You’re viewing a text-only version of this website that uses less data. View the main version of the website including all images and videos.
ਵਿੱਕੀ ਮਿੱਡੂਖੇੜਾ ਕਤਲ ਕੇਸ: 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ, ਭਰਾ ਨੇ ਕਿਹਾ, 'ਅਜੇ ਨਿਆਂ ਹੋਣ ਵਾਲਾ ਹੈ, ਹੋਇਆ ਨਹੀਂ'
- ਲੇਖਕ, ਮਯੰਕ ਮੋਂਗੀਆ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਮੋਹਾਲੀ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਯੂਥ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਦੋਸ਼ੀਆਂ ਵਿੱਚ ਅਜੈ ਉਰਫ਼ ਸੰਨੀ ਉਰਫ਼ ਲੈਫਟੀ, ਸੱਜਣ ਉਰਫ਼ ਭੋਲੂ ਅਤੇ ਅਨਿਲ ਲਾਠ ਸ਼ਾਮਲ ਹਨ। ਇਹ ਸਾਰੇ ਕਥਿਤ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਬੰਬੀਹਾ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ।
ਉਮਰ ਕੈਦ ਦੇ ਨਾਲ ਨਾਲ ਦੋਸ਼ੀਆਂ ਨੂੰ 2-2 ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ।
ਇਸ ਕਤਲ ਕੇਸ ਵਿਚ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਗੈਂਗਸਟਰ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਬਰੀ ਕਰ ਦਿੱਤਾ ਸੀ।
7 ਅਗਸਤ 2021ਨੂੰ ਸੈਕਟਰ 71 ਦੀ ਮਾਰਕੀਟ ਵਿੱਚ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਗਿਆ ਸੀ।
ਪੁਲਿਸ ਮੁਤਾਬਕ ਵਿੱਕੀ ਮਿੱਡੂਖੇੜਾ ਆਪਣੇ ਪ੍ਰਾਪਰਟੀ ਡੀਲਰ ਦੋਸਤ ਦੇ ਦਫ਼ਤਰ ਗਏ ਹੋਏ ਸੀ, ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਏ, ਦੋ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਵਿੱਕੀ ਨੇ ਬਚਣ ਲਈ ਲਗਭਗ ਇੱਕ ਕਿਲੋਮੀਟਰ ਤੱਕ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ 20 ਗੋਲੀਆਂ ਚਲਾਈਆਂ। ਇਸ ਵਿੱਚ ਵਿੱਕੀ ਨੂੰ 9 ਗੋਲੀਆਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਵਿੱਚ ਮੁਹਾਲੀ ਪੁਲਿਸ ਵੱਲੋਂ ਕੁੱਲ ਛੇ ਮੁਲਜ਼ਮਾਂ ਖਿਲਾਫ਼ ਚਾਰਜਸੀਟ ਦਾਖ਼ਲ ਕੀਤੀ ਗਈ ਸੀ।
ਕਤਲ ਤੋਂ ਅਗਲੇ ਦਿਨ, ਬੰਬੀਹਾ ਗੈਂਗ ਨੇ ਘਟਨਾ ਦੀ ਜ਼ਿੰਮੇਵਾਰੀ ਵੀ ਲਈ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਸੀ ਕਿ ਇਹ ਕਤਲ ਬੰਬੀਹਾ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਕਾਰ ਦੁਸ਼ਮਣੀ ਦਾ ਨਤੀਜਾ ਸੀ। ਇਸ ਸਾਜ਼ਿਸ਼ ਵਿੱਚ ਬੰਬੀਹਾ ਗੈਂਗ ਦੇ ਮੁਖੀ ਲੱਕੀ ਪਟਿਆਲ ਦਾ ਨਾਮ ਵੀ ਸਾਹਮਣੇ ਆਇਆ ਸੀ।
ਪਰਿਵਾਰ ਨੇ ਫੈਸਲੇ ਪਿੱਛੋਂ ਕੀ ਕਿਹਾ?
ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨੇ ਅਦਾਲਤ ਦੇ ਫ਼ੈਸਲੇ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਪਰ ਇਸ ਤੱਥ 'ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਪੁਲਿਸ ਅਜੇ ਤੱਕ ਮਾਮਲੇ ਦੇ ਮੁੱਖ ਸਾਜ਼ਿਸ਼ਕਾਰਾਂ ਤੱਕ ਨਹੀਂ ਪਹੁੰਚ ਸਕੀ ਹੈ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵਿੱਕੀ ਮਿੱਡੂਖੇੜਾ ਦੇ ਭਰਾ ਅਜੇ ਪਾਲ ਸਿੰਘ ਮਿੱਡੂਖੇੜਾ ਨੇ ਕਿਹਾ, "ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਤੱਕ ਮੇਰੇ ʼਚ ਜਾਨ ਹੈ ਮੈਂ ਲੜਾਂਗਾ। ਮੈਂ ਸਮਝਦਾ ਹਾਂ ਕਿ ਇਹ ਪਹਿਲਾਂ ਕਦਮ ਹੈ। ਅਜੇ ਨਿਆਂ ਹੋਣ ਵਾਲਾ ਹੈ, ਹੋਇਆ ਨਹੀਂ।"
ਪਰਿਵਾਰ ਦੇ ਵਕੀਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਫ਼ੈਸਲੇ ਤੋਂ ਸੰਤੁਸ਼ਟ ਹਨ।
ਉਨ੍ਹਾਂ ਨੇ ਕਿਹਾ, "ਜਿਹੜੇ ਮੁਲਜ਼ਮ ਫਰਾਰ ਹਨ, ਉਨ੍ਹਾਂ ਬਾਰੇ ਅਦਾਲਤ ਨੇ ਪੰਜਾਬ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਸ ਦੀ ਜਾਂਚ ਵਿੱਚ ਵੀ ਤੇਜ਼ੀ ਦਿਖਾਈ ਜਾਵੇ।"
ਵਿੱਕੀ ਮਿੱਡੂਖੇੜਾ ਕੌਣ ਸੀ?
ਵਿੱਕੀ ਮਿੱਡੂਖੇੜਾ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕੈਂਪਸ ਵਿੱਚ ਸਾਲ 2009 ਵਿੱਚ ਐਕਟਿਵ ਰਹਿਣਾ ਸ਼ੁਰੂ ਕੀਤਾ ਸੀ।
ਸਾਲ 2014 ਵਿੱਚ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਇੰਡੀਆ (ਐੱਸਓਆਈ) ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਿੱਡੂਖੇੜਾ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਵਿੱਚ ਸਰਗਰਮ ਸੀ।
ਉਨ੍ਹਾਂ ਨੇ ਪਹਿਲਾਂ ਐੱਮਏ ਪਬਲਿਕ ਐਡਮਿਨਸਟੇਰਸ਼ਨ ਅਤੇ ਫਿਰ ਐੱਮਏ ਡਿਫੈਂਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਰੈਂਚ ਭਾਸ਼ਾ ਦੇ ਕੋਰਸ ਵਿੱਚ ਦਾਖ਼ਲਾ ਲਿਆ ਸੀ।
ਸਾਲ 2010-12 ਵਿੱਚ ਉਹ ਸੋਪੂ ਪਾਰਟੀ ਦਾ ਪ੍ਰਧਾਨ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦਾ ਚੰਡੀਗੜ੍ਹ ਜ਼ੋਨ ਇੰਚਾਰਜ ਥਾਪਿਆ ਗਿਆ ਸੀ।
ਗੈਂਗਵਾਰ ਅਤੇ ਸਿੱਧੂ ਮੂਸੇਵਾਲਾ ਦਾ ਕਤਲ
29 ਮਈ 2022 ਨੂੰ ਜਦੋਂ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਵਿੱਕੀ ਮਿੱਡੂਖੇੜਾ ਦਾ ਨਾਂ ਮੁੜ ਚਰਚਾ ਵਿਚ ਆ ਗਿਆ ਸੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਨੇ ਇੱਕ ਵਾਰ ਫਿਰ ਸਭ ਦਾ ਧਿਆਨ ਖਿੱਚਿਆ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਸੀ ਕਿ ਇਹ ''ਕਤਲ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ'' ਹੈ।
ਪੰਜਾਬ ਅਤੇ ਦਿੱਲੀ ਪੁਲਿਸ ਵੀ ਇਹੀ ਦਾਅਵਾ ਕਰਦੀ ਰਹੀ ਸੀ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਫੜ੍ਹੇ ਗਏ ਮੁਲਜ਼ਮ ਵੀ ਇਹੀ ਕਹਿ ਰਹੇ ਹਨ ਕਿ ਇਹ ''ਕਤਲ ਵਿੱਕੀ ਮਿੱਡੂਖੇੜਾ ਕਤਲ ਦਾ ਬਦਲਾ'' ਹੈ।
ਗੋਲਡੀ ਬਰਾੜ ਦੇ ਦਾਅਵਿਆਂ ਦੇ ਉਲਟ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਦਾ ਗੈਂਗਵਾਰ ਜਾਂ ਗੈਂਗਸਟਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਸੀ।
ਵਿੱਕੀ ਮਿੱਡੂਖੇੜਾ ਅਤੇ ਲਾਰੈਂਸ ਬਿਸ਼ਨੋਈ ਦੀ ਕੜੀ ਸੋਪੂ ਪਾਰਟੀ ਕਰਕੇ ਜੁੜਦੀ ਸੀ। ਦੋਵਾਂ ਨੇ ਸੋਪੂ ਵਿੱਚ ਵਿਦਿਆਰਥੀ ਲੀਡਰ ਦੀ ਭੂਮਿਕਾ ਨਿਭਾਈ ਸੀ। ਹਾਲਾਂਕਿ ਵਿੱਕੀ ਮਿੱਡੂਖੇੜਾ ਨੇ 2014 ਵਿੱਚ ਸੋਪੂ ਛੱਡ ਦਿੱਤੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ