You’re viewing a text-only version of this website that uses less data. View the main version of the website including all images and videos.
'ਅਸੀਂ ਹੁਣ ਅਸਮਾਨ ਵੱਲ ਤੱਕਦੇ ਵੀ ਨਹੀਂ': ਏਅਰ ਇੰਡੀਆ ਹਾਦਸੇ ਦੇ ਉਹ ਪੀੜਤ ਜੋ ਜਹਾਜ਼ ਵਿੱਚ ਨਹੀਂ ਸਨ
- ਲੇਖਕ, ਜ਼ੋਆ ਮਤੀਨ
- ਰੋਲ, ਅਹਿਮਦਾਬਾਦ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਚੇਤਾਵਨੀ: ਇਸ ਰਿਪੋਰਟ 'ਚ ਅਜਿਹੇ ਵੇਰਵੇ ਹਨ ਜੋ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਸਵੇਰੇ ਉੱਠਦੇ ਹੀ ਪ੍ਰਹਲਾਦ ਠਾਕੁਰ ਸਭ ਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹਨ।
ਉਨ੍ਹਾਂ ਦੇ ਅਹਿਮਦਾਬਾਦ ਸਥਿਤ ਛੋਟੇ ਜਿਹੇ ਘਰ ਦੀ ਹਰੇ ਰੰਗ ਦੀ ਉਖੜ ਰਹੀ ਕੰਧ 'ਤੇ ਇਹ ਤਸਵੀਰਾਂ ਟੰਗੀਆਂ ਹੋਈਆਂ ਹਨ। ਇਨ੍ਹਾਂ ਦੇ ਨਾਲ ਧਾਰਮਿਕ ਚਿੰਨ੍ਹ, ਪਿੱਤਲ ਦੇ ਭਾਂਡੇ ਅਤੇ ਪਰਿਵਾਰ ਦੀਆਂ ਪੁਰਾਣੀਆਂ ਫਿੱਕੀਆਂ ਪਈਆਂ ਤਸਵੀਰਾਂ ਵੀ ਹਨ।
ਇੱਕ ਫ੍ਰੇਮ ਵਿੱਚ ਉਨ੍ਹਾਂ ਦੀ ਪਤਨੀ ਸਰਲਾਬੇਨ ਦੀ ਤਸਵੀਰ ਹੈ। ਦੂਜੇ ਵਿੱਚ ਉਨ੍ਹਾਂ ਦੀ ਪੋਤੀ ਆਧਿਆ ਦੀ ਤਸਵੀਰ ਹੈ ਜੋ ਸਫੇਦ ਰੰਗ ਦੀ ਡਰੈੱਸ ਵਿੱਚ ਮੁਸਕਾਉਂਦੀ ਹੋਈ ਨਜ਼ਰ ਆ ਰਹੀ ਹੈ।
ਦੋਵੇਂ ਪਿਛਲੇ ਸਾਲ ਜੂਨ ਵਿੱਚ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਕੰਪਲੈਕਸ ਵਿੱਚ ਸਨ, ਜੋ ਅਹਿਮਦਾਬਾਦ ਹਵਾਈ ਅੱਡੇ ਤੋਂ 2 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਹੈ, ਜਦੋਂ ਏਅਰ ਇੰਡੀਆ ਦਾ ਜਹਾਜ਼ ਇਸਦੀ ਇਮਾਰਤ ਨਾਲ ਟਕਰਾਇਆ ਸੀ।
ਇਸ ਹਾਦਸੇ ਵਿੱਚ 260 ਲੋਕ ਮਾਰੇ ਗਏ ਸਨ। ਜਿਨ੍ਹਾਂ ਵਿੱਚੋਂ 241 ਜਹਾਜ਼ 'ਤੇ ਸਵਾਰ ਸਨ ਅਤੇ ਸਰਲਾਬੇਨ ਅਤੇ ਆਧਿਆ ਜਾਨ ਗਵਾਉਣ ਵਾਲੇ ਉਨ੍ਹਾਂ 19 ਲੋਕਾਂ ਵਿੱਚ ਸ਼ਾਮਿਲ ਸਨ ਜਿਹੜੇ ਇਸ ਇਮਾਰਤ ਵਿੱਚ ਮੌਜੂਦ ਸਨ।
ਇੱਕ ਸਾਲ ਬਾਅਦ ਵੀ ਜ਼ਖਮ ਅੱਲ੍ਹੇ ਹਨ।
ਠਾਕੁਰ ਕਹਿੰਦੇ ਹਨ, "ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਜਦੋਂ ਮੈਂ ਉਨ੍ਹਾਂ ਦੀਆਂ ਤਸਵੀਰਾਂ ਵੇਖਦਾ ਹਾਂ ਤਾਂ ਮਨ ਭਰ ਆਉਂਦਾ ਹੈ।"
ਹਾਦਸੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਵੱਲੋਂ ਜਲਦ ਹੀ ਆਪਣੀ ਰਿਪੋਰਟ ਜਾਰੀ ਕੀਤੇ ਜਾਣ ਦੀ ਉਮੀਦ ਹੈ। ਪਿਛਲੇ ਇੱਕ ਸਾਲ ਦੌਰਾਨ ਜ਼ਿਆਦਾਤਰ ਧਿਆਨ ਲੰਡਨ ਜਾ ਰਹੀ ਉਸ ਉਡਾਣ ਦੇ ਯਾਤਰੀਆਂ ਅਤੇ ਜਹਾਜ਼ ਦੇ ਆਖ਼ਰੀ ਪਲਾਂ ਨਾਲ ਜੁੜੇ ਅਣਸੁਲਝੇ ਸਵਾਲਾਂ 'ਤੇ ਕੇਂਦਰਿਤ ਰਿਹਾ ਹੈ।
ਪਰ ਅਹਿਮਦਾਬਾਦ ਵਿੱਚ ਇੱਕ ਹੋਰ ਸਵਾਲ ਅਜੇ ਵੀ ਮੌਜੂਦ ਹੈ: ਜਦੋਂ ਕੋਈ ਭਿਆਨਕ ਤ੍ਰਾਸਦੀ ਕਿਸੇ ਥਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਤਾਂ ਉਸ ਥਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ 'ਤੇ ਉਸਦਾ ਕੀ ਅਸਰ ਪੈਂਦਾ ਹੈ ?
ਅਕਸਰ ਹਾਦਸੇ ਵਾਲੀਆਂ ਥਾਂਵਾਂ 'ਤੇ ਨਿਸ਼ਾਨ ਹੌਲੀ-ਹੌਲੀ ਮਿਟ ਜਾਂਦੇ ਹਨ ਪਰ ਬੀਜੇ ਮੈਡੀਕਲ ਕਾਲਜ ਵਿੱਚ ਗ਼ਮ ਇੱਕ ਪਰਮਾਨੈਂਟ ਰੈਜ਼ੀਡੈਂਟ (ਸਥਾਈ) ਬਣ ਗਿਆ ਹੈ।
ਇੱਕ ਸਾਲ ਬਾਅਦ ਵੀ ਜਹਾਜ਼ ਦੀ ਟੱਕਰ ਨਾਲ ਨੁਕਸਾਨਿਆ ਗਿਆ ਹੋਸਟਲ ਇੱਕ ਖੁੱਲ੍ਹੇ ਜ਼ਖ਼ਮ ਵਾਂਗ ਖੜ੍ਹਾ ਹੈ। ਇਸ ਦੀਆਂ ਨੁਕਸਾਨੀਆਂ ਹੋਈਆਂ ਉੱਪਰੀ ਮੰਜ਼ਿਲਾਂ ਅਸਮਾਨ ਵੱਲ ਝਾਕਦੀਆਂ ਹਨ, ਕੰਕਰੀਟ ਦੇ ਸਲੈਬ ਹੇਠਾਂ ਨੂੰ ਲਟਕੇ ਹੋਏ ਹਨ ਅਤੇ ਧੂੰਏਂ ਦੀ ਕਾਲੀ ਚੜ੍ਹੀ ਪਰਤ ਵਾਲੀਆਂ ਪੌੜੀਆਂ ਹਨ੍ਹੇਰੇ ਵਿੱਚ ਗੁੰਮ ਹੋ ਜਾਂਦੀਆਂ ਹਨ। ਕੰਧਾਂ 'ਤੇ ਕਾਲਖ ਦੇ ਨਿਸ਼ਾਨ ਹਨ, ਜਦਕਿ ਸੂਟਕੇਸ, ਕੱਪੜੇ ਅਤੇ ਹੋਰ ਸਮਾਨ ਅਜੇ ਵੀ ਧੂੜ, ਮਲਬੇ ਅਤੇ ਅਤੇ ਮੁੜ ਹੋਏ ਲੋਹੇ ਦੇ ਸਰੀਏ ਹੇਠ ਦੱਬੇ ਹੋਏ ਹਨ।
ਅਧਿਕਾਰੀਆਂ ਨੇ ਨੁਕਸਾਨੇ ਗਏ ਕੰਪਲੈਕਸ ਨੂੰ ਢਾਹ ਕੇ ਨਵਾਂ ਹੋਸਟਲ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਮੌਜੂਦਾ ਸਮੇਂ ਵਿੱਚ ਇਹ ਮਲਬਾ ਜਿਉਂ ਦਾ ਤਿਉਂ ਪਿਆ ਹੈ।
ਵਿਦਿਆਰਥੀ ਲੈਕਚਰ ਲਈ ਜਾਂਦੇ ਸਮੇਂ ਹਰ ਰੋਜ਼ ਇਸ ਹੋਸਟਲ ਨੇੜਿਓਂ ਲੰਘਦੇ ਹਨ ਅਤੇ ਹਰ ਕੁਝ ਮਿੰਟਾਂ ਬਾਅਦ ਉਨ੍ਹਾਂ ਨੂੰ ਅਸਮਾਨ 'ਚੋਂ ਗੁਜ਼ਰਦੇ ਜਹਾਜ਼ਾਂ ਦੀ ਗੜਗੜਾਹਟ ਸੁਣਾਈ ਦਿੰਦੀ ਹੈ। ਦਹਾਕਿਆਂ ਤੱਕ ਇਹ ਆਵਾਜ਼ ਸ਼ਹਿਰ ਦੇ ਰੋਜ਼ਮਰ੍ਹਾ ਦੇ ਟ੍ਰੈਫਿਕ ਅਤੇ ਹੋਰ ਆਵਾਜ਼ਾਂ ਨਾਲ ਰਲ-ਮਿਲ ਜਾਂਦੀ ਸੀ।
ਪਰ ਹਾਦਸੇ ਤੋਂ ਬਾਅਦ, ਠਾਕੁਰ ਕਹਿੰਦੇ ਹਨ ਕਿ ਇਸ ਆਵਾਜ਼ ਦਾ ਮਤਲਬ ਪੂਰੀ ਤਰ੍ਹਾਂ ਬਦਲ ਗਿਆ ਹੈ। ਉਹ ਕਹਿੰਦੇ ਹਨ, "ਜਦੋਂ ਵੀ ਕੋਈ ਜਹਾਜ਼ ਅਸਮਾਨ 'ਚੋਂ ਗੁਜ਼ਰਦਾ ਹੈ, ਸਾਨੂੰ ਉਹੀ ਦਰਦ ਮੁੜ ਮਹਿਸੂਸ ਹੁੰਦਾ ਹੈ। ਅਸੀਂ ਤਾਂ ਹੁਣ ਅਸਮਾਨ ਵੱਲ ਤੱਕਦੇ ਵੀ ਨਹੀਂ।"
ਪਿਛਲੇ 15 ਸਾਲਾਂ ਤੋਂ ਇਹ ਪਰਿਵਾਰ ਨਾਲ ਲੱਗਦੇ ਹਸਪਤਾਲਾਂ ਦੇ ਡਾਕਟਰਾਂ ਲਈ ਟਿਫ਼ਨ ਸੇਵਾ ਚਲਾਉਂਦਾ ਸੀ। ਉਹ ਖਾਣਾ ਪਕਾ ਕੇ ਮੈਡੀਕਲ ਕੈਂਪਸ ਵਿੱਚ ਪਹੁੰਚਾਉਂਦੇ ਸਨ। ਉਨ੍ਹਾਂ ਦੀ ਦੋ ਸਾਲਾ ਪੋਤੀ ਆਧਿਆ ਵੀ ਆਪਣਾ ਜ਼ਿਆਦਾਤਰ ਸਮਾਂ ਉੱਥੇ ਹੀ ਬਿਤਾਉਂਦੀ ਸੀ ਅਤੇ ਆਪਣੀ ਦਾਦੀ ਤੋਂ ਕਦੇ ਵੱਖ ਨਹੀਂ ਹੁੰਦੀ ਸੀ।
ਜਦੋਂ ਜਹਾਜ਼ ਕ੍ਰੈਸ਼ ਹੋਇਆ ਉਦੋਂ ਮੈੱਸ ਵਿੱਚ ਦੁਪਹਿਰ ਦਾ ਖਾਣਾ ਪਰੋਸਿਆ ਜਾ ਰਿਹਾ ਸੀ। ਸਰਲਾਬੇਨ ਉੱਥੇ ਕੰਮ ਕਰ ਰਹੇ ਸਨ। ਜਦੋਂ ਆਧਿਆ ਨੇ ਵਾਸ਼ਰੂਮ ਜਾਣਾ ਸੀ ਤਾਂ ਉਹ ਉਸਨੂੰ ਲੈਕੇ ਉੱਪਰਲੀ ਮੰਜ਼ਿਲ 'ਤੇ ਚਲੇ ਗਏ। ਕੁਝ ਹੀ ਪਲਾਂ ਬਾਅਦ ਜਹਾਜ਼ ਇਮਾਰਤ ਨਾਲ ਆ ਟਕਰਾਇਆ।
ਠਾਕੁਰ, ਜੋ ਉਸ ਵੇਲੇ ਕਿਸੇ ਹੋਰ ਇਮਾਰਤ ਵਿੱਚ ਕੰਮ ਕਰ ਰਹੇ ਸਨ, ਸਭ ਕੁਝ ਛੱਡ ਕੇ ਉਸ ਥਾਂ ਪਹੁੰਚੇ ਜਿੱਥੇ ਧੂੰਏਂ ਦਾ ਗੁੱਬਾਰ ਨਜ਼ਰ ਆ ਰਿਹਾ ਸੀ। ਅੱਜ ਉਨ੍ਹਾਂ ਨੂੰ ਪੂਰੇ ਘਟਨਾਕ੍ਰਮ ਦੇ ਕੁਝ-ਕੁਝ ਦ੍ਰਿਸ਼ ਯਾਦ ਹਨ- ਧਮਾਕਾ, ਤਪਸ਼, ਰਸੋਈ ਵਿੱਚ ਇੱਧਰ-ਉੱਧਰ ਪਏ ਗੈਸ ਸਿਲੰਡਰ ਅਤੇ ਇੱਕ- ਇੱਕ ਕਮਰੇ ਵਿੱਚ ਆਪਣੀ ਪਤਨੀ ਨੂੰ ਲੱਭਣ ਦੀ ਬੇਚੈਨ ਕੋਸ਼ਿਸ਼। ਉਹ ਵਾਰ-ਵਾਰ ਪੁਕਾਰ ਰਹੇ ਸਨ, "ਸਰਲਾ, ਸਰਲਾ।"
ਉਨ੍ਹਾਂ ਦੇ ਆਲੇ-ਦੁਆਲੇ ਕੁਝ ਲੋਕ ਮਲਬੇ ਵਿੱਚੋਂ ਜ਼ਿੰਦਾ ਬਾਹਰ ਨਿਕਲ ਰਹੇ ਸਨ, ਜਦਕਿ ਕਈ ਹੋਰ ਅੰਦਰ ਫਸੇ ਹੋਏ ਸਨ ਅਤੇ ਬਚਾਅ ਟੀਮਾਂ ਧੂੰਏਂ ਅਤੇ ਮਲਬੇ ਨਾਲ ਜੂਝਦੀਆਂ ਹੋਈਆਂ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਲਗਭਗ ਇੱਕ ਹਫ਼ਤੇ ਤੱਕ ਪਰਿਵਾਰ ਨੇ ਅਹਿਮਦਾਬਾਦ ਦੇ ਹਸਪਤਾਲਾਂ, ਵਾਰਡਾਂ ਅਤੇ ਰਾਹਤ ਕੈਂਪਾਂ ਵਿੱਚ ਉਨ੍ਹਾਂ ਦੀ ਭਾਲ ਕੀਤੀ। ਉਹ ਅਫ਼ਵਾਹਾਂ ਦੇ ਪਿੱਛੇ ਦੌੜਦੇ ਰਹੇ ਅਤੇ ਵਾਰ-ਵਾਰ ਇੱਕੋ ਸਵਾਲ ਪੁੱਛਦੇ ਰਹੇ। ਛੇ ਦਿਨ ਬਾਅਦ ਉਨ੍ਹਾਂ ਨੂੰ ਸਰਲਾਬੇਨ ਅਤੇ ਆਧਿਆ ਹਸਪਤਾਲ ਦੇ ਮੁਰਦਾ ਘਰ ਵਿੱਚ ਮਿਲੇ।
ਅੱਜ ਜਦੋਂ ਠਾਕੁਰ ਆਧਿਆ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਨੂੰ ਉਹ ਬਿਸਕੁਟ ਯਾਦ ਆਉਂਦੇ ਹਨ। ਜਦੋਂ ਵੀ ਉਹ ਬਿਸਕੁਟ ਲੈਕੇ ਘਰ ਆਉਂਦੇ ਸਨ ਤਾਂ ਆਧਿਆ ਦੌੜਦੀ ਹੋਈ ਉਨ੍ਹਾਂ ਕੋਲ ਆ ਜਾਂਦੀ ਸੀ।
ਜਦੋਂ ਉਹ ਆਪਣੀ ਪਤਨੀ ਸਰਲਾਬੇਨ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਨੂੰ ਇੱਕ ਅਜਿਹੀ ਔਰਤ ਦੀ ਯਾਦ ਆਉਂਦੀ ਹੈ ਜਿਸ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਦੂਜਿਆਂ ਲਈ ਖਾਣਾ ਪਕਾਉਣ ਅਤੇ ਪਰੋਸਨ 'ਚ ਗੁਜ਼ਾਰਿਆ। ਹਰ ਕੋਈ ਉਸ ਨਾਲ ਪਿਆਰ ਨਾਲ ਰਹਿੰਦਾ ਸੀ। ਉਹ ਬਹੁਤ ਚੰਗੇ ਸੁਭਾਅ ਦੀ ਔਰਤ ਸੀ।"
ਉਹ ਦ੍ਰਿਸ਼ ਅੱਜ ਵੀ ਡਰਾਉਂਦੇ ਹਨ...
ਜਦੋਂ ਠਾਕੁਰ ਧੂੰਏਂ ਦੇ ਗੁੱਬਾਰ ਵੱਲ ਦੌੜ ਰਹੇ ਸਨ, ਬਿਲਕੁੱਲ ਉਸ ਸਮੇਂ ਮੈਸ ਅੰਦਰ ਬੈਠੇ ਵਿਦਿਆਰਥੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਆਖ਼ਰ ਹੋਇਆ ਕੀ ਹੈ।
ਅਰਮਾਨ ਖ਼ਾਨ ਪਠਾਣ ਦੁਪਹਿਰ ਦੇ ਖਾਣਾ ਖਾਣ ਲਈ ਦੇਰੀ ਨਾਲ ਪੁੱਜੇ ਸਨ। ਉਨ੍ਹਾਂ ਦਾ ਸਭ ਤੋਂ ਚੰਗਾ ਦੋਸਤ ਆਦਿਤਿਆ ਦਿਆਲ ਉਨ੍ਹਾਂ ਤੋਂ ਵੀ ਕੁਝ ਮਿੰਟ ਬਾਅਦ ਆਇਆ।
ਇਹ ਕੁਝ ਮਿੰਟਾਂ ਦਾ ਫ਼ਰਕ ਹਾਦਸੇ ਬਾਰੇ ਉਨ੍ਹਾਂ ਦੇ ਤਜ਼ਰਬਿਆਂ ਨੂੰ ਅੱਡ ਕਰ ਗਿਆ, ਪਰ ਉਸ ਦਿਨ ਦੀਆਂ ਯਾਦਾਂ ਨੂੰ ਨਹੀਂ।
ਅਰਮਾਨ ਅਜੇ ਖਾਣਾ ਖਾਣ ਲਈ ਬੈਠੇ ਹੀ ਸਨ ਕਿ ਇੱਕ ਕੰਨ-ਪਾੜ ਦੇਣ ਵਾਲੀ ਆਵਾਜ਼ ਗੂੰਜੀ। ਕੁਝ ਹੀ ਪਲਾਂ ਵਿੱਚ ਇਮਾਰਤ ਦਾ ਇੱਕ ਹਿੱਸਾ ਉਸ ਦੇ ਆਲੇ-ਦੁਆਲੇ ਢਹਿ ਗਿਆ ਅਤੇ ਉਸ ਦੇ ਪੈਰ ਮੇਜ਼ ਹੇਠਾਂ ਦੱਬ ਗਏ।
ਗੈਸ ਸਿਲੰਡਰਾਂ ਵਿੱਚ ਧਮਾਕੇ ਹੋ ਰਹੇ ਸਨ ਅਤੇ ਪੂਰਾ ਕਮਰਾ ਧੂੜ ਅਤੇ ਧੂੰਏਂ ਨਾਲ ਭਰ ਗਿਆ ਸੀ। ਵਾਰ-ਵਾਰ ਹੋ ਰਹੇ ਧਮਾਕਿਆਂ ਕਾਰਨ ਬਚਾਅ ਕਰਮੀਆਂ ਨੂੰ ਪਿੱਛੇ ਹਟਣਾ ਪਿਆ।
ਮਲਬੇ ਵਿੱਚ ਫਸੇ ਹੋਏ ਅਤੇ ਸਾਹ ਲੈਣ ਲਈ ਸੰਘਰਸ਼ ਕਰਦੇ ਅਰਮਾਨ ਨੇ ਆਪਣੇ ਨੰਗੇ ਹੱਥ ਨਾਲ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ।
ਉਹ ਯਾਦ ਕਰਦੇ ਹੋਏ ਦੱਸਦੇ ਹਨ, "ਚਾਰੇ ਪਾਸੇ ਘੁੱਪ ਹਨ੍ਹੇਰਾ ਸੀ। ਮੇਰਾ ਦਮ ਘੁੱਟ ਰਿਹਾ ਸੀ।"
ਜਦੋਂ ਬਚਾਅ ਕਰਮੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਉਦੋਂ ਤੱਕ ਆਦਿਤਿਆ ਮੌਕੇ 'ਤੇ ਪਹੁੰਚ ਚੁੱਕੇ ਸਨ।
ਉਨ੍ਹਾਂ ਨੂੰ ਯਾਦ ਹੈ ਕਿ ਉਹ ਇਮਾਰਤ ਜਿੱਥੇ ਉਹ ਅਤੇ ਉਨ੍ਹਾਂ ਦੇ ਦੋਸਤ ਰੋਜ਼ਾਨਾ ਖਾਣਾ ਖਾਂਦੇ ਸਨ ਉਹ ਪੂਰੀ ਤਰ੍ਹਾਂ ਧੂੰਏਂ ਨਾਲ ਘਿਰੀ ਹੋਈ ਸੀ।
ਵਿਦਿਆਰਥੀ ਇਧਰ-ਉਧੜ ਭੱਜ ਰਹੇ ਸਨ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਆਖ਼ਰ ਵਾਪਰਿਆ ਕੀ ਹੈ। ਆਦਿਤਿਆ ਨੇ ਹੋਰਾਂ ਨਾਲ ਮਿਲ ਕੇ ਅਰਮਾਨ ਨੂੰ ਇੱਕ ਗੱਦੇ 'ਤੇ ਲਿਟਾ ਕੇ ਐਂਬੂਲੈਂਸ ਤੱਕ ਪਹੁੰਚਾਇਆ।
ਇੱਕ ਸਾਲ ਬਾਅਦ ਵੀ, ਆਪਣੇ ਹੋਸਟਲ ਦੇ ਕਮਰੇ ਵਿੱਚ ਬੈਠੇ ਇਹ ਦੋਵੇਂ ਦੋਸਤ ਉਸ ਦੁਪਹਿਰ ਲਿਆਂਦੀਆਂ ਗਈਆਂ ਲਾਸ਼ਾਂ ਨੂੰ ਨਹੀਂ ਭੁੱਲੇ। ਸਿਖਲਾਈ ਹਾਸਲ ਕਰ ਰਹੇ ਡਾਕਟਰ ਹੋਣ ਦੇ ਨਾਤੇ ਉਹ ਮੌਤ ਤੋਂ ਅਣਜਾਣ ਨਹੀਂ ਸਨ, ਪਰ ਇਸ ਤਰ੍ਹਾਂ ਦੇ ਦ੍ਰਿਸ਼ ਲਈ ਕੁਝ ਵੀ ਉਨ੍ਹਾਂ ਨੂੰ ਤਿਆਰ ਨਹੀਂ ਕਰ ਸਕਿਆ ਸੀ।
ਕਈ ਮ੍ਰਿਤਕਾਂ ਦੇ ਸਰੀਰ ਇੰਨੀ ਬੁਰੀ ਤਰ੍ਹਾਂ ਸੜ ਚੁੱਕੇ ਸਨ ਕਿ ਉਨ੍ਹਾਂ ਦੀ ਪਛਾਣ ਕਰਨੀ ਵੀ ਮੁਸ਼ਕਲ ਸੀ। ਆਦਿਤਿਆ ਕਹਿੰਦੇ ਹਨ ਕਿ ਉਸ ਦਿਨ ਦੀ ਗੰਧ ਉਨ੍ਹਾਂ ਦੇ ਨਾਲ ਲੰਬੇ ਸਮੇਂ ਤੱਕ ਰਹੀ ਅਤੇ ਅੱਜ ਵੀ ਕਈ ਵਾਰ ਅਚਾਨਕ ਯਾਦ ਆ ਜਾਂਦੀ ਹੈ।
ਉਹ ਕਹਿੰਦੇ ਹਨ, "ਮੈਨੂੰ ਕਈ ਵਾਰ ਉਲਟੀ ਵਾਂਗ ਮਹਿਸੂਸ ਹੁੰਦਾ ਸੀ।"
'ਇਮਾਰਤ ਨੇੜਿਓਂ ਲੰਘਦੇ ਪਰ ਦੇਖਦੇ ਨਹੀਂ'
ਗੱਲਬਾਤ ਹੌਲੀ-ਹੌਲੀ ਉਨ੍ਹਾਂ ਦੋਸਤਾਂ ਤੱਕ ਪਹੁੰਚੀ, ਜਿਨ੍ਹਾਂ ਨੂੰ ਉਹ ਇਸ ਹਾਦਸੇ ਵਿੱਚ ਗੁਆ ਬੈਠੇ ਸਨ। ਅਰਮਾਨ ਆਪਣੇ ਇੱਕ ਸਹਿਪਾਠੀ ਦਾ ਜ਼ਿਕਰ ਕਰਦੇ ਹਨ ਜੋ ਕਈ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਜਿਸ 'ਤੇ ਉਸ ਦੇ ਪਰਿਵਾਰ ਨੇ ਆਪਣੀਆਂ ਸਾਰੀਆਂ ਉਮੀਦਾਂ ਟਿਕਾਈਆਂ ਹੋਈਆਂ ਸਨ। ਹੋਰ ਬਹੁਤਿਆਂ ਵਾਂਗ, ਉਸ ਨੇ ਵੀ ਆਪਣਾ ਭਵਿੱਖ ਬਣਾਉਣ ਲਈ ਸਾਲਾਂ ਮਿਹਨਤ ਕੀਤੀ ਸੀ, ਪਰ ਉਹ ਭਵਿੱਖ ਕੁਝ ਹੀ ਸੈਕਿੰਡਾਂ ਵਿੱਚ ਖਤਮ ਹੋ ਗਿਆ।
ਕੁਝ ਹੋਰਾਂ ਲਈ ਇਹ ਹਾਦਸਾ ਵੱਖ-ਵੱਖ ਹੋਰ ਯਾਦਾਂ ਦੇ ਰੂਪ ਵਿੱਚ ਜ਼ਿੰਦਾ ਹੈ।
ਬ੍ਰਿਜੇਸ਼, ਜੋ ਆਪਣੇ ਦੋ ਦੋਸਤਾਂ ਨਾਲ ਸਕੂਟਰ 'ਤੇ ਮੈਸ ਵੱਲ ਜਾ ਰਹੇ ਸਨ, ਜਦੋਂ ਇਹ ਜਹਾਜ਼ ਡਿੱਗਿਆ। ਅਜੇ ਵੀ ਉਹ ਆਪਣੀਆਂ ਸੱਟਾਂ ਲਈ ਫਿਜ਼ਿਓਥੈਰੇਪੀ ਕਰਵਾ ਰਹੇ ਹਨ। ਅਹਿਮਦਾਬਾਦ ਦੀ ਗਰਮੀ ਵਿੱਚ ਵੀ ਉਹ ਖ਼ਾਸ ਦਬਾਅ ਵਾਲੇ ਕੱਪੜੇ ਪਹਿਨਦੇ ਹਨ ਅਤੇ ਕਿਤਾਬਾਂ ਦੇ ਪੰਨੇ ਪਲਟਣ ਵਿੱਚ ਵੀ ਉਨ੍ਹਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ।
ਉਹ ਕਹਿੰਦੇ ਹਨ, "ਜੋ ਹੋਣਾ ਸੀ, ਹੋ ਗਿਆ। ਹੁਣ ਕੀ ਕੀਤਾ ਜਾ ਸਕਦਾ ਹੈ?"
ਕਈ ਵਾਰ ਉਹ ਉਸ ਮਲਬਾ ਬਣ ਚੁੱਕੀ ਇਮਾਰਤ ਕੋਲੋਂ ਲੰਘਦੇ ਹਨ। ਬਹੁਤ ਸਾਰੇ ਵਿਦਿਆਰਥੀਆਂ ਵਾਂਗ ਉਨ੍ਹਾਂ ਨੇ ਵੀ ਉਸ ਵੱਲ ਨਾ ਦੇਖਣ ਦੀ ਆਦਤ ਬਣਾ ਲਈ ਹੈ ਜਿਵੇਂ ਇਮਾਰਤ ਨੂੰ ਅਣਡਿੱਠਾ ਕਰਨ ਨਾਲ ਉਹ ਗਾਇਬ ਹੋ ਜਾਵੇਗੀ।
ਪਰ ਕਾਲਜ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਕੋਲ ਇਹ ਬਦਲ ਨਹੀਂ।
ਹਾਦਸੇ ਵਾਲੀ ਦੁਪਹਿਰ ਵਿਜੇ ਆਪਣੇ ਘਰ ਵਿੱਚ ਸਨ, ਜੋ ਘਟਨਾ ਸਥਾਨ ਤੋਂ ਲਗਭਗ 200 ਮੀਟਰ ਦੂਰ ਸੀ, ਜਦੋਂ ਉਨ੍ਹਾਂ ਨੇ ਇੱਕ ਧਮਾਕਾ ਸੁਣਿਆ। ਉਹ ਤੁਰੰਤ ਆਪਣੀ ਮੋਟਰਸਾਈਕਲ 'ਤੇ ਬੈਠੇ ਅਤੇ ਆਵਾਜ਼ ਦੀ ਦਿਸ਼ਾ ਵੱਲ ਜਾਣ ਲੱਗੇ।
ਜਦੋਂ ਉਹ ਉੱਥੇ ਪਹੁੰਚੇ, ਜਹਾਜ਼ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਅਤੇ ਅੱਗ ਇਮਾਰਤਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਸੀ। ਕਈ ਘੰਟਿਆਂ ਤੱਕ ਸਾਰਾ ਇਲਾਕਾ ਇੱਕ ਬਚਾਅ ਖੇਤਰ ਬਣ ਗਿਆ। ਸਥਾਨਕ ਲੋਕ ਅੱਗ ਬੁਝਾਉਣ ਵਾਲੇ ਕਰਮਚਾਰੀਆਂ, ਫੌਜੀਆਂ ਅਤੇ ਐਮਰਜੈਂਸੀ ਟੀਮਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ—ਕੋਈ ਕੰਬਲ ਅਤੇ ਪਾਣੀ ਲਿਆ ਰਿਹਾ ਸੀ, ਕੋਈ ਮ੍ਰਿਤਕਾਂ ਦੇ ਸਰੀਰ ਢੱਕ ਰਿਹਾ ਸੀ ਅਤੇ ਕੋਈ ਜ਼ਖ਼ਮੀਆਂ ਦੀ ਮਦਦ ਕਰ ਰਿਹਾ ਸੀ।
ਉਹ ਦ੍ਰਿਸ਼ ਅੱਜ ਵੀ ਉਨ੍ਹਾਂ ਨੂੰ ਡਰਾਉਂਦੇ ਹਨ।
ਵਿਜੇ ਕਹਿੰਦੇ ਹਨ, "ਮੈਂ ਜਿੱਥੇ ਵੀ ਦੇਖਦਾ ਹਾਂ, ਮੈਨੂੰ ਅੱਗ ਹੀ ਦਿਖਾਈ ਦਿੰਦੀ ਹੈ। ਕਿਸੇ ਦਾ ਸਿਰ, ਕਿਸੇ ਦੇ ਹੱਥ..."
ਅਗਲੇ ਕੁਝ ਹਫ਼ਤਿਆਂ ਵਿੱਚ ਸ਼ਹਿਰ ਦਾ ਧਿਆਨ ਹੌਲੀ-ਹੌਲੀ ਹੋਰ ਪਾਸੇ ਚਲਾ ਗਿਆ। ਐਂਬੂਲੈਂਸ ਵਾਪਸ ਚਲੀਆਂ ਗਈਆਂ। ਟੈਲੀਵਿਜ਼ਨ ਕਰੂ ਵੀ ਚਲੇ ਗਏ। ਕੈਂਪਸ ਨੂੰ ਘੇਰਨ ਵਾਲੀ ਤੁਰੰਤ ਕਾਰਵਾਈ ਦੀ ਲੋੜ ਖਤਮ ਹੋ ਗਈ ਅਤੇ ਉਸ ਦੀ ਥਾਂ ਹਾਦਸੇ ਦੇ ਲੰਬੇ ਅਸਰਾਂ ਨਾਲ ਨਜਿੱਠਣ ਦੀ ਔਖੀ ਜ਼ਿੰਮੇਵਾਰੀ ਨੇ ਲੈ ਲਈ।
ਪਰ ਬੀਜੇ ਮੈਡੀਕਲ ਕਾਲਜ ਵਿੱਚ ਜ਼ਿੰਦਗੀ ਨੂੰ ਮੁੜ ਪਟੜੀ 'ਤੇ ਲਿਆਉਣਾ ਹੀ ਸੀ।
ਇਸ ਇਸ ਬੋਝ ਦਾ ਅਹਿਮ ਹਿੱਸਾ ਕਾਲਜ ਦੀ ਡੀਨ ਮੀਨਾਕਸ਼ੀ ਪਾਰਿਖ ਦੇ ਮੋਢਿਆਂ 'ਤੇ ਸੀ। ਉਨ੍ਹਾਂ ਨੂੰ ਮੁੜ ਇਸ ਮੈਡੀਕਲ ਕਾਲਜ ਨੂੰ ਲੀਹਾਂ 'ਤੇ ਲਿਆਉਣ ਦੀ ਜ਼ਿੰਮੇਵਾਰੀ ਸੀ ਜੋ ਡੂੰਘੇ ਸੋਗ ਵਿੱਚ ਡੁੱਬਿਆ ਹੋਇਆ ਸੀ।
ਉਸ ਸਮੇਂ ਨੂੰ ਯਾਦ ਕਰਦਿਆਂ ਮੀਨਾਕਸ਼ੀ ਕਹਿੰਦੇ ਹਨ ਕਿ ਇਹ ਇੱਕ ਨਹੀਂ, ਸਗੋਂ ਕਈ ਤ੍ਰਾਸਦੀਆਂ ਦਾ ਸੁਮੇਲ ਸੀ—ਆਪਣੇ ਬੱਚਿਆਂ ਨੂੰ ਲੱਭਦੇ ਮਾਪੇ, ਜ਼ਖਮਾਂ ਦੀ ਤਾਬ ਝੱਲਣ ਦੀ ਕੋਸ਼ਿਸ਼ ਕਰਦੇ ਵਿਦਿਆਰਥੀ, ਡੀਐਨਏ ਦੇ ਨਤੀਜਿਆਂ ਦਾ ਇੰਤਜ਼ਾਰ ਕਰਦੇ ਕਰਦੇ ਥੱਕ ਚੁੱਕੇ ਪਰਿਵਾਰ ਅਤੇ ਸਟਾਫ ਮੈਂਬਰ।
ਉਹ ਕਹਿੰਦੇ ਹਨ, "ਮੇਰੇ ਮਨ ਦਾ ਇੱਕ ਹਿੱਸਾ ਉਨ੍ਹਾਂ ਕੰਮਾਂ ਵਿੱਚ ਰੁੱਝਿਆ ਹੋਇਆ ਸੀ ਜੋ ਕਰਨੇ ਜ਼ਰੂਰੀ ਸਨ। ਦੂਜਾ ਹਿੱਸਾ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਆਖ਼ਰ ਇਹ ਸਭ ਕੀ ਵਾਪਰ ਗਿਆ।"
ਇੱਕ ਗੱਲਬਾਤ ਅੱਜ ਵੀ ਉਨ੍ਹਾਂ ਦੇ ਮਨ ਵਿੱਚ ਤਾਜ਼ਾ ਹੈ।
ਇੱਕ ਵਿਅਕਤੀ, ਜਿਸ ਨੇ ਆਪਣੇ ਪੁੱਤਰ, ਨੂੰਹ ਅਤੇ ਪੋਤੀ ਨੂੰ ਗੁਆ ਦਿੱਤਾ ਸੀ, ਆਪਣੇ ਪਰਿਵਾਰਕ ਮੈਂਬਰਾਂ ਦੇ ਸਰੀਰ ਦੇਖੇ ਬਿਨਾਂ ਉੱਥੋਂ ਜਾਣ ਲਈ ਰਾਜ਼ੀ ਨਹੀਂ ਸੀ। ਅਧਿਕਾਰੀਆਂ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਲਈ ਡੀਐਨਏ ਜਾਂਚ ਲਾਜ਼ਮੀ ਹੈ।
ਉਸ ਨੇ ਅਧਿਕਾਰੀਆਂ ਨੂੰ ਕਿਹਾ, "ਮੇਰੀਆਂ ਨਜ਼ਰਾਂ ਹੀ ਡੀਐਨਏ ਟੈਸਟ ਹਨ। ਮੇਰਾ ਪਰਿਵਾਰ ਭਾਵੇਂ ਕਿਸੇ ਵੀ ਹਾਲਤ ਵਿੱਚ ਹੋਵੇ ਮੈਂ ਉਨ੍ਹਾਂ ਨੂੰ ਪਛਾਣ ਲਵਾਂਗਾ।"
ਇਹ ਘਟਨਾ ਯਾਦ ਕਰਦਿਆਂ ਮੀਨਾਕਸ਼ੀ ਪਾਰਿਖ਼ ਕੁਝ ਪਲਾਂ ਲਈ ਸ਼ਾਂਤ ਹੋ ਜਾਂਦੇ ਹਨ।
ਉਹ ਕਹਿੰਦੇ ਹਨ, "ਮੈਂ ਸਮਝ ਸਕਦੀ ਸੀ ਕਿ ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰ ਰਿਹਾ ਸੀ।"
'ਉਹ ਮੰਜ਼ਰ ਭੁੱਲਦਾ ਨਹੀਂ...'
ਸਮੇਂ ਦੇ ਨਾਲ ਕਾਲਜ ਦੀ ਜ਼ਿੰਦਗੀ ਮੁੜ ਆਪਣੀ ਰਫ਼ਤਾਰ ਵਿੱਚ ਆ ਗਈ। ਕਲਾਸਾਂ ਦੁਬਾਰਾ ਸ਼ੁਰੂ ਹੋ ਗਈਆਂ, ਪ੍ਰੀਖਿਆਵਾਂ ਹੋਈਆਂ ਅਤੇ ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ।
12 ਜੂਨ ਨੂੰ ਹਾਦਸੇ ਦੀ ਪਹਿਲੀ ਬਰਸੀ ਮੌਕੇ ਕਾਲਜ ਵੱਲੋਂ ਇੱਕ ਅਰਦਾਸ ਸਮਾਗਮ, ਖੂਨਦਾਨ ਕੈਂਪ ਅਤੇ ਮ੍ਰਿਤਕਾਂ ਦੀ ਯਾਦ ਵਿੱਚ ਰੁੱਖ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਰ ਪਾਰਿਖ਼ ਕਹਿੰਦੇ ਹਨ ਕਿ ਅੱਗੇ ਵਧਣਾ ਅਤੇ ਸਭ ਕੁਝ ਭੁਲਾ ਦੇਣਾ, ਇੱਕੋ ਗੱਲ ਨਹੀਂ ਹੁੰਦੀ।
ਉਹ ਕਹਿੰਦੇ ਹਨ, "ਅਜਿਹਾ ਕੋਈ ਇੱਕ ਪਲ ਨਹੀਂ ਸੀ ਜਦੋਂ ਮੈਨੂੰ ਲੱਗਿਆ ਹੋਵੇ ਕਿ ਮੈਂ ਇਸ ਤ੍ਰਾਸਦੀ ਨੂੰ ਪੂਰੀ ਤਰ੍ਹਾਂ ਸਮਝ ਲਿਆ ਜਾਂ ਸਵੀਕਾਰ ਕਰ ਲਿਆ ਹੈ। ਇਹ ਹੌਲੀ-ਹੌਲੀ ਜ਼ਿੰਦਗੀ ਮੁੜ ਲੀਹਾਂ 'ਤੇ ਵਾਪਸ ਲਿਆਉਣ ਦੀ ਇੱਕ ਲੰਬੀ ਪ੍ਰਕਿਰਿਆ ਸੀ।"
ਆਪਣੇ ਘਰ ਵਿੱਚ ਬੈਠੇ ਠਾਕੁਰ ਵੀ ਇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਹ ਆਪਣਾ ਮੋਬਾਈਲ ਫ਼ੋਨ ਚੁੱਕਦੇ ਹਨ। ਉਸ ਵਿੱਚ ਇੱਕ ਵੀਡੀਓ ਹੈ ਜੋ ਉਹ ਅਕਸਰ ਵੇਖਦੇ ਹਨ। ਇਹ ਵੀਡੀਓ ਹਾਦਸੇ ਤੋਂ ਇੱਕ ਦਿਨ ਪਹਿਲਾਂ ਰਿਕਾਰਡ ਕੀਤੀ ਗਈ ਸੀ।
ਵੀਡੀਓ ਵਿੱਚ ਛੋਟੀ ਆਧਿਆ ਬੜੇ ਪਿਆਰ ਨਾਲ ਆਪਣੀ ਦਾਦੀ ਦੇ ਮੂੰਹ ਵਿੱਚ ਬੁਰਕੀ ਪਾ ਰਹੀ ਹੈ। ਸਰਲਾਬੇਨ ਦੇ ਚਿਹਰੇ 'ਤੇ ਮੁਸਕਾਨ ਹੈ।
ਬਾਹਰ ਅਹਿਮਦਾਬਾਦ ਦੇ ਅਸਮਾਨ ਵਿੱਚ ਇੱਕ ਹੋਰ ਜਹਾਜ਼ ਉੱਡਦਾ ਹੋਇਆ ਲੰਘ ਜਾਂਦਾ ਹੈ।
ਪਰ ਠਾਕੁਰ ਅਸਮਾਨ ਵੱਲ ਨਹੀਂ ਵੇਖਦੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ