You’re viewing a text-only version of this website that uses less data. View the main version of the website including all images and videos.
ਅਲਕਾ ਯਾਗਨਿਕ: ਬਾਲੀਵੁੱਡ ਗਾਇਕਾ ਨੂੰ ਸੁਣਨਾ ਅਚਾਨਕ ਕਿਉਂ ਬੰਦ ਹੋ ਗਿਆ, ਕੀ ਹੈ ਇਹ ਰੋਗ
- ਲੇਖਕ, ਅਮਿਰਤਾ ਕਦਮ, ਅਮੁਰਤਾ ਦੁਰਵੇ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਇੰਸਟਾਗ੍ਰਾਮ ਪੋਸਟ ਰਾਹੀਂ ਗਾਇਕਾ ਅਲਕਾ ਯਾਗਨਿਕ ਨੇ ਆਪਣੀ ਸਿਹਤ ਸੰਬੰਧੀ ਇੱਕ ਅਹਿਮ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਚਾਨਕ ਸੁਣਨਾ ਬੰਦ ਹੋ ਗਿਆ ਹੈ ਜੋ ਕਿ ਇੱਕ ਵਾਇਰਲ ਅਟੈਕ ਕਾਰਨ ਹੋਇਆ ਹੈ।
ਆਪਣੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੂੰ ਮੁਖਾਤਿਬ ਕੀਤੀ ਇੰਸਟਾਗ੍ਰਾਮ ਪੋਸਟ ਵਿੱਚ ਉਨ੍ਹਾਂ ਨੇ ਕਿਹਾ, “ਕੁਝ ਹਫ਼ਤੇ ਪਹਿਲਾਂ, ਜਹਾਜ਼ ਵਿੱਚੋਂ ਉੱਤਰਦੇ ਸਮੇਂ। ਮੈਂ ਅਚਾਨਕ ਮਹਿਸੂਸ ਕੀਤਾ ਕਿ ਮੈਂ ਕੁਝ ਸੁਣ ਨਹੀਂ ਸਕਦੀ। ਇਸ ਵਾਕਿਆ ਤੋਂ ਕੁਝ ਹਫ਼ਤਿਆਂ ਦੀ ਉਡੀਕ ਤੋਂ ਬਾਅਦ, ਮੈਂ ਚੁੱਪੀ ਤੋੜਨਾ ਚਾਹੁੰਦੀ ਹਾਂ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਸ਼ੁੱਭ ਚਿੰਤਕਾਂ ਨੂੰ ਜੋ ਪੁੱਛ ਰਹੇ ਸਨ ਕਿ ਮੈਂ ਇੰਨੇ ਸਮੇਂ ਤੋਂ ਕੁਝ ਕਰ ਕਿਉਂ ਨਹੀਂ ਰਹੀ ਹਾਂ, ਦੱਸਣਾ ਚਾਹੁੰਦੀ ਹਾਂ।“
ਅਲਕਾ ਯਾਗਨਿਕ ਨੇ ਅੱਗੇ ਕਿਹਾ, “ਮੇਰੇ ਡਾਕਟਰ ਨੇ ਇੱਕ ਦੁਰਲਭ ਸੈਂਸਰਿਨਿਊਰਲ ਨਰਵ ਬੋਲੇਪਨ ਦੀ ਜਾਂਚ ਕੀਤੀ ਹੈ। ਇਹ ਵਾਇਰਲ ਅਟੈਕ ਕਾਰਨ ਹੈ।”
ਅਲਕਾ ਨੇ ਇੰਸਟਾਗ੍ਰਾਮ ਉੱਤੇ ਲਿਖਿਆ, “ਇਹ ਬਹੁਤ ਵੱਡਾ ਸਦਮਾ ਸੀ ਅਤੇ ਮੈਂ ਬਹੁਤ ਘਬਰਾਈ ਹੋਈ ਸੀ। ਮੈਂ ਅਜੇ ਵੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੇ ਲਈ ਦੁਆ ਕਰੋ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਸਹਿਕਰਮੀਆਂ ਨੂੰ ਬਹੁਤ ਉੱਚਾ ਸੰਗੀਤ ਸੁਣਨ ਅਤੇ ਹੈਡਫੋਨ ਵਜਾਉਣ ਬਾਰੇ ਸਾਵਧਾਨ ਕਰਨਾ ਚਾਹੁੰਦੀ ਹਾਂ। ਮੈਂ ਆਪਣੀ ਪੇਸ਼ੇਵਰ ਜ਼ਿੰਦਗੀ ਦੌਰਾਨ ਸਿਹਤ ਦੇ ਖ਼ਤਰਿਆਂ ਬਾਰੇ ਲਿਖਣਾ ਚਾਹੁੰਦੀ ਹਾਂ।”
"ਤੁਹਾਡੇ ਪਿਆਰ ਅਤੇ ਸਹਾਰੇ ਨਾਲ ਉਮੀਦ ਹੈ, ਮੈਂ ਨਵੀਂ ਜ਼ਿੰਦਗੀ ਵਿੱਚ ਢਲ ਜਾਵਾਂਗੀ ਅਤੇ ਤੁਹਾਡੇ ਕੋਲ ਵਾਪਸ ਆਵਾਂਗੀ। ਇਸ ਮੁਸ਼ਕਲ ਸਮੇਂ ਦੌਰਾਨ ਤੁਹਾਡਾ ਸਹਾਰਾ ਅਤੇ ਸਮਝ ਮੇਰੇ ਲਈ ਵਡਮੁੱਲਾ ਹੈ।
ਸੈਂਸਰਿਨਿਊਰਲ ਨਰਵ ਬੋਲੇਪਨ ਕੀ ਹੈ?
ਅਮਰੀਕੀ ਸਪੀਚ ਲੈਂਗੂਏਜ ਹੀਅਰਿੰਗ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ ਇਸ ਤਰ੍ਹਾਂ ਦਾ ਸੈਂਸਰਿਨਿਊਰਲ ਨਰਵ ਬੋਲੇਪਨ ਕੰਨ ਉੱਤੇ ਜਾਂ ਕੰਨ ਦੇ ਅੰਦਰੂਨ ਵਿੱਚ ਸੱਟ ਲੱਗਣ ਕਾਰਨ ਹੁੰਦਾ ਹੈ।
ਸੱਟ ਕਾਰਨ ਕੰਨ ਦੇ ਅੰਦਰ ਦੀਆਂ ਨਸਾਂ ਦੇ ਦਿਮਾਗ ਨਾਲ ਸੰਪਰਕ ਵਿੱਚ ਰੁਕਾਵਟ ਪੈਂਦੀ ਹੈ। ਕੁਝ ਲੋਕਾਂ ਲਈ ਇਸ ਕਾਰਨ ਮੱਧਮ ਅਵਾਜ਼ਾਂ ਸੁਣਨੀਆਂ ਮੁਸ਼ਕਲ ਹੋ ਜਾਂਦੀਆਂ ਹਨ। ਜਦਕਿ ਉੱਚੀਆਂ ਅਵਾਜ਼ਾਂ ਸਾਫ ਸੁਣਾਈ ਦਿੰਦੀਆਂ ਹਨ।
ਇਸ ਤਰ੍ਹਾਂ ਦਾ ਬੋਲਾਪਨ ਅਕਸਰ ਸਥਾਈ ਹੁੰਦਾ ਹੈ ਅਤੇ ਇਸ ਵਿੱਚ ਦਵਾਈਆਂ ਜਾਂ ਸਰਜਰੀ ਇਸ ਵਿੱਚ ਕਾਰਗਰ ਸਾਬਤ ਨਹੀਂ ਹੁੰਦੀ। ਕੁਝ ਹੱਦ ਤੱਕ ਸੁਣਨ ਲਈ ਸਹਾਇਕ ਯੰਤਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਤਰ੍ਹਾਂ ਦਾ ਬੋਲਾਪਨ, ਬਿਮਾਰੀ, ਜਨੈਟਿਕ ਕਰਨਾਂ, ਵਧਦੀ ਉਮਰ, ਸਿਰ ਦੀ ਗੰਭੀਰ ਸੱਟ, ਅੰਦਰੂਨੀ ਕੰਨ ਵਿੱਚ ਕਿਸੇ ਸਮੱਸਿਆ, ਜਾਂ ਬਹੁਤ ਉੱਚਾ ਸ਼ੋਰ ਜਾਂ ਧਮਾਕੇ ਸੁਣਨ ਕਾਰਨ ਹੋ ਸਕਦਾ ਹੈ।
ਇਹ ਬੋਲਾਪਨ ਕਿਹੜੇ ਕਾਰਨਾਂ ਕਰਕੇ ਹੋ ਸਕਦਾ ਹੈ?
ਬੀਮਾਰੀ ਬਾਰੇ ਜਾਨਣ ਲਈ ਅਸੀਂ ਕੰਨ-ਨੱਕ-ਗਲੇ ਦੇ ਮਾਹਰ ਡਾ਼ ਨੀਤਾ ਘਾਟੇ ਨਾਲ ਮੁਲਾਕਾਤ ਕੀਤੀ।
ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਸਭ ਤੋਂ ਪਹਿਲਾਂ ਤਾਂ, ਕੰਨ ਦੀ ਬਣਤਰ ਬਾਰੇ ਸਮਝਦੇ ਹਾਂ। ਕੰਨ ਦੇ ਤਿੰਨ ਹਿੱਸੇ ਹੁੰਦੇ ਹਨ-
- ਕੰਨ ਦਾ ਬਾਹਰੀ ਹਿੱਸਾ ਜਾਂ ਈਅਰ ਕਨਾਲ
- ਵਿਚਕਾਰਲਾ ਕੰਨ ਜੋ ਕੰਨ ਦੇ ਪੜਦੇ ਤੋਂ ਸ਼ੁਰੂ ਹੁੰਦਾ ਹੈ।
- ਅੰਦਰੂਨੀ ਕੰਨ ਜਿਸ ਵਿੱਚ ਸੰਵੇਦੀ ਵਾਲਾਂ ਵਰਗੇ ਸੈਲ ਅਤੇ ਸੁਣਨ ਵਾਲੀਆਂ ਨਸਾਂ ਹੁੰਦੀਆਂ ਹਨ, ਜੋ ਦਿਮਾਗ ਤੱਕ ਜਾਂਦੀਆਂ ਹਨ।
ਜਦੋਂ ਸ਼ੋਰ ਹੁੰਦਾ ਹੈ ਤਾਂ ਅਵਾਜ਼ ਦੀਆਂ ਤਰੰਗਾਂ ਪੈਦਾ ਹੁੰਦੀਆਂ ਹਨ ਜੋ ਕੰਨ ਦੇ ਪਰਦੇ ਵਿੱਚ ਕੰਪਨ ਪੈਦਾ ਕਰਦੀਆਂ ਹਨ। ਹੱਡੀਆਂ ਦੀ ਤਰਤੀਬ ਰਾਹੀਂ ਇਹ ਕੰਪਨ ਅੰਦਰੂਨੀ ਕੰਨ ਤੱਕ ਪਹੁੰਚਦੀ ਹੈ ਅਤੇ ਬਿਜਲੀ ਤਰੰਗਾ ਵਿੱਚ ਬਦਲੀ ਜਾਂਦੀ ਹੈ। ਇਹ ਤਰੰਗਾ ਸਾਡੇ ਦਿਮਾਗ ਤੱਕ ਪਹੁੰਚਦੀਆਂ ਹਨ, ਅਤੇ ਸਾਨੂੰ ਸੁਣਾਈ ਦਿੰਦਾ ਹੈ।"
“ਅਜਿਹਾ ਬੋਲਾਪਨ ਜੋ ਕੰਨ ਦੇ ਅੰਦਰੂਨੀ ਸੈਲਾਂ ਜਾਂ ਨਸਾਂ ਨੂੰ ਨੁਕਸਾਨ ਪਹੁੰਚਣ ਕਾਰਨ ਹੁੰਦਾ ਹੈ ਉਸ ਨੂੰ ਸੈਂਸਰਿਨਿਊਰਲ ਨਰਵ ਬੋਲੇਪਨ ਕਿਹਾ ਜਾਂਦਾ ਹੈ।”
ਡਾ਼ ਨੀਤਾ ਨੇ ਅਜਿਹੇ ਬੋਲੇਪਨ ਲਈ ਵੱਖ-ਵੱਖ ਕਾਰਨ ਦੱਸੇ ਹਨ—
- ਜਨੈਟਿਕ ਕਾਰਨ
- ਲਾਗ ਵੀ ਸੈਂਸਰਿਨਿਊਰਲ ਨਰਵ ਬੋਲੇਪਨ ਦੀ ਵਜ੍ਹਾ ਬਣ ਸਕਦੀ ਹੈ। ਖਾਸ ਕਰਕੇ ਵਾਇਰਲ ਲਾਗ ਕਾਰਨ ਵੀ ਅਚਾਨਕ ਅਜਿਹਾ ਬੋਲਾਪਨ ਹੋ ਜਾਂਦਾ ਹੈ।
- ਜੇ ਗਰਭਕਾਲ ਦੌਰਾਨ ਮਾਂ ਨੂੰ ਬਲੱਡ ਪ੍ਰੈਸ਼ਰ, ਵਾਇਰਲ ਇਨਫੈਕਸ਼ਨ (ਜਿਵੇਂ ਚੇਚਕ) ਆਦਿ ਹੋਵੇ ਜਾਂ ਜਣੇਪੇ ਦੌਰਾਨ ਸਮੱਸਿਆਵਾਂ ਹੋਣ ਤਾਂ ਨਵਜਾਤ ਨੂੰ ਬੋਲਾਪਨ ਹੋ ਸਕਦਾ ਹੈ।
- ਬਹੁਤ ਜ਼ਿਆਦਾ ਸ਼ੋਰ ਵਾਲੇ ਇਲਾਕਿਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਸੈਂਸਰਿਨਿਊਰਲ ਨਰਵ ਬੋਲੇਪਨ ਹੋ ਸਕਦਾ ਹੈ।
- ਉਮਰ ਨਾਲ ਵੀ ਸੁਣਨ ਵਾਲੀਆਂ ਨਸਾਂ ਦੀ ਕਮਜ਼ੋਰੀ ਕਾਰਨ ਬੋਲਾਪਨ ਹੋ ਸਕਦਾ ਹੈ।
- ਲਾਗ ਅਤੇ ਹਾਦਸੇ
- ਇਸ ਤੋਂ ਇਲਾਵਾ ਅਤੀਤ ਦੇ ਪਿਛਲੇ ਕੁਝ ਸਾਲਾਂ ਦੇ ਮਨੁੱਖੀ ਕਾਰਨ ਵੀ ਸੈਂਸਰਿਨਿਊਰਲ ਨਰਵ ਬੋਲੇਪਨ ਦੀ ਵਜ੍ਹਾ ਬਣ ਸਕਦੇ ਹਨ। ਜਿਵੇਂ-
- ਸ਼ੋਰ ਪ੍ਰਦੂਸ਼ਣ
- ਉੱਚੀ ਗਾਉਣਾ
- ਲਗਾਤਾਰ ਈਅਰਫੋਨ ਸੁਣਦੇ ਰਹਿਣ ਨਾਲ ਵੀ ਕੰਨਾਂ ਉੱਤੇ ਅਸਰ ਪੈ ਸਕਦਾ ਹੈ। ਜਦੋਂ ਤੁਸੀਂ ਹਵਾਈ ਜਹਾਜ਼ ਵਿੱਚ, ਰੇਲ ਦੇ ਸਫਰ ਦੌਰਾਨ, ਬੱਸ ਵਿੱਚ ਬੈਠ ਕੇ ਕੰਨਾਂ ਵਿੱਚ ਈਅਰਫੋਨ ਲਾਉਂਦੇ ਹੋ ਤਾਂ ਪਹਿਲਾਂ ਤੋਂ ਹੀ ਆਲੇ-ਦੁਆਲੇ ਵਿੱਚ ਬਹੁਤ ਸਾਰਾ ਸ਼ੋਰ ਹੁੰਦਾ ਹੈ। ਤੁਸੀਂ ਅਵਾਜ਼ ਉੱਚੀ ਕਰਕੇ ਸੁਣਦੇ ਹੋ। ਇਸ ਨਾਲ ਕੰਨਾਂ ਦੀ ਸੁਣਨ ਸ਼ਕਤੀ ਉੱਤੇ ਅਸਰ ਪੈਂਦਾ ਹੈ।
ਕੰਨ ਦਾ ਧਿਆਨ ਕਿਵੇਂ ਰੱਖੀਏ
ਅਸੀਂ ਡਾ਼ ਨੀਤਾ ਨੂੰ ਕੰਨਾਂ ਨਾਲ ਜੁੜੀਆਂ ਹੋਰ ਸਾਵਧਾਨੀਆਂ ਬਾਰੇ ਪੁੱਛਿਆ—
“ਅਕਸਰ ਤੁਹਾਨੂੰ ਇੱਕ ਕੰਨ ਦੇ ਬੋਲੇਪਨ ਦਾ ਪਤਾ ਨਹੀਂ ਲਗਦਾ ਕਿਉਂਕਿ ਦੂਜਾ ਕੰਨ ਠੀਕ ਹੈ। ਇਸ ਲਈ ਜੇ ਸੁਣਨ ਵਿੱਚ ਕੋਈ ਵੀ ਸਮੱਸਿਆ ਹੋਵੇ ਤਾਂ ਸਭ ਤੋਂ ਪਹਿਲਾਂ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਨ੍ਹਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਸੁਣਨ ਵਿੱਚ ਮਦਦ ਲਈ ਕੁਝ ਯੰਤਰ ਹਨ। ਡਾਕਟਰ ਦੇਖਦਾ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ ਅਤੇ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ।”
ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਬੋਲੇਪਨ ਦੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਹਨ ਕਿ ਜੇ ਪਰਿਵਾਰ ਦਾ ਕੋਈ ਮੈਂਬਰ ਲਗਤਾਰ ਟੀਵੀ ਦੀ ਅਵਾਜ਼ ਉੱਚੀ ਕਰ ਰਿਹਾ ਹੈ। ਤਾਂ ਦੇਖਿਆ ਜਾਣਾ ਚਾਹੀਦਾ ਹੈ ਕਿ ਕਿਤੇ ਉਸ ਨੂੰ ਸਮੱਸਿਆ ਤਾਂ ਨਹੀਂ ਹੈ।
ਦੂਜਾ ਲੱਛਣ ਹੈ ਕਿ ਅਜਿਹੇ ਵਿਅਕਤੀ ਨੂੰ ਅਵਾਜ਼ਾਂ ਤਾਂ ਸੁਣਾਈ ਦੇ ਸਕਦੀਆਂ ਹਨ ਪਰ ਸ਼ਬਦ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੇ। ਨਾ ਹੀ ਉਸ ਨੂੰ ਰੌਲੇ-ਰੱਪੇ ਵਿੱਚ ਕੁਝ ਸਪਸ਼ਟ ਸੁਣਾਈ ਦਿੰਦਾ ਹੈ। ਉਸ ਨੂੰ ਗੁਣਗੁਣਾਉਣਾ, ਇੰਜਣ ਦੀ ਅਵਾਜ਼, ਖੁਰਕ ਵਰਗੀਆਂ ਅਵਾਜ਼ਾਂ ਸੁਣਾਈ ਨਹੀਂ ਦਿੰਦੀਆਂ।
ਇਹ ਸਾਰੇ ਲੱਛਣ ਨਜ਼ਰ ਅੰਦਾਜ ਨਹੀਂ ਕੀਤੇ ਜਾਣੇ ਚਾਹੀਦੇ ਅਤੇ ਸਾਵਧਾਨ ਹੋ ਜਾਣਾ ਚਾਹੀਦਾ ਹੈ।
ਡਾ਼ ਨੀਤਾ ਕਹਿੰਦੇ ਹਨ, “ਚੀਜ਼ਾਂ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਹੀ ਇਲਾਜ ਦੀ ਦਿਸ਼ਾ ਤਾਂ ਹੀ ਤੈਅ ਕੀਤੀ ਜਾ ਸਕਦੀ ਹੈ।”