You’re viewing a text-only version of this website that uses less data. View the main version of the website including all images and videos.
ʻਮੈਂ ਆਪਣੇ ਬੱਚਿਆਂ ਨੂੰ ਗੋਰਾ ਬਣਾਉਣ ਲਈ ਕਰੀਮ ਵਰਤੀ ਪਰ ਉਨ੍ਹਾਂ ʼਤੇ ਦਾਗ਼ ਪੈ ਗਏʼ, ਨਾਈਜੀਰੀਆ ਦੀ ਔਰਤ ਦਾ ਦਰਦ
- ਲੇਖਕ, ਮਦੀਨਾ ਮਾਇਸ਼ਾਨੂ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਉੱਤਰੀ ਨਾਈਜੀਰੀਆ ਵਿੱਚ ਦੋ ਸਾਲਾ ਬੱਚੇ ਨੂੰ ਚੁੱਕੀ ਇੱਕ ਮਾਂ ਬਹੁਤ ਪਰੇਸ਼ਾਨ ਨਜ਼ਰ ਆਈ। ਬੱਚੇ ਦੇ ਲੱਤਾਂ ਅਤੇ ਚਿਹਰੇ ʼਤੇ ਸੜਨ ਅਤੇ ਚਮੜੀ ਦੇ ਫਿੱਕੇ ਪੈਣ ਦੇ ਨਿਸ਼ਾਨ ਸਨ।
32 ਸਾਲਾ ਔਰਤ ਨੇ ਆਪਣੇ ਪਰਿਵਾਰ ਦੇ ਦਬਾਅ ਹੇਠ ਆਪਣੇ ਛੇ ਬੱਚਿਆਂ 'ਤੇ ਚਮੜੀ ਨੂੰ ਚਿੱਟਾ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਕੀਤੀ, ਜਿਸ ਦੇ ਨਤੀਜੇ ਵਜੋਂ ਹੁਣ ਉੱਸ ਦੇ ਪੱਲੇ ਪਛਤਾਵਾ ਹੀ ਬਚਿਆ ਹੈ।
ਫਾਤਿਮਾ (ਬਦਲਿਆ ਹੋਇਆ ਨਾਮ) ਕਹਿੰਦੇ ਹਨ ਕਿ ਉਨ੍ਹਾਂ ਦੀ ਧੀ ਜਦੋਂ ਵੀ ਬਾਹਰ ਜਾਂਦੀ ਹੈ ਤਾਂ ਉਹ ਆਪਣੇ ਚਿਹਰੇ ʼਤੇ ਸਾੜ ਦੇ ਨਿਸ਼ਾਨਾਂ ਨੂੰ ਢੱਕ ਲੈਂਦੀ ਹੈ।
ਦੂਜੀ ਧੀ ਦੀ ਚਮੜੀ ਪਹਿਲਾਂ ਨਾਲੋਂ ਹੋਰ ਕਾਲੀ ਹੋ ਗਈ ਹੈ, ਉਸ ਦੀਆਂ ਅੱਖਾਂ ਦੇ ਦੁਆਲੇ ਇੱਕ ਫਿੱਕਾ ਘੇਰਾ ਸੀ, ਜਦੋਂ ਕਿ ਇੱਕ ਤੀਜੀ ਦੇ ਬੁੱਲ੍ਹਾਂ ਅਤੇ ਗੋਡਿਆਂ 'ਤੇ ਚਿੱਟੇ ਦਾਗ਼ ਸਨ।
ਉਨ੍ਹਾਂ ਦੇ ਬੱਚੇ ਅਜੇ ਵੀ ਜਖ਼ਮਾਂ ਕਾਰਨ ਰੋ ਰਹੇ ਸਨ, ਉਨ੍ਹਾਂ ਦੀ ਚਮੜੀ ਨੂੰ ਠੀਕ ਹੋਣ ਵਿੱਚ ਬਹੁਤ ਸਮਾਂ ਲੱਗ ਰਿਹਾ ਹੈ।
ਫਾਤਿਮਾ ਦਾ ਕਹਿਣਾ ਹੈ, "ਮੇਰੀ ਭੈਣ ਨੇ ਕਣਕਵਿੰਨੇ ਰੰਗ ਵਾਲੀ ਚਮੜੀ ਵਾਲੇ ਬੱਚਿਆਂ ਨੂੰ ਜਨਮ ਦਿੱਤਾ ਪਰ ਮੇਰੇ ਬੱਚਿਆਂ ਦਾ ਰੰਗ ਥੋੜ੍ਹਾ ਜਿਹਾ ਗੂੜਾ ਹੈ। ਮੈਂ ਦੇਖਿਆ ਕਿ ਮੇਰੀ ਮਾਂ ਮੇਰੀ ਭੈਣ ਦੇ ਬੱਚਿਆਂ ਨੂੰ ਉਨ੍ਹਾਂ ਦੀ ਚਮੜੀ ਦੇ ਰੰਗ ਕਾਰਨ ਮੇਰੇ ਨਾਲੋਂ ਜ਼ਿਆਦਾ ਪਸੰਦ ਕਰਦੀ ਹੈ ਅਤੇ ਇਸ ਨਾਲ ਮੇਰੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ।"
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਡਾਕਟਰ ਦੀ ਪਰਚੀ ਤੋਂ ਬਿਨਾਂ, ਕਾਨੋ ਸ਼ਹਿਰ ਵਿੱਚ ਸਥਾਨਕ ਸੁਪਰਮਾਰਕੀਟ ਤੋਂ ਖਰੀਦੀਆਂ ਕਰੀਮਾਂ ਦੀ ਵਰਤੋਂ ਕੀਤੀ।
ਪਹਿਲਾਂ ਤਾਂ ਇਹ ਕੰਮ ਕਰਦੀਆਂ ਜਾਪੀਆਂ ਪਰ ਫਿਰ ਸਾੜ ਅਤੇ ਦਾਗ਼ ਦਿਖਾਈ ਦਿੱਤੇ।
ਇਨ੍ਹਾਂ ਬੱਚਿਆਂ ਦੀ ਉਮਰ ਉਸ ਵੇਲੇ ਦੋ ਤੋਂ 16 ਸਾਲ ਦੇ ਵਿਚਕਾਰ ਸੀ।
ਡੂੰਘੀਆਂ ਸੱਭਿਆਚਾਰਕ ਜੜ੍ਹਾਂ
ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਚਮੜੀ ਨੂੰ ਗੋਰਾ ਕਰਨ ਲਈ, ਜਿਸ ਨੂੰ ਨਾਈਜੀਰੀਆ ਵਿੱਚ ਬਲੀਚਿੰਗ ਵੀ ਕਿਹਾ ਜਾਂਦਾ ਹੈ, ਕਾਸਮੈਟਿਕ ਪ੍ਰੋਡੈਕਟ ਵਰਤੇ ਜਾਂਦੇ ਹਨ।
ਹਾਲਾਂਕਿ, ਇਨ੍ਹਾਂ ਦੀਆਂ ਅਕਸਰ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਹੁੰਦੀਆਂ ਹਨ।
ਨਾਇਜੀਰੀਆਂ ਦੀਆਂ ਔਰਤਾਂ ਚਮੜੀ ਨੂੰ ਗੋਰਾ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਹੋਰ ਕਿਸੇ ਅਫਰੀਕੀ ਦੇਸ਼ ਦੀਆਂ ਔਰਤਾਂ ਨਾਲੋਂ ਜ਼ਿਆਦਾ ਕਰਦੀਆਂ ਹਨ।
ਇਨ੍ਹਾਂ ਵਿੱਚ 77 ਫੀਸਦ ਔਰਤਾਂ ਇਨ੍ਹਾਂ ਦੀ ਵਰਤੋਂ ਕਰੀਬ ਲਗਾਤਾਰ ਕਰਦੀਆਂ ਹਨ।
ਕਾਂਗੋ-ਬ੍ਰਾਜ਼ਾਵਿਲ ਵਿੱਚ ਇਹ ਅੰਕੜਾ 66 ਫੀਸਦ, ਸੇਨੇਗਲ ਵਿੱਚ 50 ਫੀਸਦ ਅਤੇ ਘਾਨਾ ਵਿੱਚ 39 ਫੀਸਦ ਹੈ।
ਕਰੀਮਾਂ ਵਿੱਚ ਕੋਰਟੀਕੋਸਟੀਰੋਇਡ ਜਾਂ ਹਾਈਡ੍ਰੋਕੁਇਨੋਨ ਹੋ ਸਕਦਾ ਹੈ, ਜੋ ਕਿ ਜ਼ਿਆਦਾ ਮਾਤਰਾ ਵਿੱਚ ਵਰਤੇ ਜਾਣ 'ਤੇ ਨੁਕਸਾਨਦੇਹ ਹੋ ਸਕਦਾ ਹੈ।
ਬਹੁਤ ਸਾਰੇ ਦੇਸ਼ਾਂ ਵਿੱਚ ਇਹ ਸਿਰਫ਼ ਡਾਕਟਰ ਵੱਲੋਂ ਲਿਖੀ ਗਈ ਪਰਚੀ ʼਤੇ ਖਰੀਦੇ ਜਾ ਸਕਦੇ ਹਨ।
ਕਈ ਵਾਰ ਵਰਤੇ ਜਾਣ ਵਾਲੇ ਹੋਰ ਤੱਤ ਜ਼ਹਿਰੀਲੀ ਧਾਤ, ਪਾਰਾ ਅਤੇ ਕੋਜਿਕ ਐਸਿਡ ਹੁੰਦੇ ਹਨ।
ਕੋਜਿਕ ਐਸਿਡ, ਜਾਪਾਨੀ ਅਲਕੋਹਲ ਸੇਕ ਦੇ ਨਿਰਮਾਣ ਲਈ ਵਰਤਿਆ ਜਾਣ ਵਾਲਾ ਇੱਕ ਉਪ-ਉਤਪਾਦ ਹੈ।
ਡਰਮੇਟਾਇਟਸ ਨਾਲ ਮੁਹਾਸੇ ਅਤੇ ਚਮੜੀ ਦਾ ਰੰਗ ਬਦਲਿਆ ਜਾ ਸਕਦਾ ਹੈ ਪਰ ਇਸ ਨਾਲ ਸੋਜਿਸ਼ ਹੋ ਸਕਦੀ ਹੈ ਅਤੇ ਗੁਰਦੇ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।
ਡਬਲਯੂਐੱਚਓ ਦਾ ਕਹਿਣਾ ਹੈ ਕਿ ਚਮੜੀ ਪਤਲੀ ਹੋ ਸਕਦੀ ਹੈ, ਜਿਸ ਦੇ ਨਤੀਜੇ ਵਜੋਂ ਜ਼ਖ਼ਮਾਂ ਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਸੰਕਰਮਿਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸਥਿਤੀ ਇੰਨੀ ਮਾੜੀ ਹੈ ਕਿ ਨਾਈਜੀਰੀਆ ਨੈਸ਼ਨਲ ਏਜੰਸੀ ਫਾਰ ਫੂਜ ਐਂਡ ਡਰੱਗਜ਼ ਐਡਮਿਨਸਟ੍ਰੇਟਿਵ ਐਂਜ ਕੰਟ੍ਰੋਲ (ਐੱਨਏਐੱਫਡੀਏਸੀ) ਨੇ 2023 ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।
ਔਰਤਾਂ ਲਈ ਆਪਣੇ ਵਾਲਾਂ ਨੂੰ ਬਲੀਚ ਕਰਨਾ ਵੀ ਆਮ ਹੁੰਦਾ ਜਾ ਰਿਹਾ ਹੈ, ਜਿਵੇਂ ਕਿ ਫਾਤਿਮਾ ਨੇ ਕੀਤਾ ਸੀ।
ਰਾਜਧਾਨੀ ਅਬੂਜਾ ਵਿੱਚ ਇੱਕ ਡਰਮਾਟੋਲੋਜੀ ਸਪਾ ਦੀ ਮਾਲਕਨ ਜ਼ੈਨਬ ਬਸ਼ੀਰ ਯਾਊ ਨੇ ਬੀਬੀਸੀ ਨੂੰ ਦੱਸਿਆ, "ਬਹੁਤ ਸਾਰੇ ਲੋਕ ਗੋਰੀ ਚਮੜੀ ਨੂੰ ਸੁੰਦਰਤਾ ਜਾਂ ਦੌਲਤ ਨਾਲ ਜੋੜਦੇ ਹਨ। ਔਰਤਾਂ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਬਲੀਚ ਕਰ ਕੇ ਇਸ ਵਿਤਕਰੇ ਤੋਂ ਬਚਾਉਂਦੀਆਂ ਹਨ।"
ਉਨ੍ਹਾਂ ਦਾ ਅੰਦਾਜ਼ਾ ਹੈ ਕਿ ਉਹ ਜਿਨ੍ਹਾਂ ਔਰਤਾਂ ਨੂੰ ਮਿਲੇ ਹਨ, ਉਨ੍ਹਾਂ ਵਿੱਚੋਂ 80 ਫੀਸਦ ਨੇ ਆਪਣੇ ਬੱਚਿਆਂ ਦੀ ਬਲੀਚ ਕਰਵਾਈ ਹੈ, ਜਾਂ ਅਜਿਹਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
ਉਹ ਕਹਿੰਦੇ ਹਨ ਕਿ ਕੁਝ ਤਾਂ ਬੱਚਿਆਂ ਵਾਂਗ ਆਪਣੇ ਆਪ ਨੂੰ ਬਲੀਚ ਵੀ ਕਰਦੇ ਸਨ।
ਨਾਈਜੀਰੀਆ ਵਿੱਚ ਇਹ ਪਤਾ ਲਗਾਉਣ ਦਾ ਸਭ ਤੋਂ ਆਮ ਤਰੀਕਾ ਹੈ ਕਿ ਕੋਈ ਚਮੜੀ ਨੂੰ ਗੋਰਾ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਕਰ ਰਿਹਾ ਹੈ ਜਾਂ ਨਹੀਂ। ਇਹ ਸਭ ਉਨ੍ਹਾਂ ਦੇ ਪੋਰਾਂ ਤੋਂ ਪਤਾ ਲੱਗ ਜਾਂਦਾ ਹੈ ਕਿਉਂਕਿ ਉਹ ਕਾਲੇ ਹੀ ਰਹਿੰਦੇ ਹਨ।
ਲੋਕਾਂ ਦੇ ਹੱਥਾਂ ਜਾਂ ਪੈਰਾਂ ਦੇ ਹੋਰ ਹਿੱਸੇ ਗੋਰੇ ਹੋ ਜਾਂਦੇ ਹਨ, ਪਰ ਉਂਗਲਾਂ ਦੇ ਜੋੜ ਸਿਆਹਫਾਮ ਹੀ ਰਹਿੰਦੇ ਹਨ।
ਹਾਲਾਂਕਿ, ਸਿਗਰਟਨੋਸ਼ੀ ਕਰਨ ਵਾਲਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਦੇ ਹੱਥਾਂ 'ਤੇ ਕਈ ਵਾਰ ਧੂੰਏਂ ਕਾਰਨ ਕਾਲੇ ਧੱਬੇ ਪੈ ਜਾਂਦੇ ਹਨ।
ਇਸ ਲਈ, ਚਮੜੀ ਨੂੰ ਗੋਰਾ ਕਰਨ ਵਾਲੇ ਉਤਪਾਦਾਂ ਦੇ ਉਪਭੋਗਤਾਵਾਂ ਨੂੰ ਕਈ ਵਾਰ ਗ਼ਲਤੀ ਨਾਲ ਇਸ ਸਮੂਹ ਨਾਲ ਸਬੰਧਤ ਮੰਨਿਆ ਜਾਂਦਾ ਹੈ।
ਫਾਤਿਮਾ ਕਹਿੰਦੇ ਹਨ ਕਿ ਉਨ੍ਹਾਂ ਦੀਆਂ 16 ਅਤੇ 14 ਸਾਲ ਦੀਆਂ ਧੀਆਂ ਨਾਲ ਵੀ ਇਹੀ ਹੋਇਆ।
ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੂੰ ਸਮਾਜ ਵੱਲੋਂ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਸਾਰਿਆਂ ਨੇ ਉਨ੍ਹਾਂ ਵੱਲ ਉਂਗਲਾਂ ਚੁੱਕੀਆਂ ਅਤੇ ਉਨ੍ਹਾਂ ਨੂੰ ਨਸ਼ੇੜੀ ਕਿਹਾ। ਇਸ ਦਾ ਉਨ੍ਹਾਂ 'ਤੇ ਬਹੁਤ ਅਸਰ ਪਿਆ।"
ਉਨ੍ਹਾਂ ਦੋਵਾਂ ਦੇ ਸੰਭਾਵੀ ਮੰਗੇਤਰਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਕਿਉਂਕਿ ਮਰਦ ਉਨ੍ਹਾਂ ਔਰਤਾਂ ਨਾਲ ਨਹੀਂ ਰਹਿਣਾ ਚਾਹੁੰਦੇ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਨਸ਼ੇ ਕਰਦੀਆਂ ਹਨ।
ਮੈਂ ਕਾਨੋ ਦੇ ਇੱਕ ਮਸ਼ਹੂਰ ਬਾਜ਼ਾਰ ਦਾ ਦੌਰਾ ਕੀਤਾ ਜਿੱਥੇ ਆਪਣੇ ਆਪ ਨੂੰ "ਮਿਕਸੋਲੋਜਿਸਟ" ਕਹਿਣ ਵਾਲੇ ਲੋਕ ਚਮੜੀ ਨੂੰ ਚਿੱਟਾ ਕਰਨ ਵਾਲੀਆਂ ਕਰੀਮਾਂ ਬਣਾਉਂਦੇ ਹਨ।
ਬਾਜ਼ਾਰ ਵਿੱਚ ਦੁਕਾਨਾਂ ʼਤੇ ਲੰਬੀਆਂ ਕਤਾਰਾਂ ਹਨ ਜਿੱਥੇ ਕਰੀਮਾਂ ਵੇਚੀਆਂ ਜਾਂਦੀਆਂ ਹਨ।
ਕੁਝ ਪਹਿਲਾਂ ਤੋਂ ਮਿਕਸ ਕੀਤੀਆਂ ਕਿਸਮਾਂ ਸ਼ੈਲਫਾਂ 'ਤੇ ਰੱਖੀਆਂ ਜਾਂਦੀਆਂ ਹਨ ਪਰ ਗਾਹਕ ਕੱਚੇ ਪਦਾਰਥ ਵੀ ਚੁਣ ਸਕਦੇ ਹਨ ਅਤੇ ਆਪਣੇ ਸਾਹਮਣੇ ਕਰੀਮ ਨੂੰ ਮਿਲਾਉਣ ਲਈ ਕਹਿ ਸਕਦੇ ਹਨ।
ਮੈਂ ਦੇਖਿਆ ਕਿ ਬਹੁਤ ਸਾਰੀਆਂ ਬਲੀਚਿੰਗ ਕਰੀਮਾਂ, ਜਿਨ੍ਹਾਂ ਦੇ ਲੇਬਲ ਇਹ ਕਹਿੰਦੇ ਹਨ ਕਿ ਉਹ ਬੱਚਿਆਂ ਲਈ ਹਨ, ਵਿੱਚ ਨਿਯੰਤ੍ਰਿਤ ਪਦਾਰਥ ਹੁੰਦੇ ਹਨ।
ਹੋਰ ਵਿਕਰੇਤਾਵਾਂ ਨੇ ਕੋਜਿਕ ਐਸਿਡ, ਹਾਈਡ੍ਰੋਕਿਨੋਨ ਅਤੇ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ, ਗਲੂਟੈਥੀਓਨ ਵਰਗੇ ਨਿਯੰਤ੍ਰਿਤ ਤੱਤਾਂ ਦੀ ਵਰਤੋਂ ਕਰਨ ਦੀ ਗੱਲ ਸਵੀਕਾਰ ਕੀਤੀ, ਜੋ ਧੱਫੜ ਅਤੇ ਹੋਰ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸ਼ੋਰ ਕੁੜੀਆਂ ਨੂੰ ਆਪਣੇ ਲਈ ਅਤੇ ਥੋਕ ਵਿੱਚ ਬਲੀਚਿੰਗ ਕਰੀਮਾਂ ਖਰੀਦਦੇ ਹੋਏ ਵੀ ਦੇਖਿਆ ਤਾਂ ਜੋ ਉਹ ਉਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਵੇਚ ਸਕਣ।
ਹੋਰ ਵਿਕਰੇਤਾਵਾਂ ਨੇ ਕੋਜਿਕ ਐਸਿਡ, ਹਾਈਡ੍ਰੋਕਿਨੋਨ ਅਤੇ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ, ਗਲੂਟੈਥੀਓਨ ਵਰਗੇ ਨਿਯੰਤ੍ਰਿਤ ਤੱਤਾਂ ਦੀ ਵਰਤੋਂ ਕਰਨ ਦੀ ਗੱਲ ਸਵੀਕਾਰ ਕੀਤੀ, ਜੋ ਧੱਫੜ ਅਤੇ ਹੋਰ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੇ ਹਨ।
ਦੁਕਾਨਾਂ ਉੱਤੇ ਲੱਗੀਆਂ ਕਤਾਰਾਂ
ਮੈਂ ਕਿਸ਼ੋਰ ਕੁੜੀਆਂ ਨੂੰ ਰਿਟੇਲ ਅਤੇ ਥੋਕ ਵਿੱਚ ਬਲੀਚਿੰਗ ਕਰੀਮਾਂ ਖਰੀਦਦੇ ਹੋਏ ਵੀ ਦੇਖਿਆ ਤਾਂ ਜੋ ਉਹ ਉਨ੍ਹਾਂ ਨੂੰ ਅੱਗੇ ਵੇਚ ਸਕਣ।
ਇੱਕ ਔਰਤ ਜਿਸ ਦੇ ਹੱਥਾਂ ਦਾ ਰੰਗ ਫਿੱਕਾ ਪੈ ਗਿਆ ਸੀ, ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਸੇਲਜ਼ਪਰਸਨ ਬੱਚਿਆਂ ਲਈ ਬਣਾਈ ਜਾ ਰਹੀ ਕਰੀਮ ਵਿੱਚ ਲਾਈਟਨਿੰਗ ਏਜੰਟ ਪਾਵੇ, ਭਾਵੇਂ ਕਿ ਇਹ ਬਾਲਗਾਂ ਲਈ ਇੱਕ ਨਿਯੰਤ੍ਰਿਤ ਪਦਾਰਥ ਸੀ ਅਤੇ ਬੱਚਿਆਂ 'ਤੇ ਵਰਤਣਾ ਗ਼ੈਰ-ਕਾਨੂੰਨੀ ਸੀ।
ਉਸ ਨੇ ਕਿਹਾ, "ਭਾਵੇਂ ਮੇਰੇ ਹੱਥ ਰੰਗਹੀਨ ਹੋ ਗਏ ਹਨ, ਮੈਂ ਆਪਣੇ ਬੱਚਿਆਂ ਦੀ ਚਮੜੀ ਨੂੰ ਗੋਰਾ ਬਣਾਉਣ ਲਈ ਕਰੀਮ ਖਰੀਦਣ ਆਈ ਹਾਂ। ਮੇਰਾ ਮੰਨਣਾ ਹੈ ਕਿ ਮੇਰੇ ਹੱਥ ਇਸ ਤਰ੍ਹਾਂ ਦੇ ਹਨ ਕਿਉਂਕਿ ਮੈਂ ਗ਼ਲਤ ਕਰੀਮ ਵਰਤੀ ਹੈ। ਮੇਰੇ ਬੱਚਿਆਂ ਨੂੰ ਕੁਝ ਨਹੀਂ ਹੋਵੇਗਾ।"
ਇੱਕ ਵਿਕਰੇਤਾ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਗਾਹਕ ਆਪਣੇ ਬੱਚਿਆਂ ਨੂੰ "ਚਮਕਾਉਣ" ਲਈ ਕਰੀਮ ਖਰੀਦ ਰਹੇ ਸਨ।
ਜ਼ਿਆਦਾਤਰ ਲੋਕ ਮਨਜ਼ੂਰਸ਼ੁਦਾ ਖੁਰਾਕਾਂ ਤੋਂ ਅਣਜਾਣ ਜਾਪਦੇ ਸਨ।
ਇੱਕ ਵਿਕਰੇਤਾ ਨੇ ਕਿਹਾ ਕਿ ਉਸ ਨੇ "ਬਹੁਤ ਸਾਰਾ ਕੋਜਿਕ" ਵਰਤਿਆ, ਨਿਰਧਾਰਤ ਸੀਮਾ ਤੋਂ ਕਿਤੇ ਵੱਧ।
ਐੱਨਏਐੱਫਡੀਏਸੀ ਮੁਤਾਬਕ, ਨਾਈਜੀਰੀਆ ਵਿੱਚ ਕੋਜਿਕ ਐਸਿਡ ਦੀ ਮਨਜ਼ੂਰਸ਼ੁਧਾ ਖੁਰਾਕ ਇੱਕ ਫੀਸਦ ਹੈ।
ਮੈਂ ਦੇਖਿਆ ਵਿਕਰੇਤਾ ਔਰਤਾਂ ਨੂੰ ਟੀਕੇ ਵੀ ਲਗਾ ਰਹੇ ਸਨ।
ਐੱਨਏਐੱਫਡੀਏਸੀ ਦੇ ਡਾਇਰੈਕਟਰ, ਡਾ. ਲਿਓਨਾਰਡ ਓਮੋਕਪਾਰੀਓਲਾ ਦਾ ਕਹਿਣਾ ਹੈ ਕਿ ਜਨਤਾ ਨੂੰ ਜੋਖ਼ਮਾਂ ਬਾਰੇ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਬਾਜ਼ਾਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਨਾਈਜੀਰੀਆ ਦੀਆਂ ਸਰਹੱਦਾਂ 'ਤੇ ਚਮੜੀ ਨੂੰ ਚਿੱਟਾ ਕਰਨ ਵਾਲੇ ਪਦਾਰਥਾਂ ਨੂੰ ਜ਼ਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਦੇਸ਼ ਵਿੱਚ ਲਿਆਂਦਾ ਜਾ ਰਿਹਾ ਸੀ।
ਪਰ ਉਹ ਕਹਿੰਦੇ ਹਨ ਕਿ ਇਨ੍ਹਾਂ ਪਦਾਰਥਾਂ ਦੀ ਪਛਾਣ ਕਰਨਾ ਕਈ ਵਾਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਲਈ ਮੁਸ਼ਕਲ ਹੁੰਦਾ ਹੈ।
"ਉਨ੍ਹਾਂ ਵਿੱਚੋਂ ਕੁਝ ਨੂੰ ਬਿਨਾਂ ਲੇਬਲ ਵਾਲੇ ਡੱਬਿਆਂ ਵਿੱਚ ਲਿਆਂਦਾ ਜਾਂਦਾ ਹੈ। ਇਸ ਲਈ ਜੇ ਤੁਸੀਂ ਉਨ੍ਹਾਂ ਨੂੰ ਮੁਲਾਂਕਣ ਲਈ ਪ੍ਰਯੋਗਸ਼ਾਲਾਵਾਂ ਵਿੱਚ ਨਹੀਂ ਲੈ ਕੇ ਜਾਂਦੇ ਤਾਂ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਅੰਦਰ ਕੀ ਹੈ।"
ਫਾਤਿਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਰਾ ਉਨ੍ਹਾਂ ਨੂੰ ਹਮੇਸ਼ਾ ਪਰੇਸ਼ਾਨ ਕਰਦਾ ਰਹੇਗਾ, ਖ਼ਾਸ ਕਰ ਕੇ ਜੇਕਰ ਉਨ੍ਹਾਂ ਦੇ ਬੱਚਿਆਂ ਦੇ ਦਾਗ਼ ਨਾ ਗਏ।
ਉਨ੍ਹਾਂ ਨੇ ਕਿਹਾ, "ਜਦੋਂ ਮੈਂ ਆਪਣੀ ਮਾਂ ਨੂੰ ਉਨ੍ਹਾਂ ਦੇ ਵਿਹਾਰ ਕਾਰਨ ਆਪਣੇ ਬੱਚਿਆਂ ਉੱਤੇ ਵਰਤੀ ਕਰੀਮਾਂ ਦੇ ਖ਼ਤਰਿਆਂ ਅਤੇ ਉਸ ਦੇ ਦੋਹਤੇ-ਦੋਹਤੀਆਂ ʼਤੇ ਪੈਣ ਵਾਲੇ ਦਾਗ਼ਾਂ ਬਾਰੇ ਦੱਸਿਆਂ ਤਾਂ ਉਨ੍ਹਾਂ ਨੂੰ ਅਫ਼ਸੋਸ ਹੋਇਆ। ਉਨ੍ਹਾਂ ਨੇ ਮੁਆਫੀ ਮੰਗੀ।"
ਫਾਤਿਮਾ ਦੂਜੇ ਮਾਪਿਆਂ ਨੂੰ ਵੀ ਇਹੀ ਗ਼ਲਤੀ ਕਰਨ ਤੋਂ ਵਰਜਦੇ ਹਨ।
ਉਹ ਕਹਿੰਦੇ ਹਨ, "ਭਾਵੇਂ ਮੈਂ ਇਸ ਨੂੰ ਲੈਣਾ ਬੰਦ ਕਰ ਦਿੱਤਾ ਹੈ... ਇਸਦੇ ਮਾੜੇ ਪ੍ਰਭਾਵ ਅਜੇ ਵੀ ਹਨ, ਮੈਂ ਦੂਜੇ ਮਾਪਿਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੀ ਸਥਿਤੀ ਨੂੰ ਇੱਕ ਉਦਾਹਰਣ ਵਜੋਂ ਵਰਤਣ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ