ਐੱਫਬੀਆਈ ਨੇ ਛੇ ਸਾਲਾ ਪੁੱਤਰ ਦੇ ਕਤਲ ਮਾਮਲੇ ’ਚ ਮਾਂ ਨੂੰ ਗ੍ਰਿਫ਼ਤਾਰ ਕੀਤਾ, ਪੂਰਾ ਮਾਮਲਾ ਜਾਣੋ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਟੈਕਸਾਸ ਦੀ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਛੇ ਸਾਲ ਦੇ ਪੁੱਤਰ, ਨੋਏਲ ਰੌਡਰਿਗਜ਼ ਅਲਵਾਰੇਜ਼ ਦੀ ਹੱਤਿਆ ਦੇ ਇਲਜ਼ਾਮ ਤੋਂ ਬਾਅਦ ਭਾਰਤ ਭੱਜ ਗਈ ਸੀ।

ਮਹਿਲਾ ਦਾ ਨਾਮ ਸਿੰਡੀ ਰੌਡਰਿਗਜ਼ ਸਿੰਘ ਹੈ ਅਤੇ ਉਸ ਨੂੰ ਸਾਲ 2023 ਵਿੱਚ ਐੱਫਬੀਆਈ ਦੀ "10 ਮੋਸਟ ਵਾਂਟੇਡ" ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਮਹਿਲਾ 'ਤੇ ਦੋਸ਼ ਲੱਗਿਆ ਹੈ ਕਿ ਉਸਨੇ ਆਪਣੇ 6 ਸਾਲਾ ਪੁੱਤਰ ਦੀ ਹੱਤਿਆ ਕੀਤੀ ਹੈ ਅਤੇ ਫਿਰ ਮੁਕੱਦਮੇ ਤੋਂ ਬਚਣ ਲਈ ਭਾਰਤ ਭੱਜ ਆਈ ਸੀ।

ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੇ ਸਿੰਡੀ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੰਦਿਆਂ "ਜ਼ਬਰਦਸਤ ਫੀਲਡ ਵਰਕ, ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ, ਖੁਫੀਆ ਏਜੰਸੀਆਂ" ਦੇ ਨਾਲ-ਨਾਲ ਭਾਰਤ ਦੇ ਅਧਿਕਾਰੀਆਂ ਨੂੰ ਇਸਦਾ ਸਿਹਰਾ ਦਿੱਤਾ, ਜਿੱਥੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਐੱਫਬੀਆਈ ਡਾਇਰੈਕਟਰ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਐੱਫਬੀਆਈ ਦੀ ਟੌਪ 10 ਮੋਸਟ ਵਾਂਟੇਡ ਭਗੌੜੇ ਦੀ ਸੂਚੀ ਵਿੱਚ ਸੀ।

ਕਿਵੇਂ ਸਾਹਮਣੇ ਆਇਆ ਮਾਮਲਾ

ਸਿੰਡੀ ਦੇ ਪੁੱਤਰ ਨੋਏਲ ਨੂੰ ਅਕਤੂਬਰ 2022 ਤੋਂ ਬਾਅਦ ਕਿਸੇ ਨੇ ਨਹੀਂ ਦੇਖਿਆ ਸੀ। ਉਸਦੀ ਤਬੀਅਤ ਅਕਸਰ ਖਰਾਬ ਰਹਿੰਦੀ ਸੀ। ਸਾਲ 2023 ਵਿੱਚ ਜਦੋਂ ਟੈਕਸਾਸ ਪੁਲਿਸ ਨੋਏਲ ਦਾ ਹਾਲ-ਚਾਲ (ਵੈਲਨੈੱਸ ਚੈੱਕਅਪ) ਜਾਣਨ ਲਈ ਆਈ ਤਾਂ ਨੋਏਲ ਘਰ ਨਹੀਂ ਸੀ।

ਸਿੰਡੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੇ ਅਸਲੀ ਪਿਤਾ ਕੋਲ ਮੈਕਸੀਕੋ ਗਿਆ ਹੋਇਆ ਹੈ। ਉਸ ਤੋਂ ਦੋ ਦਿਨ ਬਾਅਦ ਹੀ ਸਿੰਡੀ ਜਹਾਜ਼ ਫੜ ਕੇ ਭਾਰਤ ਭੱਜ ਆਈ।

ਭਾਰਤ ਆਉਣ ਸਮੇਂ ਸਿੰਡੀ ਦਾ ਪਤੀ ਅਤੇ ਛੇ ਹੋਰ ਬੱਚੇ ਵੀ ਉਸਦੇ ਨਾਲ ਸਨ ਪਰ ਨੋਏਲ ਨਹੀਂ। ਅਧਿਕਾਰੀਆਂ ਨੇ ਤੁਰੰਤ ਬਾਅਦ ਹੀ ਨੋਏਲ ਦੀ ਭਾਲ ਲਈ ਅਲਰਟ ਜਾਰੀ ਕੀਤਾ।

ਪੁੱਤਰ ਨਾਲ ਦੁਰਵਿਵਹਾਰ ਦੇ ਦਾਅਵੇ

ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐੱਸ ਨਿਊਜ਼ ਦੀ ਰਿਪੋਰਟ ਮੁਤਾਬਕ, ਗਵਾਹਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਸਿੰਡੀ ਆਪਣੇ ਮੁੰਡੇ ਨਾਲ ਦੁਰਵਿਵਹਾਰ ਕਰ ਰਹੀ ਸੀ।

ਟੈਕਸਾਸ ਅਧਿਕਾਰੀਆਂ ਨੇ ਅਕਤੂਬਰ 2023 ਵਿੱਚ ਸਿੰਡੀ 'ਤੇ ਨੋਏਲ ਦੀ ਹੱਤਿਆ ਦਾ ਇਲਜ਼ਾਮ ਲਗਾਇਆ ਅਤੇ ਅਗਲੇ ਮਹੀਨੇ ਉਸਦੀ ਗ੍ਰਿਫਤਾਰੀ ਲਈ ਇੱਕ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ।

ਐੱਫਬੀਆਈ ਨੇ ਸਿੰਡੀ ਦੀ ਜਾਣਕਾਰੀ ਦੇਣ ਵਾਲੇ ਲਈ 25,000 ਡਾਲਰ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਸੀ।

ਨੋਏਲ ਦੇ ਲਾਪਤਾ ਹੋਣ ਤੋਂ ਇੱਕ ਸਾਲ ਬਾਅਦ, ਐਵਰਮੈਨ ਸ਼ਹਿਰ ਵਿੱਚ ਸਨਮਾਨ ਵਜੋਂ ਇੱਕ ਖੇਡ ਦੇ ਮੈਦਾਨ ਨੂੰ ਨੋਏਲ ਦਾ ਨਾਮ ਦਿੱਤਾ ਗਿਆ ਹੈ।

ਐੱਫਬੀਆਈ ਡਾਇਰੈਕਟਰ ਨੇ ਕੀ ਦੱਸਿਆ

ਐੱਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਲਿਖਿਆ, 'ਐੱਫਬੀਆਈ ਨੇ ਟਾਪ 10 ਵਾਂਟੇਡ ਭਗੌੜਿਆਂ ਵਿੱਚੋਂ ਇੱਕ ਹੋਰ ਸਿੰਡੀ ਰੌਡਰਿਗਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਐੱਫਬੀਆਈ ਦੇ ਡਲਾਸ ਦਫਤਰ ਵੱਲੋਂ 21 ਅਗਸਤ ਨੂੰ ਐਲਾਨ ਕੀਤਾ ਗਿਆ ਹੈ ਕਿ ਸਿੰਡੀ ਰੌਡਰਿਗਜ਼ ਸਿੰਘ ਨੂੰ ਅਮਰੀਕਾ ਵਾਪਸ ਲਿਆਂਦਾ ਗਿਆ ਹੈ ਅਤੇ ਫਿਲਹਾਲ ਉਹ ਟੈਰੈਂਟ ਕਾਉਂਟੀ ਜੇਲ੍ਹ ਵਿੱਚ ਹਿਰਾਸਤ ਵਿੱਚ ਹੈ।

ਐੱਫਬੀਆਈ ਡਲਾਸ ਸਪੈਸ਼ਲ ਏਜੰਟ ਇਨ ਚਾਰਜ (ਐੱਸਏਸੀ) ਆਰ ਜੋਸਫ਼ ਰੋਥਰੌਕ ਨੇ ਕਿਹਾ, "ਭਾਰਤ ਤੋਂ ਸਿੰਡੀ ਰੌਡਰਿਗਜ਼ ਸਿੰਘ ਦੀ ਵਾਪਸੀ, ਨੋਏਲ ਅਲਵਾਰੇਜ਼ ਦੇ ਲਾਪਤਾ ਹੋਣ ਦੀ ਖੋਜ ਵਿੱਚ ਇੱਕ ਨਵਾਂ ਅਧਿਆਇ ਹੈ। ਇਹ

ਸਫਲ ਨਤੀਜਾ ਐੱਫਬੀਆਈ ਅਤੇ ਸਾਡੇ ਘਰੇਲੂ ਤੇ ਅੰਤਰਰਾਸ਼ਟਰੀ ਭਾਈਵਾਲਾਂ ਵਿਚਕਾਰ ਅੰਤਰਰਾਸ਼ਟਰੀ ਸਹਿਯੋਗ ਦੇ ਨਤੀਜੇ ਵਜੋਂ ਆਇਆ ਹੈ।''

ਉਨ੍ਹਾਂ ਕਿਹਾ, ''ਇਹ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਨਿਆਂ ਦੀ ਕੋਈ ਸਰਹੱਦ ਨਹੀਂ ਹੁੰਦੀ। ਅਸੀਂ ਉਮੀਦ ਕਰਦੇ ਹਾਂ ਕਿ ਉੱਤਰੀ ਟੈਕਸਾਸ ਦੇ ਵਸਨੀਕਾਂ ਨੂੰ ਇਹ ਜਾਣ ਕੇ ਕੁਝ ਰਾਹਤ ਮਿਲੇਗੀ ਕਿ ਰੌਡਰਿਗਜ਼ ਸਿੰਘ ਹੁਣ ਅਮਰੀਕੀ ਹਿਰਾਸਤ ਵਿੱਚ ਹੈ ਅਤੇ ਇਲਜ਼ਾਮਾਂ ਦਾ ਸਾਹਮਣਾ ਕਰੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)