ਪੰਜਾਬ: ਪਿੰਡ ਜਿੱਥੇ ਰੁੱਖ਼ ਲਾਉਣ ਤੇ ਕਿਤਾਬਾਂ ਪੜ੍ਹਨ ਲਈ ਮਿਲਦੇ ਹਨ ਪੈਸੇ,ਪਲਾਸਟਿਕ ਬਦਲੇ ਖੰਡ-ਗੁੜ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ

"ਕਿਤਾਬਾਂ ਪੜ੍ਹੋ-ਪੈਸੇ ਕਮਾਓ, ਰੁੱਖ ਲਗਾਓ-ਪੈਸੇ ਕਮਾਓ ਅਤੇ ਪਲਾਸਟਿਕ ਲਿਆਓ ਖੰਡ-ਗੁੜ ਲੈ ਜਾਓ।"

ਪਹਿਲੀ ਨਜ਼ਰੇ ਇਹ ਫਿਕਰੇ ਕਿਸੇ ਸਿਆਸੀ ਪਾਰਟੀ ਦੇ ਨਾਅਰੇ ਦਿਖਾਈ ਦਿੰਦੇ ਹਨ ਪਰ ਅਸਲ ਵਿੱਚ ਅਜਿਹਾ ਨਹੀਂ ਹੈ।

ਇਹ ਪਹਿਲਕਦਮੀ ਮੋਗਾ ਜ਼ਿਲੇ ਦੇ ਪਿੰਡ ਰਣਸੀਂਹ ਕਲਾਂ ਦੇ ਨੌਜਵਾਨ ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਨੇ ਕੀਤੀ ਹੈ।

ਕਰੋਨਾ ਕਾਲ ਦੌਰਾਨ ਪ੍ਰੀਤਇੰਦਰ ਸਿੰਘ ਮਿੰਟੂ ਉਸ ਵੇਲੇ ਚਰਚਾ ਵਿੱਚ ਆਏ ਸਨ, ਜਦੋਂ ਉਨ੍ਹਾਂ ਨੂੰ 'ਪ੍ਰਧਾਨ ਮੰਤਰੀ ਪੁਰਸਕਾਰ' ਲਈ ਚੁਣਿਆਂ ਗਿਆ ਸੀ।

27 ਸਾਲਾਂ ਦੇ ਮਿੰਟੂ ਹੁਣ ਆਪਣੇ ਪਿੰਡ ਵਿੱਚ ਇੱਕ ਵਿਲੱਖਣ ਕਿਸਮ ਦੀ ਲਾਇਬ੍ਰੇਰੀ ਖੋਲ੍ਹਣ ਸਦਕਾ ਮੁੜ ਚਰਚਾ ਵਿੱਚ ਹਨ।

ਪਿੰਡ ਰਣਸੀਂਹ ਕਲਾਂ ਪਿਛਲੇ ਕੁਝ ਸਾਲਾਂ ਤੋਂ ਮਨੁੱਖਤਾ ਨੂੰ ਸਮਰਪਿਤ ਨਿਵੇਕਲੀਆਂ ਪਿਰਤਾਂ ਪਾਉਣ ਵਿੱਚ ਮੋਹਰੀ ਰਿਹਾ ਹੈ।

ਪਿੰਡ ਰਣਸੀਂਹ ਕਲਾਂ ਮੁੱਢਲੀ ਨਜ਼ਰੇ ਕਿਸੇ ਵਿਕਸਤ ਦੇਸ਼ ਦੇ ਅਗਾਂਹਵਧੂ ਪਿੰਡ ਹੋਣ ਦੀ ਮਿਸਾਲ ਬਣਦਾ ਜਾ ਰਿਹਾ ਹੈ। ਪਾਉਂਦਾ ਹੈ।

ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਥ ਰਣਸੀਂਹ ਪਿੰਡ ਵਿੱਚ ਭਾਰਤ ਦੇ ਆਧੁਨਿਕ ਸ਼ਹਿਰਾਂ ਵਾਲੀਆਂ ਸਭ ਸਹੂਲਤਾਂ ਮੌਜੂਦ ਹਨ।

ਕਿਤਾਬਾਂ ਪੜ੍ਹਣ ਵਾਲਿਆਂ ਲਈ ਨਕਦ ਇਨਾਮੀ ਰਾਸ਼ੀ

ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਮੁਤਾਬਕ ਪਿੰਡ ਦੇ ਲੋਕਾਂ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਇੱਕ ਸਾਂਝੀ ਜਗ੍ਹਾ 'ਤੇ ਇਮਾਰਤ ਦੀ ਉਸਾਰੀ ਕਰਕੇ ਇੱਕ ਲਾਇਬ੍ਰੇਰੀ ਸਥਾਪਤ ਕੀਤੀ ਹੈ।

ਪਿੰਡ ਦੀ ਪੰਚਾਇਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ ’ਤੇ ਬਣਾਈ ਗਈ, ਇਸ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਣ ਵਾਲਿਆਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਣ ਵਾਲਿਆਂ ਲਈ ਨਕਦ ਇਨਾਮੀ ਰਾਸ਼ੀ ਰੱਖੀ ਗਈ ਹੈ ਤਾਂ ਜੋ ਸਾਹਿਤ ਪ੍ਰੇਮੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਮਿੰਟੂ ਕਹਿੰਦੇ ਹਨ, “ਉਹੀ ਸਮਾਜ ਤਰੱਕੀ ਕਰਦਾ ਹੈ, ਜੋ ਗਿਆਨਵਾਨ ਹੁੰਦਾ ਹੈ। ਗਿਆਨ ਹਾਸਲ ਕਰਨ ਦਾ ਜ਼ਰੀਆ ਕਿਤਾਬ ਹੀ ਹੈ। ਅੱਜ ਲੋਕਾਂ ਵਿੱਚ ਗਿਆਨ ਵੰਡ ਕੇ, ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਲੋੜ ਹੈ।"

ਉਹ ਕਹਿੰਦੇ ਹਨ, "ਭਾਵੇਂ ਅੱਜ ਦੇ ਅਗਾਂਹਵਧੂ ਯੁੱਗ ਵਿੱਚ ਜਾਣਕਾਰੀ ਹਾਸਲ ਕਰਨ ਦਾ ਮੁੱਖ ਜ਼ਰੀਆ ਇੰਟਰਨੈਟ ਬਣਿਆਂ ਹੋਇਆ ਹੈ ਪਰ ਪੁਰਾਤਨ ਇਤਿਹਾਸ ਅਤੇ ਸਾਡਾ ਵਿਰਸਾ ਪੁਸਤਕਾਂ ਵਿਚ ਹੀ ਦਰਜ ਹੈ।"

ਮਿੰਟੂ ਕਹਿੰਦੇ ਹਨ, "ਮੇਰੀ ਇੱਛਾ ਹੈ ਕੇ ਅਸੀਂ ਇਸ ਲਾਏਬ੍ਰੇਰੀ ਦੇ ਜ਼ਰੀਏ ਆਪਣੇ ਲੋਕਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਸਾਹਿਤ, ਇਤਿਹਾਸ, ਧਾਰਮਿਕ ਗਿਆਨ, ਖੇਡਾਂ ਦੇ ਮਾਣਮੱਤੇ ਇਤਿਹਾਸ ਅਤੇ ਸਾਫ਼-ਸੁਥਰੀ ਰਾਜਨੀਤੀ ਦੀ ਜਾਣਕਾਰੀ ਮੁਹੱਈਆ ਕਰਵਾ ਸਕੀਏ।"

ਸਰਪੰਚ ਮਿੰਟੂ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਾਠਕ ਦਾ ਪੜ੍ਹੀਆਂ ਗਈਆਂ ਕਿਤਾਬਾਂ ਵਿੱਚੋਂ ਇੱਕ ਟੈਸਟ ਲਿਆ ਜਾਵੇਗਾ।

ਉਹ ਕਹਿੰਦੇ ਹਨ, "ਇਸ ਟੈਸਟ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਪਰ ਆਉਣ ਵਾਲਿਆਂ ਨੂੰ ਅਸੀਂ ਲੋਕਾਂ ਦਾ ਇੱਕ ਸਮਾਗਮ ਰੱਖ ਕੇ ਨਕਦ ਪੈਸੇ ਅਤੇ ਸਨਮਾਨ ਪੱਤਰ ਦੇਵਾਂਗੇ। ਇਹ ਟੈਸਟ ਹਰ ਸਾਲ ਮਾਰਚ ਮਹੀਨੇ ਲਏ ਜਾਣਗੇ। ਸਾਡੀ ਲਾਇਬ੍ਰੇਰੀ ਆਪਣੀ ਕਿਸਮ ਦੀ ਪਹਿਲੀ ਲਾਇਬ੍ਰੇਰੀ ਹੋਵੇਗੀ, ਜਿੱਥੇ ਕਿਤਾਬਾਂ ਪੜ੍ਹਨ ਦੇ ਪੈਸੇ ਮਿਲਣੇ ਹਨ।”

ਪਿੰਡ ਵਾਸੀ ਜਸਪ੍ਰੀਤ ਕੌਰ ਕਿਤਾਬਾਂ ਦੀ ਮਹੱਤਤਾ ਨੂੰ ਸਮਝਦੇ ਹਨ। ਪਿੰਡ ਵਿਚ ਲਾਇਬ੍ਰੇਰੀ ਬਣਨਾ ਉਨਾਂ ਲਈ ਕਿਸੇ ਖੁਸ਼ੀ ਤੋਂ ਘੱਟ ਨਹੀਂ ਹੈ।

ਉਹ ਕਹਿੰਦੇ ਹਨ, "ਮੈਂ ਹਰ ਰੋਜ਼ ਇੱਥੇ ਆ ਕੇ ਕਿਤਾਬਾਂ ਦਾ ਅਧਿਐਨ ਕਰਦੀ ਹਾਂ। ਮੈਂ ਇੰਟਰਨੈਟ 'ਤੇ ਵੀ ਬਹੁਤ ਜਾਣਕਾਰੀ ਹਾਸਲ ਕਰਦੀ ਹਾਂ ਪਰ ਕਿਤਾਬ ਪੜ੍ਹ ਕੇ ਦਿਮਾਗ ਵਿੱਚ ਜੋ ਗੱਲ ਬੈਠਦੀ ਹੈ, ਉਹ ਮੋਬਾਇਲ ਰਾਹੀਂ ਨਹੀਂ ਹੋ ਸਕਦਾ।"

ਇਸੇ ਤਰ੍ਹਾਂ ਪਿੰਡ ਵਾਸੀ ਹੁਸਨਮੀਤ ਸਿੰਘ ਸਾਹਿਤ ਪ੍ਰੇਮੀ ਹਨ। ਉਹ ਨਿਰੰਤਰ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਪੜ੍ਹਨ ਲਈ ਲੈ ਕੇ ਜਾਂਦੇ ਹਨ।

ਹੁਸਨਮੀਤ ਸਿੰਘ ਕਹਿੰਦੇ ਹਨ, “ਮੈਂ ਪੰਜਾਬੀ ਸਾਹਿਤ ਤੇ ਇਤਿਹਾਸ ਪੜ੍ਹਣ ਦਾ ਸ਼ੌਕ ਰੱਖਦਾ ਹਾਂ। ਪਿੰਡ ਦੀ ਪੰਚਾਇਤ ਨੇ ਮਹਾਰਾਜ ਰਣਜੀਤ ਸਿੰਘ ਦੇ ਨਾਂ 'ਤੇ ਲਾਏਬ੍ਰੇਰੀ ਖੋਲ੍ਹੀ ਹੈ, ਜੋ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਇਹ ਸਾਡੇ ਲਈ ਵਰਦਾਨ ਹੈ।"

'ਪਲਾਸਟਿਕ ਲਿਆਓ-ਖੰਡ-ਗੁੜ ਲੈ ਜਾਓ'

ਸਾਲ 2019 ਵਿੱਚ ਗਾਂਧੀ ਜੈਯੰਤੀ ਵਾਲੇ ਦਿਨ ਪਿੰਡ ਰਣਸੀਂਹ ਕਲਾਂ ਨੇ ਨਾਅਰਾ ਦਿੱਤਾ ਸੀ ਕਿ 'ਪਲਾਸਟਿਕ ਲਿਆਓ-ਖੰਡ-ਗੁੜ ਲੈ ਜਾਓ।'

ਪਿੰਡ ਦੇ ਸਾਬਕਾ ਸਰਪੰਚ ਜਥੇਦਾਰ ਬੂਟਾ ਸਿੰਘ ਕਹਿੰਦੇ ਹਨ, "ਸਰਕਾਰਾਂ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਤੇ ਸਾਫ਼-ਸੁਥਰੇ ਭਾਰਤ ਦਾ ਨਾਅਰੇ ਤਾਂ ਮਾਰਦੀਆਂ ਹਨ ਪਰ ਇਸ ਕੰਮ ਦਾ ਪ੍ਰਚਾਰ ਵੱਧ ਤੇ ਕੰਮ ਘੱਟ ਕੀਤਾ ਜਾਂਦਾ ਹੈ।"

ਬੂਟਾ ਸਿੰਘ ਦੱਸਦੇ ਹਨ, "ਸਾਡੇ ਪਿੰਡ ਦੇ ਲੋਕਾਂ ਨੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਲਈ ਪਹਿਲਾਂ ਤਾਂ ਘਰ-ਘਰ ਜਾ ਕੇ ਪਲਾਸਟਿਕ ਇਕੱਠਾ ਕੀਤਾ। ਫਿਰ ਅਸੀਂ ਪਲਾਸਟਿਕ ਬਦਲੇ ਖੰਡ-ਗੁੜ ਦੇਣ ਦੀ ਸ਼ੁਰੂਆਤ ਕੀਤੀ। ਹੁਣ ਅਸੀਂ ਦਾਅਵਾ ਕਰ ਸਕਦੇ ਹਾਂ ਕੇ ਸਾਡਾ ਪਿੰਡ ਪਲਾਸਟਿਕ ਮੁਕਤ ਹੈ। ਇਹੀ ਕਾਰਨ ਹੈ ਕਿ ਅਸੀਂ ਅੱਜ ਸਾਫ਼-ਸੁਥਰੇ ਮਾਹੌਲ ਵਿੱਚ ਰਹਿ ਰਹੇ ਹਾਂ।"

ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਕਹਿੰਦੇ ਹਨ, “ਸਰਕਾਰਾਂ ਕੰਮ ਕਰਨ ਦੇ ਨਾਅਰੇ ਮਾਰਦੀਆਂ ਹਨ ਪਰ ਸਾਡਾ ਪਿੰਡ ਸਿਰਫ਼ ਨਾਅਰੇ ਨਹੀਂ ਮਾਰਦਾ ਸਗੋਂ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹੈ। ਅਸੀਂ ਲੋਕਾਂ ਨੂੰ ਪਲਾਸਟਿਕ ਬਦਲੇ ਖੰਡ-ਗੁੜ ਦੇਣਾ ਸ਼ੁਰੂ ਕੀਤਾ। ਇਹ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਪਿੰਡ ਹੋਵੇਗਾ। ਇਸ ਕਾਰਜ ਲਈ ਅਸੀਂ ਦਾਨੀ ਸੱਜਣਾਂ ਤੋਂ ਪੈਸਾ ਇਕੱਠਾ ਕਰਦੇ ਹਾਂ”

ਪਿੰਡ ਰਣਸੀਂਹ ਕਲਾਂ ਬਾਰੇ ਖਾਸ ਗੱਲਾਂ:

  • ਮੋਗਾ ਦੇ ਪਿੰਡ ਰਣਸੀਂਹ ਕਲਾਂ ਦੇ ਨੌਜਵਾਨ ਸਰਪੰਚ ਨੇ ਕੀਤੀ ਹੈ ਪਹਿਲਕਦਮੀ
  • ਪਿੰਡ ਵਿੱਚ ਲਾਇਬ੍ਰੇਰੀ ਖੋਲ ਕੇ ਪਾਠਕਾਂ ਲਈ ਕਿਤਾਬਾਂ ਪੜ੍ਹਨ ਲਈ ਰੱਖਿਆ ਨਕਦ ਇਨਾਮ
  • ਸਾਲ 2019 ਵਿੱਚ ਗਾਂਧੀ ਜੈਯੰਤੀ ਵਾਲੇ ਦਿਨ ਨਾਅਰਾ ਦਿੱਤਾ ਕਿ 'ਪਲਾਸਟਿਕ ਲਿਆਓ-ਖੰਡ-ਗੁੜ ਲੈ ਜਾਓ'
  • ਪਿੰਡ ਦੇ ਗੰਦੇ ਟੋਭਿਆਂ ਨੂੰ ਹੱਥੀਂ ਸਾਫ਼ ਕਰਕੇ ਲੋਕਾਂ ਨੇ ਝੀਲਾਂ ਬਣਾਈਆਂ ਹਨ

ਗੰਦੇ ਪਾਣੀ ਦੇ ਛੱਪੜ ਤੋਂ ਝੀਲਾਂ ਤੱਕ

ਪਿੰਡ ਰਣਸੀਂਹ ਕਲਾਂ ਵਿੱਚ ਬਣਾਈਆਂ ਗਈਆਂ ਸੁੰਦਰ ਝੀਲਾਂ ਖਿੱਚ ਦਾ ਕੇਂਦਰ ਹਨ। ਇਹ ਝੀਲਾਂ ਪਿੰਡ ਦੇ ਗੰਦੇ ਟੋਭਿਆਂ ਨੂੰ ਹੱਥੀਂ ਸਾਫ਼ ਕਰਕੇ ਬਣਾਈਆਂ ਹਨ।

ਰਣਸ਼ੀਹ ਕਲਾਂ ਜਲ ਸੰਭਾਲ ਦੇ ਖੇਤਰ ਵਿੱਚ ਵੀ ਨਿਵੇਕਲਾ ਉੱਦਮ ਕਰਕੇ ਜਾਣਿਆਂ ਜਾਂਦਾ ਹੈ।

ਹੁਣ ਗੰਦੇ ਪਾਣੀ ਦੀ ਬਦਬੂ ਦੀ ਜਗ੍ਹਾ ਝੀਲਾਂ ਕਿਨਾਰੇ ਲੱਗੇ ਫੁੱਲਾਂ ਅਤੇ ਰੁੱਖਾਂ ਦੀ ਖੁਸ਼ਬੂ ਮਹਿਕਦੀ ਹੈ।

ਸਰਪੰਚ ਮਿੰਟੂ ਨੇ 'ਬੀਬੀਸੀ' ਨੂੰ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਦਾਨ ਦੇ ਰੂਪ ਵਿੱਚ ਦਿੱਤੇ ਗਏ ਪੈਸਿਆਂ ਨਾਲ ਪਿੰਡ ਵਿਚ ਸੀਵਰੇਜ ਪਾਈਪ ਲਾਈਨ ਵਿਛਾ ਕਿ ਪਿੰਡ ਦੇ ਬਾਹਰਵਾਰ ਵਾਟਰ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਗਿਆ ਹੈ।

ਸਰਪੰਚ ਕਹਿੰਦੇ ਹਨ, "ਅਸੀਂ ਪਾਣੀ ਦੀ ਬੂੰਦ-ਬੂੰਦ ਬਚਾਉਣ ਲਈ ਯਤਨਸ਼ੀਲ ਰਹਿੰਦੇ ਹਾਂ। ਸੀਵਰੇਜ ਦੇ ਟਰੀਟ ਕੀਤੇ ਗਏ ਪਾਣੀ ਨਾਲ ਅਸੀਂ ਪਿੰਡ ਦੀ 100 ਏਕੜ ਜ਼ਮੀਨ ਦੀ ਸਿੰਜਾਈ ਕਰ ਰਹੇ ਹਾਂ। ਇਹ ਪਾਣੀ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾਂਦਾ ਹੈ।"

ਪੰਚਾਇਤ ਵੱਲੋਂ ਖੇਤਾਂ ਨੂੰ ਸਿੰਜਾਈ ਲਈ ਦਿੱਤੇ ਜਾਣ ਵਾਲੇ ਮੁਫ਼ਤ ਪਾਣੀ ਲਈ ਪਿੰਡ ਦੇ ਕਿਸਾਨ ਬਾਗੋ-ਬਾਗ ਹਨ।

ਕਿਸਾਨ ਸੁਖਦੀਪ ਸਿੰਘ, ਉਨਾਂ ਕਿਸਾਨਾਂ ਦਾ ਹਿੱਸਾ ਹਨ, ਜੋ ਸੀਵਰੇਜ ਦੇ ਪਾਣੀ ਨੂੰ ਆਪਣੇ ਖੇਤਾਂ ਦੀ ਸਿੰਜਾਈ ਲਈ ਵਰਤ ਰਹੇ ਹਨ।

ਉਹ ਕਹਿੰਦੇ ਹਨ, "ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਉਸ ਪਿੰਡ ਦਾ ਵਾਸੀ ਹਾਂ ਜੋ ਪਾਣੀ ਦੀ ਹਰ ਬੂੰਦ ਨੂੰ ਬਚਾਅ ਰਿਹਾ ਹੈ। ਅਸੀਂ 100 ਏਕੜ ਜ਼ਮੀਨ ਵਿਚ ਆਪਣੀ ਫ਼ਸਲ ਨੂੰ ਸੀਵਰੇਜ ਦਾ ਪਾਣੀ ਲਗਾਉਂਦੇ ਹਾਂ। ਇਸ ਨਾਲ ਸਾਡੀ ਖਾਦ ਦੀ ਖਪਤ ਘਟੀ ਹੈ ਅਤੇ ਮੈਂ ਪਿੰਡ ਦੀ ਸੁੰਦਰਤਾ ਨੂੰ ਦੇਖ ਕੇ ਬਹੁਤ ਖੁਸ਼ ਹਾਂ।"

'ਰੁੱਖ ਲਗਾਓ-ਪੈਸੇ ਕਮਾਓ'

ਪਿੰਡ ਦੇ ਲੋਕਾਂ ਨੇ ਹੁਣ 'ਰੁੱਖ ਲਗਾਓ-ਪੈਸੇ ਕਮਾਓ' ਮੁਹਿੰਮ ਵੀ ਅਰੰਭ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਫਲਦਾਰ ਪੌਦੇ ਮੁਫ਼ਤ ਦਿੱਤੇ ਜਾਂਦੇ ਹਨ ਤੇ ਇਨਾਂ ਪੌਦਿਆਂ ਦੇ ਪਾਲਣ-ਪੋਸ਼ਣ ਲਈ ਪੈਸੇ ਦਿੱਤੇ ਜਾਂਦੇ ਹਨ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਜਿਹੇ ਕੰਮਾਂ ਲਈ ਹੁਣ ਹਰ ਪਿੰਡ ਵਾਸੀ ਸਵੈ-ਇੱਛਾ ਨਾਲ ਦਿਲ ਖੋਲ੍ਹ ਕੇ ਦਾਨ ਦਿੰਦਾ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਆਮ ਕਰਕੇ ਰੁੱਖ ਲਾਉਣ ਲਈ ਉਤਸਵ ਕੀਤੇ ਜਾਂਦੇ ਹਨ, ਪਰ ਪਿੰਡ ਰਣਸੀਂਹ ਕਲਾਂ ਵਿੱਚ ਰੁੱਖ ਪਾਲਣ ਲ਼ਈ ਪੈਸੇ ਦਿੱਤੇ ਜਾਂਦੇ ਹਨ।

‘‘ਇੱਥੇ ਰੁੱਖ਼ ਲਾ ਕੇ ਭੁੱਲਿਆ ਨਹੀਂ ਜਾਂਦਾ, ਸਗੋਂ ਜੋ ਵਿਅਕਤੀ ਰੁੱਖ ਪਾਲ਼ਣ ਦੀ ਜ਼ਿੰਮੇਵਾਰੀ ਚੁੱਕਦਾ ਹੈ, ਉਸ ਨੂੰ ਵੀ ਨਕਦ ਰਾਸ਼ੀ ਦੇ ਕੇ ਉਸ ਦਾ ਉਤਸ਼ਾਹ ਵਧਾਇਆ ਜਾਂਦਾ ਹੈ।’’

ਜਦੋਂ ਸਰਪੰਚ ਮਿੰਟੂ ਨੂੰ ਇਹ ਪੁੱਛਿਆ ਗਿਆ ਕਿ ਇੰਨੇ ਪੈਸੇ ਦਾ ਪ੍ਰਬੰਧ ਕਿੱਥੋਂ ਹੁੰਦਾ ਹੈ ਤਾਂ ਉਨ੍ਹਾਂ ਦੱਸਿਆ ਪਿੰਡ ਦੇ ਦੇਸ-ਵਿਦੇਸ਼ ਵਿੱਚ ਵੱਸੇ ਲੋਕ ਆਪਣੀ ਕਮਾਈ ਵਿੱਚ ਹਿੱਸਾ ਪਾਉਂਦੇ ਹਨ। ਇਹ ਪੈਸੇ ਪਿੰਡ ਦੇ ਦਾਨੀਆਂ ਸੱਜਣਾ ਵਲੋਂ ਦਾਨ ਕੀਤੇ ਪੈਸਿਆਂ ਇਕੱਠੇ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)