You’re viewing a text-only version of this website that uses less data. View the main version of the website including all images and videos.
'ਮੈਨੂੰ ਤਾਂ ਮੇਰੇ ਪੁੱਤਰ ਦਾ ਹੀ ਆਸਰਾ ਹੈ' ਲੁਧਿਆਣਾ ਬਲਾਸਟ ਮਾਮਲੇ ’ਚ ਗ੍ਰਿਫ਼ਤਾਰ ਹਰਪ੍ਰੀਤ ਸਿੰਘ ਦੇ ਪਰਿਵਾਰ ਦਾ ਕੀ ਦਾਅਵਾ ਹੈ
‘ਸਾਨੂੰ ਉਸਦਾ ਹੀ ਆਸਰਾ ਹੈ, ਭਰਜਾਈ ਨੂੰ, ਭੈਣ ਨੂੰ ਅਤੇ ਮੈਨੂੰ ਵੀ...’ ਲੁਧਿਆਣਾ ਕੋਰਟ ਕੰਪਲੈਕਸ ਬਲਾਸਟ ਮਾਮਲੇ ਵਿੱਚ ਐੱਨਆਈਏ ਵੱਲੋਂ ਗ੍ਰਿਫ਼ਤਾਰ ਹਰਪ੍ਰੀਤ ਸਿੰਘ ਦੇ ਮਾਤਾ ਇਹ ਕਹਿੰਦੇ ਹੋਏ ਭਾਵੁਕ ਹੋ ਜਾਂਦੇ ਹਨ।
ਨੈਸ਼ਨਲ ਇਨਵੇਸਟੀਗੇਸ਼ਨ ਏਜੰਸੀ ਨੇ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਹੋਏ ਧਮਾਕੇ ਮਾਮਲੇ ਵਿੱਚ ਲੋੜੀਂਦੇ ਹਰਪ੍ਰੀਤ ਸਿੰਘ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਹਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਪੈਂਦੇ ਪਿੰਡ ਮਿਆਦੀ ਕਲ੍ਹਾਂ ਨਾਲ ਸਬੰਧਿਤ ਹੈ।
ਹਰਪ੍ਰੀਤ ਸਿੰਘ ਦੀ ਧਮਾਕੇ ਤੋਂ ਬਾਅਦ ਹੀ ਜਾਂਚ ਏਜੰਸੀਆਂ ਨੂੰ ਭਾਲ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਹੋਏ ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਛੇ ਹੋਰ ਜਖ਼ਮੀ ਹੋ ਗਏ ਸਨ।
ਹਰਪ੍ਰੀਤ ਸਿੰਘ ਦਾ ਲੁਧਿਆਣਾ ਧਮਾਕੇ ਨਾਲ ਸਬੰਧ
ਐੱਨਆਈਏ ਵਲੋਂ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਕਿ ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ 23 ਦਸੰਬਰ, 2021 ਨੂੰ ਲੁਧਿਆਣਾ ਦੇ ਡਿਵੀਜ਼ਨ-5 ਵਿੱਚ ਵਿੱਚ ਦਰਜ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਐੱਨਆਈਏ ਵਲੋਂ 13 ਜਨਵਰੀ, 2022 ਨੂੰ ਮੁੜ-ਰਜ਼ਿਸਟਰ ਕੀਤਾ ਗਿਆ।
ਐੱਨਆਈਏ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹਰਪ੍ਰੀਤ ਸਿੰਘ, ਪਾਕਿਸਤਾਨ ਵਿੱਚ ਅਧਾਰਿਤ ਖ਼ੁਦਮੁਖ਼ਤਿਆਰ ਸੰਸਥਾ ਆਈਐੱਸਵਾਈਐੱਫ਼ ਦੇ ਮੁਖੀ ਲਖਬੀਰ ਸਿੰਘ ਰੋਡੇ ਦਾ ਸਾਥੀ ਹੈ।
ਐੱਨਆਈਏ ਮੁਤਾਬਕ ਉਹ ਲੁਧਿਆਣਾ ਕੋਰਟ ਬਿਲਡਿੰਗ ਵਿੱਚ ਹੋਏ ਧਮਾਕੇ ਦੇ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਸਨ।
ਰੋਡੇ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਤੋਂ ਭਾਰਤ ਭੇਜੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਧਮਾਕੇ ਲਈ ਇਸਤੇਮਾਲ ਕੀਤੀ ਗਿਆ ਯੰਤਰ), ਰੋਡੇ ਦੇ ਭਾਰਤ ਅਧਾਰਤ ਸਾਥੀਆਂ ਤੱਕ ਪਹੁੰਚਦਾ ਕੀਤਾ।
ਐੱਨਆਈਏ ਮੁਤਾਬਕ ਇਸੇ ਯੰਤਰ ਦੀ ਲੁਧਿਆਣਾ ਕੋਰਟ ਕੰਪਲੈਕਸ ਦੇ ਧਮਾਕੇ ਵਿੱਚ ਵਰਤੋਂ ਕੀਤੀ ਗਈ ਸੀ। ਗ੍ਰਿਫ਼ਤਾਰ ਮੁਲਜ਼ਮ ਵਿਸਫੋਟਕ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ ਅਤੇ ਲੋੜੀਂਦਾ ਸੀ।
ਇਸ ਤੋਂ ਪਹਿਲਾਂ ਐੱਨਆਈ ਵਲੋਂ ਹਰਪ੍ਰੀਤ ਸਿੰਘ ਦੀ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦਾ ਇਨਾਮ ਦਿੱਤੇ ਜਾਣ ਦਾ ਐਲਾਣ ਕੀਤਾ ਸੀ।
ਐੱਨਆਈਏ ਵਲੋਂ ਜਾਰੀ ਪ੍ਰੈਸਨੋਟ ਵਿੱਚ ਦੱਸਿਆ ਗਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਹਾਲੇ ਜਾਰੀ ਹੈ।
ਦਸੰਬਰ 2021 ’ਚ ਹੋਏ ਧਮਾਕੇ ਬਾਰੇ ਅਹਿਮ ਤੱਥ
- ਲੁਧਿਆਣਾ ਵਿੱਚ ਦਸੰਬਰ 2021 ਵਿੱਚ ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜ਼ਿਲ ਉੱਤੇ ਧਮਾਕਾ ਹੋਇਆ ਸੀ
- ਧਮਾਕਾ ਸ਼ਵੇਤਾ ਦਾਸ ਦੀ ਅਦਾਲਤ ਦੇ ਨੇੜੇ ਰਿਕਾਰਡ ਰੂਮ ਨਾਲ ਲੱਗਦੇ ਟਾਇਲਟ ਵਿੱਚ ਹੋਇਆ ਸੀ
- ਚਸ਼ਮਦੀਦ ਵਕੀਲਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੱਤਵੀਂ ਮੰਜਿਲ ਤੱਕ ਦੇ ਸ਼ੀਸੇ ਟੁੱਟ ਗਏ ਸਨ
- ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਸ਼ੱਕੀ ਮੁਲਜ਼ਮ ਸ਼ਮਝਿਆ ਜਾ ਰਿਹਾ ਹੈ, 6 ਜਣੇ ਜ਼ਖ਼ਮੀ ਹੋਏ ਸਨ
- ਫੋਰੈਂਸਿਕ ਟੀਮ, ਬੰਬ ਨਕਾਰਾ ਕਰਨ ਵਾਲੀ ਟੀਮ ਅਤੇ ਐੱਨਆਈਏ ਦੀ ਟੀਮ ਮੌਕਾ-ਏ-ਵਾਰਦਾਤ ਉੱਤੇ ਪਹੁੰਚੀਆਂ ਸਨ
- ਜਾਣਕਾਰਾਂ ਮੁਤਾਬਕ ਵਕੀਲਾਂ ਦੀ ਹੜਤਾਲ ਅਤੇ ਅਦਾਲਤੀ ਛੁੱਟੀਆਂ ਕਾਰਨ ਜ਼ਿਆਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਸੀ
ਲੁਧਿਆਣਾ ਬਲਾਸਟ ਕਦੋਂ ਹੋਇਆ
ਲੁਧਿਆਣਾ ਪੁਲਿਸ ਮੁਤਾਬਕ ਧਮਾਕਾ 23 ਦਸੰਬਰ 2021 ਨੂੰ ਦੁਪਹਿਰੇ ਲਗਭਗ ਸਾਢੇ ਬਾਰਾਂ ਵਜੇ ਹੋਇਆ। ਪੰਜਾਬ ਪੁਲਿਸ ਵਲੋਂ ਧਮਾਕੇ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਧਮਾਕੇ ਵਿੱਚ ਮਰਿਆ ਵਿਅਕਤੀ ਇਸ ਵਾਰਦਾਤ ਦਾ ਸ਼ੱਕੀ ਮੁਲਜ਼ਮ ਲੱਗ ਰਿਹਾ ਹੈ, ਉਨ੍ਹਾਂ ਕਿਹਾ ਸੀ, “ਇੰਝ ਲੱਗ ਰਿਹਾ ਹੈ ਜਿਵੇਂ ਇਹੀ ਵਿਅਕਤੀ ਧਮਾਕਾਖੇਜ਼ ਸਮੱਗਰੀ ਲੈਕੇ ਜਾ ਰਿਹਾ ਸੀ, ਜਾਂ ਇਹ ਧਮਾਕੇ ਵਾਲੀ ਥਾਂ ਦੇ ਬਹੁਤ ਨੇੜੇ ਖੜ੍ਹਾ ਸੀ।”
ਪੁਲਿਸ ਵਲੋਂ ਧਮਾਕੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਫੌਰੈਂਸਿਕ ਤੇ ਬੰਬ ਨਕਾਰਾ ਕਰਨ ਵਾਲੀ ਟੀਮਾਂ ਫ਼ੌਰੀ ਤੌਰ ’ਤੇ ਮੌਕਾ-ਏ-ਵਾਰਦਾਤ ਉੱਤੇ ਪਹੁੰਚੀਆਂ।"
ਇਸ ਮਾਮਲੇ ਵਿੱਚ ਸ਼ੱਕੀ ਮੁਲਜ਼ਮ ਦੀ ਮੌਕੇ ’ਤੇ ਹੀ ਮੌਤ ਦੀ ਹੋਣ ਦਾ ਦਾਅਵਾ ਪੁਲਿਸ ਵਲੋਂ ਕੀਤਾ ਗਿਆ।
ਹਰਪ੍ਰੀਤ ਸਿੰਘ ਦਾ ਪਰਿਵਾਰ ਕੀ ਕਹਿ ਰਿਹਾ
ਹਰਪ੍ਰੀਤ ਸਿੰਘ ਦੇ ਮਾਤਾ ਜੋਗਿੰਦਰ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਪੁੱਤ ਨਾਲ ਧੱਕਾ ਹੋ ਰਿਹਾ ਹੈ।
ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰਪ੍ਰੀਤ ਨੂੰ ਵਿਦੇਸ਼ ਗਏ 16 ਸਾਲ ਹੋ ਚੁੱਕੇ ਨੇ ਤੇ ਪਿਛਲੀ ਵਾਰ ਉਹ 4 ਸਾਲ ਪਹਿਲਾਂ ਆਏ ਸਨ।
''ਪਹਿਲਾਂ ਤਾਂ ਕੁਝ ਦਿਨ ਪਤਾ ਹੀ ਨਹੀਂ ਦੱਸਿਆ ਕਿ ਉਹ ਹੈ ਕਿੱਥੇ, ਅਸੀਂ ਤਾਂ ਬੜੇ ਪਰੇਸ਼ਾਨ ਰਹੇ। ਜਾਣ ਲੱਗੇ ਉਸ ਨੇ ਆਪਣੀ ਘਰਵਾਲੀ ਨੂੰ ਮਾੜ੍ਹਾ ਜਿਹਾ ਦੱਸਿਆ ਕਿ ਵੀ ਮੈਨੂੰ ਲਿਜਾਉਣ ਲੱਗੇ ਹਨ।''
''ਮੁੜ ਕੇ ਉਸ ਤੋਂ ਬਾਅਦ ਉਸ ਨਾਲ ਕੋਈ ਗੱਲ ਹੀ ਨਹੀਂ ਹੋਈ।''
''ਉਸ ਨੂੰ ਦਿੱਲੀ ਤੋਂ ਫੜ੍ਹਿਆ ਹੈ ਕਿ ਕਿੱਥੋਂ..ਸਾਨੂੰ ਨਹੀਂ ਪਤਾ।''
''ਜੇ ਉਸ ਨੇ ਕੁਝ ਕੀਤਾ ਹੁੰਦਾ ਤਾਂ ਅੱਗੇ-ਪਿੱਛੇ ਨਾ ਹੋ ਜਾਂਦਾ, ਉਹ ਇੱਥੇ ਬੈਠਾ ਰਹਿੰਦਾ? ਉਸ ਨੇ ਤਾਂ ਆਪ ਕਿਹਾ ਕਿ ਨਹੀਂ ਮੈਂ ਸਫਾਈ ਦੇਣੀ ਹੈ। ਮੈਨੂੰ ਇੰਨ੍ਹਾਂ ਨੇ ਕੀ ਕਹਿਣਾ ਹੈ।''