You’re viewing a text-only version of this website that uses less data. View the main version of the website including all images and videos.
ਕਦੇ ਖੇਤਾਂ 'ਚ ਟਰੈਕਟਰ ਚਲਾਉਣ ਵਾਲੀ ਪਾਇਲਟ ਕੁੜੀ ਦੀ ਕਹਾਣੀ ਜਿਸ ਨੇ ਅਸਮਾਨ 'ਚ ਇੰਜਣ ਫੱਟ ਜਾਣ ਦੇ ਬਾਵਜੂਦ 148 ਯਾਤਰੀਆਂ ਦੀ ਜਾਨ ਬਚਾਈ
ਟੈਮੀ ਜੋ ਸ਼ੁਲਟਸ ਹਮੇਸ਼ਾ ਤੋਂ ਹੀ ਲੜਾਕੂ ਜਹਾਜ਼ ਉਡਾਉਣ ਦਾ ਸੁਪਨਾ ਦੇਖਦੀ ਸੀ ।
ਉਹ 1960 ਦੇ ਦਹਾਕੇ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਨਿਊ ਮੈਕਸੀਕੋ ਵਿੱਚ ਹੋਲੋਮੈਨ ਏਅਰ ਫੋਰਸ ਬੇਸ ਦੇ ਨੇੜੇ ਇੱਕ ਰੈਂਚ ਵਿੱਚ ਵੱਡੀ ਹੋਈ ਸੀ ਅਤੇ ਉਸਨੂੰ ਆਪਣੇ ਪਰਿਵਾਰ ਦੇ ਖੇਤਾਂ ਅਤੇ ਪਸ਼ੂਆਂ ਦੇ ਵਾੜਿਆਂ ਉੱਪਰੋਂ ਗੱਜਦੇ ਹੋਏ ਲੰਘਣ ਵਾਲੇ ਜਹਾਜ਼ਾਂ ਨੂੰ ਦੇਖਣਾ ਬਹੁਤ ਪਸੰਦ ਸੀ।
ਉਡਾਣ ਉਸਨੂੰ ਜਾਦੂਈ ਲੱਗਦੀ ਸੀ।
ਉਹ ਖੇਤਾਂ ਵਿੱਚ ਮਿਹਨਤ ਨਾਲ ਕੰਮ ਕਰਦੀ ਸੀ ਅਤੇ ਨੌਂ ਸਾਲ ਦੀ ਉਮਰ ਵਿੱਚ ਹੀ ਟਰੈਕਟਰ ਚਲਾਉਣ ਲੱਗ ਪਈ ਸੀ। ਉਸ ਦੇ ਮਾਪੇ ਮੁੰਡਿਆਂ ਅਤੇ ਕੁੜੀਆਂ ਦੇ ਕੰਮਾਂ ਵਿੱਚ ਕੋਈ ਫ਼ਰਕ ਨਹੀਂ ਕਰਦੇ ਸਨ ਅਤੇ ਉਸ ਨੂੰ ਆਪਣੀ ਯੋਗਤਾ ਅਤੇ ਦਿਲਚਸਪੀ ਅਨੁਸਾਰ ਪੇਸ਼ਾ ਚੁਣਨ ਲਈ ਉਤਸ਼ਾਹਿਤ ਕਰਦੇ ਸਨ।
ਇਸ ਲਈ ਸ਼ੁਲਟਸ ਨੇ ਆਪਣੀ ਮਾਂ ਨੂੰ ਕਿਹਾ, "ਮੈਂ ਲੜਾਕੂ ਜਹਾਜ਼ ਉਡਾਉਣਾ ਚਾਹੁੰਦੀ ਹਾਂ।"
ਉਸ ਦੀ ਮਾਂ ਨੇ ਜਵਾਬ ਦਿੱਤਾ, "ਟੈਮੀ, ਉਹ ਲੋਕ ਬਹੁਤ ਹੁਸ਼ਿਆਰ ਹੁੰਦੇ ਹਨ।"
ਉਸ ਵੇਲੇ ਸ਼ੁਲਟਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪਾਇਲਟ ਬਣਨ ਦਾ ਰਾਹ ਸੌਖਾ ਨਹੀਂ ਹੋਵੇਗਾ।
ਰੁਕਾਵਟਾਂ
ਹਾਈ ਸਕੂਲ ਵਿੱਚ ਕਰੀਅਰ ਦਿਵਸ ਦੌਰਾਨ ਉਹ ਹਵਾਬਾਜ਼ੀ (ਏਵੀਏਸ਼ਨ) ਦੀ ਕਲਾਸ ਵਿੱਚ ਗਈ। ਉੱਥੇ ਇੰਚਾਰਜ ਕਰਨਲ ਨੇ ਉਸ ਨੂੰ ਕਿਹਾ, "ਇਹ ਕਰੀਅਰ ਦਿਵਸ ਹੈ, ਸੋਗ ਦਿਵਸ ਨਹੀਂ। ਤੁਹਾਨੂੰ ਕੋਈ ਅਜਿਹਾ ਕੰਮ ਲੱਭਣਾ ਚਾਹੀਦਾ ਹੈ ਜੋ ਕੁੜੀਆਂ ਕਰ ਸਕਦੀਆਂ ਹਨ।"
ਪਰ ਸ਼ੁਲਟਸ ਫਿਰ ਵੀ ਉੱਥੇ ਬੈਠ ਗਈ। ਜਿਵੇਂ-ਜਿਵੇਂ ਉਹ ਲੈਕਚਰ ਸੁਣਦੀ ਗਈ, ਉਸ ਦਾ ਜੋਸ਼ ਵਧਦਾ ਗਿਆ।
ਉਹ ਕਹਿੰਦੀ ਹੈ, "ਅੰਤ ਤੱਕ ਇਹ ਬਹੁਤ ਰੋਮਾਂਚਕ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਜਿਹੀ ਕੋਈ ਗੱਲ ਨਹੀਂ ਸੁਣੀ ਜੋ ਕਿਸੇ ਔਰਤ ਦੀ ਸਮਝ ਤੋਂ ਪਰੇ ਹੋਵੇ।"
ਉਹ ਪਹਿਲਾਂ ਨਾਲੋਂ ਵੀ ਵੱਧ ਦ੍ਰਿੜ ਇਰਾਦੇ ਨਾਲ ਉੱਥੋਂ ਨਿਕਲੀ ਕੇ ਉਹ ਫੌਜੀ ਪਾਇਲਟ ਬਣੇਗੀ।
ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਅਮਰੀਕੀ ਹਵਾਈ ਫ਼ੌਜ ਦੇ ਭਰਤੀ ਦਫ਼ਤਰ ਦਾ ਦਰਵਾਜ਼ਾ ਖੜਕਾਇਆ ਪਰ "ਉਨ੍ਹਾਂ ਨੇ ਮੇਰੀ ਗੱਲ ਸੁਣੀ। ਫਿਰ ਕਿਹਾ, 'ਮੈਨੂੰ ਅਫ਼ਸੋਸ ਹੈ, ਪਰ ਅਸੀਂ ਔਰਤਾਂ ਦੀ ਭਰਤੀ ਨਹੀਂ ਕਰਦੇ।'"
ਇਹ ਉਸ ਦੇ ਮੂੰਹ 'ਤੇ ਬੰਦ ਹੋਣ ਵਾਲੇ ਕਈ ਦਰਵਾਜ਼ਿਆਂ ਵਿੱਚੋਂ ਪਹਿਲਾ ਦਰਵਾਜ਼ਾ ਸੀ।
ਹਾਰ ਨਾ ਮੰਨਦੇ ਹੋਏ ਫਿਰ ਉਸਨੇ ਅਮਰੀਕੀ ਫ਼ੌਜ ਦੇ ਹੋਰ ਵਿਭਾਗਾਂ ਨੂੰ ਅਜ਼ਮਾਉਣਾ ਚਾਹਿਆ ਜਿਨ੍ਹਾਂ ਵਿੱਚ ਜਹਾਜ਼ ਉਡਾਏ ਜਾਂਦੇ ਸਨ, ਜਿਸ ਵਿੱਚ ਫੌਜ ਵੀ ਸ਼ਾਮਲ ਸੀ ਜਿਨ੍ਹਾਂ ਨੇ ਉਸਨੂੰ ਦੱਸਿਆ ਕਿ ਉਹ ਉਨ੍ਹਾਂ ਲਈ ਢੁਕਵੀਂ ਨਹੀਂ ਹੈ ਅਤੇ ਫਿਰ ਨੇਵੀ, ਜਿਸਨੇ ਘੱਟੋ ਘੱਟ ਉਸਨੂੰ ਪਾਇਲਟ ਦਾ ਟੈਸਟ ਦੇਣ ਦੀ ਇਜਾਜ਼ਤ ਦਿੱਤੀ।
ਸ਼ੁਲਟਸ ਦੱਸਦੀ ਹੈ, "ਭਰਤੀ ਅਧਿਕਾਰੀ ਨੇ ਮੈਨੂੰ ਕਿਹਾ, 'ਮਾਫ਼ ਕਰਨਾ, ਤੁਹਾਡੇ ਅੰਕ ਇੱਕ ਮੁੰਡੇ ਲਈ ਤਾਂ ਕਾਫ਼ੀ ਹਨ, ਪਰ ਇੱਕ ਕੁੜੀ ਲਈ ਨਹੀਂ। ਜੇ ਤੁਸੀਂ ਮਹਿਲਾ ਪਾਇਲਟ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰ ਵੱਧ ਅੰਕ ਲਿਆਉਣੇ ਪੈਣਗੇ ਇਸ ਤੋਂ ਬਾਅਦ ਸ਼ੁਲਟਸ ਉੱਚ ਸਿੱਖਿਆ ਲਈ ਵਾਪਸ ਯੂਨੀਵਰਸਿਟੀ ਚਲੀ ਗਈ, ਪਰ ਉਹ ਜਾਣਦੀ ਸੀ ਕਿ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਨੂੰ ਇੱਕ ਆਖ਼ਰੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।"
1985 ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਮਰੀਕੀ ਨੇਵੀ ਦੇ ਇੱਕ ਹੋਰ ਭਰਤੀ ਦਫ਼ਤਰ ਗਈ। ਉਸ ਨੇ ਭਰਤੀ ਅਧਿਕਾਰੀ ਨੂੰ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਉਸ ਦੇ ਅੰਕ "ਇੱਕ ਕੁੜੀ ਲਈ ਕਾਫ਼ੀ ਨਹੀਂ ਹਨ", ਇਸ ਲਈ ਉਹ ਦੁਬਾਰਾ ਪ੍ਰੀਖਿਆ ਦੇਣਾ ਚਾਹੁੰਦੀ ਹੈ।
ਪਰ ਅਧਿਕਾਰੀ ਨੇ ਕਿਹਾ ਕਿ ਤੁਸੀਂ ਕੀ ਕਹਿ ਰਹੇ ਹੋ? ਮੁੰਡਿਆਂ ਅਤੇ ਕੁੜੀਆਂ ਲਈ ਵੱਖ-ਵੱਖ ਅੰਕ ਨਹੀਂ ਹੁੰਦੇ। ਫਿਰ ਉਸ ਨੇ ਸ਼ੁਲਟਸ ਦੇ ਅੰਕ ਵੇਖੇ ਅਤੇ ਕਿਹਾ, 'ਤੁਹਾਡੇ ਅੰਕ ਤਾਂ ਬਿਲਕੁਲ ਠੀਕ ਹਨ।'
ਕੁਝ ਮਹੀਨਿਆਂ ਬਾਅਦ ਸ਼ੁਲਟਸ ਦੇ ਵਾਲ ਛੋਟੇ ਕੱਟੇ ਜਾ ਚੁੱਕੇ ਸਨ ਅਤੇ ਉਹ ਫਲੋਰਿਡਾ ਦੇ ਏਵੀਏਸ਼ਨ ਅਫ਼ਸਰ ਕੈਂਡੀਡੇਟ ਸਕੂਲ ਵਿੱਚ ਪੁਸ਼-ਅੱਪ ਕਰ ਰਹੀ ਸੀ।
ਉਡਾਣ ਦਾ ਤਜਰਬਾ ਉਹਨਾਂ ਹੀ ਜਾਦੂਈ ਸੀ ਜਿੰਨਾ ਸ਼ੁਲਟਸ ਨੇ ਆਪਣੇ ਸੁਪਨਿਆਂ ਵਿੱਚ ਸੋਚਿਆ ਸੀ। ਉਸ ਨੇ ਪਾਇਲਟ ਵਜੋਂ ਯੋਗਤਾ ਹਾਸਲ ਕੀਤੀ ਅਤੇ ਅੱਗੇ ਚੱਲ ਕੇ ਇੱਕ ਇੰਸਟ੍ਰਕਟਰ ਬਣ ਗਈ। ਉਸ ਦੀ ਖ਼ਾਸ ਮੁਹਾਰਤ "ਕਾਬੂ ਤੋਂ ਬਾਹਰ ਹੋਈ ਉਡਾਣ" ਵਿੱਚ ਸੀ।
ਇਸ ਸਿਖਲਾਈ ਦੌਰਾਨ ਜਹਾਜ਼ ਨੂੰ ਲਗਭਗ 30,000 ਫੁੱਟ (9.14 ਕਿਲੋਮੀਟਰ) ਦੀ ਉਚਾਈ ਤੱਕ ਲੈ ਕੇ ਜਾਂਦੇ ਸੀ ਅਤੇ ਫਿਰ ਉਸ ਨੂੰ ਘੁੰਮਣ ਵਾਲੀ ਸਥਿਤੀ (ਸਪਿਨ) ਵਿੱਚ ਪਾ ਦਿੱਤਾ ਜਾਂਦਾ ਸੀ। ਵਿਦਿਆਰਥੀ ਦਾ ਕੰਮ ਜਹਾਜ਼ ਨੂੰ ਮੁੜ ਕਾਬੂ ਵਿੱਚ ਲਿਆਉਣਾ ਹੁੰਦਾ ਸੀ। ਜੇ ਉਹ ਅਜਿਹਾ ਨਾ ਕਰ ਸਕੇ, ਤਾਂ ਸ਼ੁਲਟਸ ਖੁਦ ਕੰਟ੍ਰੋਲ ਸੰਭਾਲ ਲੈਂਦੀ ਸੀ।
ਇਹ ਤਜਰਬਾ ਉਸ ਦਿਨ ਬਹੁਤ ਕੰਮ ਆਇਆ, ਜਦੋਂ ਅੱਠ ਸਾਲ ਪਹਿਲਾਂ ਉਸ ਦੇ ਆਪਣੇ ਯਾਤਰੀ ਜਹਾਜ਼ ਦਾ ਇੰਜਣ ਫਟ ਗਿਆ ਸੀ। ਉਸ ਸਮੇਂ ਤੱਕ ਉਹ ਅਮਰੀਕੀ ਨੇਵੀ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਪਾਇਲਟ ਰਹਿ ਚੁੱਕੀ ਸੀ ਅਤੇ ਇਸੇ ਦੌਰਾਨ ਉਸ ਦੀ ਮੁਲਾਕਾਤ ਆਪਣੇ ਪਤੀ ਨਾਲ ਹੋਈ । 1990 ਦੇ ਦਹਾਕੇ ਵਿੱਚ ਦੋਵਾਂ ਨੇ ਨੇਵੀ ਛੱਡ ਦਿੱਤੀ ਅਤੇ ਆਪਣਾ ਪਰਿਵਾਰ ਸ਼ੁਰੂ ਕੀਤਾ।
ਬਾਅਦ ਵਿੱਚ ਦੋਵਾਂ ਨੂੰ ਅਮਰੀਕੀ ਯਾਤਰੀ ਹਵਾਈ ਕੰਪਨੀ ਸਾਊਥਵੈਸਟ ਏਅਰਲਾਈਨਸ ਵਿੱਚ ਵਪਾਰਕ ਉਡਾਣਾਂ ਚਲਾਉਣ ਦੀ ਨੌਕਰੀ ਮਿਲ ਗਈ।
17 ਅਪ੍ਰੈਲ 2018 ਨੂੰ ਫਲਾਈਟ 1380 ਲੰਬੇ ਸਫ਼ਰ ਲਈ ਕਾਫ਼ੀ ਈਂਧਨ ਨਾਲ ਭਰੀ ਹੋਈ ਸੀ ਜਦੋਂ ਜਹਾਜ਼ 33,000 ਫੁੱਟ (10.06 ਕਿਲੋਮੀਟਰ) ਦੀ ਉਚਾਈ 'ਤੇ ਪਹੁੰਚਿਆ, ਤਾਂ ਸ਼ੁਲਟਸ ਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ।
ਉਸ ਦਾ ਪਹਿਲਾ ਖ਼ਿਆਲ ਇਹ ਸੀ ਕਿ ਸ਼ਾਇਦ ਜਹਾਜ਼ ਦੀ ਹਵਾ ਵਿੱਚ ਕਿਸੇ ਹੋਰ ਜਹਾਜ਼ ਨਾਲ ਟੱਕਰ ਹੋ ਗਈ ਹੈ।
ਸ਼ੁਲਟਸ ਦੱਸਦੀ ਹੈ, "ਜਹਾਜ਼ ਇੱਕਦਮ ਪਾਸੇ ਵੱਲ ਖਿਸਕਿਆ, ਫਿਰ ਤੇਜ਼ੀ ਨਾਲ ਹੇਠਾਂ ਵੱਲ ਝੁਕ ਗਿਆ ਅਤੇ ਖੱਬੇ ਪਾਸੇ ਇੱਕਦਮ ਘੁੰਮ ਗਿਆ।
ਉਸ ਨੇ ਜਹਾਜ਼ ਨੂੰ ਮੁੜ ਕਾਬੂ ਵਿੱਚ ਕਰ ਲਿਆ, ਪਰ ਇਸ ਤੋਂ ਬਾਅਦ ਜਹਾਜ਼ ਇੰਨਾ ਜ਼ਿਆਦਾ ਕੰਬਣ ਲੱਗਾ ਕਿ ਉਹ ਆਪਣੇ ਉਡਾਣੀ ਯੰਤਰਾਂ ਦੀਆਂ ਰੀਡਿੰਗਾਂ ਵੀ ਨਹੀਂ ਪੜ੍ਹ ਸਕਦੀ ਸੀ।
ਸੂਝ-ਬੂਝ ਅਤੇ ਸਿਖਲਾਈ
ਕਾਕਪਿਟ ਧੂੰਏਂ ਨਾਲ ਭਰ ਗਿਆ ਸੀ ਅਤੇ ਸ਼ੋਰ ਇੰਨਾ ਜ਼ਿਆਦਾ ਸੀ ਕਿ ਸ਼ੁਲਟਸ ਅਤੇ ਉਸ ਦਾ ਸਹਿ-ਪਾਇਲਟ ਇੱਕ-ਦੂਜੇ ਦੀ ਗੱਲ ਵੀ ਨਹੀਂ ਸੁਣ ਸਕਦੇ ਸਨ।
ਉਸ ਵੇਲੇ ਸ਼ੁਲਟਸ ਨੂੰ ਇਹ ਨਹੀਂ ਪਤਾ ਸੀ ਕਿ ਇੰਜਣ ਦੇ ਇੱਕ ਫੈਨ ਬਲੇਡ ਦਾ ਟੁਕੜਾ ਟੁੱਟ ਗਿਆ ਸੀ, ਜੋ ਇੰਜਣ ਦੇ ਅੰਦਰ ਜਾ ਵੜਿਆ ਅਤੇ ਧਮਾਕੇ ਦਾ ਕਾਰਨ ਬਣਿਆ ਸੀ । ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਇੰਜਣ ਦਾ ਬਾਹਰੀ ਕਵਰ ਵੀ ਬੁਰੀ ਤਰ੍ਹ ਤਬਾਹ ਹੋ ਗਿਆ ਸੀ।
ਉਹ ਕੇਲੇ ਦੇ ਛਿਲਕੇ ਵਾਂਗ ਪਿੱਛੇ ਵੱਲ ਉਖੜ ਗਿਆ ਸੀ, ਹਾਲਾਂਕਿ ਉਸ ਦਾ ਇੱਕ ਸਿਰਾ ਅਜੇ ਵੀ ਪੱਖੇ ਨਾਲ ਜੁੜਿਆ ਹੋਇਆ ਸੀ।
ਮਲਬੇ ਦਾ ਇੱਕ ਟੁਕੜਾ ਜਹਾਜ਼ ਦੀ ਖਿੜਕੀ ਨਾਲ ਟਕਰਾਇਆ, ਜਿਸ ਕਾਰਨ ਖਿੜਕੀ ਟੁੱਟ ਗਈ ਅਤੇ ਕੈਬਿਨ ਦੇ ਅੰਦਰ ਹਵਾ ਦਾ ਦਬਾਅ ਤੇਜ਼ੀ ਨਾਲ ਘਟ ਗਿਆ। ਉਸ ਉਚਾਈ 'ਤੇ ਤੁਹਾਡੇ ਸਾਈਨਸ ਹਵਾ ਦੇ ਦਬਾਅ ਵਿੱਚ ਆਉਣ ਵਾਲੇ ਬਦਲਾਅ ਨਾਲ ਇੰਨੀ ਤੇਜ਼ੀ ਨਾਲ ਅਨੁਕੂਲ ਨਹੀਂ ਹੋ ਸਕਦੇ। ਇਸ ਕਰਕੇ ਬੇਹੱਦ ਦਰਦ ਹੁੰਦਾ ਹੈ।
ਉਹ ਦੱਸਦੀ ਹੈ ਕਿ ਦਰਦ ਉਸ ਦੇ ਕੰਨਾਂ ਤੋਂ ਹੁੰਦਾ ਹੋਇਆ ਗਰਦਨ ਤੱਕ ਫੈਲ ਗਿਆ ਸੀ।
ਇਨ੍ਹਾਂ ਸਭ ਮੁਸ਼ਕਲਾਂ ਦੇ ਬਾਵਜੂਦ ਉਸ ਦੀ ਸੂਝ-ਬੂਝ ਅਤੇ ਸਿਖਲਾਈ ਕੰਮ ਆਈ। ਉਸ ਨੇ ਤੁਰੰਤ ਸਭ ਤੋਂ ਨੇੜਲੇ ਹਵਾਈ ਅੱਡੇ, ਫਿਲਾਡੈਲਫੀਆ ਸ਼ਹਿਰ, ਵੱਲ ਜਹਾਜ਼ ਦਾ ਰੁਖ਼ ਕਰ ਦਿੱਤਾ।
ਉਸਨੂੰ ਯਾਦ ਹੈ ਕਿ ਉਹ ਸੋਚ ਰਹੀ ਸੀ ਕਿ ਸ਼ਾਇਦ ਉਹ ਜਹਾਜ਼ ਨੂੰ ਸਮੇਂ ਸਿਰ ਰਨਵੇਅ ਤੱਕ ਨਹੀਂ ਪਹੁੰਚਾ ਸਕੇਗੀ । ਉਸ ਵੇਲੇ ਉਸਦੇ ਮਨ ਵਿੱਚ ਇਹ ਵੀ ਖ਼ਿਆਲ ਆਇਆ ਕਿ ਸ਼ਾਇਦ ਅੱਜ ਉਹ ਦਿਨ ਹੈ ਜਦੋਂ ਉਹ ਆਪਣੇ ਸਿਰਜਣਹਾਰ ਨੂੰ ਮਿਲੇਗੀ ।
ਫਿਰ ਵੀ, ਹਵਾਈ ਆਵਾਜਾਈ ਕੰਟ੍ਰੋਲ ਨਾਲ ਸ਼ੁਲਟਸ ਦੀ ਗੱਲਬਾਤ ਦੀਆਂ ਰਿਕਾਰਡਿੰਗਾਂ ਵਿੱਚ ਉਸ ਦੀ ਆਵਾਜ਼ ਬਹੁਤ ਸ਼ਾਂਤ ਸੁਣਾਈ ਦਿੰਦੀ ਹੈ। ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਹਾਂ, ਸਾਡੇ ਜਹਾਜ਼ ਦਾ ਇੱਕ ਹਿੱਸਾ ਗਾਇਬ ਹੈ, ਇਸ ਲਈ ਸਾਨੂੰ ਕੁਝ ਹੌਲੀ ਉਡਾਣ ਭਰਨੀ ਪਵੇਗੀ।"
ਜਦੋਂ ਰਨਵੇਅ ਨਜ਼ਰ ਆਉਣ ਲੱਗਾ, ਤਾਂ ਕਾਕਪਿਟ ਰਿਕਾਰਡਰ ਵਿੱਚ ਉਸ ਨੂੰ ਹੌਲੀ ਜਿਹੇ "ਹੇਵਨਲੀ ਫਾਦਰ" (ਹੇ ਪ੍ਰਭੂ) ਕਹਿੰਦੇ ਵੀ ਸੁਣਿਆ ਜਾ ਸਕਦਾ ਹੈ।
ਉਸ ਸਮੇਂ ਜਹਾਜ਼ ਸਿਰਫ਼ ਇੱਕ ਇੰਜਣ ਦੇ ਸਹਾਰੇ ਉੱਡ ਰਿਹਾ ਸੀ ਅਤੇ ਇੱਕ ਪਾਸੇ ਵੱਲ ਝੁਕਿਆ ਹੋਇਆ ਸੀ। ਇਸ ਤੋਂ ਇਲਾਵਾ, ਸ਼ੁਲਟਸ ਰਨਵੇਅ ਤੋਂ ਅੱਗੇ ਨਿਕਲ ਚੁੱਕੀ ਸੀ।
ਜਹਾਜ਼ ਨੂੰ ਸਹੀ ਦਿਸ਼ਾ ਵਿੱਚ ਲਿਆਉਣ ਅਤੇ ਸੁਰੱਖਿਅਤ ਉਤਾਰਨ ਲਈ ਸ਼ੁਲਟਸ ਨੇ ਆਪਣੀ ਸਾਰੀ ਕਾਬਲੀਅਤ ਅਤੇ ਤਜਰਬਾ ਵਰਤਿਆ। ਆਖ਼ਰਕਾਰ ਉਸ ਨੇ 148 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਬਚਾ ਲਈ।
ਹਾਲਾਂਕਿ, ਇੱਕ ਯਾਤਰੀ ਜੈਨੀਫ਼ਰ ਰਿਓਰਡਨ ਖਿੜਕੀ ਟੁੱਟਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਸ਼ੁਲਟਸ ਕਹਿੰਦੀ ਹੈ ਕਿ ਇਹ ਘਾਟਾ ਉਹ ਹਮੇਸ਼ਾ ਮਹਿਸੂਸ ਕਰੇਗੀ।
ਜਹਾਜ਼ ਉਤਾਰਨ ਤੋਂ ਬਾਅਦ ਸ਼ੁਲਟਸ ਦੇ ਡਾਕਟਰੀ ਟੈਸਟ ਕੀਤੇ ਗਏ। ਮੈਡੀਕਲ ਅਧਿਕਾਰੀ ਨੇ ਉਸ ਨੂੰ ਕਿਹਾ, "ਤੁਹਾਡੇ ਤਾਂ ਹੌਸਲੇ ਹੀ ਬੁਲੰਦ ਹਨ। ਤੁਹਾਡੀ ਦਿਲ ਦੀ ਧੜਕਣ ਵੀ ਆਮ ਤੋਂ ਵੱਧ ਨਹੀਂ ਹੈ।"
ਫਿਰ ਸ਼ੁਲਟਸ ਆਪਣੇ ਇਸ ਸ਼ਾਂਤ ਸੁਭਾਅ ਬਾਰੇ ਕੀ ਕਹਿੰਦੀ ਹੈ?
ਉਹ ਕਹਿੰਦੀ ਹੈ, "ਜਦੋਂ ਤੁਸੀਂ ਜ਼ਿੰਮੇਵਾਰੀ ਵਾਲੀ ਸਥਿਤੀ ਵਿੱਚ ਹੁੰਦੇ ਹੋ ਅਤੇ ਲੋਕ ਤੁਹਾਡੇ ਤੋਂ ਲੀਡਰਸ਼ਿਪ ਦੀ ਉਮੀਦ ਕਰਦੇ ਹਨ, ਤਾਂ ਸਹੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਆਪਣਾ ਸੰਤੁਲਨ ਕਾਇਮ ਰੱਖੋ ਅਤੇ ਸਾਹਮਣੇ ਆਈਆਂ ਸਮੱਸਿਆਵਾਂ ਦਾ ਹੱਲ ਕਰੋ।"
ਇਹ ਸੋਚ ਉਸ ਦੇ ਪੂਰੇ ਕਰੀਅਰ ਦੌਰਾਨ ਬਣੀ ਰਹੀ ਜਿਸ ਵਿੱਚ ਉਸ ਨੇ ਨਾ ਤਾਂ ਕਦੇ ਹਿੰਮਤ ਹਾਰੀ ਅਤੇ ਨਾ ਹੀ ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਛੱਡਿਆ।
ਇਹ ਕਹਾਣੀ ਬੀਬੀਸੀ ਵਰਲਡ ਸਰਵਿਸ ਦੇ ਪ੍ਰੋਗਰਾਮ ਆਊਟਲੁਕ ਦੇ ਇੱਕ ਐਪੀਸੋਡ 'ਤੇ ਆਧਾਰਿਤ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ