ਕਾਂਗਰਸ ਦੀ ਮਹਿਲਾ ਵਰਕਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਕੀ ਅਹਿਮ ਖੁਲਾਸੇ ਕੀਤੇ

ਤਸਵੀਰ ਸਰੋਤ, Kamal Saini/BBC
ਹਰਿਆਣਾ ਦੇ ਰੋਹਤਕ ਵਿੱਚ ਇੱਕ ਕਾਂਗਰਸੀ ਵਰਕਰ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਇੱਕ ਮਾਰਚ ਨੂੰ ਪੁਲਿਸ ਨੂੰ ਇੱਕ ਸੂਟਕੇਸ ਮਿਲਿਆ ਸੀ, ਜਿਸ ਵਿੱਚ ਇੱਕ ਨੌਜਵਾਨ ਔਰਤ ਦੀ ਲਾਸ਼ ਸੀ। ਸਰੀਰ 'ਤੇ ਕੋਈ ਨਿਸ਼ਾਨ ਨਹੀਂ ਸਨ। ਉਦੋਂ ਲਾਸ਼ ਦੀ ਪਛਾਣ ਵੀ ਨਹੀਂ ਹੋ ਸਕੀ ਸੀ।
ਹਰਿਆਣਾ ਵਿੱਚ ਬੀਬੀਸੀ ਸਹਿਯੋਗੀ ਕਮਲ ਸੈਣੀ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ, ਰੋਹਤਕ ਰੇਂਜ ਦੇ ਏਡੀਜੀਪੀ ਕ੍ਰਿਸ਼ਨ ਕੁਮਾਰ ਰਾਓ ਨੇ ਕਿਹਾ, "ਪਰਿਵਾਰ ਦੇ ਮੈਂਬਰਾਂ ਵੱਲੋਂ ਪਛਾਣ ਤੋਂ ਬਾਅਦ, ਇਹ ਪਤਾ ਲੱਗਾ ਕਿ ਉਹ ਰੋਹਤਕ ਵਿੱਚ ਰਹਿੰਦੀ ਹੈ। ਇਸ ਮਾਮਲੇ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"
ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ਦਾ ਡੇਢ ਸਾਲ ਪਹਿਲਾਂ ਤੋਂ ਹੀ ਮ੍ਰਿਤਕਾ ਦੇ ਘਰ ਆਉਣਾ-ਜਾਣਾ ਸੀ ਅਤੇ ਦੋਵੇਂ ਸੋਸ਼ਲ ਮੀਡੀਆ ʼਤੇ ਸੰਪਰਕ ਵਿੱਚ ਸਨ।
ਪੁਲਿਸ ਨੇ ਦੱਸਿਆ, "ਕੁੜੀ ਇਕੱਲੀ ਰਹਿੰਦੀ ਸੀ। 27 ਫਰਵਰੀ ਨੂੰ ਮੁਲਜ਼ਮ ਸਚਿਨ ਰਾਤ 9 ਵਜੇ ਹਿਮਾਨੀ ਦੇ ਘਰ ਪਹੁੰਚਿਆ ਅਤੇ ਰਾਤ ਉੱਥੇ ਹੀ ਰਿਹਾ। 28 ਤਰੀਕ ਨੂੰ ਹਿਮਾਨੀ ਅਤੇ ਸਚਿਨ ਵਿੱਚ ਲੜਾਈ ਹੋਈ ਜਿਸ ਵਿੱਚ ਸਚਿਨ ਨੂੰ ਕੁਝ ਸੱਟਾਂ ਵੀ ਲੱਗੀਆਂ।"

ਪੁਲਿਸ ਮੁਤਾਬਕ, "ਕਤਲ ਤੋਂ ਬਾਅਦ ਮੁਲਜ਼ਮ ਨੇ ਕੁੜੀ ਦੇ ਕੀਮਤੀ ਸਮਾਨ (ਗਹਿਣੇ, ਲੈਪਟਾਪ) ਚੋਰੀ ਕਰ ਲਿਆ ਅਤੇ ਉਨ੍ਹਾਂ ਨੂੰ ਆਪਣੀ ਦੁਕਾਨ ਵਿੱਚ ਲੁਕਾ ਦਿੱਤਾ ਅਤੇ ਫਿਰ ਵਾਪਸ ਆ ਕੇ ਬਾਅਦ ਵਿੱਚ ਰਾਤ ਨੂੰ ਉਸ ਨੇ ਲਾਸ਼ ਨੂੰ ਬੱਸ ਅੱਡੇ ʼਤੇ ਸੁੱਟ ਦਿੱਤਾ।"
ਪੁਲਿਸ ਦਾ ਕਹਿਣਾ ਹੈ ਕਿ ਸਚਿਨ ਨੇ ਹਿਮਾਨੀ ਦੇ ਹੱਥ-ਪੈਰ ਚੁੰਨੀ ਨਾਲ ਬੰਨ੍ਹ ਦਿੱਤੇ ਅਤੇ ਮੋਬਾਈਲ ਚਾਰਜਰ ਨਾਲ ਉਸ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ। ਉਸ ਨੇ ਹਿਮਾਨੀ ਦੇ ਸਰੀਰ ਨੂੰ ਰਜਾਈ ਨਾਲ ਬੰਨ੍ਹ ਕੇ ਇੱਕ ਬ੍ਰੀਫਕੇਸ ਵਿੱਚ ਪੈਕ ਕਰ ਦਿੱਤਾ।
ਪੁਲਿਸ ਦੀ ਜਾਣਕਾਰੀ ਮੁਤਾਬਕ, "ਮੁਲਜ਼ਮ 28 ਫਰਵਰੀ ਦੀ ਰਾਤ ਵਾਪਸ ਆਇਆ ਅਤੇ ਸੂਟੇਕਸ ਵਿੱਚ ਬੰਦ ਹਿਮਾਨੀ ਦੀ ਲਾਸ਼ ਨੂੰ ਆਟੋ ਵਿੱਚ ਦਿੱਲੀ ਬਾਈਪਾਸ ʼਤੇ ਪਹੁੰਚਾਇਆ ਤੇ ਫਿਰ ਬੱਸ ਵਿੱਚ ਲਾਸ਼ ਲੈ ਕੇ ਸਾਂਪਲਾ ਬੱਸ ਅੱਡੇ ਦੇ ਨੇੜੇ ਸੁੱਟ ਕੇ ਚਲਾ ਗਿਆ।''
ਪੁਲਿਸ ਨੇ ਦੱਸਿਆ ਕਿ 30 ਸਾਲਾ ਸਚਿਨ ਇੱਕ ਸਾਲ ਤੋਂ ਹਿਮਾਨੀ ਦਾ ਫੇਸਬੁੱਕ ਫਰੈਂਡ ਸੀ। ਉਹ ਝੱਜਰ ਜ਼ਿਲ੍ਹੇ ਦੇ ਖੇਰਮਪੁਰ ਪਿੰਡ ਦਾ ਰਹਿਣ ਵਾਲਾ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।
ਹਾਲਾਂਕਿ, ਇਸ ਤੋਂ ਪਹਿਲਾਂ ਕੁੜੀ ਦੀ ਮਾਂ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਸ ਦੇ ਕਤਲ ਵਿੱਚ ਕਰੀਬੀ ਦਾ ਹੱਥ ਹੋ ਸਕਦਾ ਹੈ।

ਤਸਵੀਰ ਸਰੋਤ, Kamal Saini/BBC
ਕੀ ਹੈ ਪੂਰਾ ਮਾਮਲਾ
ਸ਼ਨੀਵਾਰ ਸਵੇਰੇ ਪੁਲਿਸ ਨੂੰ ਰੋਹਤਕ ਦੇ ਸਾਂਪਲਾ ਬੱਸ ਅੱਡੇ ਨੇੜੇ ਫਲਾਈਓਵਰ ਦੇ ਕੋਲ ਇੱਕ ਲਾਵਾਰਿਸ ਸੂਟਕੇਸ ਬਾਰੇ ਸੂਚਨਾ ਮਿਲੀ ਜੋ ਸ਼ੱਕੀ ਲੱਗ ਰਿਹਾ ਸੀ।
ਨਿਊਜ਼ ਏਜੰਸੀ ਏਐੱਨਆਈ ਮੁਤਾਬਕ, ਜਦੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਸੂਟਕੇਸ ਵਿੱਚ ਇੱਕ ਔਰਤ ਦੀ ਲਾਸ਼ ਮਿਲੀ।
ਪੁਲਿਸ ਅਧਿਕਾਰੀਆਂ ਮੁਤਾਬਕ ਪਹਿਲਾਂ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਪਰ ਬਾਅਦ ਵਿੱਚ ਉਸ ਦੀ ਹਿਮਾਨੀ ਨਰਵਾਲ ਹੋਈ ਸੀ।
ਪੁਲਿਸ ਮੁਤਾਬਕ, ਇਸ ਮਾਮਲੇ ਦੀ ਜਾਂਚ ਲਈ ਸਾਂਪਲਾ ਦੇ ਡੀਐੱਸਪੀ ਰਜਨੀਸ਼ ਕੁਮਾਰ ਦੀ ਆਗਵਾਈ ਵਿੱਚ ਇੱਕ ਐੱਸਆਈਟੀ ਦਾ ਗਠਨ ਕੀਤਾ ਗਿਆ।
ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਸੀ। ਹਾਲਾਂਕਿ, ਮ੍ਰਿਤਕਾ ਦੀ ਮਾਂ ਨੇ ਕਿਹਾ ਸੀ ਕਿ ਜਦੋਂ ਤੱਕ ਪੁਲਿਸ ਦੋਸ਼ੀ ਨੂੰ ਫੜ੍ਹ ਨਹੀਂ ਲੈਂਦੀ, ਉਹ ਹਿਮਾਨੀ ਦਾ ਸਸਕਾਰ ਨਹੀਂ ਕਰਨਗੇ।
ਪਰ ਮੁਲਜ਼ਮ ਦੇ ਫੜ੍ਹੇ ਜਾਣ ਤੋਂ ਬਾਅਦ ਅੱਜ ਹਿਮਾਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਪੁਲਿਸ ਅਨੁਸਾਰ ਮ੍ਰਿਤਕ ਔਰਤ ਦੀ ਮਾਂ ਅਤੇ ਭਰਾ ਦਿੱਲੀ ਵਿੱਚ ਰਹਿੰਦੇ ਹਨ। ਮ੍ਰਿਤਕਾ ਦੀ ਮਾਂ ਮੁਤਾਬਕ ਉਹ ਪਿਛਲੇ 10 ਸਾਲਾਂ ਤੋਂ ਕਾਂਗਰਸ ਨਾਲ ਜੁੜੀ ਹੋਈ ਸੀ।
ਮ੍ਰਿਤਕਾ ਦੀ ਮਾਂ ਨੇ ਹੋਰ ਕੀ ਕਿਹਾ ਸੀ
ਹਿਮਾਨੀ ਦੀ ਮਾਂ ਨੇ ਆਪਣੀ ਧੀ ਦੀ ਮੌਤ ਲਈ ਸਿਆਸਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਸੀ, "ਮੇਰੀ ਧੀ ਨੇ ਕਾਂਗਰਸ ਪਾਰਟੀ ਲਈ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ। ਉਹ ਚੋਣਾਂ ਅਤੇ ਪਾਰਟੀ ਕਾਰਨ ਮਰ ਗਈ ਹੈ।"
ਉਨ੍ਹਾਂ ਨੇ ਕਿਹਾ ਸੀ, "ਇਸ ਕਤਲ ਪਿੱਛੇ ਕਾਂਗਰਸ ਪਾਰਟੀ ਦੇ ਕਿਸੇ ਕਰੀਬੀ ਜਾਂ ਉਸ ਨਾਲ ਜੁੜੇ ਵਿਅਕਤੀ ਦਾ ਹੱਥ ਹੋ ਸਕਦਾ ਹੈ। ਉਹ ਪਾਰਟੀ ਦੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੀ ਸੀ। ਕੁੜੀ ਰਾਤ ਦੇ 2 ਵਜੇ ਤੱਕ ਚੋਣਾਂ ਵਿੱਚ ਕੰਮ ਕਰਦੀ ਸੀ। ਹੁੱਡਾ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਆਸ਼ਾ ਹੁੱਡਾ ਨੂੰ ਇਸ ਗੱਲ ਦਾ ਸਭ ਨੂੰ ਪਤਾ ਹੈ।"
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਉਨ੍ਹਾਂ ਦੀ ਧੀ ਸਿਰਫ਼ ਪਾਰਟੀ ਦੇ ਕੰਮ ਵਿੱਚ ਰੁੱਝੀ ਹੋਈ ਸੀ ਅਤੇ ਆਪਣੀ ਪੜ੍ਹਾਈ ਅਤੇ ਘਰ ਵੱਲ ਧਿਆਨ ਨਹੀਂ ਦੇ ਰਹੀ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵੱਡੇ ਪੁੱਤਰ ਦਾ ਸਾਲ 2011 ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਅਜੇ ਤੱਕ ਉਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਿਆ।
ਉਹ ਕਹਿੰਦੇ ਹਨ, "ਆਪਣੇ ਛੋਟੇ ਪੁੱਤਰ ਦੀ ਜਾਨ ਬਚਾਉਣ ਲਈ, ਮੈਂ ਉਸ ਨੂੰ ਬੀਐੱਸਐੱਫ ਕੈਂਪ ਲੈ ਗਈ। ਚੋਣਾਂ ਤੋਂ ਬਾਅਦ ਮੇਰੀ ਧੀ ਦਾ ਪਾਰਟੀ ਤੋਂ ਮੋਹ ਭੰਗ ਹੋ ਗਿਆ ਸੀ। ਉਹ ਨੌਕਰੀ ਕਰਨਾ ਚਾਹੁੰਦੀ ਸੀ ਅਤੇ ਪਾਰਟੀ ਲਈ ਹੋਰ ਕੰਮ ਨਹੀਂ ਕਰਨਾ ਚਾਹੁੰਦੀ ਸੀ। ਉਹ ਵਿਆਹ ਲਈ ਵੀ ਮੰਨ ਗਈ ਸੀ ਤੇ ਐੱਲਐੱਲਬੀ ਦੀ ਪੜ੍ਹਾਈ ਕਰ ਰਹੀ ਸੀ।"

ਤਸਵੀਰ ਸਰੋਤ, ANI
ਸਿਆਸੀ ਪ੍ਰਤੀਕਰਮ
ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਵਿੱਚ ਕਈ ਸਿਆਸੀ ਪ੍ਰਤਿਕਰਮ ਵੀ ਸਾਹਮਣੇ ਆਏ ਸਨ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਇਸ ਘਟਨਾ ਨੂੰ ਦਰਦਨਾਕ ਦੱਸਿਆ ਸੀ ਅਤੇ ਸੂਬੇ 'ਤੇ ਕਾਨੂੰਨ ਵਿਵਸਥਾ ਭੰਗ ਹੋਣ ਦਾ ਇਲਜ਼ਾਮ ਲਗਾਇਆ ਸੀ।
ਉਨ੍ਹਾਂ ਨੇ ਬੀਤੇ ਦਿਨ ਪੱਤਰਕਾਰਾਂ ਨੂੰ ਕਿਹਾ, "ਔਰਤਾਂ ਵਿਰੁੱਧ ਅਪਰਾਧਾਂ ਵਿੱਚ ਹਰਿਆਣਾ ਦੇਸ਼ ਵਿੱਚ ਪਹਿਲੇ ਨੰਬਰ 'ਤੇ ਹੈ। ਮੈਂ ਇਸ ਘਟਨਾ ਸਬੰਧੀ ਪੁਲਿਸ ਦੇ ਸੰਪਰਕ ਵਿੱਚ ਹਾਂ ਅਤੇ ਮੈਂ ਐੱਸਪੀ ਨਾਲ ਵੀ ਗੱਲ ਕੀਤੀ ਹੈ। ਇਸ ਘਟਨਾ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"
ਹੁੱਡਾ ਨੇ ਕਿਹਾ, "ਔਰਤ ਇੱਕ ਕਾਂਗਰਸ ਦੀ ਵਰਕਰ ਸੀ ਅਤੇ ਕਦੇ-ਕਦਾਈਂ ਮਿਲਣ ਆਉਂਦੀ ਸੀ, ਪਰ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।"
ਕਾਂਗਰਸ ਨੂੰ ਇਸ ਮੁੱਦੇ ʼਤੇ ਘੇਰਦੇ ਭਾਜਪਾ ਦੇ ਰਾਸ਼ਟਰੀ ਆਈਟੀ ਸੈੱਲ ਕਨਵੀਨਰ ਅਮਿਤ ਮਾਲਵੀਆ ਨੇ ਕਾਂਗਰਸ 'ਤੇ ਮਹਿਲਾ ਵਰਕਰਾਂ ਨੂੰ ਤੰਗ-ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ ʼਤੇ ਲਿਖਿਆ, "ਔਰਤ ਦੀ ਮਾਂ ਕਹਿੰਦੀ ਹੈ ਕਿ ਉਸਦੀ ਧੀ ਦਾ ਕਤਲ ਉਸਦੇ ਕਿਸੇ ਦੋਸਤ ਜਾਂ ਕਾਂਗਰਸੀ ਨੇਤਾ ਨੇ ਕੀਤਾ ਹੋ ਸਕਦਾ ਹੈ।"

ਤਸਵੀਰ ਸਰੋਤ, ANI
ਅਮਿਤ ਮਾਲਵੀਆ ਨੇ ਲਿਖਿਆ, "ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਧੀ ਭੁਪਿੰਦਰ ਸਿੰਘ ਹੁੱਡਾ ਦੀ ਪਤਨੀ ਆਸ਼ਾ ਹੁੱਡਾ ਦੇ ਨੇੜੇ ਸੀ, ਪਰ ਹੁਣ ਉਹ ਫ਼ੋਨ ਨਹੀਂ ਚੁੱਕ ਰਹੀ। ਤੰਦੂਰ ਕਾਂਡ ਤੋਂ ਬਾਅਦ, ਹੁਣ ਸੂਟਕੇਸ ਕਾਂਡ, ਮਹਿਲਾ ਵਰਕਰਾਂ ਦਾ ਸ਼ੋਸ਼ਣ ਅਤੇ ਕਤਲ ਕਾਂਗਰਸ ਦੀ ਪਛਾਣ ਬਣ ਗਈ ਹੈ।"
ਹਰਿਆਣਾ ਦੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਅਤਰੇ ਨੇ ਕਾਂਗਰਸ ʼਤੇ ਇਲਜ਼ਾਮ ਲਗਾਉਂਦਿਆਂ ਹੋਇਆ ਕਿਹਾ, "ਪੀੜਤਾ ਦੀ ਮਾਂ ਨੇ ਕਾਂਗਰਸ ਪਾਰਟੀ ਅਤੇ ਉਸ ਦੇ ਆਗੂਆਂ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਕਾਂਗਰਸ ਦੀ ਇੱਕ ਵਰਕਰ ਦੇ ਖ਼ਿਲਾਫ਼ ਘਿਨਾਉਣਾ ਅਪਰਾਧ ਹੁੰਦਾ ਹੈ, ਉਸ ਦੇ ਪਰਿਵਾਰਕ ਮੈਂਬਰ ਪਾਰਟੀ ਦੇ ਲੋਕਾਂ 'ਤੇ ਸ਼ੱਕ ਪ੍ਰਗਟ ਕਰਦੇ ਹਨ, ਇਹ ਦਰਸਾਉਂਦਾ ਹੈ ਕਿ ਕਾਂਗਰਸ ਦੇ ਅੰਦਰੂਨੀ ਹਾਲਾਤ ਕਿਸ ਤਰ੍ਹਾਂ ਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













