ਕਈ 'ਸਪਰਮ ਡੋਨਰ' ਗਰਭਵਤੀ ਹੋਣ ਦੀਆਂ ਇੱਛੁਕ ਔਰਤਾਂ ਦਾ ਕਿਵੇਂ ਸੋਸ਼ਣ ਕਰਦੇ ਹਨ

ਲੰਬੇ ਕਾਲੇ ਵਾਲਾਂ ਵਾਲੀ ਇੱਕ ਔਰਤ, ਜਿਸਨੇ ਕਾਲਾ ਕੋਟ ਪਾਇਆ ਹੋਇਆ ਹੈ ਅਤੇ ਉਹ ਫ਼ੋਨ ਦੇਖ ਰਹੀ ਹੈ। ਉਸਦੇ ਪਿੱਛੇ ਸਪਰਮ ਦੀਆਂ ਤਸਵੀਰਾਂ ਹਨ ਅਤੇ ਇੱਕ ਹੱਥ ਵਿੱਚ ਲਾਲ ਢੱਕਣ ਵਾਲਾ ਖਾਲੀ ਡੱਬੀ ਫੜੀ ਹੋਈ ਹੈ।
ਤਸਵੀਰ ਕੈਪਸ਼ਨ, ਯੂ.ਕੇ. ਦੀ ਫਰਟੀਲਿਟੀ ਰੈਗੂਲੇਟਰ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਔਰਤਾਂ ਨੂੰ 'ਸ਼ਿਕਾਰੀ ਡੋਨਰਾਂ ਵੱਲੋਂ ਸੋਸ਼ਣ' ਦਾ ਖ਼ਤਰਾ ਹੈ।
    • ਲੇਖਕ, ਗੇਮਾ ਡਨਸਟੇਨ
    • ਰੋਲ, ਬੀਬੀਸੀ ਵੇਲਜ਼ ਇਨਵੈਸਟੀਗੇਟ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਮਾਂ ਬਣਨ ਲਈ ਬੇਤਾਬ ਔਰਤਾਂ ਨੂੰ ਸੈਕਸ ਲਈ ਤੰਗ ਕੀਤਾ ਜਾ ਰਿਹਾ ਹੈ ਅਤੇ ਇੰਟਰਨੈਟ 'ਤੇ ਸਸਤੇ ਗੈਰ-ਕਾਨੂੰਨੀ ਸ਼ੁਕਰਾਣੂਆਂ ਦੇ ਸੈਂਪਲਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਫਰਟੀਲਿਟੀ ਇਲਾਜ ਤੱਕ ਪਹੁੰਚ ਨਾ ਕਰ ਸਕਣ ਵਾਲੀਆਂ ਕੁਝ ਔਰਤਾਂ ਸੋਸ਼ਲ ਮੀਡੀਆ ਵੈਬਸਾਈਟਾਂ 'ਤੇ ਵਿਕਲਪ ਲੱਭ ਰਹੀਆਂ ਹਨ। ਜੋ ਕਿ ਇੱਕ ਵਧ ਰਹੇ ਗੈਰ-ਨਿਯੰਤ੍ਰਿਤ ਬਜ਼ਾਰ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਇੱਥੋਂ ਤੱਕ ਕਿ ਕੁਝ ਔਰਤਾਂ 'ਟਿੰਡਰ ਫਾਰ ਸਪਰਮ' ਜਿਹੀਆਂ ਵੈਬਸਾਈਟਾਂ ਦਾ ਸਹਾਰਾ ਵੀ ਲੈ ਰਹੀਆਂ ਹਨ।

ਬੀਬੀਸੀ ਵੇਲਜ਼ ਦੀ ਇੱਕ ਜਾਂਚ ਦੌਰਾਨ ਇੱਕ ਅਜਿਹੇ ਵਿਅਕਤੀ ਨੂੰ ਅਗਲੇ ਦਿਨ ਦੀ ਸੈਂਪਲ ਡਿਲੀਵਰੀ ਲਈ ਸੌ ਯੂਰੋ ਦਾ ਭੁਗਤਾਨ ਕੀਤਾ ਗਿਆ ਜਿਸ ਨੇ 'ਬੇਬੀ ਬੈਟਰ' ਵਜੋਂ ਆਨਲਾਈਨ ਵਿਗਿਆਪਨ ਦਿੱਤਾ ਅਤੇ ਉਸ ਨੇ ਸੈਂਪਲ ਨੂੰ ਟਮਾਟਰ ਪਾਸਤਾ ਦੇ ਫਰੋਜ਼ਨ ਕਾਰਟੂਨ ਵਿੱਚ ਪਾ ਕੇ ਭੇਜਿਆ।

ਯੂ.ਕੇ. ਦੀ ਫਰਟੀਲਿਟੀ ਰੈਗੁਲੇਟਰ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਔਰਤਾਂ ਨੂੰ ਅਜਿਹੇ ਵੀਰਜ ਦਾਨੀਆਂ ਤੋਂ ਖ਼ਤਰਾ ਹੈ।

ਇਸ ਜਾਂਚ ਦੇ ਹਿੱਸੇ ਵਜੋਂ ਮੈਂ ਇਹ ਦੇਖਣ ਲਈ ਨਿਕਲੀ ਕਿ ਇੰਟਰਨੈਟ 'ਤੇ ਸਪਰਮ ਪ੍ਰਾਪਤ ਕਰਨਾ ਕਿੰਨਾ ਸੌਖਾ ਹੈ ਅਤੇ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੇ ਮਰਦਾਂ ਦੀ ਕੋਈ ਕਮੀ ਨਹੀਂ ਸੀ।

ਇੱਕ ਆਨਲਾਈਨ ਵਿਗਿਆਪਨ ਮੈਨੂੰ ਦੱਸਦਾ ਹੈ ਕਿ ਮੈਂ ਡਾਕ ਰਾਹੀਂ ਡਿਲੀਵਰੀ ਲਈ ਜੋਅ ਡੋਨਰ ਨਾਮੀ ਇੱਕ ਵਿਅਕਤੀ 'ਤੇ ਭਰੋਸਾ ਕਰ ਸਕਦੀ ਹਾਂ।

ਉਹ ਇੱਕ ਬਹੁਤ ਸਰਗਰਮ ਡੋਨਰ ਹੈ ਜੋ ਦਾਅਵਾ ਕਰਦਾ ਹੈ ਕਿ ਦੁਨੀਆਂ ਭਰ ਵਿੱਚ ਜਿਨਸੀ ਸੰਬੰਧਾਂ ਅਤੇ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਰਾਹੀਂ ਉਸ ਦੇ 180 ਬੱਚੇ ਹਨ।

ਗੈਰ-ਨਿਯੰਤ੍ਰਿਤ ਸਪਰਮ ਦਾਨ ਦੇ ਖ਼ਤਰਿਆਂ ਬਾਰੇ ਚੇਤਾਵਨੀ ਦੇਣ ਲਈ ਕਾਰਡਿਫ ਵਿਚ ਇੱਕ ਮਾਮਲੇ ਤੋਂ ਬਾਅਦ ਇੱਕ ਫੈਮਿਲੀ ਕੋਰਟ ਦੇ ਜੱਜ ਨੇ ਉਸ ਨੂੰ ਜਨਤਕ ਤੌਰ 'ਤੇ 'ਰੌਬਰਟ ਐਲਬਨ' ਕਿਹਾ ਸੀ।

ਅਸੀਂ ਇੱਕ ਫ਼ਰਜ਼ੀ ਨਾਮ ਦੀ ਵਰਤੋਂ ਕਰਕੇ ਉਸ ਨਾਲ ਸੰਪਰਕ ਕੀਤਾ ਅਤੇ ਅਗਲੇ ਦਿਨ ਉਸ ਤੋਂ ਡਿਲੀਵਰੀ ਦਾ ਪ੍ਰਬੰਧ ਕਰਨ ਲਈ ਕੁਝ ਈਮੇਲਾਂ ਅਤੇ ਇੱਕ ਛੋਟੀ ਫੋਨ ਕਾਲ ਦੀ ਲੋੜ ਪਈ। ਉਸ ਨੇ ਸਾਨੂੰ ਸਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਨਹੀਂ ਕਿਹਾ ਅਤੇ ਨਾ ਹੀ ਸਾਡੇ ਦੇਖਣ ਲਈ ਕਿਸੇ ਸਿਹਤ ਜਾਂਚ ਰਿਪੋਰਟ ਦੀ ਪੇਸ਼ਕਸ਼ ਕੀਤੀ।

ਉਸ ਨੇ ਸਾਡੇ ਤੋਂ ਸਪਰਮ ਦੀ ਸਰਿੰਜ ਲਈ 100 ਯੂਰੋ ਕੈਸ਼ ਲਿਆ ਜੋ ਕਿ ਉਸ ਨੇ ਟਮਾਟਰ ਪਾਸਤਾ ਦੇ ਠੰਡੇ ਡੱਬੇ ਵਿੱਚ ਭੇਜੀ।

ਇੱਕ ਲਾਈਸੈਂਸੀ ਕਲੀਨਿਕ ਨੇ ਘੰਟਿਆਂ ਤੱਕ ਉਹ ਸੈਂਪਲ ਚੈੱਕ ਕੀਤੇ ਜੋ ਉਸ ਸ਼ਖਸ ਵੱਲੋਂ ਸਾਨੂੰ ਭੇਜੇ ਗਏ ਅਤੇ ਫਿਰ ਦੱਸਿਆ ਕਿ ਸਾਰੇ ਸਪਰਮ ਸੈੱਲ ਮਰ ਚੁੱਕੇ ਹਨ।

ਐਲਬਨ ਨੇ ਸਾਨੂੰ ਪੁੱਛਿਆ ਕਿ ਅਸੀਂ ਇਸ ਨੂੰ ਕਿਵੇਂ ਸੰਭਾਲ ਕੇ ਰੱਖਿਆ ਅਤੇ ਟਰਾਂਸਪੋਰਟ ਕੀਤਾ ਸੀ। ਉਸ ਨੇ ਕਿਹਾ ਕਿ ਗਰਭ ਧਾਰਨ ਕਰਨ ਲਈ ਲੋੜੀਂਦਾ ਸਪਰਮ ਆਮ ਤੌਰ 'ਤੇ ਉਸ ਦੀ ਡਿਲੀਵਰੀ ਪ੍ਰਕਿਰਿਆ ਦੌਰਾਨ ਬਚ ਜਾਂਦਾ ਹੈ ਅਤੇ ਇਸ ਤਰੀਕੇ ਨਾਲ ਉਸ ਨੇ ਕਈ ਸਫਲ ਪ੍ਰੈਗਨੈਂਸੀਜ਼ ਦਿੱਤੀਆਂ ਹਨ।

ਸੈਕਸ ਲਈ ਦਬਾਅ

 ਇੱਕ ਹੱਥ ਨੀਲੇ ਬੈਕਗ੍ਰਾਊਂਡ 'ਤੇ ਸਪਰਮ ਦਿਖਾ ਰਿਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਟੀਲਿਟੀ ਇਲਾਜ ਤੱਕ ਪਹੁੰਚ ਨਾ ਕਰ ਸਕਣ ਵਾਲੀਆਂ ਕੁਝ ਮਹਿਲਾਵਾਂ ਸੋਸ਼ਲ ਮੀਡੀਆ ਵੈਬਸਾਈਟਾਂ 'ਤੇ ਵਿਕਲਪ ਲੱਭ ਰਹੀਆਂ ਹਨ।

ਐਲਬਨ ਅਤੇ ਸੈਂਕੜੇ ਹੋਰ ਮਰਦਾਂ ਨੇ ਸਪਰਮ ਦੀ ਭਾਲ ਕਰ ਰਹੀਆਂ ਔਰਤਾਂ ਨਾਲ ਸੰਪਰਕ ਕਰਨ ਲਈ ਫੇਸਬੁੱਕ ਦੀ ਵਰਤੋਂ ਕੀਤੀ ਹੈ- ਕੁਝ ਗਰੁਪਾਂ ਵਿੱਚ ਚਾਲੀ ਹਜ਼ਾਰ ਤੱਕ ਮੈਂਬਰ ਹਨ।

ਮੈਂ ਇੱਕ ਖਾਲੀ ਪ੍ਰੋਫਾਈਲ ਦੇ ਨਾਲ ਇੱਕ ਡੋਨਰ ਗਰੁੱਪ ਵਿੱਚ ਸ਼ਾਮਲ ਹੋਈ ਜਿੱਥੇ ਮੈਨੂੰ ਕੁਝ ਅਜਿਹੇ ਮੈਸੇਜ ਮਿਲੇ ਜੋ ਸਹੀ ਜਾਪਦੇ ਸੀ, ਉੱਥੇ ਹੀ ਕਈਆਂ ਨੇ ਸੈੱਸ ਦੀ ਪੇਸ਼ਕਸ਼ ਕੀਤੀ ਅਤੇ ਸੈਂਪਲਾਂ ਬਦਲੇ ਪੈਸਿਆਂ ਦੀ ਮੰਗ ਕੀਤੀ। ਨਿੱਜੀ ਤਸਵੀਰਾਂ ਮੰਗੀਆਂ ਅਤੇ ਪ੍ਰਬੰਧ ਕਰਨ ਲਈ ਲਗਾਤਾਰ ਮੈਸੇਜ ਕੀਤੇ।

ਕੁਝ ਮਰਦਾਂ ਨੇ ਲਗਾਤਾਰ ਸੈਕਸ ਲਈ ਦਬਾਅ ਪਾਇਆ ਅਤੇ ਮੈਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਤੋਂ ਸਸਤਾ ਅਤੇ ਪ੍ਰਭਾਵਸ਼ਾਲੀ ਵਿਕਲਪ ਹੋਵੇਗਾ।

ਮੈਂ ਇੱਕ ਔਰਤ ਨੂੰ ਚੇਤਾਵਨੀ ਦਿੰਦਿਆਂ ਦੇਖਿਆ ਕਿ ਉਸ ਨੇ ਉੱਤਰੀ ਵੇਲਜ਼ ਦੇ ਇੱਕ ਮਰਦ ਤੋਂ ਵੀਰਜ ਲਿਆ ਸੀ, ਜਿਸ ਬਾਰੇ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ ਇੱਕ ਸਜ਼ਾਯਾਫਤਾ ਜਿਨਸੀ ਅਪਰਾਧੀ ਸੀ।

ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਬ੍ਰਾਇਓਲੋਜੀ ਅਥਾਰਟੀ ਨੇ ਗੈਰ-ਨਿਯੰਤ੍ਰਿਤ ਦਾਨ ਨੂੰ ਅਜਿਹੇ ਦਾਨ ਵਜੋਂ ਪਰਿਭਾਸ਼ਿਤ ਕੀਤਾ ਜੋ ਇਸ ਸੰਸਥਾ ਦੇ ਲਾਈਸੈਂਸ ਤੋਂ ਬਾਹਰ ਹੁੰਦਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਯੂ.ਕੇ. ਵਿੱਚ ਇਹ ਇੱਕ ਅਪਰਾਧਿਕ ਜੁਰਮ ਹੈ।

ਦੱਖਣੀ ਵੇਲਜ਼ ਦੇ ਇੱਕ ਜੋੜੇ ਦਾ ਤਜ਼ਰਬਾ

ਲੰਬੇ ਕਾਲੇ ਵਾਲਾਂ ਵਾਲੀ ਇੱਕ ਔਰਤ ਜਿਸਨੇ ਕਾਲੇ ਰੰਗ ਦਾ ਟੌਪ ਪਹਿਨਿਆ ਹੋਇਆ ਹੈ ਅਤੇ ਉਹ ਕੈਮਰੇ ਵੱਲ ਦੇਖ ਕੇ ਮੁਸਕਰਾ ਰਹੀ ਹੈ। ਉਹ ਹੇਠਾਂ ਬੈਠੀ ਹੈ ਅਤੇ ਉਸਦੇ ਪਿੱਛੇ ਲਿਵਿੰਗ ਰੂਮ ਦੀ ਧੁੰਦਲੀ ਜਗ੍ਹਾ ਦਿਖਾਈ ਦੇ ਰਹੀ ਹੈ।
ਤਸਵੀਰ ਕੈਪਸ਼ਨ, ਤਿਆਨਾ ਅਤੇ ਨਿੱਕੀ ਨੇ ਦੱਸਿਆ ਕਿ ਉਹ ਐਨਐਸਐਚ ਫੰਡਿੰਗ ਲਈ ਯੋਗ ਨਹੀਂ ਸਨ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਇਲਾਜ ਬਹੁਤ ਮਹਿੰਗਾ ਲੱਗਿਆ।

ਦੱਖਣੀ ਵੇਲਜ਼ ਦੀ ਰਹਿਣ ਵਾਲੀ ਤਿਆਨਾ ਅਤੇ ਉਸ ਦੀ ਪਤਨੀ ਨਿੱਕੀ ਨੇ ਗੈਰ-ਨਿਯੰਤ੍ਰਿਤ ਦਾਨ ਦਾ ਸਹਾਰਾ ਲਿਆ। ਉਨ੍ਹਾਂ ਨੇ ਦੱਸਿਆ ਕਿ ਉਹ ਐੱਨਐੱਚਐੱਸ ਫੰਡਿੰਗ ਲਈ ਯੋਗ ਨਹੀਂ ਸਨ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਇਲਾਜ ਬਹੁਤ ਮਹਿੰਗਾ ਲੱਗਿਆ।

ਤਿੜਨਾ ਨੇ ਕਿਹਾ, "ਮੈਂ ਹਮੇਸ਼ਾ ਜਾਣਦੀ ਸੀ ਕਿ ਮੈਂ ਇੱਕ ਮਾਂ ਬਣਨਾ ਚਾਹੁੰਦੀ ਹਾਂ, ਅਸੀਂ ਜਾਣਦੇ ਸੀ ਕਿ ਸਾਡੇ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕਮੀ ਸੀ।"

ਉਸ ਨੇ ਅੱਗੇ ਕਿਹਾ ਕਿ ਉਹ ਇਸ ਦੇ ਖ਼ਤਰਿਆਂ ਤੋਂ ਜਾਣੂ ਸੀ ਅਤੇ ਸੰਭਾਵਿਤ ਡੋਨਰਾਂ ਦੇ ਕਿਸੇ ਵੀ ਦਬਾਅ ਤੋਂ ਸਾਵਧਾਨ ਸੀ।

ਉਸ ਨੇ ਕਿਹਾ, "ਤੁਹਾਨੂੰ ਅਜਿਹੇ ਅਜੀਬ ਲੋਕ ਮਿਲਦੇ ਹਨ ਜੋ ਬਿਲਕੁਲ ਗਲਤ ਕਾਰਨਾਂ ਕਰਕੇ ਇਸ ਕੰਮ ਵਿੱਚ ਹਨ। ਇੱਕ ਵੈਬਸਾਈਟ ਹੈ, ਇਹ ਇੱਕ ਕੈਟਾਲਾਗ ਅਤੇ ਟਿੰਡਰ ਦੇ ਮਿਸ਼ਰਣ ਵਰਗੀ ਹੈ। ਤੁਸੀਂ ਅੱਖਾਂ ਦਾ ਰੰਗ, ਵਾਲਾਂ ਦਾ ਰੰਗ ਫ਼ਿਲਟਰ ਕਰ ਸਕਦੇ ਹੋ ਤਾਂ ਜੋ ਤੁਸੀਂ ਬਿਲਕੁਲ ਉਹੀ ਲੱਭ ਸਕੋ ਜੋ ਤੁਸੀਂ ਲੱਭ ਰਹੇ ਹੋ।"

ਉਹ ਜੋੜਾ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਦੀ ਭਾਲ ਵਿੱਚ ਸੀ ਪਰ ਉਨ੍ਹਾਂ ਨੇ ਦੱਸਿਆ ਕਿ ਮਰਦ ਅਕਸਰ ਜਿਨਸੀ ਸਬੰਧਾਂ ਨੂੰ ਹੀ ਸਭ ਤੋਂ ਵਧੀਆ ਵਿਕਲਪ ਵਜੋਂ ਦੱਸਦੇ ਸਨ।

ਤਿਆਨਾ

ਉਨ੍ਹਾਂ ਦੱਸਿਆ, "ਮੇਰਾ ਮੰਨਣਾ ਹੈ ਕਿ ਇਹ ਬਹੁਤ ਮਦਦਗਾਰ ਰਿਹਾ ਹੈ ਕਿ ਮੈਂ ਅਤੇ ਮੇਰੀ ਪਤਨੀ ਇੱਕ ਦੂਜੇ ਦੇ ਨਾਲ ਸੀ। ਇਸ ਲਈ ਕੋਈ ਵੀ ਸਾਨੂੰ ਅਜਿਹਾ ਕੁਝ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਸੀ ਜੋ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਜਦੋਂ ਤੁਸੀਂ ਸਿਰਫ਼ ਇੱਕ ਬੱਚਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਹੀ ਨਾਜ਼ੁਕ ਸਥਿਤੀ ਵਿਚ ਹੁੰਦੇ ਹੋ।"

ਤਿਆਨਾ ਅਤੇ ਨਿੱਕੀ ਨੂੰ ਆਖ਼ਰਕਾਰ ਇੱਕ ਕੇ-ਪੈਰੈਂਟਿੰਗ ਵੈਬਸਾਈਟ 'ਤੇ ਅਜਿਹਾ ਡੋਨਰ ਮਿਲ ਗਿਆ ਜਿਸ ਨਾਲ ਉਹ ਸੁਰੱਖਿਅਤ ਮਹਿਸੂਸ ਕਰਦੀਆਂ ਸਨ ਅਤੇ ਉਨ੍ਹਾਂ ਨੇ ਇੱਕ ਇਕਰਾਰਨਾਮਾ ਤਿਆਰ ਕੀਤਾ ਤਾਂ ਜੋ ਸਾਰੀਆਂ ਧਿਰਾਂ ਕੰਟਰੈਕਟ ਅਤੇ ਮਾਪਿਆਂ ਵਜੋਂ ਆਪਣੇ ਅਧਿਕਾਰਾਂ ਤੋਂ ਜਾਣੂ ਹੋਣ।

ਪਰ ਇਹ ਕੋਈ ਕਾਨੂੰਨੀ ਇਕਰਾਰਨਾਮਾ ਨਹੀਂ ਹੈ।

ਤਿਆਨਾ ਨੇ ਸਵੀਕਾਰ ਕੀਤਾ, "ਹਾਲੇ ਵੀ ਇਹ ਸੰਭਾਵਨਾ ਹੈ ਕਿ ਭਵਿੱਖ ਵਿਚ ਉਹ ਆ ਸਕਦਾ ਹੈ ਅਤੇ ਮਾਪਿਆਂ ਵਜੋਂ ਅਧਿਕਾਰਾਂ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਅਤੇ ਸਾਨੂੰ ਅਦਾਲਤੀ ਕੇਸ ਵਿੱਚ ਘੜੀਸ ਸਕਦਾ ਹੈ।"

ਉਸ ਨੇ ਕਿਹਾ, " ਪਰ ਮੈਂ ਸਚਮੁਚ ਸੋਚਦੀ ਹਾਂ ਕਿ ਅਸੀਂ ਅਜਿਹਾ ਹੋਣ ਤੋਂ ਰੋਕਣ ਲਈ ਜਿੰਨਾਂ ਸੰਭਵ ਹੋ ਸਕੇ ਸਾਰੇ ਪ੍ਰਬੰਧ ਕੀਤੇ ਹਨ ਅਤੇ ਮੈਂ ਦਿਲੋਂ ਵਿਸ਼ਵਾਸ ਕਰਦੀ ਹਾਂ ਉਹ ਸਾਡੇ ਨਾਲ ਕਦੇ ਵੀ ਅਜਿਹਾ ਨਹੀਂ ਕਰੇਗਾ।"

ਹੁਣ ਉਨ੍ਹਾਂ ਦਾ ਇੱਕ ਸਾਲ ਦਾ ਬੇਟਾ ਹੈ।

ਉਹ ਦੱਸਦੇ ਹਨ, "ਅਸੀਂ ਉਸ ਨੂੰ ਬਹੁਤ ਸਮੇਂ ਤੋਂ ਚਾਹੁੰਦੇ ਸੀ। ਜ਼ਾਹਿਰ ਹੈ ਕਿ ਅਸੀਂ ਇੱਕ ਖ਼ਤਰਾ ਮੁੱਲ ਲਿਆ ਸੀ। ਪਰ ਇਹ ਪੂਰੀ ਤਰ੍ਹਾਂ ਸਾਰਥਕ ਰਿਹਾ।"

ਮੁਫ਼ਤ ਸੈਕਸ ਤੋਂ ਲੈ ਕੇ ਵੱਡੇ ਖ਼ਰਚੇ ਚੁੱਕਣ ਦੀ ਮੰਗ

ਛੋਟੇ ਸੁਨਹਿਰੀ ਵਾਲਾਂ ਅਤੇ ਦਾੜ੍ਹੀ ਵਾਲਾ ਇੱਕ ਮਰਦ, ਜਿਸਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਅਤੇ ਉਹ ਕੈਮਰੇ ਵੱਲ ਦੇਖ ਕੇ ਮੁਸਕਰਾ ਰਿਹਾ ਹੈ।

ਤਸਵੀਰ ਸਰੋਤ, Daniel Bayen

ਤਸਵੀਰ ਕੈਪਸ਼ਨ, ਡੇਨੀਅਲ ਦੋਹੇਂ ਦਾਅਵੇ ਕਰਦਾ ਹੈ- 'ਸਭ ਤੋਂ ਵੱਧ ਪੈਸਾ ਲੈਣ ਵਾਲੇ ਡੋਨਰ' ਵਜੋਂ ਵੀ ਅਤੇ 'ਮੁਨਾਫ਼ੇ ਲਈ ਕੰਮ ਨਾ ਕਰਨ' ਦਾ ਵੀ।

ਗੈਰ ਨਿਯੰਤਰਿਤ ਸਪਰਮ ਡੋਨਰ ਵੱਖ ਵੱਖ ਸੇਵਾਵਾਂ ਪੇਸ਼ ਕਰਦੇ ਹਨ ਜਿਨ੍ਹਾਂ ਵਿੱਚ ਮੁਫ਼ਤ ਸੈਕਸ ਤੋਂ ਲੈ ਕੇ ਆਰਟੀਫਿਸ਼ੀਅਲ ਇਨਸੇਮੀਨੇਸ਼ਨ ਲਈ ਦੁਨੀਆਂ ਦੇ ਕਿਸੇ ਹੋਰ ਦੇਸ਼ ਵਿੱਚ ਜਾਣ ਦੇ ਖ਼ਰਚੇ ਲੈਣ ਤੱਕ ਸ਼ਾਮਲ ਹੈ।

ਯੂਐਸ ਦਾ ਰਹਿਣ ਵਾਲਾ 25 ਸਾਲਾ ਡੇਨੀਅਲ ਬੇਇਨ 2025 ਦੀਆਂ ਗਰਮੀਆਂ ਵਿੱਚ ਆਰਟੀਫਿਸ਼ੀਅਲ ਇਨਸੇਮੀਨੇਸ਼ਨ ਵਾਸਤੇ ਡੋਨੇਟ ਕਰਨ ਲਈ ਯੂ.ਕੇ. ਗਿਆ ਸੀ। ਉਸ ਯਾਤਰਾ ਨਾਲ ਉਹ ਚਾਰ ਬੱਚਿਆਂ ਦਾ ਦਾਅਵਾ ਕਰਦਾ ਹੈ।

ਬੀਬੀਸੀ ਨੇ ਡੈਨ ਨਾਲ ਫਿਲਮਾਉਣ ਲਈ ਤਿੰਨ ਦਿਨ ਬਿਤਾਏ ਜੋ ਕਿ ਆਨਲਾਈਨ ਵੀਡੀਓਜ਼ ਵਿਚ ਦੋਹੇਂ ਦਾਅਵੇ ਕਰਦਾ ਹੈ- ਸਭ ਤੋਂ ਵੱਧ ਪੈਸਾ ਲੈਣ ਵਾਲੇ ਡੋਨਰ ਵਜੋਂ ਵੀ ਅਤੇ ਮੁਨਾਫ਼ੇ ਲਈ ਕੰਮ ਨਾ ਕਰਨ ਦਾ ਵੀ।

ਉਸ ਨੇ ਕਿਹਾ, "ਸਪਰਮ ਲੈਣ ਵਾਲੇ ਨੂੰ ਸਿਰਫ਼ ਟਰੈਵਲ ਦਾ ਹੀ ਨਹੀਂ, ਬਲਕਿ ਸਾਰੇ ਸਿਹਤ ਅਤੇ ਰਹਿਣ ਸਬੰਧੀ ਖਰਚ ਚੁੱਕਣ ਵਿੱਚ ਮੇਰੀ ਮਦਦ ਕਰਨੀ ਪਵੇਗੀ।"

ਇਸ ਵਿੱਚ ਸੰਚਾਰ, ਸਿਹਤ, ਇੰਸਟਾਗ੍ਰਾਮ 'ਤੇ ਪੋਸਟ ਕਰਨਾ, ਜਾਣਕਾਰੀ ਸਾਂਝੀ ਕਰਨਾ ਅਤੇ ਸਿੱਖਿਆ ਵੀ ਸ਼ਾਮਲ ਹੈ।

ਉਸ ਨੇ ਕਿਹਾ ਕਿ ਉਹ ਯੂ.ਕੇ. ਵਿੱਚ ਗਾਹਕਾਂ ਨੂੰ ਸਿਰਫ਼ ਯਾਤਰਾ ਦਾ ਖ਼ਰਚਾ ਦੇਣ ਲਈ ਕਹਿੰਦਾ ਹੈ ਪਰ ਦੂਜੀਆਂ ਥਾਵਾਂ 'ਤੇ ਉਸ ਨੇ ਇੱਕ ਵਾਰ ਵੀਰਜ ਦਾਨ ਲਈ ਵੀਹ ਹਜ਼ਾਰ ਅਮਰੀਕੀ ਡਾਲਰ ਤੱਕ ਦੀ ਪੇਸ਼ਕਸ਼ ਮਿਲਣ ਦਾ ਦਾਅਵਾ ਕੀਤਾ।

ਜਦੋਂ ਬੀਬੀਸੀ ਨੇ ਉਸ 'ਤੇ ਅਜਿਹੇ ਲੋਕਾਂ ਦਾ ਫ਼ਾਇਦਾ ਉਠਾਉਣ ਦਾ ਸਵਾਲ ਚੁੱਕਿਆ ਜਿਨ੍ਹਾਂ ਕੋਲ ਖਰਚ ਲਈ ਪੈਸੇ ਹੋ ਸਕਦੇ ਹਨ ਤਾਂ ਉਸ ਨੇ ਅੱਗੇ ਕਿਹਾ, "ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਦੂਜੇ ਲੋਕ ਕੀ ਸੋਚਦੇ ਹਨ। ਮੈਨੂੰ ਇਸ ਗੱਲ ਦੀ ਪਰਵਾਹ ਹੈ ਕਿ ਉਨ੍ਹਾਂ ਬੱਚਿਆਂ ਅਤੇ ਪਰਿਵਾਰਾਂ ਲਈ ਕੀ ਸਭ ਤੋਂ ਵਧੀਆ ਹੈ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਹਾਂ।"

ਡੇਨੀਅਲ ਬੇਇਨ

ਡੈਨ ਆਪਣੇ ਆਪ ਨੂੰ ਇੱਕ ਓਪਨ ਡੋਨਰ ਕਹਿੰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਬੱਚੇ ਉਸ ਦੀ ਪਛਾਣ ਜਾਣਨ। ਉਹ ਆਪਣੀ ਜੀਵਨ ਸ਼ੈਲੀ ਅਤੇ ਸਿਹਤ ਜਾਂਚ ਦੇ ਨਤੀਜਿਆਂ ਬਾਰੇ ਵੀਡੀਓ ਵੀ ਪੋਸਟ ਕਰਦਾ ਹੈ। ਪਰ ਉਹ ਹਰ ਚੀਜ਼ ਬਾਰੇ ਓਪਨ ਨਹੀਂ ਹੈ।

ਉਸ ਨੇ ਕਿਹਾ, "ਇੱਕ ਡੋਨਰ ਵਜੋਂ ਖੁਦ ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਆਪਣੇ ਨਾਮ 'ਤੇ ਬਹੁਤ ਜ਼ਿਆਦਾ ਜਾਇਦਾਦ ਨਹੀਂ ਰੱਖਣਾ ਚਾਹੋਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇ ਕੋਈ ਚਾਹੇ ਵੀ ਤਾਂ ਉਹ ਤੁਹਾਡੀ ਜ਼ਿੰਦਗੀ ਅਤੇ ਤੁਹਾਡੇ ਪਰਿਵਾਰ ਨੂੰ ਬਰਬਾਦ ਨਾ ਕਰ ਸਕੇ।"

“ਮੇਰਾ ਮੰਨਣਾ ਹੈ ਕਿ ਬੇਸ਼ੱਕ ਤੁਹਾਨੂੰ ਆਪਣੀ ਸਿਹਤ ਅਤੇ ਆਪਣੀ ਐਸ.ਡੀ.ਆਈ ਸਕ੍ਰੀਨਿੰਗ ਬਾਰੇ ਝੂਠ ਨਹੀਂ ਬੋਲਣਾ ਚਾਹੀਦਾ। ਪਰ ਇੱਕ ਚੀਜ਼ ਜਿਸ ਬਾਰੇ ਬਹੁਤ ਜਾਣਕਾਰੀ ਨਾ ਦੇਣਾ ਬਿਲਕੁਲ ਠੀਕ ਹੈ, ਉਹ ਹੈ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, ਤੁਸੀਂ ਕੀ ਕਰਦੇ ਹੋ ਅਤੇ ਅਜਿਹੀ ਕੋਈ ਵੀ ਜਾਣਕਾਰੀ ਜਿਸ ਨਾਲ ਪ੍ਰਾਪਤ ਕਰਤਾ ਤੁਹਾਡੇ 'ਤੇ ਮੁਕੱਦਮਾ ਕਰ ਸਕਣ।”

ਉਦਾਹਰਨ ਲਈ, ਇਹ ਤੁਹਾਡਾ ਪੂਰਾ ਨਾਮ ਜਾਂ ਤੁਹਾਡਾ ਪਤਾ ਹੋ ਸਕਦਾ ਹੈ। ਡੈਨ ਨੇ ਦਾਅਵਾ ਕੀਤਾ ਕਿ ਉਸ ਨੇ ਯੂ.ਕੇ. ਵਿੱਚ ਵੀਰਜ ਦਾਨ ਕਰਨ ਦੌਰਾਨ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ।

ਕੀ ਕਹਿੰਦਾ ਹੈ ਯੂਕੇ ਦਾ ਕਾਨੂੰਨ ?

ਯੂ.ਕੇ. ਵਿੱਚ ਲਾਈਸੰਸਸ਼ੁਦਾ ਕਲੀਨਿਕ ਐਚ.ਈ.ਐਫ.ਏ ਵੱਲੋਂ ਨਿਯੰਤਰਿਤ ਕੀਤੇ ਜਾਂਦੇ ਹਨ ਜਿਸ ਨੇ ਆਪਣੀ ਵੈਬਸਾਈਟ 'ਤੇ ਇੱਕ ਪੇਜ ਬਣਾਇਆ ਹੈ ਜਿੱਥੇ ਲੋਕ ਕਾਨੂੰਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਐਚ.ਈ.ਐਫ.ਏ ਨੇ ਦੱਸਿਆ ਕਿ ਉਸ ਨੇ ਕਈ ਬਹੁਤ ਸਰਗਰਮ ਗੈਰ-ਨਿਯੰਤ੍ਰਿਤ ਡੋਨਰਾਂ ਦੇ ਮਾਮਲੇ ਪੁਲਿਸ ਨੂੰ ਭੇਜੇ ਹਨ।

ਉਸ ਨੇ ਕਿਹਾ, "ਇਹ ਜਾਣਨਾ ਮਹੱਤਵਪੂਰਨ ਹੈ ਕਿ ਗੈਰ-ਨਿਯੰਤ੍ਰਿਤ ਡੋਨਰ ਦੀ ਵਰਤੋਂ ਕਰਨਾ ਕੋਈ ਅਪਰਾਧਿਕ ਜੁਰਮ ਨਹੀਂ ਹੈ ਅਤੇ ਤੁਸੀਂ ਕਾਨੂੰਨ ਨਹੀਂ ਤੋੜ ਰਹੇ ਹੋ, ਪਰ ਸਪਰਮ ਉਪਲਬਧ ਕਰਵਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਡੋਨਰ ਜਾਂ ਹੋਰ ਲੋਕ ਇੱਕ ਗੰਭੀਰ ਅਪਰਾਧ ਕਰ ਰਹੇ ਹੋ ਸਕਦੇ ਹੋ।"

ਐਚ.ਐਫ.ਈ ਐਕਟ ਮੁਤਾਬਕ, ਮਨੁੱਖਾਂ ਵੱਲੋਂ ਵਰਤੇ ਜਾਣ ਵਾਲੇ ਅੰਡੇ ਜਾਂ ਸਪਰਮ ਦੀ ਵਰਤੋਂ ਕਰਨਾ, ਸਟੋਰ ਕਰਨਾ, ਪ੍ਰਾਪਤ ਕਰਨਾ, ਟੈਸਟ ਕਰਨਾ, ਪ੍ਰੋਸੈੱਸ ਕਰਨਾ ਅਤੇ ਵੰਡਣਾ, ਇਹ ਸਭ ਗੈਰ-ਕਾਨੂੰਨੀ ਹਨ ਜਦੋਂ ਤੱਕ ਇਹ ਐਚਈਐਫਏ ਲਾਇਸੰਸਸ਼ੁਦਾ ਕਲੀਨਿਕ ਵੱਲੋਂ ਨਾ ਕੀਤੇ ਜਾਣ।

ਐਚਈਐਫਏ ਵਿਖੇ ਰਣਨੀਤੀ ਅਤੇ ਕਾਰਪੋਰੇਟ ਮਾਮਲਿਆਂ ਦੀ ਡਾਇਰੈਕਟਰ ਕਲੇਅਰ ਆਟਿੰਗਹਾਊਸਨ ਨੇ ਕਿਹਾ ਕਿ ਐਲਬਨ ਤੋਂ ਸਾਨੂੰ ਮਿਲੀ ਸਪਰਮ ਡਿਲੀਵਰੀ ਹੈਰਾਨ ਕਰਨ ਵਾਲੀ ਸੀ।

ਇੱਕ ਗੰਜਾ ਮਰਦ ਜਿਸਦੇ ਚਿਹਰੇ 'ਤੇ ਹਲਕੀ ਦਾੜ੍ਹੀ ਹੈ, ਉਸਨੇ ਕਾਲੇ ਰੰਗ ਦੀ ਸ਼ਰਟ ਪਾਈ ਹੋਈ ਹੈ ਅਤੇ ਉਹ ਗੰਭੀਰ ਹਾਵ-ਭਾਵ  ਨਾਲ ਕੈਮਰੇ ਵੱਲ ਦੇਖ ਰਿਹਾ ਹੈ।

ਤਸਵੀਰ ਸਰੋਤ, Fabulous

ਤਸਵੀਰ ਕੈਪਸ਼ਨ, ਜੋਅ ਡੋਨਰ ਇੱਕ ਡੋਨਰ ਹੋਣ ਬਾਰੇ ਸ਼ਰਮਾਉਂਦਾ ਨਹੀਂ ਹੈ ਅਤੇ ਉਸਨੇ ਇਸ ਬਾਰੇ ਬਹੁਤ ਸਾਰੇ ਇੰਟਰਵਿਊ ਦਿੱਤੇ ਹਨ, ਜਿਸ ਵਿੱਚ 'ਦ ਸਨ' ਅਤੇ 'ਫੈਬੂਲਸ' ਮੈਗਜ਼ੀਨ ਨਾਲ ਕੀਤਾ ਇੰਟਰਵਿਊ ਵੀ ਸ਼ਾਮਲ ਹੈ।

ਕਾਨੂੰਨ ਬਿਲਕੁਲ ਸਪਸ਼ਟ ਹੈ ਕਿ ਐਚਈਐਫਏ ਦੇ ਲਾਈਸੰਸ ਤੋਂ ਬਿਨ੍ਹਾਂ ਤੁਸੀਂ ਵੀਰਜ ਨੂੰ ਪ੍ਰੋਸੈੱਸ ਨਹੀਂ ਕਰ ਸਕਦੇ, ਤੁਸੀਂ ਸਪਰਮ ਨੂੰ ਵੰਡ ਨਹੀਂ ਸਕਦੇ ਜੋ ਕਿ ਉਹ ਇਸ ਨੂੰ ਭੇਜ ਕੇ ਕਰ ਰਿਹਾ ਹੈ।

ਇਸ ਦੇ ਜਵਾਬ ਵਿੱਚ ਐਲਬਨ ਨੇ ਕਿਹਾ ਕਿ ਇਹ ਨਿਯਮ ਉਸ 'ਤੇ ਲਾਗੂ ਨਹੀਂ ਹੁੰਦੇ ਕਿਉਂਕਿ ਉਸ ਦੀ ਸਮਝ ਮੁਤਾਬਕ ਨਿੱਜੀ ਤੌਰ 'ਤੇ ਦਾਨ ਦੇਣਾ ਜਿਸ ਵਿੱਚ ਉਨ੍ਹਾਂ ਲਈ ਪੈਸੇ ਵਸੂਲਣਾ ਵੀ ਸ਼ਾਮਲ ਹੈ, ਕਾਨੂੰਨੀ ਸੀ।

ਉਸ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਕਮਜ਼ੋਰ ਸਥਿਤੀ ਵਾਲੀ ਔਰਤ ਲਈ 'ਸਿੱਧਾ ਖਤਰਾ' ਨਹੀਂ ਸੀ।

ਐਟਿੰਗਹਾਉਸਨ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀ ਮੈਟਾ ਜੋ ਕਿ ਫੇਸਬੁੱਕ ਦੀ ਮਾਲਕ ਹੈ, ਕਾਨੂੰਨ ਤੋੜਨ ਵਿੱਚ ਮਦਦ ਕਰ ਰਹੀ ਸੀ। ਇਹ ਇੱਕ ਅਜਿਹਾ ਮੁੱਦਾ ਹੈ ਜੋ ਉਸ ਨੇ ਮਾਰਚ ਵਿੱਚ ਯੂ.ਕੇ. ਦੀ ਪਾਰਲੀਮੈਂਟ ਦੀ ਇੱਕ ਸਿਲੈਕਟ ਕਮੇਟੀ ਦੇ ਸਾਹਮਣੇ ਚੁੱਕਿਆ ਸੀ।

ਐਚਈਐਫਏ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਮੈਟਾ ਨਾਲ ਸਿੱਧਾ ਸੰਪਰਕ ਵੀ ਕੀਤਾ ਸੀ, ਪਰ ਐਟਿੰਗਹਾਊਸਨ ਨੇ ਅੱਗੇ ਕਿਹਾ ਕਿ ਉਹ ਇਸ ਹਕੀਕਤ ਨੂੰ ਸਮਝਦੀ ਹੈ ਕਿ ਇਸ ਕਿਸਮ ਦੇ ਸੋਸ਼ਲ ਮੀਡੀਆ ਗਰੁਪਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਨਾਲ ਇਹ ਕੰਮ ਸਿਰਫ਼ ਕਿਸੇ ਹੋਰ ਜਗ੍ਹਾ ਸ਼ੁਰੂ ਹੋ ਜਾਵੇਗਾ।

ਨੈਸ਼ਨਲ ਪੁਲਿਸ ਚੀਫਜ਼ ਕੌਂਸਲ

ਲਗਾਤਾਰ ਸਿਹਤ ਚੇਤਾਵਨੀਆਂ ਦੇਣਾ ਅਤੇ ਇਹ ਵਿਕਲਪ ਦੱਸਣਾ ਕਿ ਸੁਰੱਖਿਅਤ ਤਰੀਕੇ ਨਾਲ ਕਿੱਥੋਂ ਸਹਾਇਤਾ ਅਤੇ ਇਲਾਜ ਪ੍ਰਾਪਤ ਕੀਤਾ ਜਾ ਸਕਦਾ ਹੈ, ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕਰੇਗਾ, ਪਰ ਇਸ ਨਾਲ ਮਦਦ ਜ਼ਰੂਰ ਮਿਲੇਗੀ।

ਉਸ ਨੇ ਨਿੱਜੀ ਸੁਰੱਖਿਆ ਬਾਰੇ ਵੀ ਚਿੰਤਾ ਜਤਾਈ।

ਉਨ੍ਹਾਂ ਕਿਹਾ, "ਇਨ੍ਹਾਂ ਵਿੱਚੋਂ ਕੁਝ ਡੋਨਰ ਸਿਰਫ਼ ਨੈਚੁਰਲ ਇਨਸੈਮੀਨੇਸ਼ਨ ਦਾ ਵਿਗਿਆਪਨ ਦੇ ਰਹੇ ਹਨ ਜੋ ਕਿ ਅਸਲ ਵਿੱਚ ਕੁਝ ਮਾਮਲਿਆਂ 'ਚ ਔਰਤਾਂ ਨੂੰ ਸੈਕਸ ਕਰਨ ਲਈ ਮਜਬੂਰ ਕਰਨਾ ਹੈ ਜਦੋਂ ਕਿ ਸ਼ਾਇਦ ਉਹ ਅਜਿਹਾ ਨਾ ਚਾਹੁੰਦੀਆਂ ਹੋਣ।"

ਫੇਸਬੁੱਕ ਦੀ ਮਾਲਕ ਕੰਪਨੀ ਮੈਟਾ ਨੇ ਕਿਹਾ ਕਿ ਉਹ "ਸਾਡੇ ਨਾਲ ਸਾਂਝੇ ਕੀਤੇ ਕਿਸੇ ਵੀ ਗਰੁੱਪ ਜਾਂ ਪੋਸਟ ਦੀ ਸਮੀਖਿਆ ਕਰੇਗੀ ਅਤੇ ਸਾਡੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾ ਦੇਵੇਗੀ।"

ਉਸ ਨੇ ਕਿਹਾ, "ਸਾਡੇ ਕੋਲ ਰੈਗੁਲੇਟਰਾਂ ਲਈ ਅਜਿਹੀ ਸਮੱਗਰੀ ਨੂੰ ਫਲੈਗ ਕਰਨ ਲਈ ਇੱਕ ਵਿਸ਼ੇਸ਼ ਰਿਪੋਰਟਿੰਗ ਪ੍ਰਕਿਰਿਆ ਹੈ, ਜੋ ਇਨ੍ਹਾਂ ਨੀਤੀਆਂ ਨੂੰ ਤਾਂ ਨਹੀਂ ਤੋੜਦੀ ਪਰ ਸਥਾਨਕ ਕਾਨੂੰਨ ਦੀ ਉਲੰਘਣਾ ਕਰਦੀ ਹੈ। ਅਸੀਂ ਇਸ ਮਾਮਲੇ 'ਤੇ ਸਬੰਧਤ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਵਿੱਚ ਹਾਂ। "

ਨੈਸ਼ਨਲ ਪੁਲਿਸ ਚੀਫਜ਼ ਕੌਂਸਲ ਦੇ ਇੱਕ ਬੁਲਾਰੇ ਨੇ ਕਿਹਾ, "ਗੈਰ-ਨਿਯੰਤ੍ਰਿਤ ਸਪਰਮ ਦਾਨ ਕਈ ਜੋਖਮਾਂ ਨਾਲ ਭਰਿਆ ਹੁੰਦਾ ਹੈ ਅਤੇ ਇਹ ਸਭ ਤੋਂ ਕਮਜ਼ੋਰ ਸਥਿਤੀ ਵਾਲੇ ਲੋਕਾਂ ਦਾ ਸੋਸ਼ਣ ਕਰ ਸਕਦਾ ਹੈ। ਅਸੀਂ ਜਨਤਾ ਨੂੰ ਇਨ੍ਹਾਂ ਖ਼ਤਰਿਆਂ ਨੂੰ ਸਮਝਣ ਅਤੇ ਸਿਰਫ਼ ਕਾਨੂੰਨੀ ਤਰੀਕਿਆਂ 'ਤੇ ਹੀ ਟਿਕੇ ਰਹਿਣ ਦੀ ਸਲਾਹ ਦਿੰਦੇ ਹਾਂ।"

ਉਨ੍ਹਾਂ ਕਿਹਾ, "ਜੇਕਰ ਕਿਸੇ ਨੂੰ ਕੋਈ ਚਿੰਤਾ ਜਾਂ ਸ਼ਿਕਾਇਤ ਹੈ ਤਾਂ ਅਸੀਂ ਉਨ੍ਹਾਂ ਨੂੰ ਪੁਲਿਸ ਕੋਲ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਾਂਗੇ ਤਾਂ ਜੋਂ ਅਸੀ ਸਹਾਇਤਾ ਪ੍ਰਦਾਨ ਕਰੀਏ ਅਤੇ ਜਾਂਚ ਕਰ ਸਕੀਏ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)