ਜਦੋਂ ਭਾਰਤੀ ਫੁੱਟਬਾਲ ਟੀਮ ਨੂੰ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ, ਪਰ ਟੀਮ ਕਿਉਂ ਨਹੀਂ ਖੇਡੀ

ਤਿੰਨ ਦੇਸ਼ਾਂ ਦੇ 16 ਸ਼ਹਿਰਾਂ ਵਿੱਚ 104 ਮੈਚਾਂ ਤੋਂ ਬਾਅਦ ਦੁਨੀਆ ਨੂੰ ਪਤਾ ਲੱਗੇਗਾ ਕਿ ਫੁੱਟਬਾਲ ਵਿਸ਼ਵ ਕੱਪ ਦਾ ਬਾਦਸ਼ਾਹ ਕੌਣ ਬਣੇਗਾ (ਫਾਈਲ ਫੋਟੋ)

ਤਸਵੀਰ ਸਰੋਤ, ullstein bild Dtl./Getty Images

ਤਸਵੀਰ ਕੈਪਸ਼ਨ, ਤਿੰਨ ਦੇਸ਼ਾਂ ਦੇ 16 ਸ਼ਹਿਰਾਂ ਵਿੱਚ 104 ਮੈਚਾਂ ਤੋਂ ਬਾਅਦ ਦੁਨੀਆ ਨੂੰ ਪਤਾ ਲੱਗੇਗਾ ਕਿ ਫੁੱਟਬਾਲ ਵਿਸ਼ਵ ਕੱਪ ਦਾ ਬਾਦਸ਼ਾਹ ਕੌਣ ਬਣੇਗਾ (ਫਾਈਲ ਫੋਟੋ)
    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

2026 ਦਾ ਫੀਫਾ ਵਿਸ਼ਵ ਕੱਪ ਫੁੱਟਬਾਲ ਅੱਜ ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ ਦੀ ਮੇਜ਼ਬਾਨੀ ਤਿੰਨ ਦੇਸ਼ ਮਿਲ ਕੇ ਕਰ ਰਹੇ ਹਨ। 11 ਜੂਨ ਤੋਂ 19 ਜੁਲਾਈ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਸਾਂਝੇ ਤੌਰ 'ਤੇ ਕਰ ਰਹੇ ਹਨ।

ਤਿੰਨ ਦੇਸ਼ਾਂ ਦੇ 16 ਸ਼ਹਿਰਾਂ ਵਿੱਚ 104 ਮੈਚਾਂ ਤੋਂ ਬਾਅਦ ਦੁਨੀਆ ਨੂੰ ਪਤਾ ਲੱਗੇਗਾ ਕਿ ਵਿਸ਼ਵ ਕੱਪ ਦਾ ਬਾਦਸ਼ਾਹ ਕੌਣ ਬਣੇਗਾ। ਅਮਰੀਕਾ ਦੇ 13, ਮੈਕਸੀਕੋ ਦੇ ਤਿੰਨ ਅਤੇ ਕੈਨੇਡਾ ਦੇ ਦੋ ਸ਼ਹਿਰਾਂ ਵਿੱਚ ਇਹ ਮੁਕਾਬਲੇ ਹੋਣਗੇ।

ਇਸ ਪ੍ਰਬੰਧ ਦੇ ਨਾਲ ਮੈਕਸੀਕੋ ਵਿਸ਼ਵ ਕੱਪ ਦੀ ਤਿੰਨ ਵਾਰ ਮੇਜ਼ਬਾਨੀ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ 1970 ਅਤੇ 1986 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਮੈਕਸੀਕੋ ਕਰ ਚੁੱਕਾ ਹੈ।

ਵੈਸੇ ਫੁੱਟਬਾਲ ਦੀ ਦੁਨੀਆ ਵਿੱਚ ਬਾਦਸ਼ਾਹਤ ਲਈ ਹੋਣ ਵਾਲੇ ਘਮਾਸਾਨ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਦੁਨੀਆ ਭਰ ਦੀਆਂ 48 ਟੀਮਾਂ ਦੇ ਵਿਚਕਾਰ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਦੇ ਸੱਤ ਵਿਸ਼ਵ ਕੱਪ ਆਯੋਜਨਾਂ ਦੌਰਾਨ ਦੁਨੀਆ ਦੀਆਂ ਸਰਵੋਤਮ 32 ਟੀਮਾਂ ਦੇ ਵਿਚਕਾਰ ਮੁਕਾਬਲਾ ਹੁੰਦਾ ਸੀ।

ਭਾਵ ਇਸ ਵਾਰ ਦੁਨੀਆ ਭਰ ਤੋਂ 16 ਹੋਰ ਦੇਸ਼ਾਂ ਨੂੰ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ ਰਿਹਾ ਹੈ। ਪਿਛਲੇ ਵਿਸ਼ਵ ਕੱਪ ਦੇ 64 ਮੈਚਾਂ ਦੀ ਤੁਲਨਾ ਵਿੱਚ ਵੱਧ ਮੁਕਾਬਲੇ ਵੀ ਖੇਡੇ ਜਾ ਰਹੇ ਹਨ।

ਅਜਿਹੇ ਵਿੱਚ ਫੀਫਾ ਦਾ ਅਨੁਮਾਨ ਹੈ ਕਿ ਇਸ ਵਾਰ ਘੱਟੋ-ਘੱਟ ਛੇ ਅਰਬ ਦਰਸ਼ਕ ਇਨ੍ਹਾਂ ਮੁਕਾਬਲਿਆਂ ਨੂੰ ਦੇਖਣਗੇ। ਭਾਵ ਚਾਰ ਸਾਲ ਪਹਿਲਾਂ ਕਤਰ ਵਿੱਚ ਖੇਡੇ ਗਏ ਵਿਸ਼ਵ ਕੱਪ ਆਯੋਜਨ ਨਾਲੋਂ ਇੱਕ ਅਰਬ ਵੱਧ ਦਰਸ਼ਕ ਇਨ੍ਹਾਂ ਮੁਕਾਬਲਿਆਂ ਦਾ ਆਨੰਦ ਲੈਣਗੇ।

ਵਿਸ਼ਵ ਕੱਪ ਦੇ 23ਵੇਂ ਆਯੋਜਨ ਵਿੱਚ ਦੁਨੀਆ ਦੇ ਚਾਰ ਦੇਸ਼ਾਂ, ਕੇਪ ਵਰਡੇ, ਕੁਰਾਸਾਓ, ਜੌਰਡਨ ਅਤੇ ਉਜ਼ਬੇਕਿਸਤਾਨ ਦੀਆਂ ਫੁੱਟਬਾਲ ਟੀਮਾਂ ਆਪਣਾ ਡੈਬਿਊ ਕਰਨ ਵਾਲੀਆਂ ਹਨ।

ਪਰ ਭਾਰਤੀ ਖੇਡ ਪ੍ਰੇਮੀਆਂ ਲਈ ਇਸ ਵਿੱਚ ਕੋਈ ਉਤਸ਼ਾਹ ਵਾਲੀ ਗੱਲ ਨਹੀਂ ਹੈ, ਕਿਉਂਕਿ ਹੁਣ ਤੱਕ ਭਾਰਤ ਇਸ ਟੂਰਨਾਮੈਂਟ ਵਿੱਚ ਇੱਕ ਵਾਰ ਵੀ ਹਿੱਸਾ ਨਹੀਂ ਲੈ ਸਕਿਆ ਹੈ।

ਫੀਫਾ, ਭਾਰਤ ਅਤੇ 1950 ਦਾ ਉਹ ਸਾਲ...

ਭਾਰਤੀ ਫੁੱਟਬਾਲ ਟੀਮ ਅੱਜ ਤੋਂ 76 ਸਾਲ ਪਹਿਲਾਂ, ਭਾਵ 1950 ਵਿੱਚ ਬ੍ਰਾਜ਼ੀਲ ਵਿੱਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀ ਸੀ, ਪਰ ਭਾਰਤੀ ਟੀਮ ਇਸ ਵਿੱਚ ਖੇਡ ਨਹੀਂ ਸਕੀ (ਫਾਈਲ ਫੋਟੋ)

ਤਸਵੀਰ ਸਰੋਤ, PABLO PORCIUNCULA/Getty Images

ਤਸਵੀਰ ਕੈਪਸ਼ਨ, ਭਾਰਤੀ ਫੁੱਟਬਾਲ ਟੀਮ ਅੱਜ ਤੋਂ 76 ਸਾਲ ਪਹਿਲਾਂ, ਭਾਵ 1950 ਵਿੱਚ ਬ੍ਰਾਜ਼ੀਲ ਵਿੱਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀ ਸੀ, ਪਰ ਭਾਰਤੀ ਟੀਮ ਇਸ ਵਿੱਚ ਖੇਡ ਨਹੀਂ ਸਕੀ (ਫਾਈਲ ਫੋਟੋ)

ਭਾਰਤ ਫੁੱਟਬਾਲ ਵਿਸ਼ਵ ਕੱਪ ਵਿੱਚ ਕਦੇ ਹਿੱਸਾ ਨਹੀਂ ਲੈ ਸਕਿਆ ਹੋਵੇ, ਪਰ ਅੱਜ ਦੀ ਪੀੜ੍ਹੀ ਦੇ ਘੱਟ ਹੀ ਖੇਡ ਪ੍ਰੇਮੀਆਂ ਨੂੰ ਪਤਾ ਹੋਵੇਗਾ ਕਿ ਇੱਕ ਮੌਕਾ ਅਜਿਹਾ ਵੀ ਆਇਆ ਸੀ, ਜਦੋਂ ਭਾਰਤ ਵਿਸ਼ਵ ਕੱਪ ਫੁੱਟਬਾਲ ਵਿੱਚ ਹਿੱਸਾ ਲੈ ਸਕਦਾ ਸੀ।

ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ, ਪਰ ਹਕੀਕਤ ਇਹੀ ਹੈ ਕਿ ਭਾਰਤੀ ਫੁੱਟਬਾਲ ਟੀਮ ਅੱਜ ਤੋਂ 76 ਸਾਲ ਪਹਿਲਾਂ, ਭਾਵ 1950 ਵਿੱਚ ਬ੍ਰਾਜ਼ੀਲ ਵਿੱਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀ ਸੀ, ਪਰ ਭਾਰਤੀ ਟੀਮ ਇਸ ਵਿੱਚ ਹਿੱਸਾ ਨਹੀਂ ਲੈ ਸਕੀ।

ਦਰਅਸਲ ਦੂਜੇ ਵਿਸ਼ਵ ਯੁੱਧ ਦੇ ਕਾਰਨ 1942 ਅਤੇ 1946 ਵਿੱਚ ਵਿਸ਼ਵ ਕੱਪ ਫੁੱਟਬਾਲ ਦਾ ਆਯੋਜਨ ਨਹੀਂ ਹੋ ਸਕਿਆ ਸੀ।

1950 ਵਿੱਚ 12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵਿਸ਼ਵ ਕੱਪ ਦਾ ਆਯੋਜਨ ਹੋਣਾ ਸੀ। ਬ੍ਰਾਜ਼ੀਲ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਕੇਵਲ 33 ਦੇਸ਼ਾਂ ਨੇ ਕੁਆਲੀਫਾਇੰਗ ਰਾਊਂਡ ਵਿੱਚ ਖੇਡਣ ਲਈ ਸਹਿਮਤੀ ਦਿੱਤੀ ਸੀ।

ਕੁਆਲੀਫਾਇੰਗ ਗਰੁੱਪ 10 ਵਿੱਚ ਭਾਰਤ ਨੂੰ ਬਰਮਾ (ਮਿਆਂਮਾਰ) ਅਤੇ ਫਿਲੀਪੀਨਜ਼ ਨਾਲ ਥਾਂ ਮਿਲੀ ਸੀ। ਪਰ ਬਰਮਾ ਅਤੇ ਫਿਲੀਪੀਨਜ਼ ਨੇ ਕੁਆਲੀਫਾਇੰਗ ਰਾਊਂਡ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ।

ਭਾਵ ਭਾਰਤ ਬਿਨਾਂ ਖੇਡੇ ਹੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਗਿਆ ਸੀ। ਇਤਿਹਾਸ ਬਹੁਤ ਦੂਰ ਨਹੀਂ ਸੀ। ਭਾਰਤੀ ਟੀਮ ਨੂੰ ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ ਵਿੱਚ ਆਪਣਾ ਜੌਹਰ ਦਿਖਾਉਣ ਲਈ ਟਿਕਟ ਮਿਲ ਚੁੱਕੀ ਸੀ।

ਭਾਰਤ ਹਿੱਸਾ ਲੈਂਦਾ ਤਾਂ ਕਿਹੋ ਜਿਹਾ ਪ੍ਰਦਰਸ਼ਨ ਕਰਦਾ?

1950 ਦੇ ਵਿਸ਼ਵ ਕੱਪ ਫੁੱਟਬਾਲ ਦਾ ਜਦੋਂ ਫਾਈਨਲ ਰਾਊਂਡ ਡਰਾਅ ਤਿਆਰ ਹੋਇਆ, ਤਾਂ ਭਾਰਤ ਨੂੰ ਪੂਲ-3 ਵਿੱਚ ਸਵੀਡਨ, ਇਟਲੀ ਅਤੇ ਪੈਰਾਗਵੇ ਨਾਲ ਥਾਂ ਮਿਲੀ।

ਜੇ ਭਾਰਤ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਂਦਾ, ਤਾਂ ਉਸਦਾ ਪ੍ਰਦਰਸ਼ਨ ਕਿਹੋ ਜਿਹਾ ਹੁੰਦਾ?

ਇਸ ਬਾਰੇ ਮਰਹੂਮ ਫੁੱਟਬਾਲ ਪੱਤਰਕਾਰ ਨੋਵੀ ਕਪਾਡੀਆ ਨੇ ਵਿਸ਼ਵ ਕੱਪ ਫੁੱਟਬਾਲ ਦੀ ਗਾਈਡ ਬੁੱਕ ਵਿੱਚ ਲਿਖਿਆ ਹੈ, "ਉਸ ਦੌਰ ਵਿੱਚ ਪੈਰਾਗਵੇ ਦੀ ਟੀਮ ਬਹੁਤ ਮਜ਼ਬੂਤ ਨਹੀਂ ਸੀ। ਇਟਲੀ ਨੇ ਆਪਣੇ ਅੱਠ ਮੁੱਖ ਖਿਡਾਰੀਆਂ ਨੂੰ ਟੀਮ ਵਿੱਚ ਅਨੁਸ਼ਾਸਨਹੀਨਤਾ ਕਾਰਨ ਸ਼ਾਮਲ ਨਹੀਂ ਕੀਤਾ ਸੀ।"

"ਟੀਮ ਦੀ ਹਾਲਤ ਇੰਨੀ ਮਾੜੀ ਸੀ ਕਿ ਬ੍ਰਾਜ਼ੀਲ ਪਹੁੰਚਣ ਤੋਂ ਬਾਅਦ ਟੀਮ ਦੇ ਕੋਚ ਵਿਟੋਰਿਓ ਪੋਜ਼ੋ ਨੇ ਅਸਤੀਫ਼ਾ ਦੇ ਦਿੱਤਾ ਸੀ। ਸਵੀਡਨ ਦੀ ਟੀਮ ਭਾਰਤ ਦੇ ਮੁਕਾਬਲੇ ਕਾਫ਼ੀ ਚੰਗੀ ਸਥਿਤੀ ਵਿੱਚ ਸੀ। ਇਸ ਹਿਸਾਬ ਨਾਲ ਵੇਖੀਏ ਤਾਂ ਭਾਰਤ ਗਰੁੱਪ ਵਿੱਚ ਦੂਜੇ ਨੰਬਰ 'ਤੇ ਆ ਸਕਦਾ ਸੀ, ਪਰ ਟੀਮ ਨੂੰ ਸ਼ਾਨਦਾਰ ਐਕਸਪੋਜ਼ਰ ਮਿਲਦਾ।"

1948 ਦੀਆਂ ਲੰਡਨ ਓਲੰਪਿਕ ਖੇਡਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1948 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਫੁੱਟਬਾਲ ਟੀਮ ਦੇ ਦੋ ਖਿਡਾਰੀ ਐੱਸ. ਮੇਵਾਲਾਲ ਅਤੇ ਐੱਸ. ਨੰਦੀ ਨੰਗੇ ਪੈਰ ਅਭਿਆਸ ਕਰਦੇ ਹੋਏ (ਫਾਈਲ ਫੋਟੋ)

ਕਿਹੋ ਜਿਹੀ ਸੀ ਭਾਰਤੀ ਫੁੱਟਬਾਲ ਦੀ ਸਾਖ਼

1950 ਵਿੱਚ ਭਾਰਤੀ ਫੁੱਟਬਾਲ ਨੂੰ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਐਕਸਪੋਜ਼ਰ ਨਹੀਂ ਮਿਲਿਆ ਸੀ, ਪਰ ਟੀਮ ਦੀ ਸਾਖ਼ ਇੱਕ ਵਧੀਆ ਖੇਡ ਖੇਡਣ ਵਾਲੇ ਦੇਸ਼ ਵਜੋਂ ਸੀ।

ਇਸ ਦੀ ਝਲਕ ਭਾਰਤੀ ਟੀਮ ਨੇ 1948 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਵੀ ਦਿਖਾਈ ਸੀ। ਫਰਾਂਸ ਵਰਗੀ ਮਜ਼ਬੂਤ ਟੀਮ ਤੋਂ ਭਾਰਤ ਸਿਰਫ਼ 1-2 ਦੇ ਫਰਕ ਨਾਲ ਹਾਰਿਆ ਸੀ।

ਉਸ ਦੌਰ ਵਿੱਚ ਟੀਮ ਦੇ ਫਾਰਵਰਡ ਅਤੇ ਡ੍ਰਿਬਲਰਾਂ ਦੇ ਖੇਡ ਦੀ ਬਦੌਲਤ ਭਾਰਤੀ ਫੁੱਟਬਾਲ ਆਪਣੀ ਪਛਾਣ ਬਣਾਉਣ ਵਿੱਚ ਜੁੱਟਿਆ ਹੋਇਆ ਸੀ।

ਅਹਿਮਦ ਖ਼ਾਨ, ਐੱਸ ਰਮਨ, ਐੱਮਏ ਸੱਤਾਰ ਅਤੇ ਐੱਸ. ਮੇਵਾਲਾਲ ਵਰਗੇ ਖਿਡਾਰੀਆਂ ਦੇ ਲੋਕ ਪ੍ਰਸ਼ੰਸਕ ਸਨ। ਲੰਡਨ ਓਲੰਪਿਕ ਵਿੱਚ ਭਾਰਤ ਦੇ ਇਹ ਸਾਰੇ ਖਿਡਾਰੀ ਨੰਗੇ ਪੈਰ ਫੁੱਟਬਾਲ ਖੇਡਣ ਉਤਰੇ ਸਨ।

ਹਾਲਾਂਕਿ ਰਾਈਟ ਬੈਕ 'ਤੇ ਖੇਡਣ ਵਾਲੇ ਤਾਜ ਮੁਹੰਮਦ ਬੂਟ ਪਾ ਕੇ ਖੇਡੇ ਸਨ।

1948 ਦੀਆਂ ਲੰਡਨ ਓਲੰਪਿਕ ਖੇਡਾਂ

ਤਸਵੀਰ ਸਰੋਤ, STRDEL/Getty Images

ਤਸਵੀਰ ਕੈਪਸ਼ਨ, 1948 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤ ਫਰਾਂਸ ਵਰਗੀ ਮਜ਼ਬੂਤ ਟੀਮ ਤੋਂ ਸਿਰਫ਼ 1-2 ਦੇ ਫ਼ਰਕ ਨਾਲ ਹਾਰਿਆ ਸੀ (ਸੰਕੇਤਕ ਤਸਵੀਰ)

ਬ੍ਰਾਜ਼ੀਲ ਵਿਸ਼ਵ ਕੱਪ ਵਿੱਚ ਟੀਮ ਹਿੱਸਾ ਕਿਉਂ ਨਹੀਂ ਲੈ ਸਕੀ

1950 ਦੇ ਵਿਸ਼ਵ ਕੱਪ ਵਿੱਚ ਭਾਰਤੀ ਫੁੱਟਬਾਲ ਟੀਮ ਨੇ ਆਖ਼ਿਰ ਹਿੱਸਾ ਕਿਉਂ ਨਹੀਂ ਲਿਆ, ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਮਿਲਦਾ।

ਹਾਲਾਂਕਿ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਜੋ ਅਧਿਕਾਰਤ ਕਾਰਨ ਦੱਸਿਆ ਸੀ, ਉਸ ਮੁਤਾਬਕ ਟੀਮ ਦੀ ਚੋਣ ਨੂੰ ਲੈ ਕੇ ਅਸਹਿਮਤੀ ਅਤੇ ਅਭਿਆਸ ਲਈ ਲੋੜੀਂਦਾ ਸਮਾਂ ਨਾ ਹੋਣ ਕਾਰਨ ਟੀਮ ਨੇ ਆਪਣਾ ਨਾਮ ਵਾਪਸ ਲੈ ਲਿਆ ਸੀ।

ਪਰ ਇਸ ਨੂੰ ਲੈ ਕੇ ਸਾਲਾਂ ਤੱਕ ਕਈ ਚਰਚਾਵਾਂ ਹੁੰਦੀਆਂ ਰਹੀਆਂ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੋਈ ਕਿ ਭਾਰਤੀ ਖਿਡਾਰੀ ਨੰਗੇ ਪੈਰ ਫੁੱਟਬਾਲ ਖੇਡਣਾ ਚਾਹੁੰਦੇ ਸਨ ਅਤੇ ਫੀਫਾ ਨੂੰ ਇਹ ਮਨਜ਼ੂਰ ਨਹੀਂ ਸੀ।

ਪਰ ਨੋਵੀ ਕਪਾੜੀਆ ਤੋਂ ਇਲਾਵਾ ਸੀਨੀਅਰ ਖੇਡ ਪੱਤਰਕਾਰ ਜੈਦੀਪ ਬਸੂ ਦੀ ਹਾਲ ਹੀ ਵਿੱਚ ਆਈ ਕਿਤਾਬ ਵੀ ਇਸ ਕਾਰਨ ਨੂੰ ਬਹੁਤ ਵਿਸ਼ਵਾਸਯੋਗ ਨਹੀਂ ਮੰਨਦੀ।

ਜੈਦੀਪ ਬਸੂ ਵੱਲੋਂ ਸੰਪਾਦਿਤ ਕਿਤਾਬ 'ਬਾਕਸ ਟੂ ਬਾਕਸ: 75 ਈਅਰਜ਼ ਆਫ਼ ਦਿ ਇੰਡੀਅਨ ਫੁੱਟਬਾਲ ਟੀਮ' ਵਿੱਚ ਲਿਖਿਆ ਹੈ, "ਫੀਫਾ ਵੱਲੋਂ ਭਾਰਤੀ ਖਿਡਾਰੀਆਂ ਦੇ ਨੰਗੇ ਪੈਰ ਖੇਡਣ 'ਤੇ ਇਤਰਾਜ਼ ਦਾ ਕੋਈ ਸਵਾਲ ਹੀ ਨਹੀਂ ਸੀ।"

ਲੰਡਨ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਸੱਤ-ਅੱਠ ਖਿਡਾਰੀਆਂ ਦੇ ਹਵਾਲੇ ਨਾਲ ਜੈਦੀਪ ਬਸੂ ਨੇ ਲਿਖਿਆ ਹੈ, "ਉਸ ਟੀਮ ਵਿੱਚ ਸ਼ਾਮਲ ਸੱਤ-ਅੱਠ ਖਿਡਾਰੀਆਂ ਦੇ ਟਰੈਵਲ ਬੈਗਾਂ ਵਿੱਚ ਸਪਾਈਕ ਬੂਟ ਮੌਜੂਦ ਸਨ ਅਤੇ ਇਹ ਖਿਡਾਰੀਆਂ ਦੀ ਆਪਣੀ ਪਸੰਦ ਦਾ ਮਾਮਲਾ ਸੀ।"

ਦਰਅਸਲ ਇਹ ਉਹ ਦੌਰ ਸੀ ਜਦੋਂ ਫੁੱਟਬਾਲ ਖਿਡਾਰੀ ਆਪਣੇ ਪੈਰਾਂ 'ਤੇ ਮੋਟੀ ਪੱਟੀ ਬੰਨ੍ਹ ਕੇ ਖੇਡਣਾ ਪਸੰਦ ਕਰਦੇ ਸਨ ਅਤੇ 1954 ਤੱਕ ਇਹ ਰੁਝਾਨ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਮੌਜੂਦ ਸੀ।

ਇਸ ਗੱਲ ਦੀ ਸਭ ਤੋਂ ਵੱਧ ਚਰਚਾ ਹੋਈ ਕਿ ਭਾਰਤੀ ਖਿਡਾਰੀ ਨੰਗੇ ਪੈਰ ਫੁੱਟਬਾਲ ਖੇਡਣਾ ਚਾਹੁੰਦੇ ਸਨ, ਪਰ ਫੀਫਾ ਨੂੰ ਇਹ ਮਨਜ਼ੂਰ ਨਹੀਂ ਸੀ (ਫਾਈਲ ਫੋਟੋ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਗੱਲ ਦੀ ਸਭ ਤੋਂ ਵੱਧ ਚਰਚਾ ਹੋਈ ਕਿ ਭਾਰਤੀ ਖਿਡਾਰੀ ਨੰਗੇ ਪੈਰ ਫੁੱਟਬਾਲ ਖੇਡਣਾ ਚਾਹੁੰਦੇ ਸਨ, ਪਰ ਫੀਫਾ ਨੂੰ ਇਹ ਮਨਜ਼ੂਰ ਨਹੀਂ ਸੀ (ਫਾਈਲ ਫੋਟੋ)

ਕੀ ਫੰਡਾਂ ਦੀ ਕਮੀ ਕਾਰਨ ਸੀ?

ਭਾਰਤ ਦੇ ਵਿਸ਼ਵ ਕੱਪ ਫੁੱਟਬਾਲ ਵਿੱਚ ਹਿੱਸਾ ਨਾ ਲੈਣ ਦੀ ਇੱਕ ਵਜ੍ਹਾ ਆਰਥਿਕ ਵੀ ਮੰਨੀ ਜਾਂਦੀ ਹੈ। ਪਰ ਇਹ ਦਾਅਵਾ ਵੀ ਸਹੀ ਨਹੀਂ ਜਾਪਦਾ।

ਜੈਦੀਪ ਬਸੂ ਨੇ ਆਪਣੀ ਕਿਤਾਬ ਵਿੱਚ ਦੱਸਿਆ ਹੈ ਕਿ ਬ੍ਰਾਜ਼ੀਲ ਤੱਕ ਜਾਣ ਲਈ ਟੀਮ ਦੇ ਖਰਚੇ ਦਾ ਮਸਲਾ ਸੀ, ਪਰ ਇਸ ਦਾ ਹੱਲ ਨਿਕਲ ਆਇਆ ਸੀ।

ਉਨ੍ਹਾਂ ਲਿਖਿਆ ਹੈ ਕਿ ਉਸ ਵੇਲੇ ਭਾਰਤ ਦੀਆਂ ਤਿੰਨ ਰਾਜ ਪੱਧਰੀ ਫੁੱਟਬਾਲ ਸੰਘਾਂ ਨੇ ਖਰਚੇ ਵਿੱਚ ਹਿੱਸੇਦਾਰੀ ਦੇਣ ਦਾ ਭਰੋਸਾ ਦਿੱਤਾ ਸੀ।

ਇੰਨਾ ਹੀ ਨਹੀਂ, ਨੋਵੀ ਕਪਾੜੀਆ ਨੇ ਆਪਣੀ ਕਿਤਾਬ ਵਿੱਚ ਦੱਸਿਆ ਹੈ ਕਿ ਮਾਰਚ ਅਤੇ ਅਪ੍ਰੈਲ ਮਹੀਨੇ ਵਿੱਚ ਬ੍ਰਾਜ਼ੀਲ ਨੇ ਭਾਰਤੀ ਫੁੱਟਬਾਲ ਸੰਘ ਨਾਲ ਸੰਪਰਕ ਕਰਕੇ ਟੀਮ ਦੇ ਖਰਚੇ ਦਾ ਵੱਡਾ ਹਿੱਸਾ ਚੁਕਾਉਣ ਦਾ ਭਰੋਸਾ ਦਿੱਤਾ ਸੀ।

ਨੋਵੀ ਕਪਾੜੀਆ ਦੀ ਕਿਤਾਬ ਮੁਤਾਬਕ ਬ੍ਰਾਜ਼ੀਲ ਦੇ ਇਸ ਭਰੋਸੇ ਦੇ ਦੋ ਕਾਰਨ ਸਨ, ਇੱਕ ਤਾਂ ਸਕਾਟਲੈਂਡ, ਫਰਾਂਸ, ਤੁਰਕੀ ਅਤੇ ਚੇਕੋਸਲੋਵਾਕੀਆ ਦੀਆਂ ਟੀਮਾਂ ਵੀ ਫੁੱਟਬਾਲ ਵਿਸ਼ਵ ਕੱਪ ਤੋਂ ਆਪਣਾ ਨਾਮ ਵਾਪਸ ਲੈ ਚੁੱਕੀਆਂ ਸਨ ਅਤੇ ਦੂਜਾ ਬ੍ਰਾਜ਼ੀਲ ਚਾਹੁੰਦਾ ਸੀ ਕਿ ਮਹਾਤਮਾ ਗਾਂਧੀ ਅਤੇ ਜਵਾਹਰਲਾਲ ਨੇਹਰੂ ਦੇ ਦੇਸ਼ ਦੀ ਟੀਮ ਬ੍ਰਾਜ਼ੀਲ ਵਿੱਚ ਫੁੱਟਬਾਲ ਖੇਡੇ।

ਜੈਦੀਪ ਬਸੂ ਦੀ ਕਿਤਾਬ ਮੁਤਾਬਕ ਭਾਰਤ ਨੇ 16 ਮਈ 1950 ਨੂੰ ਵਿਸ਼ਵ ਕੱਪ ਜਾਣ ਵਾਲੀ ਟੀਮ ਦਾ ਐਲਾਨ ਕਰ ਦਿੱਤਾ ਸੀ। ਭਾਰਤ ਦੇ ਪ੍ਰਸਤਾਵਿਤ ਪ੍ਰੋਗਰਾਮ ਮੁਤਾਬਕ ਭਾਰਤੀ ਟੀਮ 15 ਜੂਨ ਨੂੰ ਬ੍ਰਾਜ਼ੀਲ ਲਈ ਰਵਾਨਾ ਹੋਣੀ ਸੀ ਅਤੇ ਭਾਰਤ ਦਾ ਪਹਿਲਾ ਮੈਚ 25 ਜੂਨ ਨੂੰ ਪੈਰਾਗਵੇ ਨਾਲ ਖੇਡਿਆ ਜਾਣਾ ਸੀ।

ਪਰ ਇਸ ਤੋਂ ਬਾਅਦ ਜੋ ਹੋਇਆ, ਉਸ ਨੂੰ ਜੈਦੀਪ ਬਸੂ ਭਾਰਤੀ ਫੁੱਟਬਾਲ ਜਗਤ ਦਾ ਸਭ ਤੋਂ ਵੱਡਾ ਰਹੱਸ ਦੱਸਦੇ ਹਨ, ਜਿਸ ਦਾ ਕੋਈ ਹੱਲ ਨਹੀਂ ਮਿਲ ਸਕਿਆ।

ਹਾਲਾਂਕਿ ਨੋਵੀ ਕਪਾੜੀਆ ਅਤੇ ਜੈਦੀਪ ਬਸੂ ਦੀਆਂ ਕਿਤਾਬਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਨਾ ਤਾਂ ਉਸ ਦੌਰ ਦੇ ਭਾਰਤੀ ਫੁੱਟਬਾਲ ਖਿਡਾਰੀ ਅਤੇ ਨਾ ਹੀ ਫੁੱਟਬਾਲ ਅਧਿਕਾਰੀ ਇਸ ਮੌਕੇ ਦੀ ਅਹਿਮੀਅਤ ਨੂੰ ਸਮਝ ਸਕੇ ਸਨ।

ਦਰਅਸਲ ਉਸ ਵੇਲੇ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਦੀ ਚੈਂਪੀਅਨ ਟੀਮ ਬਣ ਚੁੱਕੀ ਸੀ ਅਤੇ ਹਰ ਖੇਡ ਦੇ ਖਿਡਾਰੀ ਲਈ ਲੋਕਪ੍ਰਿਯਤਾ ਦਾ ਆਖ਼ਰੀ ਮਾਪਦੰਡ ਉਹੀ ਸੀ।

ਅਜਿਹੇ ਵਿੱਚ ਭਾਰਤੀ ਫੁੱਟਬਾਲ ਟੀਮ ਵਿੱਚ ਖੇਡਣ ਅਤੇ ਖੇਡ ਨੂੰ ਚਲਾਉਣ ਵਾਲੇ ਦੋਵੇਂ ਲੋਕਾਂ ਦਾ ਧਿਆਨ ਓਲੰਪਿਕ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ 'ਤੇ ਵੱਧ ਸੀ।

ਇਸ ਤੋਂ ਇਲਾਵਾ 1951 ਦੀਆਂ ਏਸ਼ੀਆਈ ਖੇਡਾਂ ਦਾ ਆਯੋਜਨ ਵੀ ਦਿੱਲੀ ਵਿੱਚ ਹੋਣਾ ਸੀ। ਮੇਜ਼ਬਾਨ ਟੀਮ ਵਜੋਂ ਭਾਰਤ ਦਾ ਉਦੇਸ਼ ਇਸ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਸੀ।

ਇੱਥੇ ਇਹ ਧਿਆਨ ਦੇਣ ਦੀ ਲੋੜ ਹੈ ਕਿ 1950 ਤੱਕ ਦੁਨੀਆ ਭਰ ਵਿੱਚ ਫੁੱਟਬਾਲ ਵਿਸ਼ਵ ਕੱਪ ਦੀ ਲੋਕਪ੍ਰਿਯਤਾ ਉਨੀ ਨਹੀਂ ਸੀ ਜਿੰਨੀ ਬਾਅਦ ਦੇ ਸਾਲਾਂ ਵਿੱਚ ਹੋ ਗਈ। ਉਸ ਵੇਲੇ ਇਹ ਇੱਕ ਘੱਟ ਚਰਚਿਤ ਖੇਡ ਟੂਰਨਾਮੈਂਟ ਸੀ।

ਵੀਡੀਓ ਕੈਪਸ਼ਨ, ਫ਼ੁੱਟਬਾਲ ਰਾਹੀਂ ਇਹਨਾਂ ਕੁੜੀਆਂ ਨੇ ਕਿਵੇਂ ਬਾਲ ਵਿਆਹ ਦਾ ਵਿਰੋਧ ਕੀਤਾ

ਨਿਯਮਾਂ ਦੀ ਜਾਣਕਾਰੀ ਦੀ ਕਮੀ

ਇਹ ਵੀ ਜਾਪਦਾ ਹੈ ਕਿ ਨਿਯਮਾਂ ਦੀ ਜਾਣਕਾਰੀ ਦੀ ਕਮੀ ਕਾਰਨ ਵੀ ਭਾਰਤ ਦੇ ਫੁੱਟਬਾਲ ਅਧਿਕਾਰੀਆਂ ਨੇ ਅਜਿਹਾ ਫੈਸਲਾ ਲਿਆ ਹੋਵੇਗਾ।

ਦਰਅਸਲ ਵਿਸ਼ਵ ਕੱਪ ਫੁੱਟਬਾਲ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਉਸ ਵੇਲੇ ਪੇਸ਼ੇਵਰ (ਪ੍ਰੋਫੈਸ਼ਨਲ) ਖਿਡਾਰੀ ਦਾ ਦਰਜਾ ਮਿਲ ਜਾਂਦਾ ਸੀ।

ਖਿਡਾਰੀਆਂ ਦੇ ਪ੍ਰੋਫੈਸ਼ਨਲ ਹੋਣ ਦਾ ਮਤਲਬ ਇਹ ਸੀ ਕਿ ਉਨ੍ਹਾਂ ਨੂੰ ਓਲੰਪਿਕ ਅਤੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਮਿਲਦੀ ਸੀ। ਕਿਉਂਕਿ ਉਹਨਾਂ ਦਿਨਾਂ ਵਿੱਚ ਇਨ੍ਹਾਂ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਐਮੇਚਰ ਹੋਣਾ ਲਾਜ਼ਮੀ ਹੁੰਦਾ ਸੀ।

ਹਾਲਾਂਕਿ ਇਸ ਨਿਯਮ ਤੋਂ ਬਚਣ ਦੇ ਰਸਤੇ ਵੀ ਮੌਜੂਦ ਸਨ, ਜਿਵੇਂ ਕਿ ਹੰਗਰੀ, ਰੂਸ ਅਤੇ ਹੋਰ ਸਮਾਜਵਾਦੀ ਦੇਸ਼ ਵਿਸ਼ਵ ਕੱਪ ਫੁੱਟਬਾਲ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਫੌਜ ਦਾ ਮੈਂਬਰ ਦੱਸ ਕੇ ਇਹ ਦਾਅਵਾ ਕਰਦੇ ਸਨ ਕਿ ਫੌਜ ਦਾ ਮੈਂਬਰ ਪ੍ਰੋਫੈਸ਼ਨਲ ਨਹੀਂ ਹੋ ਸਕਦਾ।

ਪਰ ਸੰਭਵ ਹੈ ਕਿ ਉਸ ਸਮੇਂ ਭਾਰਤੀ ਫੁੱਟਬਾਲ ਦੇ ਅਧਿਕਾਰੀਆਂ ਨੂੰ ਇੰਨੀ ਜਾਣਕਾਰੀ ਨਹੀਂ ਸੀ।

ਹੋ ਸਕਦਾ ਹੈ ਕਿ ਏਸ਼ੀਆਈ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਹਿੱਸੇਦਾਰੀ ਤੋਂ ਵਾਂਝੇ ਕੀਤੇ ਜਾਣ ਦੇ ਡਰ ਕਾਰਨ ਹੀ ਭਾਰਤੀ ਫੁੱਟਬਾਲ ਸੰਘ ਨੇ 1950 ਦੇ ਵਿਸ਼ਵ ਕੱਪ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੋਵੇ।

ਪਰ ਇਹ ਫ਼ੈਸਲਾ ਅਜਿਹੀ ਵੱਡੀ ਗ਼ਲਤੀ ਸਾਬਤ ਹੋਇਆ, ਜਿਸ ਦਾ ਦਰਦ ਪਿਛਲੇ 72 ਸਾਲਾਂ ਤੋਂ ਭਾਰਤ ਦੇ ਖੇਡ ਪ੍ਰੇਮੀਆਂ ਨੂੰ ਮਹਿਸੂਸ ਹੁੰਦਾ ਆ ਰਿਹਾ ਹੈ। ਇਹ ਟੀਸ ਹਰ ਚਾਰ ਸਾਲ ਬਾਅਦ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਦੌਰਾਨ ਕੁਝ ਹੋਰ ਵੱਧ ਜਾਂਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)