ਲੁਧਿਆਣਾ ਬਲਾਸਟ : ਮਾਰੇ ਗਏ ਵਿਅਕਤੀ ਦੀ ਪੁਲਿਸ ਨੇ ਅਜੇ ਤੱਕ ਕਿਉਂ ਨਹੀਂ ਚੁੱਕੀ ਲਾਸ਼- ਹੁਣ ਤੱਕ ਜੋ ਜਾਣਕਾਰੀ ਮਿਲੀ

    • ਲੇਖਕ, ਗੁਰਮਿੰਦਰ ਸਿੰਘ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ, ਲੁਧਿਆਣਾ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਲੁਧਿਆਣਾ ਬਲਾਸਟ ਵਿੱਚ ਇੱਕ ਹੀ ਮੌਤ ਹੋਈ ਹੈ। ਉਸ ਬਾਰੇ ਵੀ ਲੱਗਦਾ ਹੈ ਕਿ ਉਹ ਬੰਬ ਨੂੰ ਹੀ ਅਪਰੇਟ ਕਰ ਰਿਹਾ ਸੀ।

ਮੁੱਖ ਮੰਤਰੀ ਵੀਰਵਾਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਹੋਏ ਧਮਾਕੇ ਤੋਂ ਬਾਅਦ ਪੀੜ੍ਹਤਾਂ ਦਾ ਹਾਲ-ਚਾਲ ਜਾਣਨ ਸ਼ਹਿਰ ਵਿਚ ਪਹੁੰਚੇ ਸਨ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਧਮਾਕੇ ਬਾਰੇ ਰਿਪੋਰਟ ਮੰਗੀ ਹੈ।

ਪੁਲਿਸ ਮੁਤਾਬਕ ਇਹ ਧਮਾਕਾ ਅਦਾਲਤ ਦੀ ਦੂਸਰੀ ਮੰਜ਼ਿਲ 'ਤੇ ਦੁਪਹਿਰ ਕਰੀਬ 12.30 ਵਜੇ ਹੋਇਆ ਹੈ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਅਤੇ 5 ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਭੁੱਲਰ ਮੁਤਾਬਕ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ ਅਤੇ ਪੁਲਿਸ ਨੇ ਧਮਾਕੇ ਵਾਲੀ ਥਾਂ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੌਕੇ ’ਤੇ ਪਹੁੰਚੇ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ,"ਬੰਬ ਧਮਾਕੇ ਵਿੱਚ ਵਰਤੀ ਗਈ ਸਮੱਗਰੀ ਦੀ ਜਾਂਚ ਫੌਰੈਂਸਿਕ ਟੀਮਾਂ ਪਹੁੰਚ ਗਈਆਂ ਹਨ।"

ਪੰਜਾਬ ਦੇ ਮੁੱਖ ਮੰਤਰੀ ਦੀ ਸ਼ੰਕਾ

ਘਟਨਾ ਵਾਲੀ ਥਾਂ ਤੇ ਪਹੁੰਚੇ ਮੁੱਖ ਮੰਤਰੀ ਚੰਨੀ ਨੇ ਕਿਹਾ, ''ਇੱਕ ਬੰਦੇ ਦੀ ਮੌਤ ਹੋਈ ਹੈ ਅਤੇ 5 ਜਣੇ ਜ਼ਖ਼ਮੀ ਹਨ, ਉਨ੍ਹਾਂ ਸਾਰਿਆਂ ਵਿਚੋਂ ਕੋਈ ਵੀ ਗੰਭੀਰ ਹਾਲਤ ਵਿਚ ਨਹੀਂ ਹੈ।''

''ਜਦੋਂ ਤੋਂ ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ, ਉਦੋਂ ਤੋਂ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹਰਿਮੰਦਰ ਸਾਹਿਬ ਵਿਚ ਇੱਕ ਘਟਨਾ ਹੋਈ, ਫੇਰ ਕਪੂਰਥਲਾ ਵਿਚ ਹੋਈ ਜੋ ਕਿਸੇ ਵੀ ਤਰ੍ਹਾਂ ਬੇਅਦਬੀ ਵਾਲੀ ਘਟਨਾ ਨਹੀਂ ਸੀ।

ਅੱਜ ਮੁਹਾਲੀ ਕੋਰਟ ਵਿਚ ਇੱਕ ਸੁਣਵਾਈ ਸੀ, ਜਾਂ ਤਾਂ ਇਹ ਕਿਸੇ ਪਾਸੇ ਹੈ, ਜਾਂ ਇਸ ਦਾ ਕੋਈ ਸਬੰਧ ਹੈ ਜਾਂ ਚੋਣਾਂ ਨਾਲ ਹੈ, ਕਿ ਕੋਈ ਏਜੰਸੀਆਂ ਪੰਜਾਬ ਦੇ ਅਰਥਚਾਰੇ ਨੂੰ ਢਾਹ ਲਾਕੇ , ਡਰਾ ਕੇ ਵੋਟਾਂ ਲੈਣੀਆਂ ਚਾਹੁੰਦੀਆਂ ਹਨ। ਇਹ ਗੱਲਾਂ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆ ਜਾਣਗੀਆਂ ''

ਚੰਨੀ ਨੇ ਕਿਹਾ ਕਿ ''ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨੇ ਅਜਿਹੀ ਇਨਪੁੱਟ ਦਿੱਤੀ ਹੈ ਕਿ ਅਜਿਹੀਆਂ ਗੱਲਾਂ ਹੋ ਸਕਦੀਆਂ ਹਨ। ਇਹ ਚੋਣ ਨੂੰ ਦੇਖ ਕੇ ਹੋ ਸਕਦਾ ਹੈ ਜਾਂ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਨਸ਼ੇ ਦੇ ਸੌਦਾਗਰਾਂ ਦਾ ਕਦਮ ਹੋਵੇਗਾ, ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ।''

ਇਹ ਵੀ ਪੜ੍ਹੋ :

ਲੁਧਿਆਣਾ ਬਲਾਸਟ : ਕੀ ਅਤੇ ਕਦੋਂ ਹੋਇਆ?

ਲੁਧਿਆਣਾ ਪੁਲਿਸ ਮੁਤਾਬਕ ਧਮਾਕਾ ਵੀਰਵਾਰ ਨੂੰ ਦੁਪਹਿਰੇ ਲਗਭਗ ਸਾਢੇ ਬਾਰਾਂ ਵਜੇ ਹੋਇਆ। ਧਮਾਕੇ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ ਹੈ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਭੁੱਲਰ ਮੁਤਾਬਕ ਧਮਾਕੇ ਵਿਚ ਮਰਿਆ ਵਿਅਕਤੀ ਇਸ ਵਾਰਦਾਤ ਦਾ ਸ਼ੱਕੀ ਮੁਲਜ਼ਮ ਲੱਗ ਰਿਹਾ ਹੈ, ”ਇੰਝ ਲੱਗ ਰਿਹਾ ਹੈ ਜਿਵੇਂ ਇਹੀ ਵਿਅਕਤੀ ਧਮਾਕਾਖੇਜ਼ ਸਮੱਗਰੀ ਲੈਕੇ ਜਾ ਰਿਹਾ ਸੀ, ਜਾਂ ਇਹ ਧਮਾਕੇ ਵਾਲੀ ਥਾਂ ਦੇ ਬਹੁਤ ਨੇੜੇ ਖੜ੍ਹਾ ਸੀ।”

ਪਰ ਇਹ ਅਜੇ ਜਾਂਚ ਦਾ ਮੁੱਦਾ ਹੈ, ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਨੇ ਕਿਹਾ, "ਅਸੀਂ ਧਮਾਕੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਫੌਰੈਂਸਿਕ ਤੇ ਬੰਬ ਨਕਾਰਾ ਕਰਨ ਵਾਲੀ ਟੀਮ ਨੂੰ ਮੌਕਾ-ਏ-ਵਾਰਦਾਤ ਉੱਤੇ ਪਹੁੰਚ ਗਈਆਂ ਹਨ।"

ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਜਾਂਚ ਵਿਚ ਜੁਟ ਗਈ ਹੈ, ਇਸ ਲਈ ਲੋਕ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਸਹਿਮ ਵਿਚ ਨਾ ਆਉਣ। ਉਨ੍ਹਾਂ ਕਿ ਲੋਕ ਅਜੇ ਅਦਾਲਤੀ ਕੰਪਲੈਕਸ ਵੱਲ ਨਾ ਆਉਣ।

ਲੁਧਿਆਣਾ ਬਲਾਸਟ : ਕਿੰਨਾ ਨੁਕਸਾਨ ਹੋਇਆ ਹੈ?

ਧਮਾਕਾ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ਉੱਪਰ ਰਿਕਾਰਡ ਰੂਮ ਨਾਲ ਲੱਗਦੇ ਇੱਕ ਬਾਥਰੂਮ ਕੋਲ ਹੋਇਆ, ਜੋ ਕਿ ਆਮ ਪਬਲਿਕ ਲਈ ਸੀ।

ਮੌਕੇ ਦੇ ਚਸ਼ਮਦੀਦ ਨਰਿੰਦਰ ਨੇ ਦੱਸਿਆ ਕਿ ਕੁਝ ਲੋਕ ਕਹਿ ਰਹੇ ਸਨ ਕਿ ਕੱਪੜੇ ਗਿਰੇ ਹੋਏ ਹਨ, ਉਸ ਨੇ ਜਦੋਂ ਕੱਪੜੇ ਹਟਾਏ ਤਾਂ ਉੱਥੇ ਲਾਸ਼ ਪਈ ਸੀ।

ਪੁਲਿਸ ਮੁਤਾਬਕ ਜਿਸ ਬੰਦੇ ਦੀ ਮੌਤ ਹੋਈ ਹੈ, ਉਸ ਦੀ ਲਾਸ਼ ਨੂੰ ਅਜੇ ਤੱਕ ਚੁੱਕਿਆ ਨਹੀਂ ਗਿਆ ਹੈ, ਕਿਉਂ ਕਿ ਇਹ ਵਿਅਕਤੀ ਸ਼ੱਕੀ ਮੁਲਜ਼ਮ ਲੱਗਦਾ ਹੈ। ਫੌਰੈਂਸਿਕ ਟੀਮ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲਾਸ਼ ਨੂੰ ਚੁੱਕਿਆ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਧਮਾਕੇ ਕਾਰਨ ਬਾਥਰੂਮ ਦੀ ਛੱਤ ਵੀ ਡਿੱਗ ਪਈ ਸੀ।

ਇਸ ਧਮਾਕੇ ਜ਼ਖ਼ਮੀ ਹੋਈ ਇੱਕ ਔਰਤ ਦੀ ਸਾਥੀ ਮੰਜੂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ। ਚਾਰੇ ਪਾਸੇ ਧੂੜ ਹੀ ਧੂੜ ਫੈਲ ਗਈ, ਸਾਨੂੰ ਲੋਕਾਂ ਨੇ ਬਾਹਰ ਕੱਢਿਆ ਗਿਆ ਅਤੇ ਸਾਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ।

ਮੰਜੂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਾਰਾ ਕੁਝ ਕੰਬ ਗਿਆ ਅਤੇ ਪੂਰੀ ਕੰਧ ਅਤੇ ਛੱਤ ਢਹਿ ਢੇਰੀ ਹੋ ਗਿਆ ।

ਲੁਧਿਆਣਾ ਬਲਾਸਟ :ਜਾਂਚ ਵਿੱਚ ਕੀ ਪਤਾ ਲੱਗਿਆ?

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਸਾਰੇ ਇਲਾਕੇ ਨੂੰ ਸੀਲ ਕਰਕੇ ਰੱਖਿਆ ਜਾਵੇਗਾ ਅਤੇ ਫ਼ੌਰੈਂਸਿਕ ਟੀਮ ਜਾਂਚ ਲਈ ਬੁਲਾਈ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੌਕੇ ’ਤੇ ਪਹੁੰਚੇ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ,"ਬੰਬ ਧਮਾਕੇ ਵਿੱਚ ਵਰਤੀ ਗਈ ਸਮੱਗਰੀ ਦੀ ਜਾਂਚ ਫੌਰੈਂਸਿਕ ਟੀਮਾਂ ਪਹੁੰਚ ਗਈਆਂ ਹਨ।"

ਲੁਧਿਆਣਾ ਬਲਾਸਟ: ਪੰਜਾਬ ਦੇ ਗ੍ਰਹਿ ਮੰਤਰੀ ਨੇ ਕੀ ਕਿਹਾ?

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਸਾਰੇ ਪੰਜਾਬ ਨੂੰ ਹਾਈ ਅਲਾਰਟ ਕੀਤਾ ਗਿਆ ਹੈ। ਖ਼ਾਸ ਕਰਕੇ ਭੀੜ-ਭਾੜ ਵਾਲੀਆਂ ਥਾਵਾਂ ਉੱਪਰ ਸੁਰੱਖਿਆ ਵਧਾਈ ਜਾ ਰਹੀ ਹੈ।"

ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ "ਮੱਦੇਨਜ਼ਰ ਇਹ ਸੂਬੇ ਨੂੰ ਅਸਥਿਰ ਕਰਨ ਦੀ ਬਾਹਰੀ ਤਾਕਤਾਂ ਦੀ ਸਾਜਿਸ਼ ਵੀ ਹੋ ਸਕਦੀ ਹੈ।"

"ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਧਰਨੇ-ਮੁਜ਼ਾਹਰੇ ਹੋ ਰਹੇ ਹਨ, ਸਾਰੀ ਫੋਰਸ ਉੱਥੇ ਪਹੁੰਚ ਜਾਂਦੀ ਹੈ। ਪੰਜਾਬ ਦੀ ਸੁਰੱਖਿਆ ਦੇ ਮੱਦੇ ਨਜ਼ਰ ਉਨ੍ਹਾਂ ਨੂੰ ਵੀ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ ਕਿ ਸ਼ਾਮ ਨੂੰ ਮੁੱਖ ਮੰਤਰੀ, ਮੇਰੀ ਅਤੇ ਡੀਜੀਪੀ ਦੀ ਪੰਜਾਬ ਦੇ ਲਾਅ ਐਂਡ ਆਰਡਰ ਬਾਰੇ ਮੀਟਿੰਗ ਹੋ ਰਹੀ ਹੈ।

ਲੁਧਿਆਣਾ ਬਲਾਸਟ: ਸਿਆਸੀ ਪ੍ਰਤੀਕਿਰਿਆ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਕ ’ਤੇ ਪਹੁੰਚ ਗਏ ਹਨ। ਉਥੇ ਜਾਣ ਤੋਂ ਪਿਹਲਾਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, "ਲੁਧਿਆਣੇ ਵਿੱਚ ਧਮਾਕਾ ਹੋਇਆ ਹੈ। ਮੈਂ ਉੱਥੇ ਜਾ ਰਿਹਾ ਹਾਂ ਤੇ ਸਥਿਤੀ ਦਾ ਜਾਇਜਾ ਲਵਾਂਗਾ।"

"ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਦੇਸ਼ ਵਿਰੋਧੀ ਤਾਕਤਾਂ ਵੱਲੋਂ ਖਿਨੌਣੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।"

"ਪਹਿਲਾਂ ਉਨ੍ਹਾਂ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ, ਜਦੋਂ ਸਫਲ ਨਹੀਂ ਹੋਏ, ਤਾਂ ਹੁਣ ਇਹ ਕੋਸ਼ਿਸ਼ ਕੀਤੀ।"

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਲੁਧਿਆਣਾ ਵਿੱਚ ਧਮਾਕੇ ਦੀ ਖ਼ਬਰ ਪਰੇਸ਼ਾਨ ਕਰਨ ਵਾਲੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਬੇਅਦਬੀ, ਹੁਣ ਬਲਾਸਟ। "ਕੁਝ ਲੋਕ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ।"

ਉਨ੍ਹਾਂ ਨੇ ਕਿਹਾ, "ਪੰਜਾਬ ਦੇ 3 ਕਰੋੜ ਲੋਕ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਅਸੀਂ ਇੱਕ ਦੂਜੇ ਦਾ ਹੱਥ ਫੜ ਕੇ ਰੱਖਣਾ ਹੈ।''''ਖ਼ਬਰ ਸੁਣ ਕੇ ਦੁੱਖ ਹੋਇਆ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।''

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਧਮਾਕੇ ਉੱਤੇ ਦੁੱਖ ਜ਼ਾਹਰ ਕੀਤਾ ਹੈ।

ਸੁਖਬੀਰ ਨੇ ਟਵੀਟ ਵਿਚ ਲਿਖਿਆ, ''ਲੁਧਿਆਣਾ ਜਿਲ੍ਹਾ ਕਚਹਿਰੀ ਵਿੱਚ ਧਮਾਕੇ ਦੀ ਖ਼ਬਰ ਸੁਣ ਕੇ ਸਦਮਾ ਪਹੁੰਚਿਆ, ਜਿੱਥੇ 2 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਜ਼ਖਮੀ ਹੋ ਗਏ।''

ਗੁਰੂ ਸਾਹਿਬ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਅਤੇ ਜ਼ਖਮੀਆਂ ਨੂੰ ਜਲਦੀ ਤੰਦਰੁਸਤ ਕਰਨ। ਪੰਜਾਬ ਸਰਕਾਰ ਨੂੰ ਰਾਜਨੀਤਿਕ ਬਦਲਾਖੋਰੀ ਦੀ ਬਜਾਏ ਸੂਬੇ 'ਚ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਅਤੇ ਵਿਵਸਥਾ 'ਤੇ ਧਿਆਨ ਦੇਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)