰਫ਼ 100 ਲੋਕਾਂ ਦੇ ਨਾਲ ਪਾਸਟਰ ਬਜਿੰਦਰ ਸਿੰਘ ਨੇ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਕਿਰਾਏ ਦੀ ਜ਼ਮੀਨ ਉੱਤੇ ਮਨਿਸਟਰੀ ਦੀ ਸ਼ੁਰੂਆਤ ਕੀਤੀ ਅਤੇ ਇਸੇ ਸਾਲ ਜਲੰਧਰ ਦੇ ਤਾਜਪੁਰ ਵਿੱਚ ਵੀ 50 ਲੋਕਾਂ ਨਾਲ ਚਰਚ ਦੀ ਸ਼ੁਰੂਆਤ ਕੀਤੀ ਗਈ।"

ਅਵਤਾਰ ਸਿੰਘ ਦੱਸਦੇ ਹਨ ਕਿ ਹੁਣ ਮਨਿਸਟਰੀ ਇੱਕ ਵੱਡੀ ਸੰਸਥਾ ਬਣ ਚੁੱਕੀ ਹੈ, ਜਿਸ ਦੀਆਂ ਇਕਾਈਆਂ ਦੇਸ ਦੇ ਨਾਲ ਨਾਲ ਵਿਦੇਸ਼ ਵਿੱਚ ਵੀ ਹਨ।

ਨਿਊ ਚੰਡੀਗੜ੍ਹ ਵਿੱਚ ਪਾਸਟਰ ਬਜਿੰਦਰ ਸਿੰਘ ਦਾ ਡੇਰਾ ਬੇਸ਼ਕੀਮਤੀ ਜ਼ਮੀਨ ਉੱਤੇ ਕਈ ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਹਰ ਐਤਵਾਰ ਇੱਥੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸੰਸ਼ਕ ਜੁੜਦੇ ਹਨ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂ-ਟਿਊਬ, ਫੇਸਬੁਕ ਅਤੇ ਇੰਸਟਾਗ੍ਰਾਮ ਉਤੇ ਲੱਖਾਂ ਲੋਕ ਇਨ੍ਹਾਂ ਨਾਲ ਜੁੜੇ ਹੋਏ ਹਨ।

ਪਾਸਟਰ ਅੰਕੁਰ ਨਰੂਲਾ ਕੌਣ ਹਨ

"ਦਿ ਚਰਚ ਆਫ਼ ਸਾਈਨਜ਼ ਐਂਡ ਵੰਡਰਜ਼" ਇਸ ਮਨਿਸਟਰੀ ਦਾ ਹੈੱਡਕੁਆਟਰ ਜਲੰਧਰ ਦਾ ਪਿੰਡ ਖਾਬੜਾ ਹੈ ਅਤੇ ਇਹ ਭਾਰਤ ਵਿੱਚ ਸਭ ਤੋਂ ਵੱਡੀ ਅਤੇ ਤੇਜ਼ੀ ਨਾਲ ਵੱਧ ਰਹੀ ਮਨਿਸਟਰੀ ਹੋਣ ਦਾ ਇਹ ਦਾਅਵਾ ਕਰਦੇ ਹਨ।"

ਇਸ ਮਨਿਸਟਰੀ ਦਾ ਕਰਤਾ ਧਰਤਾ ਪਾਸਟਰ ਅੰਕੁਰ ਯੂਸਫ਼ ਨਰੂਲਾ ਹਨ ਅਤੇ ਉਨ੍ਹਾਂ ਪਿਛੋਕੜ ਖੱਤਰੀ ਪਰਿਵਾਰ ਨਾਲ ਹੈ।

"ਦਿ ਚਰਚ ਆਫ਼ ਸਾਈਨਜ਼ ਐਂਡ ਵੰਡਰਜ਼" ਦੀ ਵੈੱਬਸਾਈਟ ਵਿੱਚ ਦਾਅਵਾ ਕੀਤਾ ਗਿਆ ਹੈ, "ਇਸਾਈ ਧਰਮ ਵਿੱਚ ਆਉਣ ਤੋਂ ਪਹਿਲਾਂ ਅੰਕੁਰ ਨਰੂਲਾ ਨਸ਼ੇ ਅਤੇ ਬਿਮਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਤੱਕ ਪਹੁੰਚ ਗਏ ਸੀ ਪਰ ਇਸਾਈ ਧਰਮ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰਾਂ ਬਦਲ ਗਈ।"

ਅਕੁੰਰ ਨਰੂਲਾ ਆਪਣੇ ਅਦਾਰੇ ਦੀਆਂ ਦੇਸ਼-ਵਿਦੇਸ਼ ਵਿੱਚ 100 ਬ੍ਰਾਂਚਾਂ ਹੋਣ ਦਾ ਦਾਅਵਾ ਕਰਦੇ ਹਨ ਜਿਸ ਵਿੱਚ ਕੈਨੇਡਾ, ਅਮਰੀਕਾ, ਜਰਮਨੀ, ਬਰਤਾਨੀਆਂ ਅਤੇ ਇਟਲੀ ਪ੍ਰਮੁੱਖ ਹਨ।

2008 ਵਿੱਚ ਤਿੰਨ ਲੋਕਾਂ ਦੇ ਨਾਲ ਪਾਸਟਰ ਅੰਕੁਰ ਨੇ ਚਰਚ ਸ਼ੁਰੂ ਕੀਤੀ ਸੀ ਅਤੇ ਹੁਣ ਚਰਚ ਦਾ ਦਾਅਵਾ ਹੈ ਕਿ ਉਸ ਦੇ ਚਾਰ ਲੱਖ ਤੋਂ ਜ਼ਿਆਦਾ ਮੈਂਬਰ ਹਨ ਅਤੇ ਲਗਾਤਾਰ ਇਸ ਵਿੱਚ ਇਜ਼ਾਫਾ ਹੋ ਰਿਹਾ ਹੈ।

ਪਾਸਟਰ ਅੰਕੁਰ ਨਰੂਲਾ ਦੇ ਦੋ ਚਰਚ ਹਨ, ਇੰਨਾ ਵਿਚੋਂ ਇੱਕ ਜਲੰਧਰ ਨੇੜਲੇ ਖਾਬੜਾ ਪਿੰਡ ਵਿੱਚ ਅਤੇ ਦੂਜਾ ਗੁਰਦਾਸਪੁਰ ਵਿੱਚ ਹੈ।

ਅੰਕੁਰ ਮਨਿਸਟਰੀ ਦੇ ਪ੍ਰਬੰਧਕ ਗੌਰਵ ਦੱਸਦੇ ਹਨ , "ਖਾਬੜਾ ਚਰਚ 100 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਵੱਡੇ ਪ੍ਰਾਰਥਨਾ ਹਾਲ ਤੋਂ ਇਲਾਵਾ ਲੰਗਰ ਹਾਲ ਵੀ ਹੈ, ਜਿੱਥੇ ਹਰ ਧਰਮ ਦੇ ਲੋਕ ਹਾਜ਼ਰੀ ਭਰਦੇ ਹਨ।"

ਅੰਕੁਰ ਨਰੂਲਾ ਦੇ ਅਦਾਰੇ ਦਾ ਇਹ ਵੀ ਦਆਵਾ ਹੈ ਕਿ ਹਰ ਹਫ਼ਤੇ ਤਿੰਨ ਲੱਖ ਮੈਂਬਰ "ਦਿ ਚਰਚ ਆਫ਼ ਸਾਈਨਜ਼ ਐਂਡ ਵੰਡਰਜ਼" ਵਿੱਚ ਆਉਂਦੇ ਹਨ।

ਇਸ ਤੋਂ ਇਲਾਵਾ ਆਨ ਲਾਈਨ ਸਾਧਨਾਂ ਰਾਹੀਂ ਵੀ ਆਪਣੇ ਮੈਂਬਰਾਂ ਨਾਲ ਪਾਸਟਰ ਅੰਕੁਰ ਜੁੜਦੇ ਹਨ। ਉਨ੍ਹਾਂ ਦੇ ਯੂ ਟਿਊਬ ਚੈਨਲ ਉੱਤੇ ਲੱਖਾਂ ਸਬ-ਸਕ੍ਰਾਈਬਰ ਹਨ।

ਇਨ੍ਹਾਂ ਵੱਲੋਂ ਸੋਫ਼ੀਆਂ ਇੰਸਟੀਚਿਊਟ ਆਫ਼ ਐਕਸੀਲੈਂਸ ਨਾਮਕ ਸੰਸਥਾ ਵੀ ਖੋਲੀ ਗਈ ਹੈ ਜਿਸ ਦਾ ਕੰਮ ਗ਼ਰੀਬ ਬੱਚਿਆਂ ਨੂੰ ਪੀਸੀਐੱਸ ਅਤੇ ਆਈਏਐੱਸ ਅਤੇ ਹੋਰ ਪ੍ਰੀਖਿਆਵਾਂ ਲਈ ਤਿਆਰ ਕਰਨਾ ਹੈ।

ਜਾਣਕਾਰ ਮੰਨਦੇ ਹਨ ਕਿ ਪੰਜਾਬ ਵਿੱਚ ਸਰਕਾਰੀ ਅੰਕੜੇ ਮੁਤਾਬਕ ਇਸਾਈ ਭਾਈਚਾਰੇ ਦੀ ਕੁੱਲ ਆਬਾਦੀ ਤਿੰਨ ਲੱਖ 48 ਹਜ਼ਾਰ ਹੈ ਪਰ ਪਾਸਟਰ ਅੰਕੁਰ ਇਕੱਲਾ ਹੀ ਚਾਰ ਲੱਖ ਸ਼ਰਧਾਲੂਆਂ ਦੇ ਆਪਣੇ ਨਾਲ ਜੁੜੇ ਹੋਣ ਦਾ ਦਾਅਵਾ ਕਰਦਾ ਹੈ।

ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਇਸਾਈ ਧਰਮ ਦਾ ਵਿਸਥਾਰ ਪਿਛਲੇ ਸਾਲਾਂ ਦੌਰਾਨ ਕਿੰਨੇ ਵੱਡੇ ਪੱਧਰ ਉੱਤੇ ਹੋਇਆ ਹੈ।

ਚਰਚ ਵੱਲੋਂ ਆਪਣੀ ਵੈੱਬਸਾਈਟ ਉੱਤੇ ਕਈ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮਰੀਜ਼ਾ ਦੀਆਂ ਵੱਖ ਵੱਖ ਬਿਮਾਰੀਆ ਠੀਕ ਕਰਨ ਦਾ ਦਾਅਵਾ ਕੀਤਾ ਗਿਆ ਹੈ। ਹਰ ਵੀਰਵਾਰ ਅਤੇ ਐਤਵਾਰ ਨੂੰ ਭਾਰੀ ਤਦਾਦ ਵਿੱਚ ਸ਼ਰਧਾਲੂ ਇੱਥੇ ਪਹੁੰਚਦੇ ਹਨ।

ਕਪੂਰਥਲਾ ਦਾ ਖੋਜੇਵਾਲਾ "ਦਿ ਓਪਨ ਡੋਰ ਚਰਚ"

ਪੰਜਾਬ ਦੇ ਦੁਆਬਾ ਖੇਤਰ ਦਾ ਦੂਜਾ ਵੱਡਾ ਚਰਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲ ਵਿਖੇ ਸਥਾਪਤ "ਦਿ ਓਪਨ ਡੋਰ ਚਰਚ" ਹੈ।

ਇਸ ਚਰਚ ਦੇ ਕਰਤਾ ਧਰਤਾ ਪਾਸਟਰ ਹਰਪ੍ਰੀਤ ਦਿਓਲ ਹਨ। ਪਿੰਡ ਦੇ ਐਨ ਵਿਚਕਾਰ ਚਰਚ ਦੀ ਵਿਸ਼ਾਲ ਇਮਾਰਤ ਬਣਾਈ ਗਈ ਹੈ ਅਤੇ ਇੱਥੇ ਹੀ ਪਾਸਟਰ ਹਰਪ੍ਰੀਤ ਦਿਓਲ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ, ਜਿੱਥੇ ਸੁਰੱਖਿਆ ਲਈ ਬਾਊਂਸਰ ਵੀ ਮੌਜੂਦ ਰਹਿੰਦੇ ਹਨ।

ਹਰ ਐਤਵਾਰ ਨੂੰ ਭਾਰੀ ਗਿਣਤੀ ਵਿੱਚ ਲੋਕ ਇੱਥੇ ਹਾਜ਼ਰੀ ਭਰਦੇ ਹਨ।

ਪਾਸਟਰ ਹਰਪ੍ਰੀਤ ਦਿਓਲ ਦਾ ਪਿਛੋਕੜ ਜੱਟ ਪਰਿਵਾਰ ਨਾਲ ਹੈ ਅਤੇ ਉਨ੍ਹਾਂ ਦੇ ਪਿਤਾ ਨੇ ਇਸਾਈ ਧਰਮ ਅਪਣਾਇਆ ਸੀ, ਜਿਸ ਤੋਂ ਬਾਅਦ ਬਾਕੀ ਪਰਿਵਾਰ ਵੀ ਇਸ ਧਰਮ ਨਾਲ ਜੁੜ ਗਿਆ।

ਪਾਸਟਰ ਹਰਪ੍ਰੀਤ ਦਿਓਲ ਨੇ ਨਾਲ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਚਰਚ ਦਾ ਕੰਮ ਕਾਜ ਦੇਖਦੇ ਹਨ।

ਨਿੱਜੀ ਡੇਰਿਆਂ ਦੀ ਭਰਮਾਰ

ਪੰਜਾਬ ਵਿੱਚ ਇੰਨ੍ਹਾਂ ਤਿੰਨ ਵੱਡੇ ਇਸਾਈ ਡੇਰਿਆਂ ਤੋਂ ਇਲਾਵਾ ਕਈ ਹੋਰ ਪਾਸਟਰਾਂ ਨੇ ਵੀ ਆਪਣੇ ਡੇਰੇ ਸਥਾਪਤ ਕਰ ਲਏ ਹਨ। ਇਨ੍ਹਾਂ ਵਿਚੋਂ ਕੋਈ ਵੀ ਪੈਦਾਇਸ਼ੀ ਇਸਾਈ ਨਹੀਂ ਬਲਕਿ ਦੂਜੇ ਧਰਮਾਂ ਤੋਂ ਇਸਾਈ ਧਰਮ ਅਪਣਾ ਕੇ ਪਾਸਟਰ ਬਣੇ ਹਨ।

ਰੋਪੜ ਜ਼ਿਲ੍ਹੇ ਵਿੱਚ ਮੋਰਿੰਡਾ-ਬੇਲਾ ਰੋਡ ਉੱਤੇ ਰਮਨ ਹੰਸ ਵੱਲੋਂ ਸਥਾਪਤ ਇਸਾਈ ਡੇਰਾ, ਬਟਾਲਾ ਦੇ ਹਰਪੁਰਾ ਪਿੰਡ ਵਿੱਚ ਪਾਸਟਰ ਗੁਰਨਾਮ ਸਿੰਘ ਖੇੜਾ ਦਾ ਡੇਰਾ, ਅੰਮ੍ਰਿਤਸਰ ਵਿੱਚ ਸੁਖਪਾਲ ਰਾਣਾ ਮਨਿਸਟਰੀ, ਬਨੂੜ ਵਿੱਚ ਕੰਚਨ ਮਿੱਤਲ ਮਨਿਸਟਰੀ,ਪਾਸਟਰ ਹਰਜੀਤ ਸੰਧੂ ਮਨਿਸਟਰੀ ਅਤੇ ਨਵਾਂ ਸ਼ਹਿਰ ਵਿੱਚ ਅੰਮ੍ਰਿਤ ਸੰਧੂ ਤੋਂ ਇਲਾਵਾ ਕਈ ਹੋਰ ਪਾਸਟਰਾਂ ਨੇ ਨਿੱਜੀ ਡੇਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਾਇਮ ਕੀਤੇ ਹਨ।

ਇਹ ਸਾਰੇ ਪਾਸਟਰ ਸੋਸ਼ਲ ਮੀਡੀਆ ਰਾਹੀਂ ਆਪਣਾ ਪ੍ਰਚਾਰ ਕਰਦੇ ਹਨ ਅਤੇ ਇਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਲੋਕ ਜੁੜੇ ਵੀ ਹੋਏ ਹਨ।

ਪੰਜਾਬ ਵਿੱਚ ਇਸ ਸਮੇਂ ਕਿੰਨੇ ਪਾਸਟਰ ਸਰਗਰਮ ਹਨ, ਇਸ ਦਾ ਕੋਈ ਅਧਿਕਾਰਤ ਅੰਕੜਾ ਮੌਜੂਦ ਨਹੀਂ ਹੈ ਪਰ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਗੌਰਵ ਮੁਤਾਬਕ ਉਨ੍ਹਾਂ ਦੀ ਸੰਸਥਾ ਨਾਲ ਕਰੀਬ ਦਸ ਹਜ਼ਾਰ ਪਾਸਟਰ ਜੁੜੇ ਹੋਏ ਹਨ।

ਨਿੱਜੀ ਡੇਰਿਆਂ ਦੇ ਪਾਸਟਰਾਂ ਵੱਲੋਂ ਬਿਮਾਰ ਵਿਅਕਤੀਆਂ ਨੂੰ ਠੀਕ ਕਰਨਾ, ਵਿਦੇਸ਼ ਜਾਣ ਲਈ ਪ੍ਰਾਰਥਨਾ ਕਰਨਾ, ਕੈਨੇਡਾ ਦੀ ਐਬੰਸੀ ਵੱਲੋਂ ਰੱਦ ਵੀਜ਼ਾ ਨੂੰ ਫਿਰ ਤੋਂ ਲਗਵਾਉਣਾ, ਆਪਣੇ ਵਿਗੜੇ ਕੰਮ ਠੀਕ ਕਰਵਾਉਣ ਲਈ ਸਪੈਸ਼ਲ ਪ੍ਰਾਰਥਨਾ ਕਰਵਾਉਣ ਵਰਗੀਆਂ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਪਾਸਟਰਾਂ ਵੱਲੋਂ ਪਾਈਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ ਫੋਨ ਉੱਤੇ ਵੀ ਇਹ ਪਾਸਟਰ ਪ੍ਰਾਰਥਨਾ ਕਰਨ ਦੀ ਸਹੂਲਤ ਆਪਣੇ ਨਾਲ ਜੁੜੇ ਲੋਕਾਂ ਨੂੰ ਦਿੰਦੇ ਹਨ।

ਪਾਸਟਰਾਂ ਦਾ ਸਿਆਸੀ ਦਬਦਬਾ

ਪੰਜਾਬ ਵਿੱਚ ਪਾਸਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਸਮਾਜਿਕ ਕੰਮਾਂ ਦੇ ਲਈ ਦੋ ਸਾਲ ਪਹਿਲਾਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਐਕਸ਼ਨ ਕਮੇਟੀ ਦੇ ਚੇਅਰਮੈਨ ਗੌਰਵ ਮੁਤਾਬਕ ਉਨ੍ਹਾਂ ਨਾਲ 10 ਹਜ਼ਾਰ ਪਾਸਟਰ ਜੁੜੇ ਹੋਏ ਜੁੜੇ ਹੋਏ ਹਨ ਅਤੇ ਇਸ ਸੰਸਥਾ ਦਾ ਕੰਮ ਪਾਸਟਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦਾ ਨਿਪਟਾਰਾ ਕਰਨਾ, ਭਾਈਚਾਰਕ ਸਾਂਝ ਕਾਇਮ ਕਰਨੀ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨਾ ਪ੍ਰਮੁੱਖ ਹੈ।

ਉਨ੍ਹਾਂ ਮੁਤਾਬਕ ਐਕਸ਼ਨ ਕਮੇਟੀ ਦਾ ਕੋਈ ਵੀ ਸਿਆਸੀ ਉਦੇਸ਼ ਨਹੀਂ ਹੈ।

2023 ਵਿੱਚ ਇਸਾਈ ਧਰਮ ਦੇ ਨਿੱਜੀ ਡੇਰਿਆਂ ਦੇ ਲਈ "ਪੈਂਟੇਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ" (ਪੀਸੀਪੀਸੀ) ਦਾ ਗਠਨ ਖੋਜੇਵਾਲ ਚਰਚ ਦੇ ਪ੍ਰਬੰਧਕ ਪਾਸਟਰ ਹਰਪ੍ਰੀਤ ਦਿਓਲ ਵੱਲੋਂ ਕੀਤਾ ਗਿਆ।

ਇਸ ਕਮੇਟੀ ਦਾ ਮਕਸਦ ਨਿੱਜੀ ਤੌਰ ਉੱਤੇ ਕੰਮ ਕਰ ਰਹੇ ਪਾਸਟਰਾਂ ਨੂੰ ਆਪਣੇ ਨਾਲ ਜੋੜਨਾ ਸੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਹੱਲ ਕਰਨਾ ਸੀ।

ਇਸ ਤੋਂ ਬਾਅਦ ਪੀਸੀਪੀਸੀ ਵੱਲੋਂ ਸਿਆਸੀ ਦਬਦਬਾ ਕਾਇਮ ਕਰਨ ਦੇ ਮਕਸਦ ਨਾਲ 2023 ਦੇ ਵਿੱਚ ਯੂਨਾਇਟਿਡ ਪੰਜਾਬ ਪਾਰਟੀ (ਯੂਪੀਪੀ) ਦਾ ਗਠਨ ਕਰ ਕੇ ਪੰਜਾਬ ਦੀ ਰਾਜਨੀਤੀ ਵਿੱਚ ਐਂਟਰੀ ਮਾਰਨ ਦੀ ਕੋਸ਼ਿਸ ਕੀਤੀ ਗਈ।

ਪਾਰਟੀ ਕਾਇਮ ਕਰਨ ਪਿੱਛੇ ਪੀਸੀਪੀਸੀ ਦੀ ਦਲੀਲ ਸੀ ਕਿ ਇਸਾਈ ਭਾਈਚਾਰੇ ਦੀਆਂ ਸਮੱਸਿਆਵਾਂ ਸੂਬੇ ਦੀਆਂ ਪ੍ਰਮੁੱਖ ਪਾਰਟੀਆਂ ਵੱਲੋਂ ਹੱਲ ਨਹੀਂ ਕੀਤੀਆਂ ਜਾਂਦੀਆਂ, ਇਸ ਕਰ ਕੇ ਇਸ ਦਾ ਗਠਨ ਕੀਤਾ ਗਿਆ।

2023 ਵਿੱਚ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਇਸ ਪਾਰਟੀ ਨੇ ਲੜਨ ਦਾ ਐਲਾਨ ਵੀ ਕੀਤਾ ਪਰ ਬਾਅਦ ਵਿੱਚ "ਯੁਨਾਇਟਡ ਪੰਜਾਬ ਪਾਰਟੀ" ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਦਿੱਤੀ ਗਈ।

ਪਾਰਟੀ ਦਾ ਗਠਨ ਜ਼ਰੂਰ ਕੀਤਾ ਗਿਆ ਪਰ ਅਜੇ ਤੱਕ ਪੰਜਾਬ ਵਿੱਚ ਇਸ ਦਾ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਨਹੀਂ ਬਣ ਪਾਇਆ। ਅਕਸਰ ਚੋਣਾਂ ਸਮੇਂ ਵੋਟਾਂ ਦੇ ਲਈ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਕਈ ਆਗੂ ਇਨ੍ਹਾਂ ਚਰਚਾਂ ਵਿੱਚ ਹਾਜ਼ਰੀ ਭਰਦੇ ਹਨ।

ਪਾਸਟਰਾਂ ਨੂੰ ਫਿਲਮੀ ਅਦਾਕਾਰਾਂ ਦਾ ਸਹਾਰਾ

ਨਿੱਜੀ ਡੇਰਿਆਂ ਵੱਲੋਂ ਫ਼ਿਲਮੀ ਕਲਾਕਾਰਾਂ ਨੂੰ ਸੱਦਣ ਦਾ ਵੀ ਟਰੇਂਡ ਸ਼ੁਰੂ ਹੋ ਗਿਆ ਹੈ, ਜਿਸ ਕਰ ਕੇ ਇਨ੍ਹਾਂ ਵਿੱਚ ਪਿਛਲੇ ਸਮੇਂ ਦੌਰਾਨ ਆਪਸੀ ਖਿੱਚੋਤਾਣ ਵੀ ਦੇਖਣ ਨੂੰ ਮਿਲੀ।

ਬਾਲੀਵੁੱਡ ਦੇ ਕਈ ਵੱਡੇ ਐਕਟਰ ਜਿੰਨਾ ਵਿੱਚ ਗੁਲਸ਼ਨ ਗਰੋਵਰ, ਮਹਿਮਾ ਚੌਧਰੀ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਰਾਖੀ ਸਾਵੰਤ, ਪ੍ਰੇਮ ਚੋਪੜਾ, ਜਯਾ ਪ੍ਰਦਾ, ਸੁਨੀਲ ਸ਼ੈੱਟੀ ਸਮੇਤ ਕਈ ਹੋਰ ਐਕਟਰ ਕ੍ਰਿਸਮਿਸ ਦੇ ਮੌਕੇ ਉਤੇ ਪਾਸਟਰ ਬਜਿੰਦਰ ਸਿੰਘ ਦੇ ਵੱਖ-ਵੱਖ ਚਰਚਾਂ ਵਿੱਚ ਹਾਜ਼ਰੀ ਭਰ ਚੁੱਕੇ ਹਨ।

ਨਾਮੀ ਐਕਟਰਾਂ ਦੀ ਹਾਜ਼ਰੀ ਨੂੰ ਲੈ ਕੇ ਵੱਡੇ ਪੱਧਰ ਉੱਤੇ ਪਾਸਟਰ ਬਜਿੰਦਰ ਸਿੰਘ ਵੱਲੋਂ ਪ੍ਰਚਾਰ ਵੀ ਕੀਤਾ ਗਿਆ।

ਪਾਸਟਰ ਬਜਿੰਦਰ ਸਿੰਘ ਦੇ ਇਸ ਕਦਮ ਦੀ ਪਾਸਟਰ ਅੰਕੁਰ ਨਰੂਲਾ ਵੱਲੋਂ ਅਲੋਚਨਾ ਕੀਤੀ ਗਈ ਅਤੇ ਨਾਲ ਹੀ ਆਖਿਆ ਗਿਆ ਕਿ "ਚਰਚ ਕੋਈ ਸਰਕਸ ਦਾ ਰਿੰਗ ਨਹੀਂ" ਹੈ।

ਫ਼ਿਲਮੀ ਐਕਟਰਾਂ ਦੇ ਮੁੱਦੇ ਉੱਤੇ ਪਾਸਟਰ ਬਜਿੰਦਰ ਸਿੰਘ ਮਨਿਸਟਰੀ ਦੇ ਕੌਮੀ ਪ੍ਰਧਾਨ ਅਵਤਾਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪਾਸਟਰ ਬਜਿੰਦਰ ਸਿੰਘ ਦਾ ਬਾਲੀਵੁੱਡ ਵਿੱਚ ਚੰਗਾ ਅਸਰ ਰਸੂਖ਼ ਹੈ ਅਤੇ ਇਸੇ ਕਰ ਕੇ ਬਹੁਤ ਸਾਰੇ ਐਕਟਰ ਕ੍ਰਿਸਮਿਸ ਮਨਾਉਣ ਦੇ ਲਈ ਉਨ੍ਹਾਂ ਕੋਲ ਪਿਛਲੇ ਸਮੇਂ ਦੌਰਾਨ ਆਏ ਹਨ।

ਮੇਜ਼ਬਾਨੀ ਦੇ ਤੌਰ ਉੱਤੇ ਫ਼ਿਲਮੀ ਐਕਟਰਾਂ ਦੇ ਰਹਿਣ, ਖੀਣ-ਪੀਣ ਅਤੇ ਹਵਾਈ ਟਿਕਟਾਂ ਦਾ ਪ੍ਰਬੰਧ ਉਨ੍ਹਾਂ ਵੱਲੋਂ ਕੀਤਾ ਜਾਂਦਾ ਹੈ।

ਕਿੰਨੀ ਹੈ ਆਬਾਦੀ ਅਤੇ ਕਿਸ ਇਲਾਕੇ ਵਿੱਚ ਜ਼ਿਆਦਾ ਪ੍ਰਭਾਵ

ਪੰਜਾਬ ਵਿੱਚ ਇਸਾਈ ਧਰਮ ਦੀ ਆਬਾਦੀ ਕੁੱਲ ਆਬਾਦੀ ਦਾ ਡੇਢ ਫ਼ੀਸਦੀ ਤੋਂ ਵੀ ਘੱਟ ਹੈ। 2011 ਦੀ ਜਨਗਣਨਾ ਮੁਤਾਬਕ ਇਸ ਭਾਈਚਾਰੇ ਦੀ ਆਬਾਦੀ 3 ਲੱਖ 48 ਹਜ਼ਾਰ ਦੇ ਕਰੀਬ ਸੀ।

ਜਾਣਕਾਰਾਂ ਮੁਤਾਬਕ ਪੰਜਾਬ ਦੇ ਸਰਹੱਦੀ ਇਲਾਕੇ ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਮਜੀਠਾ, ਤਰਨਤਾਰਨ, ਅਜਨਾਲਾ ਅਤੇ ਅੰਮ੍ਰਿਤਸਰ ਵਿੱਚ ਪਿਛਲੇ ਸਾਲਾ ਦੌਰਾਨ ਵੱਡੀ ਗਿਣਤੀ ਵਿੱਚ ਇਸਾਈ ਧਰਮ ਅਪਣਾਇਆ ਗਿਆ ਹੈ।

ਦੁਆਬਾ ਖੇਤਰ ਵਿੱਚ ਜਲੰਧਰ, ਕਪੂਰਥਲਾ ਵਿੱਚ ਇਸਾਈ ਪਾਸਟਰਾਂ ਦੇ ਡੇਰਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਵਿੱਚ ਪਾਸਟਰਾਂ ਦੇ ਨਿੱਜੀ ਡੇਰੇ ਸਥਾਪਤ ਹੋਏ ਹਨ।

ਪੰਜਾਬ ਖੇਤ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਤਰਸੇਮ ਪੀਟਰ ਮੁਤਾਬਕ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰਾ ਸਮਾਜਿਕ ਅਤੇ ਹੋਰ ਕਾਰਨਾਂ ਕਰ ਕੇ ਇਨ੍ਹਾਂ ਆਜ਼ਾਦ ਚਰਚਾ ਵੱਲ ਅਕ੍ਰਿਸ਼ਤ ਹੋਇਆ ਹੈ।

ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਿਸੇ ਦਾ ਵੀ ਜ਼ਬਰੀ ਜਾਂ ਲਾਲਚ ਦੇ ਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ।

ਉਨ੍ਹਾਂ ਆਖਿਆ ਕਿ ਕਿਸੇ ਵੀ ਧਾਰਮਿਕ ਅਸਥਾਨ ਉੱਤੇ ਜਾਣਾ, ਇਹ ਵਿਅਕਤੀ ਦੀ ਨਿੱਜੀ ਰਾਇ ਹੈ, ਕਿਸੇ ਨਾਲ ਵੀ ਇਸ ਮਸਲੇ ਉੱਤੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ।

ਇਸਾਈ ਧਰਮ ਦੇ ਕਿੰਨੇ ਵਰਗ

ਇਸਾਈ ਧਰਮ ਦੇ ਵਿੱਚ ਵੀ ਵੱਖ ਵੱਖ ਵਰਗ ਹਨ। ਇਨ੍ਹਾਂ ਵਿੱਚ ਰੋਮਨ ਕੈਥੋਲਿਕ ਚਰਚ, ਚਰਚ ਆਫ਼ ਨਾਰਥ ਇੰਡੀਆ (ਸੀਐੱਨਆਈ), ਸਾਲਵੇਸ਼ਨ ਆਰਮੀ, ਮੈਥੋਡਿਸਟ ਚਰਚ ਸਮੇਤ ਕੁਝ ਨਿੱਜੀ ਤੌਰ ਉੱਤੇ ਵੀ ਪ੍ਰਚਾਰਕ ਕੰਮ ਕਰਦੇ ਹਨ।

ਜੇਕਰ ਸਿੱਧੇ ਸ਼ਬਦਾਂ ਵਿੱਚ ਆਖਣਾ ਹੋਵੇ ਤਾਂ ਇਸਾਈ ਧਰਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਕੋਈ ਸੁਪਰੀਮ ਬਾਡੀ ਨਹੀਂ, ਜੋ ਸਭ ਨੂੰ ਕੰਟਰੋਲ ਕਰ ਸਕੇ।

ਡਾਇਓਸਿਸ ਆਫ਼ ਅੰਮ੍ਰਿਤਸਰ ਇਸ ਦੇ ਵੱਡੇ ਕੇਂਦਰ ਹਨ ਅਤੇ ਜੋ ਪੂਰੀ ਤਰ੍ਹਾਂ ਸੰਗਠਿਤ ਹਨ ਅਤੇ ਇਨ੍ਹਾਂ ਦੀ ਅਗਵਾਈ ਬਿਸ਼ਪ ਵੱਲੋਂ ਕੀਤੀ ਜਾਂਦੀ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਇਓਸਿਸ ਆਫ਼ ਅੰਮ੍ਰਿਤਸਰ ਦੇ ਬਿਸ਼ਪ ਡਾਕਟਰ ਪ੍ਰਦੀਪ ਕੁਮਾਰ ਸਮੰਤਰਾਏ ਮੁਤਾਬਕ ਪੰਜਾਬ ਦੇ (ਪ੍ਰਮੁੱਖ ਚਰਚ) ਮੇਨ ਲਾਈਨ ਚਰਚ ਦਾ ਇਨ੍ਹਾਂ ਆਜ਼ਾਦ ਚਰਚਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਡੇਰਿਆਂ ਵਾਂਗ ਕੰਮ ਕਰਦੇ ਹਨ ਅਤੇ ਇਹ ਸਾਨੂੰ ਜਵਾਬਦੇਹ ਨਹੀਂ ਹਨ।"

ਉਨ੍ਹਾਂ ਆਖਿਆ, "ਮੁੱਖਧਾਰਾ ਦੇ ਚਰਚਾਂ ਦੇ ਆਪਣੇ ਸਿਧਾਂਤ ਹਨ ਅਤੇ ਉਸ ਦੇ ਮੁਤਾਬਕ ਉਹ ਕੰਮ ਕਰਦੇ ਹਨ ਜਦਕਿ ਆਜ਼ਾਦ ਚਰਚ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਹਨ।"

ਉਨ੍ਹਾਂ ਆਖਿਆ, "ਜੇਕਰ ਪ੍ਰਮੁੱਖ ਚਰਚ ਵਿੱਚ ਕੋਈ ਪਾਸਟਰ ਬਣਦਾ ਹੈ ਤਾਂ ਇਸ ਦੇ ਲਈ ਛੇ ਤੋਂ ਸੱਤ ਸਾਲ ਲੱਗਦੇ ਹਨ ਜਦਕਿ ਇਨ੍ਹਾਂ ਵਿੱਚ ਅਜਿਹਾ ਨਹੀਂ ਹੈ।"

ਜਾਣਕਾਰਾਂ ਦੀ ਰਾਏ

ਪੰਜਾਬ ਵਿੱਚ ਇਸਾਈ ਧਰਮ ਦੇ ਪ੍ਰਸਾਰ ਅਤੇ ਇਸਾਈ ਡੇਰਿਆਂ ਦੇ ਵੱਧ ਰਹੇ ਉਭਾਰ ਬਾਰੇ ਟਿੱਪਣੀ ਕਰਦਿਆਂ ਪੰਜਾਬ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਦੇ ਪ੍ਰੋ. ਇਮੈਨੂਅਲ ਨਾਹਰ ਕਹਿੰਦੇ ਹਨ, "ਧਰਮ ਦਾ ਸਹਾਰਾ ਲੈ ਕੇ ਜੇਕਰ ਕੋਈ ਵਿਅਕਤੀ ਇਸ ਦਾ ਕਾਰੋਬਾਰ ਕਰਦਾ ਹੈ ਤਾਂ ਉਹ ਗ਼ਲਤ ਹੈ ਅਤੇ ਪੰਜਾਬ ਦੇ ਸਥਾਪਤ ਚਰਚਾ (ਮੇਨ ਸਟਰੀਮ ਚਰਚ) ਨੂੰ ਨਿੱਜੀ ਡੇਰਿਆਂ ਤੋਂ ਖ਼ਤਰਾ ਹੈ।"

ਪ੍ਰੋਫੈਸਰ ਨਾਹਰ ਮੁਤਾਬਕ, "ਪੰਜਾਬ ਵਿੱਚ 95 ਫ਼ੀਸਦੀ ਮਨਿਸਟਰੀਆਂ ਦੂਜੇ ਧਰਮਾਂ ਤੋਂ ਆਏ ਲੋਕਾਂ ਵੱਲੋਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਮੰਨਣ ਵਾਲੇ ਲੋਕ ਵੀ ਪੈਦਾਇਸ਼ੀ ਤੌਰ ਉੱਤੇ ਇਸਾਈ ਨਹੀਂ ਹਨ।"

ਉਨ੍ਹਾਂ ਆਖਿਆ ਕਿ ਪਾਦਰੀ ਬਣਨ ਦੀ ਇੱਕ ਪ੍ਰਕਿਰਿਆ ਹੈ ਪਰ ਨਿੱਜੀ ਡੇਰਿਆਂ ਦੇ ਪਾਸਟਰਾਂ ਦੀ ਨਾ ਕੋਈ ਟਰੇਨਿੰਗ ਅਤੇ ਨਾ ਹੀ ਪੜ੍ਹਾਈ।

ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਨਾਹਰ ਦੱਸਦੇ ਹਨ, "ਨਿੱਜੀ ਡੇਰੇ ਇੰਨੇ ਜ਼ਿਆਦਾ ਵੱਡੇ ਆਕਾਰ ਲੈ ਚੁੱਕੇ ਹਨ ਕਿ ਇਹ ਸੂਬੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਲੱਗੇ ਹਨ।"

ਪ੍ਰੋਫੈਸਰ ਨਾਹਰ ਆਖਦੇ ਹਨ, "ਇਸਾਈ ਧਰਮ ਨਾਲ ਜੁੜੇ ਲੋਕ ਇਸ ਸਮੇਂ ਪੰਜਾਬ ਵਿੱਚ ਕਈ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਰ ਇਨ੍ਹਾਂ ਨਿੱਜੀ ਡੇਰਿਆਂ ਦਾ ਇਨ੍ਹਾਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਹੈ ਅਤੇ ਇਨ੍ਹਾਂ ਨਾਲ ਜੋ ਲੋਕ ਜੁੜੇ ਹੋਏ ਹਨ।"

"ਉਹ ਨਿੱਜੀ ਡੇਰਿਆਂ ਦੇ ਮੁਖੀ ਦੇ ਸ਼ਰਧਾਲੂ ਜ਼ਿਆਦਾ ਹਨ ਜਦੋਂਕਿ ਇਸਾਈ ਧਰਮ ਨੂੰ ਮੰਨਣ ਵਾਲੇ ਈਸਾ ਮਸੀਹ ਨੂੰ ਮੰਨਦੇ ਹਨ।"

ਜਾਣਕਾਰ ਮੰਨਦੇ ਹਨ ਕਿ ਇਹ ਧਰਮ ਪਰਿਵਰਤਨ ਦਾ ਮਾਮਲਾ ਨਹੀਂ ਹੈ ਬਲਕਿ ਇਹ ਕੁਝ ਧਰਮਾਂ ਤੋਂ ਆ ਕੇ ਇਸਾਈ ਧਰਮ ਦੇ ਨਾਮ ਹੇਠ ਆਪਣੇ ਡੇਰੇ ਖੋਲ੍ਹ ਕੇ ਲੋਕਾਂ ਨੂੰ ਪਿੱਛੇ ਲਾਉਣ ਦਾ ਮਾਮਲਾ ਹੈ।

ਇਸ ਗੱਲ ਨੂੰ ਇੰਝ ਵੀ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਨਿੱਜੀ ਦੁੱਖਾਂ ਤਕਲੀਫ਼ਾਂ ਤੋਂ ਪਰੇਸ਼ਾਨ ਲੋਕ ਦੂਜੇ ਧਰਮਾਂ ਦੇ ਡੇਰਿਆਂ ਉੱਤੇ ਜਾਂਦੇ ਹਨ, ਓਵੇਂ ਹੀ ਇੱਥੇ ਭੀੜ ਜੁੱਟ ਰਹੀ ਹੈ।

ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰੀ ਦੇ ਕਾਰਨ ਵੀ ਨੌਜਵਾਨ ਇਨ੍ਹਾਂ ਨਾਲ ਜੁੜੇ ਰਹੇ ਹਨ ਕਿਉਂਕਿ ਇਨ੍ਹਾਂ ਵੱਲੋਂ ਨੌਜਵਾਨਾਂ ਨੂੰ ਵੱਖ ਵੱਖ ਤਰਾਂ ਦੀਆਂ ਨੌਕਰੀਆਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸੁਰੱਖਿਆ, ਡੇਰਾ ਪ੍ਰਬੰਧ, ਸੋਸ਼ਲ ਮੀਡੀਆ ਟੀਮ, ਡੇਰਿਆਂ ਦੇ ਪ੍ਰਬੰਧ ਪ੍ਰਮੁੱਖ ਤੌਰ ਉੱਤੇ ਸ਼ਾਮਲ ਹਨ।

ਕੌਮੀ ਘੱਟ ਗਿਣਤੀ ਕਮਿਸ਼ਨ ਦੀ ਦਲੀਲ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪਾਸਟਰਾਂ ਦੀਆਂ ਗਤੀਆਂ ਵਿਧੀਆਂ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਆਖਿਆ ਹੈ, "ਭਾਵੇਂ ਸੁਪਰੀਮ ਕੋਰਟ ਕਿਸੇ ਨੂੰ ਵੀ ਕੋਈ ਵੀ ਧਰਮ ਮੰਨਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਜੇਕਰ ਕੋਈ ਲਾਲਚ ਦੇ ਕੇ ਜਾਂ ਫਿਰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਂਦਾ ਹੈ ਤਾਂ ਉਹ ਕਾਨੂੰਨ ਦੇ ਖ਼ਿਲਾਫ਼ ਹੈ।"

ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਜਿੰਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ, ਤੋਂ ਉਨ੍ਹਾਂ ਨੂੰ ਜਬਰੀ ਧਰਮ ਪਰਿਵਰਤਨ ਦੀਆਂ ਕਈ ਸ਼ਿਕਾਇਤਾਂ ਪਿਛਲੇ ਸਮੇਂ ਦੌਰਾਨ ਮਿਲੀਆਂ ਹਨ ਅਤੇ ਇਸ ਬਾਬਤ ਉਨ੍ਹਾਂ ਸੂਬਾ ਸਰਕਾਰ ਨੂੰ ਲਿਖਿਆ ਵੀ ਹੈ ਪਰ ਅਜੇ ਤੱਕ ਕਾਰਵਾਈ ਦੀ ਕੋਈ ਰਿਪੋਰਟ ਉਨ੍ਹਾਂ ਨੂੰ ਨਹੀਂ ਮਿਲੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)