You’re viewing a text-only version of this website that uses less data. View the main version of the website including all images and videos.
ਦੰਗਲ ਫਿਲਮ ਦੀ ਅਦਾਕਾਰਾ ਦੀ ਜਾਨ ਲੈਣ ਵਾਲੀ ਬੀਮਾਰੀ ਕੀ ਹੈ
ਆਮਿਰ ਖਾਨ ਦੀ ਕੁਸ਼ਤੀ ਉੱਤੇ ਬਣੀ ਫ਼ਿਲਮ ਦੰਗਲ ਵਿੱਚ ਬਬੀਤਾ ਫੋਗਾਟ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦੀ 19 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ ਉਨ੍ਹਾਂ ਦੇ ਪਿਤਾ ਸੁਮਿਤ ਭਟਨਾਗਰ ਨੇ ਕਿਹਾ ਕਿ ਸੁਹਾਨੀ ਨੂੰ ਡਰਮੇਟੋਮਾਇਓਸਾਇਟਸ ਨਾਮ ਦੀ ਬੀਮਾਰੀ ਸੀ।
ਸੁਹਾਨੀ ਨੂੰ ਸੱਤ ਫਰਵਰੀ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ।
ਪਰ 16 ਫਰਵਰੀ ਦੀ ਬੀਮਾਰੀ ਦੇ ਕਾਰਨ ਪੈਦਾ ਹੋਈਆਂ ਦਿੱਕਤਾਂ ਦੇ ਚਲਦਿਆਂ ਉਨ੍ਹਾਂ ਦੀ ਜਾਨ ਚਲੀ ਗਈ।
'ਡਰਮੇਟੋਮਾਇਓਸਾਇਟਸ' ਬਹੁਤ ਹੀ ਗੰਭੀਰ ਬੀਮਾਰੀ ਹੈ ਅਤੇ ਸੰਸਾਰ ਵਿਚਲੇ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ, ਜਿਸ ਵਿੱਚ ਮਾਸਪੇਸ਼ੀਆਂ ਵਿੱਚ ਸੋਜਿਸ਼ ਹੋ ਜਾਂਦੀ ਹੈ ਅਤੇ ਚਮੜੀ ਵਿੱਚ ਧੱਫੜ ਪੈ ਜਾਂਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਸਹੀ ਸਮੇਂ ਉੱਤੇ ਇਸ ਬੀਮਾਰੀ ਦੀ ਪਛਾਣ ਹੋ ਜਾਵੇ ਅਤੇ ਮਾਹਰਾਂ ਦੀ ਨਿਗਰਾਨੀ ਵਿੱਚ ਇਲਾਜ ਕਰਵਾਇਆ ਜਾਵੇ ਤਾਂ ਇਸ ਨਾਲ ਹੋਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕਦੀ ਹੈ।
ਹਾਲਾਂਕਿ ਕੁਝ ਮਾਮਲਿਆਂ ਵਿੱਚ ਇਹ ਇੰਨੀ ਤੇਜ਼ੀ ਨਾਲ ਸਰੀਰ ਦੇ ਅਹਿਮ ਅੰਗਾਂ ਨੂੰ ਆਪਣੀ ਚਪੇਟ ਵਿੱਚ ਲੈ ਸਕਦੀ ਹੈ, ਜਿਸ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ।
ਕੀ ਹੈ ‘ਡਰਮੇਟੋਮਾਇਓਸਾਇਟਸ’
ਦਿੱਲੀ ਵਿੱਚ ਚਮੜੀ ਰੋਗਾਂ ਦੇ ਮਾਹਰ ਡਾ. ਅੰਜੂ ਝਾਅ ਦੱਸਦੇ ਹਨ ਕਿ ਇਹ ਇੱਕ ਔਟੋ ‘ਇਮਊਨ ਡਿਸਆਰਡਰ’ ਹੈ ਜਿਸ ਵਿੱਚ ਸਾਰੇ ਸਰੀਰ ਦੀ ਬੀਮਾਰੀਆਂ ਨਾਲ ਮੁਕਾਬਲਾ ਕਰਨ ਦੀ ਤਾਕਤ ਸਰੀਰ ਦੇ ਅੰਗਾਂ ਦੇ ਵਿਰੁੱਧ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ।
ਸਰੀਰ ਵਿੱਚ ਕੁਝ ਅਜਿਹੀਆਂ ਐਂਟੀਬਾਡੀਜ਼ ਬਣਨ ਲੱਗਦੀਆਂ ਹਨ ਜਿਹੜੀਆਂ ਮਾਸਪੇਸ਼ੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਕਮਜ਼ੋਰ ਕਰਨ ਲੱਗ ਜਾਂਦੀਆਂ ਹੈ। ਇਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਹੌਲੀ-ਹੌਲੀ ਇਹ ਦਿਕੱਤ ਵੱਖਰੇ-ਵੱਖਰੇ ਅੰਗਾਂ ਨੂੰ ਚਪੇਟ ਵਿੱਚ ਲੈ ਲੈਂਦੀ ਹੈ ਅਤੇ ਇਨ੍ਹਾਂ ਵਿੱਚ ਸੋਜਿਸ਼ ਹੋ ਜਾਂਦੀ ਹੈ।
ਇਸ ਬੀਮਾਰੀ ਦੇ ਕੀ ਲੱਛਣ ਹਨ
ਇਸ ਬੀਮਾਰੀ ਦੇ ਲੱਛਣਾਂ ਦੇ ਬਾਰੇ ਡਾ. ਅੰਜੂ ਝਾਅ ਦੱਸਦੇ ਹਨ, “ਹਰੇਕ ਮਰੀਜ਼ ਨੂੰ ਵੱਖ-ਵੱਖ ਕਿਸਮ ਦੀਆਂ ਦਿੱਕਤਾਂ ਹੋ ਸਕਦੀਆਂ ਹਨ, ਕਈ ਵਾਰੀ ਚਮੜੀ ਉੱਤੇ ਧੱਫੜ ਪੈ ਜਾਂਦੇ ਹਨ, ਪਲਕਾਂ ਉੱਤੇ ਸੋਜਿਸ਼ ਹੋ ਜਾਂਦੀ ਹੈ, ਕਈ ਵਾਰੀ ਸਿਰਫ਼ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਿਵੇਂ ਕਿ ਮਰੀਜ਼ ਨੂੰ ਕੰਘੀ ਕਰਨ ਲਈ ਹੱਥ ਦੀ ਵਰਤੋਂ ਕਰਨ ਵਿੱਚ ਵੀ ਦਿੱਕਤ ਹੋ ਸਕਦੀ ਹੈ।"
ਚੂਲੇ ਦੇ ਜੋੜਾਂ ਦੇ ਆਲੇ-ਦੁਆਲੇ ਦਿੱਕਤ ਹੋਵੇ ਤਾਂ ਉੱਠਣ ਬੈਠਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਸ਼ੁਰੂ ਵਿੱਚ ਚਿਹਰੇ ਜਾਂ ਪਲਕਾਂ ਉੱਤੇ ਲਾਲ ਜਾਂ ਬੈਂਗਣੀ ਰੰਗ ਦੇ ਧੱਫੜ ਪੈਣ ਜਾਂ ਜੋੜਾਂ ਵਿੱਚ ਦਰਦ ਦੀ ਹੀ ਦਿੱਕਤ ਹੁੰਦੀ ਹੈ।
ਹਾਲਾਂਕਿ ਇਸ ਮਗਰੋਂ ਕਈ ਮਰੀਜ਼ਾਂ ਨੂੰ ਤੁਰਨ-ਫਿਰਨ ਵਿੱਚ ਵੀ ਦਿੱਕਤ ਹੋਣ ਲੱਗਦੀ ਹੈ ਅਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਇਸ ਦੀ ਚਪੇਟ ਵਿੱਚ ਆ ਜਾਣ ਤਾਂ ਸਾਹ ਫੁੱਲਣ ਲੱਗਦਾ ਹੈ।
ਬੀਮਾਰੀ ਦੇ ਕੀ ਕਾਰਨ ਹੋ ਸਕਦੇ ਹਨ
ਅਮਰੀਕਾ ਦੀ ਜੌਹਨ ਹੋਪਕਿਨਸ ਯੂਨੀਵਰਸਿਟੀ ਦੇ ਮੁਤਾਬਕ, ਡਰਮੇਟੋਮਾਇਓਸਾਇਟਸ ਹੋਣ ਦੇ ਸਹੀ ਕਾਰਨ ਹਾਲੇ ਨਹੀਂ ਪਤਾ ਹਨ ਪਰ ਪੁਰਖਿਆਂ ਤੋਂ ਮਿਲੇ ਜੀਨਸ, ਬਜ਼ੁਰਗ ਲੋਕਾਂ ਵਿੱਚ ਕੈਂਸਰ, ਦਵਾਈ ਜਾਂ ਫਿਰ ਵਾਤਾਵਰਣ ਵਿੱਚ ਕਿਸੇ ਚੀਜ਼ ਤੋਂ ਐਲਰਜੀ ਹੋਣ ਦੇ ਕਾਰਨ ਇਹ ਦਿਕੱਤ ਹੋ ਸਕਦੀ ਹੈ।
ਇਸ ਵਿੱਚ ਚਮੜੀ ਅਤੇ ਮਾਸਪੇਸ਼ੀਆਂ ਤੱਕ ਖੂਨ ਲੈ ਕੇ ਜਾਣ ਵਾਲੀਆਂ ਖੂਨ ਦੀਆਂ ਨਾੜਾਂ ਵਿੱਚ ਸੋੋਜਿਸ਼ ਆ ਜਾਂਦੀ ਹੈ।
ਇਸ ਨਾਲ ਚਮੜੀ ਵਿੱਚ ਬੈਂਗਣੀ ਜਾਂ ਲਾਲ ਰੰਗ ਦਾ ਧੱਫਣ ਬਣ ਸਕਦਾ ਹੈ, ਜਿਸ ਵਿੱਚ ਦਰਜ ਜਾਂ ਖੁਰਕ ਵੀ ਹੋ ਸਕਦੀ ਹੈ।
ਕਈ ਵਾਰੀ ਕੁਹਣੀ, ਗੋਡਿਆਂ ਜਾਂ ਪੈਰਾਂ ਦੀਆਂ ਉਂਗਲੀਆਂ ਵਿੱਚ ਧੱਫੜ ਜਾਂ ਬੈਂਗਣੀ ਦਾਗ਼ ਦਿਖ ਸਕਦੇ ਹਨ।
ਨਹੁੰ ਦੇ ਆਲੇ-ਦੁਆਲੇ ਸੋਜਿਸ਼ ਆ ਸਕਦੀ ਹੈ, ਜੋੜਾਂ ਵਿੱਚ ਜਕੜਨ ਹੋ ਸਕਦੀ ਹੈ, ਚਮੜੀ ਰੁੱਖੀ ਹੋ ਸਕਦੀ ਹੈ ਅਤੇ ਵਾਲ ਪਤਲੇ ਹੋ ਸਕਦੇ ਹਨ।
ਦਿੱਕਤ ਵੱਧ ਜਾਵੇ ਤਾਂ ਖਾਣਾ ਨਿਗਲਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ, ਅਵਾਜ਼ ਬਦਲ ਸਕਦੀ ਹੈ ਅਤੇ ਥਕਾਵਟ, ਬੁਖ਼ਾਰ ਜਾਂ ਭਾਰ ਘੱਟ ਹੋਣ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਵੇਂ ਪਛਾਣ ਹੁੰਦੀ ਹੈ
ਸ਼ੁਰੂਆਤੀ ਲੱਛਣ ਦਿਸਣ ਉੱਤੇ ਮਰੀਜ਼ ਨੂੰ ਪਿਛਲੇ ਸਮੇਂ ਦੌਰਾਨ ਹੋਈਆਂ ਸਰੀਰਕ ਦਿੱਕਤਾਂ ਜਾਂ ਸਰੀਰ ਦੀ ਜਾਚ ਕਰਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਲੱਛਣਾਂ ਦੀ ਕੀ ਵਜ੍ਹਾ ਹੈ।
ਡਾ. ਅੰਜੂ ਦੱਸਦੇ ਹਨ ਕਿ ਪੁਸ਼ਟੀ ਕਰਨ ਦੇ ਲਈ ਬਲੱਡ ਟੈੱਸਟ, ਇਲੈਕਟ੍ਰੋਮਾਇਲੋਗਰਾਮ (ਈਐੱਮਜੀ) ਅਤੇ ਬਾਇਓਪਸੀ ਦੀ ਮਦਦ ਲਈ ਜਾਂਦੀ ਹੈ।
ਉਹ ਦੱਸਦੇ ਹਨ ਕਿ ਇੱਕਦਮ ਸਿੱਧਾ ਅਤੇ ਸਰਲ ਤਰੀਕੇ ਇਸ ਨਾਲ ਪ੍ਰਭਾਵਿਤ ਹੋਈਆਂ ਮਾਸਪੇਸ਼ੀਆਂ ਦੀ ਬਾਇਓਪਸੀ(ਕੁਝ ਹਿੱਸਾ ਕੱਢ ਕੇ ਲੈਬ ਵਿੱਚ ਜਾਂਚ) ਕਰਨਾ ਹੀ ਹੈ।
ਡਾ.ਅੰਜੂ ਝਾਅ ਦੱਸਦੇ ਹਨ ਕਿ ਡਰਮੇਟੋਮਾਇਓਸਾਇਟਸ ਪੰਜ ਤੋਂ 14 ਸਾਲਾਂ ਦੇ ਬੱਚੇ ਜਾਂ ਫਿਰ 40 ਤੋਂ ਵੱਧ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਹੁੰਦਾ ਹੈ।
ਉਨ੍ਹਾਂ ਕਹਿਣਾ ਹੈ ਕਿ ਬੱਚਿਆਂ ਵਿੱਚ ਕਈ ਵਾਰ ਇਹ ਤੇਜ਼ੀ ਨਾਲ ਵੱਧਦਾ ਹੈ ਜਦੋਂ ਤੱਕ ਸਮਝ ਆਉਂਦਾ ਹੈ ਇਸ ਨਾਲ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਅਦਾਕਾਰਾ ਸੁਹਾਨੀ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ।
ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸਰੀਰ ਨੂੰ ਨੁਕਸਾਨ ਪਹੁੰਚਾ ਰਹੇ ਨਾੜੀ ਤੰਤਰ ਨੂੰ ਕਾਬੂ ਵਿੱਚ ਰੱਖਣ ਦੇ ਲਈ ਨਾੜੀ ਤੰਤਰ ਨੂੰ ਕਮਜ਼ੋਰ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਮਰੀਜ਼ ਨੂੰ ਬਾਕੀ ਬੀਮਾਰੀਆਂ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਸਹੀ ਢੰਗ ਨਾਲ ਇਲਾਜ ਜ਼ਰੂਰੀ
ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਮੁਤਾਬਕ, ਲੱਛਣਾਂ ਦੇ ਅਧਾਰ ਉੱਤੇ ਹੀ ਡਰਮੇਟੋਮਾਇਓਸਾਇਟਸ ਦਾ ਇਲਾਜ ਕੀਤਾ ਜਾਂਦਾ ਹੈ।
ਜਿਵੇਂ ਕਿ ਮਾਸਪੇਸ਼ੀਆਂ ਵਿੱਚ ਆਈ ਅਕੜਨ ਹੋਵੇ ਤਾਂ ਫ਼ਿਜ਼ਿਕਲ ਥੈਰੇਪੀ ਦਿੱਤੀ ਜਾਂਦੀ ਹੈ। ਚਮੜੀ ਵਿੱਚ ਧੱਫੜ ਹੋਣ ਤੋਂ ਰੋਕਣ ਦੇ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਇਮਊਨਿਟੀ ਯਾਨਿ ਕਿ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਦਬਾਉਣ ਲਈ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
ਡਾ.ਅੰਜੂ ਝਾਅ ਕਹਿੰਦੇ ਹਨ, “ਨਾ ਸਿਰਫ਼ ਡਰਮੇਟੋਮਾਇਓਸਾਇਟਸ ਬਲਕਿ ਕਿਸੇ ਵੀ ਤਰ੍ਹਾ ਦਾ ਆਟੋ ਇਮਿਊਨ ਡਿਸਾਰਡਰ ਹੋਵੇ ਤਾਂ ਤੁਹਾਨੂੰ ਲਗਾਤਾਰ ਦਵਾਈ ਲੈਣੀ ਚਾਹੀਦੀ ਹੈ। ਅਜਿਹਾ ਨਹੀਂ ਹੁੰਦਾ ਹੈ ਕਿ ਕਿਸੇ ਇੱਕ ਦਵਾਈ ਨਾਲ ਇਹ ਤੁਰੰਤ ਠੀਕ ਹੋ ਜਾਵੇ।”
ਉਹ ਕਹਿੰਦੇ ਹਨ, “ਪਹਿਲਾਂ ਆਪਣੇ ਲੱਛਣ ਚੰਗੀ ਤਰ੍ਹਾਂ ਦਿਖਾਓ, ਜਦੋਂ ਪਤਾ ਲੱਗ ਜਾਵੇ ਤਾਂ ਸਹੀ ਤਰੀਕੇ ਇਲਾਜ ਕਰਵਾਓ, ਕਈ ਵਾਰ ਸਟੀਰੋਇਡ ਵੀ ਦਿੱਤੇ ਜਾਂਦੇ ਹਨ। ਲੋਕਾਂ ਵਿੱਚ ਕਈ ਗਲਤਫਹਿਮੀਆਂ ਹਨ ਕਿ ਸਟੀਰੋਇਡ ਨਹੀਂ ਲੈਣੇ ਹਨ।''
''ਪਰ ਸਹੀ ਡਾਕਟਰ, ਜਿਵੇਂ ਕਿ ਡਰਮੇਟੋਲੋਜਿਸਟ ਜਾਂ ਰੂਮੇਟੋਲੋਜਿਸਟ ਦੇ ਕੋਲ ਪਹੁੰਚ ਕੇ ਉਨ੍ਹਾਂ ਦੀ ਸਲਾਹ ਨਾਲ ਸਹੀ ਇਲਾਜ ਕਰਵਾਉਣਾ ਜ਼ਰੂਰੀ ਹੈ।''