ਤੁਸੀਂ ਕਿੱਥੇ ਰਹਿੰਦੇ ਹੋ? ਇਹ ਸਵਾਲ ਇਸ ਪਿੰਡ ਦੇ ਲੋਕਾਂ ਨੂੰ 'ਜਾਤੀਵਾਦ ਦਾ ਅਹਿਸਾਸ' ਕਿਵੇਂ ਕਰਵਾਉਂਦਾ ਹੈ

    • ਲੇਖਕ, ਵਿਸ਼ਣੂਕਾਂਤ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਡਿਸਕਲੇਮਰ: ਇਸ ਖ਼ਬਰ ਵਿੱਚ ਪਿੰਡ ਦੇ ਨਾਮ ਵਿੱਚ ਜਾਤੀ-ਸੂਚਕ ਸ਼ਬਦ ਦਾ ਜ਼ਿਕਰ ਸਿਰਫ਼ ਸਮਾਜਿਕ ਵਿਤਕਰੇ ਦੀਆਂ ਹਕੀਕਤਾਂ ਨੂੰ ਸਾਹਮਣੇ ਲਿਆਉਣ ਲਈ ਕੀਤਾ ਗਿਆ ਹੈ। ਇਨ੍ਹਾਂ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੇ ਜਾਤੀ ਆਧਾਰਿਤ ਵਿਤਕਰੇ ਜਾਂ ਪੱਖਪਾਤ ਨੂੰ ਵਧਾਵਾ ਦੇਣਾ, ਉਸ ਦਾ ਸਮਰਥਨ ਕਰਨਾ ਜਾਂ ਉਸ ਨੂੰ ਆਮ ਮੰਨਣਾ ਜਾਂ ਬਣਾਉਣਾ ਨਹੀਂ ਹੈ।

"ਤੁਸੀਂ ਕਿੱਥੇ ਰਹਿੰਦੇ ਹੋ?"

ਇਸ ਸਵਾਲ ਦੇ ਜਵਾਬ ਵਿੱਚ ਮੇਨਕਾ ਭਾਰਤੀ ਕੁਝ ਪਲਾਂ ਲਈ ਰੁਕ ਜਾਂਦੀ ਹੈ।

ਉਨ੍ਹਾਂ ਦੇ ਪਿੱਛੇ ਖੇਤਾਂ ਵੱਲ ਇੱਕ ਕੱਚਾ ਰਾਹ ਜਾਂਦਾ ਹੈ। ਘਰ ਦੇ ਪਿੱਛੇ ਖੜ੍ਹੇ ਅੰਬ ਦੇ ਦਰੱਖਤ ਦੀ ਛਾਂ ਹੇਠ ਬੈਠੀ ਮੇਨਕਾ ਫਿਰ ਜਵਾਬ ਦਿੰਦੀ ਹੈ, "ਅਸੀਂ ਆਪਣੇ ਪਿੰਡ ਦਾ ਨਾਮ ਬਦਲਣਾ ਚਾਹੁੰਦੇ ਹਾਂ।"

ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੀ ਬਗੌਤਾ ਗ੍ਰਾਮ ਪੰਚਾਇਤ ਵਿੱਚ ਵੱਸੇ ਚਮਰੁਆਪੁਰਵਾ ਪਿੰਡ ਦੀਆਂ ਗਲੀਆਂ ਵਿੱਚ ਰੋਜ਼ਾਨਾ ਦੀ ਜ਼ਿੰਦਗੀ ਆਪਣੀ ਰਫ਼ਤਾਰ ਨਾਲ ਚੱਲਦੀ ਹੈ।

ਰਾਜਧਾਨੀ ਭੋਪਾਲ ਤੋਂ ਲਗਭਗ 330 ਕਿਲੋਮੀਟਰ ਦੂਰ ਵੱਸੇ ਇਸ ਪਿੰਡ ਤੋਂ ਬੱਚੇ ਸਕੂਲ ਜਾਂਦੇ ਹਨ, ਲੋਕ ਕੰਮ 'ਤੇ ਨਿਕਲਦੇ ਹਨ ਅਤੇ ਪਿੰਡ ਦੀ ਫਿਰਨੀ 'ਤੇ ਬਣਿਆ ਪ੍ਰਾਇਮਰੀ ਸਕੂਲ ਇੱਥੇ ਆਉਣ ਵਾਲਿਆਂ ਨੂੰ ਇਸ ਦਾ ਨਾਮ ਦੱਸਦਾ ਹੈ।

ਪਰ ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ "ਸਿਰਫ਼ ਇੱਕ ਨਾਮ" ਨਹੀਂ ਹੈ।

ਉਨ੍ਹਾਂ ਮੁਤਾਬਕ, ਪਿੰਡ ਦਾ ਨਾਮ ਸੁਣਦੇ ਹੀ ਕਈ ਲੋਕ ਉਨ੍ਹਾਂ ਦੀ ਜਾਤ ਦਾ ਅੰਦਾਜ਼ਾ ਲਗਾ ਲੈਂਦੇ ਹਨ। ਅਤੇ ਇਸ ਦਾ ਅਸਰ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਕਈ ਪੱਖਾਂ ਜਿਵੇਂ ਪੜ੍ਹਾਈ, ਕਿਰਾਏ ਦੇ ਮਕਾਨ ਦੀ ਤਲਾਸ਼ ਅਤੇ ਹਰ ਰੋਜ਼ ਦੀ ਗੱਲਬਾਤ ਤੱਕ ਵਿੱਚ ਦਿਖਾਈ ਦਿੰਦਾ ਹੈ।

ਮੇਨਕਾ ਝਿਜਕਦੇ ਹੋਏ ਦੱਸਦੀ ਹੈ ਕਿ ਉਨ੍ਹਾਂ ਨੂੰ ਪਹਿਲੀ ਵਾਰ ਇਸ ਦਾ ਅਹਿਸਾਸ ਸਕੂਲ ਵਿੱਚ ਹੋਇਆ ਸੀ।

ਉਹ ਕਹਿੰਦੇ ਹਨ, "ਸਕੂਲ ਵਿੱਚ ਜੋ ਗੱਡੀ ਵਾਲਾ ਭਾਈ ਸੀ, ਉਹ ਸਕੂਲ ਦੇ ਬਾਹਰ ਖੜ੍ਹੇ ਹੋ ਕੇ ਜਦੋਂ ਬੱਚਿਆਂ ਨੂੰ ਬੁਲਾਉਂਦੇ ਸਨ ਕਿ ਫਲਾਣੇ ਪਿੰਡ ਦੇ ਬੱਚੇ ਜਲਦੀ ਆਓ, ਤਾਂ ਸੁਣਨ ਵਿੱਚ ਹੀ ਬਹੁਤ ਮਾੜਾ ਲੱਗਦਾ ਸੀ। ਉਸ ਵੇਲੇ ਤਾਂ ਅਜਿਹਾ ਲੱਗਦਾ ਸੀ ਜਿਵੇਂ ਕੋਈ ਗਾਲੀ ਦੇ ਰਿਹਾ ਹੋਵੇ।"

ਜਦੋਂ ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਲੋਕ ਉਨ੍ਹਾਂ ਦੇ ਪਿੰਡ ਦਾ ਨਾਮ ਸੁਣ ਕੇ ਕਿਸੇ ਤਰ੍ਹਾਂ ਦੀ ਰਾਏ ਬਣਾ ਲੈਂਦੇ ਹਨ ਜਾਂ ਉਨ੍ਹਾਂ ਨੂੰ ਜੱਜ ਕਰਦੇ ਹਨ, ਤਾਂ ਉਹ ਕਹਿੰਦੀ ਹੈ, "ਹਾਂ, ਜੱਜ ਤਾਂ ਕਰਦੇ ਹਨ। ਇਹ ਨਾਮ ਇੱਕ ਪਛਾਣ ਵਰਗਾ ਹੈ। ਪਿੰਡ ਦਾ ਨਾਮ ਹੀ ਇੱਕ ਤਰ੍ਹਾਂ ਦੀ ਪਛਾਣ ਬਣ ਜਾਂਦਾ ਹੈ।"

ਮੇਨਕਾ ਇਕੱਲੀ ਨਹੀਂ ਹੈ।

ਪਿੰਡ ਦੇ ਰਹਿਣ ਵਾਲੇ ਸੰਜੇ ਅਹਿਰਵਾਰ ਕਹਿੰਦੇ ਹਨ ਕਿ ਉਨ੍ਹਾਂ ਨੇ ਪਹਿਲੀ ਵਾਰ ਇਸ ਦਾ ਅਸਰ ਉਦੋਂ ਮਹਿਸੂਸ ਕੀਤਾ ਜਦੋਂ ਉਹ ਉੱਚ ਸਿੱਖਿਆ ਲਈ ਉੱਜੈਨ ਗਏ।

ਉਹ ਕਹਿੰਦੇ ਹਨ, "ਉੱਥੇ ਮੇਰੇ ਸਾਥੀਆਂ ਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੋਂ ਹਾਂ। ਮੈਂ ਦੱਸਿਆ ਕਿ ਮੈਂ ਛਤਰਪੁਰ ਤੋਂ ਹਾਂ। ਫਿਰ ਉਨ੍ਹਾਂ ਨੇ ਪੁੱਛਿਆ ਕਿ ਛਤਰਪੁਰ ਵਿੱਚ ਕਿੱਥੋਂ, ਤਾਂ ਮੈਂ ਕਿਹਾ ਕਿ ਬਗੌਤਾ ਤੋਂ ਹਾਂ। ਉਨ੍ਹਾਂ ਨੇ ਪੁੱਛਿਆ ਭਰਾ, ਕੀ ਇਹ ਤੁਹਾਡੇ ਪਿੰਡ ਦਾ ਨਾਮ ਹੈ? ਮੈਂ ਚੁੱਪ ਰਿਹਾ, ਪਰ ਉਸ ਤੋਂ ਬਾਅਦ ਮੈਂ ਅੱਗੇ ਨਹੀਂ ਦੱਸਿਆ ਕਿ ਮੈਂ ਕਿਸ ਪਿੰਡ ਤੋਂ ਹਾਂ।"

ਸੰਜੇ ਕਹਿੰਦੇ ਹਨ ਕਿ ਇਹ ਸਿਰਫ਼ ਇੱਕ ਘਟਨਾ ਨਹੀਂ ਸੀ।

ਕਿਸੇ ਨਵੇਂ ਵਿਅਕਤੀ ਨੂੰ ਆਪਣੀ ਕੀ ਪਛਾਣ ਦੱਸੀਏ?

ਸੰਜੇ ਦੇ ਗੁਆਂਢ ਵਿੱਚ ਰਹਿਣ ਵਾਲੇ ਪ੍ਰਵੇਸ਼ ਅਹਿਰਵਾਰ ਕਹਿੰਦੇ ਹਨ, "ਚਾਰ ਲੋਕਾਂ ਦੇ ਵਿਚਕਾਰ ਕੋਈ ਨਵਾਂ ਆਵੇ, ਪੁੱਛੇ ਕਿ ਕਿੱਥੋਂ ਹੋ। ਤਾਂ ਉਹ ਗੱਲ ਆ ਹੀ ਜਾਂਦੀ ਹੈ। ਮੈਂ ਨਾ ਵੀ ਦੱਸਾਂ ਤਾਂ ਸਾਹਮਣੇ ਵਾਲਾ ਦੱਸ ਦਿੰਦਾ ਹੈ ਕਿ ਫਲਾਣੇ ਪਿੰਡ ਤੋਂ ਹਨ। ਫਿਰ ਚੰਗਾ ਨਹੀਂ ਲੱਗਦਾ।"

ਉਨ੍ਹਾਂ ਲਈ ਰੋਜ਼ਾਨਾ ਦਾ ਇਹ ਆਮ ਸਵਾਲ ਸਿਰਫ਼ ਇੱਕ ਪਿੰਡ ਦੇ ਨਾਮ ਦਾ ਸਵਾਲ ਨਹੀਂ ਹੈ।

ਸੰਜੇ ਕਹਿੰਦੇ ਹਨ, "ਇਹ ਸਿਰਫ਼ ਨਾਮ ਨਹੀਂ ਹੈ, ਸਗੋਂ ਇੱਕ ਸਿੰਬਲ ਭਾਵ ਕਿ ਇੱਕ ਤਰ੍ਹਾਂ ਦੀ ਪਛਾਣ ਹੈ। ਜਾਤ ਨੂੰ ਗਾਲੀ ਵਜੋਂ ਵਰਤੀ ਜਾਣ ਵਾਲੀ ਪਛਾਣ। ਜਿਵੇਂ ਜੇ ਤੁਸੀਂ ਇਤਿਹਾਸ ਵੇਖੋ, ਤਾਂ ਚਮਾਰ ਸ਼ਬਦ ਨੂੰ ਗਾਲੀ ਵਜੋਂ ਵਰਤਿਆ ਜਾਂਦਾ ਸੀ, ਅੱਜ ਵੀ ਇਸ ਨੂੰ ਉਸੇ ਤਰ੍ਹਾਂ ਗਾਲੀ ਵਜੋਂ ਵਰਤਿਆ ਜਾਂਦਾ ਹੈ। ਤਾਂ ਸਾਡੇ ਅੰਦਰ ਇੱਕ ਅਹਿਸਾਸ ਆਉਂਦਾ ਹੈ ਕਿ ਸਾਹਮਣੇ ਵਾਲਾ ਸਾਨੂੰ ਗਾਲੀ ਦੇ ਰਿਹਾ ਹੈ।"

ਮੇਨਕਾ, ਪ੍ਰਵੇਸ਼ ਅਤੇ ਸੰਜੇ ਵਾਂਗ ਇਸ ਪਿੰਡ ਦੇ ਕਈ ਲੋਕਾਂ ਨੂੰ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੰਜੇ ਦੱਸਦੇ ਹਨ ਕਿ ਹੁਣ ਉਨ੍ਹਾਂ ਨੇ ਇਸ ਤੋਂ ਬਚਣ ਦਾ ਆਪਣਾ ਤਰੀਕਾ ਬਣਾ ਲਿਆ ਹੈ।

"ਇਸ ਦਾ ਕੋਈ ਪੱਕਾ ਹੱਲ ਤਾਂ ਨਹੀਂ ਹੈ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਪਹਿਲਾਂ ਆਪਣੇ ਜ਼ਿਲ੍ਹੇ ਦਾ ਨਾਮ ਦੱਸ ਦਿਆਂ। ਜੇ ਫਿਰ ਵੀ ਲੋਕ ਪੁੱਛਣ ਤਾਂ ਪੰਚਾਇਤ ਦਾ ਨਾਮ ਦੱਸ ਦਿੰਦਾ ਹਾਂ। ਜਿੰਨਾ ਹੋ ਸਕੇ, ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਪਿੰਡ ਦਾ ਨਾਮ ਨਾ ਆਵੇ।"

ਪ੍ਰਵੇਸ਼ ਅਹਿਰਵਾਰ ਵੀ ਕਹਿੰਦੇ ਹਨ ਕਿ ਪਿੰਡ ਦਾ ਨਾਮ ਸਾਹਮਣੇ ਆਉਂਦੇ ਹੀ ਲੋਕਾਂ ਦਾ ਰਵੱਈਆ ਬਦਲ ਜਾਣਾ ਅਸਾਧਾਰਣ ਨਹੀਂ ਹੈ।

'ਪਿੰਡ ਦਾ ਨਾਮ ਸੁਣ ਕੇ ਫੋਨ ਕੱਟ ਦਿੱਤਾ'

ਕਮਰਾ ਲੱਭਣ ਦੌਰਾਨ ਹੋਈ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਪ੍ਰਵੇਸ਼ ਕਹਿੰਦੇ ਹਨ, "ਜਿਵੇਂ ਹੀ ਮੈਂ ਆਪਣਾ ਨਾਮ ਦੱਸਿਆ, ਆਪਣੀ ਪਛਾਣ ਦਿੱਤੀ, ਆਪਣੇ ਪਿੰਡ ਦਾ ਨਾਮ ਦੱਸਿਆ, ਤੁਰੰਤ ਫੋਨ ਕੱਟ ਦਿੱਤਾ ਗਿਆ।"

ਜਦੋਂ ਅਸੀਂ ਪੁੱਛਿਆ ਕਿ ਕੀ ਇਹ ਤਜਰਬਾ ਉਨ੍ਹਾਂ ਨੂੰ ਕਈ ਵਾਰ ਹੋਇਆ ਹੈ ਤਾਂ ਉਹ ਕਹਿੰਦੇ ਹਨ, "ਹੁਣੇ ਤੁਹਾਡੇ ਸਾਹਮਣੇ ਕੁਝ ਲੋਕਾਂ ਨੂੰ ਫੋਨ ਕਰਦਾ ਹਾਂ, ਤੁਸੀਂ ਖ਼ੁਦ ਦੇਖ ਲਓ।"

ਇਸ ਤੋਂ ਬਾਅਦ ਪ੍ਰਵੇਸ਼ ਨੇ ਸਾਡੇ ਸਾਹਮਣੇ ਕਿਰਾਏ ਦੇ ਮਕਾਨ ਲਈ ਇੱਕ ਵਿਅਕਤੀ ਨੂੰ ਫੋਨ ਕੀਤਾ। ਗੱਲਬਾਤ ਆਮ ਤਰੀਕੇ ਨਾਲ ਸ਼ੁਰੂ ਹੋਈ।

ਦੂਜੇ ਪਾਸੇ ਮੌਜੂਦ ਵਿਅਕਤੀ ਨੇ ਉਨ੍ਹਾਂ ਨੂੰ ਅਗਲੇ ਦਿਨ ਆ ਕੇ ਕਮਰਾ ਵੇਖਣ ਲਈ ਕਿਹਾ।

ਪਰ ਕੁਝ ਦੇਰ ਬਾਅਦ ਜਦੋਂ ਪ੍ਰਵੇਸ਼ ਨੇ ਆਪਣੀ ਪਛਾਣ ਦੱਸੀ ਅਤੇ ਦੱਸਿਆ ਕਿ ਉਹ ਕਿਸ ਪਿੰਡ ਤੋਂ ਹਨ, ਤਾਂ ਫੋਨ ਕੱਟ ਗਿਆ।

ਪ੍ਰਵੇਸ਼ ਨੇ ਦੁਬਾਰਾ ਫੋਨ ਕੀਤਾ।

ਫਿਰ ਇੱਕ ਵਾਰ ਹੋਰ।

ਪਰ ਇਸ ਵਾਰ ਕਾਲ ਦਾ ਜਵਾਬ ਨਹੀਂ ਮਿਲਿਆ।

ਪ੍ਰਵੇਸ਼ ਦਾ ਕਹਿਣਾ ਹੈ ਕਿ ਕਈ ਵਾਰ ਲੋਕ ਸਿੱਧੇ ਤੌਰ 'ਤੇ ਕੁਝ ਨਹੀਂ ਕਹਿੰਦੇ, ਪਰ ਉਨ੍ਹਾਂ ਦਾ ਵਿਹਾਰ ਬਦਲ ਜਾਂਦਾ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਮੈਂ ਆਪਣਾ ਪੂਰਾ ਪਤਾ ਦੱਸਦਾ ਹਾਂ, ਤਾਂ ਸਾਹਮਣੇ ਵਾਲੇ ਵਿਅਕਤੀ ਦਾ ਵਿਹਾਰ ਬਦਲ ਜਾਂਦਾ ਹੈ। ਪਿੰਡ ਦਾ ਨਾਮ ਸੁਣਦੇ ਹੀ ਉਨ੍ਹਾਂ ਦੇ ਗੱਲ ਕਰਨ ਦਾ ਤਰੀਕਾ, ਵੇਖਣ ਦਾ ਨਜ਼ਰੀਆ ਅਤੇ ਸਮਝਣ ਦਾ ਢੰਗ ਸਭ ਵੱਖਰਾ ਹੋ ਜਾਂਦਾ ਹੈ। ਕਈ ਵਾਰ ਤਾਂ ਲੋਕ ਮੇਰੇ ਨਾਲ ਗੱਲ ਕਰਨੀ ਹੀ ਘੱਟ ਕਰ ਦਿੰਦੇ ਹਨ ਜਾਂ ਬਿਲਕੁਲ ਬੰਦ ਕਰ ਦਿੰਦੇ ਹਨ।"

ਇਹ ਸਮੱਸਿਆ ਸਿਰਫ਼ ਇੱਕ ਭਾਈਚਾਰੇ ਤੱਕ ਹੀ ਸੀਮਿਤ ਨਹੀਂ ਹੈ।

ਪਿੰਡ ਵਿੱਚ ਰਹਿਣ ਵਾਲੀ ਪ੍ਰਿਅੰਕਾ ਸਾਹੂ ਅਤੇ ਉਨ੍ਹਾਂ ਦੇ ਪਤੀ ਨੇ ਕਰੀਬ ਤਿੰਨ ਸਾਲ ਪਹਿਲਾਂ ਇੱਥੇ ਮਕਾਨ ਬਣਵਾਇਆ ਸੀ।

ਉਨ੍ਹਾਂ ਦੇ ਮਕਾਨ ਦੇ ਇੱਕ ਹਿੱਸੇ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਪ੍ਰਿਅੰਕਾ ਨੇ ਸ਼ਹਿਰ ਦੇ ਨੇੜੇ ਰਹਿਣ ਲਈ ਇੱਥੇ ਘਰ ਬਣਾਇਆ। ਪਰ ਉਹ ਕਹਿੰਦੀ ਹੈ ਕਿ ਪਿੰਡ ਦੇ ਨਾਮ ਨਾਲ ਜੁੜੀਆਂ ਧਾਰਨਾਵਾਂ ਉਨ੍ਹਾਂ ਦੇ ਵੀ ਹਰ ਰੋਜ਼ ਦੇ ਕੰਮਕਾਜ ਨੂੰ ਔਖਾ ਬਣਾਉਂਦੀਆਂ ਹਨ।

ਪ੍ਰਿਅੰਕਾ ਨੇ ਪਿੱਛੇ ਚੱਲ ਰਹੀਆਂ ਮਸ਼ੀਨਾਂ ਨੂੰ ਬੰਦ ਕਰਵਾਉਂਦੇ ਹੋਏ ਕਿਹਾ, "ਇੱਥੋਂ ਲਈ ਰਿਕਸ਼ਾ ਨਹੀਂ ਮਿਲਦਾ। ਜਾਂ ਤਾਂ ਤਲਾਬ ਦੇ ਕੋਲ ਛੱਡ ਦੇਣਗੇ ਜਾਂ ਫਿਰ ਸੜਕ 'ਤੇ। ਜੋ ਇੱਥੋਂ ਦੇ ਰਿਕਸ਼ੇ ਵਾਲੇ ਹਨ, ਉਹੀ ਇੱਥੇ ਆਉਂਦੇ ਹਨ। ਮੇਰਾ ਇਹ ਮੰਨਣਾ ਹੈ ਕਿ ਕਿਸੇ ਵਿਅਕਤੀ ਨੂੰ ਉਸ ਦੀ ਜਾਤ ਨਾਲ ਜੋੜ ਕੇ ਦੇਖਣਾ ਜਾਂ ਸੱਦਣਾ ਅਪਮਾਨਜਨਕ ਹੈ। ਪਰ ਸਾਨੂੰ ਹਰ ਰੋਜ਼ ਇਹੀ ਅਪਮਾਨ ਸਹਿਣਾ ਪੈਂਦਾ ਹੈ।"

ਇਸੇ ਪਿੰਡ ਤੋਂ ਕੁਝ ਦੂਰ ਰਹਿਣ ਵਾਲੇ ਰੁਦ੍ਰ ਪ੍ਰਤਾਪ ਸਿੰਘ ਦਾ ਵੀ ਮੰਨਣਾ ਹੈ ਕਿ ਅਜਿਹੇ ਨਾਮਾਂ ਨੂੰ ਬੋਲਣ ਜਾਂ ਦੱਸਣ ਵਿੱਚ ਦਿੱਕਤ ਹੁੰਦੀ ਹੈ।

ਉਨ੍ਹਾਂ ਨੇ ਕਿਹਾ, "ਜਾਤੀ-ਸੂਚਕ ਨਾਮ ਤਾਂ ਬਹੁਤ ਸਾਰੀਆਂ ਥਾਵਾਂ ਦੇ ਹਨ, ਜਿਵੇਂ ਚੌਬੇਪੁਰ ਕਾਲੋਨੀ। ਇਹ ਇੱਥੇ ਹੀ ਛਤਰਪੁਰ ਸ਼ਹਿਰ ਵਿੱਚ ਹੈ, ਸ਼ਾਇਦ ਇਸ ਨਾਮ ਨੂੰ ਲੈਣ ਨਾਲ ਕਿਸੇ ਨੂੰ ਅਪਮਾਨਜਨਕ ਮਹਿਸੂਸ ਨਾ ਹੋਵੇ। ਪਰ ਬਗੌਤਾ ਗ੍ਰਾਮ ਪੰਚਾਇਤ ਵਿੱਚ ਜੋ ਪਿੰਡ ਹੈ, ਉਸ ਦਾ ਨਾਮ ਲੈਣ ਵਿੱਚ ਉੱਥੋਂ ਦੇ ਲੋਕਾਂ ਨੂੰ ਵੀ ਮਾੜਾ ਲੱਗਦਾ ਹੈ ਅਤੇ ਸਾਨੂੰ ਵੀ।"

"ਇਸ ਦਾ ਨਾਮ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ ਅਤੇ ਅਜਿਹੇ ਨਾਮ ਜਿੱਥੇ-ਜਿੱਥੇ ਹਨ, ਉਹ ਸਾਰੇ ਬਦਲ ਦੇਣੇ ਚਾਹੀਦੇ ਹਨ। ਇਸ ਨਾਲ ਵਿਤਕਰਾ ਘੱਟ ਹੋਵੇਗਾ।"

ਪਿੰਡ ਦਾ ਨਾਮ ਲੈਣ ਵਿੱਚ ਬੇਚੈਨੀ ਹੁਣ ਪਿੰਡ ਦੇ ਬਜ਼ੁਰਗਾਂ ਨੂੰ ਵੀ ਹੁੰਦੀ ਹੈ, ਜਿਨ੍ਹਾਂ ਨੇ ਪਹਿਲਾਂ ਕਦੇ ਇਸ ਬਾਰੇ ਖ਼ਾਸ ਤੌਰ 'ਤੇ ਨਹੀਂ ਸੋਚਿਆ ਸੀ।

'ਪਹਿਲਾਂ ਇਸ ਬਾਰੇ ਸੋਚਿਆ ਨਹੀਂ, ਹੁਣ ਮਾੜਾ ਲੱਗਦਾ ਹੈ'

ਪਿੰਡ ਦੇ ਬਜ਼ੁਰਗਾਂ ਦੀ ਰਾਏ ਵੀ ਹਮੇਸ਼ਾ ਅਜਿਹੀ ਨਹੀਂ ਰਹੀ।

67 ਸਾਲਾ ਭੁੱਲੀ ਅਹਿਰਵਾਰ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਨੂੰ ਪਿੰਡ ਦੇ ਨਾਮ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ ਸੀ।

ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਪਹਿਲਾਂ ਵੀ ਇਹ ਨਾਮ ਉਨ੍ਹਾਂ ਨੂੰ ਬੇਚੈਨ ਕਰਦਾ ਸੀ। ਉਹ ਹੱਸਦੇ ਹੋਏ ਕਹਿੰਦੇ ਹਨ, "ਨਹੀਂ, ਨਹੀਂ... ਉਸ ਵੇਲੇ ਨਹੀਂ ਲੱਗਦਾ ਸੀ।"

ਫਿਰ ਕੁਝ ਦੇਰ ਰੁਕ ਕੇ ਕਹਿੰਦੇ ਹਨ, "ਪਹਿਲਾਂ ਤਾਂ ਅਜਿਹਾ ਹੀ ਹੁੰਦਾ ਸੀ। ਸਾਡੀ ਜਾਤ-ਬਰਾਦਰੀ ਦੇ ਆਧਾਰ 'ਤੇ ਇਹ ਨਾਮ ਰੱਖਿਆ ਗਿਆ। ਪਰ ਹੌਲੀ-ਹੌਲੀ ਲੋਕਾਂ ਨੂੰ ਸਮਝ ਆਈ। ਬੱਚੇ ਪੜ੍ਹਨ-ਲਿਖਣ ਲੱਗੇ ਤਾਂ ਉਨ੍ਹਾਂ ਨੂੰ ਮੁਸ਼ਕਲ ਹੋਣ ਲੱਗੀ। ਫਿਰ ਸਾਨੂੰ ਵੀ ਸਮਝ ਆਈ ਅਤੇ ਇਹ ਲੱਗਿਆ ਕਿ ਇਹ ਗਲਤ ਹੈ। ਪਿੰਡਾਂ ਦੇ ਨਾਮ ਅਜਿਹੇ ਨਹੀਂ ਹੋਣੇ ਚਾਹੀਦੇ।"

ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਨਾਮ ਬਹੁਤ ਪੁਰਾਣੇ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਹੜੀਆਂ ਹਾਲਾਤਾਂ ਵਿੱਚ ਰੱਖੇ ਗਏ ਸਨ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਕਿਸੇ ਨਾਮ ਨੂੰ ਦੱਸਣ ਵਿੱਚ ਲੋਕਾਂ ਨੂੰ ਬੇਚੈਨੀ ਮਹਿਸੂਸ ਹੁੰਦੀ ਹੈ ਤਾਂ ਉਸ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਇੱਕ ਸਥਾਨਕ ਨਿਵਾਸੀ ਕਹਿੰਦਾ ਹੈ, "ਇਹ ਨਾਮ ਅੱਜ ਦੇ ਨਹੀਂ ਹਨ, ਕਈ ਸਾਲਾਂ ਤੋਂ ਚੱਲੇ ਆ ਰਹੇ ਹਨ। ਪਰ ਜੇ ਕਿਤੇ ਦੱਸਣ ਵਿੱਚ ਮਾੜਾ ਲੱਗਦਾ ਹੈ, ਤਾਂ ਅਜਿਹੇ ਹੋਰ ਵੀ ਕਈ ਨਾਮ ਹਨ, ਉਨ੍ਹਾਂ ਨੂੰ ਸਮੇਂ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਹੈ।"

ਹਾਲਾਂਕਿ ਅਜਿਹੇ ਨਾਮ ਸਿਰਫ਼ ਇਸੇ ਪਿੰਡ ਤੱਕ ਸੀਮਤ ਨਹੀਂ ਹਨ।

ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਜੂਦ ਹਨ ਅਜਿਹੇ ਪਿੰਡ

ਦੇਸ਼ ਦੇ ਕਈ ਹਿੱਸਿਆਂ ਵਿੱਚ ਅਜਿਹੇ ਪਿੰਡ, ਸੜਕਾਂ ਅਤੇ ਬਸਤੀਆਂ ਮੌਜੂਦ ਹਨ ਜਿਨ੍ਹਾਂ ਦੇ ਨਾਮ ਜਾਤੀ-ਸੂਚਕ ਹਨ।

ਸਾਲ 2025 ਵਿੱਚ ਮਹਾਰਾਸ਼ਟਰ ਸਰਕਾਰ ਨੇ ਅਜਿਹੇ ਪਿੰਡਾਂ, ਸੜਕਾਂ ਅਤੇ ਰਿਹਾਇਸ਼ੀ ਬਸਤੀਆਂ ਦੇ ਨਾਮ ਬਦਲਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਅਜਿਹੇ ਨਾਮਾਂ ਦੀ ਥਾਂ ਲੋਕਤੰਤਰੀ ਕਦਰਾਂ-ਕੀਮਤਾਂ ਜਾਂ ਪ੍ਰਸਿੱਧ ਸ਼ਖ਼ਸੀਅਤਾਂ ਦੇ ਨਾਮ ਅਪਨਾਉਣ ਦੀ ਗੱਲ ਕਹੀ ਗਈ ਸੀ।

ਇਸੇ ਤਰ੍ਹਾਂ ਅਕਤੂਬਰ 2025 ਵਿੱਚ ਤਾਮਿਲਨਾਡੂ ਸਰਕਾਰ ਨੇ ਜਾਤੀ-ਸੂਚਕ ਜਾਂ ਵਿਤਕਰੇ ਵਾਲੇ ਮੰਨੇ ਜਾਣ ਵਾਲੇ ਨਾਮਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਬਦਲਣ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਤਾਮਿਲਨਾਡੂ ਸਰਕਾਰ ਨੇ ਕਿਹਾ ਕਿ ਅਜਿਹੇ ਨਾਵਾਂ ਵਾਲੀਆਂ ਸੜਕਾਂ, ਗਲੀਆਂ, ਰਿਹਾਇਸ਼ੀ ਇਲਾਕਿਆਂ, ਬੱਸ ਅੱਡਿਆਂ, ਬਾਜ਼ਾਰਾਂ, ਜਲ ਸਰੋਤਾਂ ਅਤੇ ਗ੍ਰਾਮ ਪੰਚਾਇਤਾਂ ਦੇ ਨਾਵਾਂ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ।

ਉੱਤਰ ਪ੍ਰਦੇਸ਼ ਵਿੱਚ ਵੀ ਇਹ ਮੁੱਦਾ ਸਿਆਸੀ ਪੱਧਰ 'ਤੇ ਉੱਠ ਚੁੱਕਿਆ ਹੈ। ਮਾਰਚ 2026 ਵਿੱਚ ਸੱਤਾਧਾਰੀ ਭਾਜਪਾ ਦੇ ਵਿਧਾਨ ਪਰਿਸ਼ਦ ਮੈਂਬਰ ਲਾਲਜੀ ਪ੍ਰਸਾਦ ਨਿਰਮਲ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰਕੇ ਅਜਿਹੇ ਪਿੰਡਾਂ ਅਤੇ ਕਸਬਿਆਂ ਦੀ ਸੂਚੀ ਸੌਂਪੀ ਸੀ, ਜਿਨ੍ਹਾਂ ਦੇ ਨਾਮ ਦਲਿਤ ਭਾਈਚਾਰਿਆਂ ਨਾਲ ਜੁੜੇ ਹਨ।

ਉਨ੍ਹਾਂ ਨੇ ਸਾਰੇ ਸੂਬੇ ਵਿੱਚ ਅਜਿਹੇ ਪਿੰਡਾਂ ਅਤੇ ਕਸਬਿਆਂ ਦੀ ਪਛਾਣ ਕਰਕੇ ਸੂਚੀ ਤਿਆਰ ਕਰਨ ਅਤੇ ਉਨ੍ਹਾਂ ਦੇ ਨਾਮ ਬਦਲਣ ਦੀ ਮੰਗ ਕੀਤੀ ਸੀ।

ਪਿੰਡ ਦਾ ਨਾਮ ਬਦਲਣ ਦੀ ਮੰਗ ਉੱਠੀ

ਛਤਰਪੁਰ ਦੇ ਇਸ ਪਿੰਡ ਦੇ ਲੋਕਾਂ ਨੇ ਵੀ ਕਈ ਵਾਰ ਨਾਮ ਬਦਲਣ ਦੀ ਮੰਗ ਉਠਾਈ ਹੈ।

ਪਿੰਡ ਵਾਸੀਆਂ ਅਨੁਸਾਰ, ਹਾਲੀਆ ਸਮੇਂ ਵਿੱਚ ਉਨ੍ਹਾਂ ਨੇ ਸਾਲ 2022 ਵਿੱਚ ਜ਼ਿਲ੍ਹਾ ਕਲੈਕਟਰ ਅਤੇ ਤਹਿਸੀਲਦਾਰ ਨੂੰ ਨਾਮ ਬਦਲਣ ਲਈ ਮੰਗ-ਪੱਤਰ ਸੌਂਪਿਆ ਸੀ। ਹਾਲਾਂਕਿ ਹੁਣ ਤੱਕ ਕੋਈ ਤਬਦੀਲੀ ਨਹੀਂ ਹੋਈ ਹੈ।

ਛਤਰਪੁਰ ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਮ੍ਹ ਸ਼ਿਵਾਯ ਅਰਜਰਿਆ ਕਹਿੰਦੇ ਹਨ ਕਿ ਜ਼ਿਲ੍ਹੇ ਵਿੱਚ ਅਜਿਹੇ ਕਈ ਪਿੰਡ ਹਨ ਜਿਨ੍ਹਾਂ ਦੇ ਨਾਮ ਜਾਤੀ-ਸੂਚਕ ਹਨ ਅਤੇ ਅਜਿਹੇ ਪਿੰਡਾਂ ਦੀ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਜਿਨ੍ਹਾਂ ਵੀ ਪਿੰਡਾਂ ਦੇ ਨਾਮ ਇਸ ਤਰ੍ਹਾਂ ਦੇ ਹੋਣਗੇ, ਉਨ੍ਹਾਂ ਨੂੰ ਸੂਚੀਬੱਧ ਕਰਵਾਇਆ ਜਾਵੇਗਾ। ਫਿਰ ਗ੍ਰਾਮ ਪੰਚਾਇਤ ਦੇ ਮਤੇ ਅਤੇ ਤੈਅ ਪ੍ਰਕਿਰਿਆ ਅਨੁਸਾਰ ਅੱਗੇ ਕਾਰਵਾਈ ਕੀਤੀ ਜਾਵੇਗੀ।"

ਇਲਾਕੇ ਦੇ ਜ਼ਿਲ੍ਹਾ ਕਲੈਕਟਰ ਪਾਰਥ ਜਾਇਸਵਾਲ ਨੇ ਵੀ ਇਸ ਗੱਲ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ, "ਅੱਜ ਦੇ ਦੌਰ ਵਿੱਚ ਵੀ ਅਜਿਹੇ ਨਾਮ ਹੋਣਾ ਢੁੱਕਵਾਂ ਨਹੀਂ ਹੈ। ਅਸੀਂ ਆਪਣੀ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਅਜਿਹੇ ਪਿੰਡਾਂ ਦੀ ਪਛਾਣ ਕਰਕੇ ਅਤੇ ਤੈਅ ਪ੍ਰਕਿਰਿਆ ਅਨੁਸਾਰ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਨਾਮ ਬਦਲੇ ਜਾਣ।"

ਪਰ ਸਵਾਲ ਇਹੀ ਹੈ ਕਿ ਕੀ ਪਿੰਡ ਦਾ ਨਾਮ ਬਦਲਣ ਨਾਲ ਸੱਚਮੁੱਚ ਕੁਝ ਬਦਲੇਗਾ?

ਸੰਜੇ ਨੂੰ ਅਜਿਹਾ ਲੱਗਦਾ ਹੈ। ਉਹ ਕਹਿੰਦੇ ਹਨ, "ਨਾਮ ਬਦਲ ਜਾਵੇਗਾ ਤਾਂ ਬਹੁਤ ਕੁਝ ਬਦਲੇਗਾ। ਲੋਕਾਂ ਦਾ ਨਜ਼ਰੀਆ ਬਦਲੇਗਾ। ਅੱਗੇ ਆਉਣ ਵਾਲੇ ਬੱਚੇ ਜਦੋਂ ਬਾਹਰ ਜਾਣਗੇ ਤਾਂ ਬਿਨਾਂ ਝਿਝਕ ਦੇ ਆਪਣੀ ਪਛਾਣ ਦੱਸ ਸਕਣਗੇ।"

ਮੇਨਕਾ ਨੂੰ ਵੀ ਇਹੀ ਉਮੀਦ ਹੈ।

ਉਹ ਕਹਿੰਦੀ ਹੈ, "ਸ਼ਾਇਦ ਫਿਰ, 'ਤੁਸੀਂ ਕਿੱਥੇ ਰਹਿੰਦੇ ਹੋ?' ਵਰਗੇ ਇੱਕ ਆਮ ਸਵਾਲ ਦਾ ਜਵਾਬ ਦੇਣ ਵਿੱਚ ਮੈਨੂੰ ਝਿਝਕ ਨਹੀਂ ਹੋਵੇਗੀ। ਮੈਂ ਖੁੱਲ੍ਹ ਕੇ ਆਪਣੀ ਪਛਾਣ ਦੱਸ ਸਕਾਂਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)