ਲੋਕ ਸਭਾ ਚੋਣਾਂ 2024: ਪੰਜਾਬ ਦੇ 13 ਹਲਕਿਆਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਇਸ ਵਾਰ ਕੀ-ਕੀ ਖ਼ਾਸ ਹੈ

ਪੰਜਾਬ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਪੰਜਾਬ ਵਿੱਚ ਲੋਕ ਸਭਾ ਚੋਣਾਂ 1 ਜੂਨ ਸ਼ਨੀਵਾਰ ਨੂੰ ਹੋਣ ਜਾ ਰਹੀਆਂ ਹਨ
ਪ੍ਰਕਾਸ਼ਿਤ

ਪੰਜਾਬ ਵਿੱਚ ਲੋਕ ਸਭਾ ਚੋਣਾਂ 1 ਜੂਨ ਸ਼ਨੀਵਾਰ ਨੂੰ ਹੋਣ ਜਾ ਰਹੀਆਂ ਹਨ।

ਪੰਜਾਬ ਵਿੱਚ ਕੁੱਲ 13 ਲੋਕ ਸਭਾ ਹਲਕੇ ਹਨ।

ਭਾਰਤ ਵਿੱਚ 18ਵੀਂ ਲੋਕ ਸਭਾ ਲਈ 543 ਸੀਟਾਂ ਉੱਤੇ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਹੋ ਰਹੀਆਂ ਹਨ।

ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਣੇ ਹੋਰ ਸੀਟਾਂ ’ਤੇ ਚੋਣਾਂ ਸੱਤਵੇਂ ਤੇ ਅਖ਼ੀਰਲੇ ਗੇੜ ਵਿੱਚ ਹੋ ਰਹੀਆਂ ਹਨ। ਇਸ ਕਰਕੇ ਪਿਛਲੇ ਦੋ ਮਹੀਨਿਆਂ ਤੋਂ ਸੂਬੇ ਵਿੱਚ ਸਿਆਸੀ ਪਾਰਾ ਹਾਈ ਰਿਹਾ ਹੈ।

ਪੰਜਾਬ ਦੀਆਂ ਕਈ ਲੋਕ ਸਭਾ ਸੀਟਾਂ ਉੱਤੇ ਜਿੱਥੇ ਗ਼ੈਰ-ਰਵਾਇਤੀ ਉਮੀਦਵਾਰ ਚੋਣ ਮਾਹੌਲ ਵਿੱਚ ਚਰਚਾ ਹਾਸਲ ਕਰ ਰਹੇ ਹਨ, ਉੱਥੇ ਹੀ ਆਗੂਆਂ ਦੀ ਦਲ ਬਦਲੀ ਵੀ ਸੁਰਖੀਆਂ ਵਿੱਚ ਬਣੀ ਰਹੀ ਹੈ।

2024 ਦੀਆਂ ਲੋਕ ਸਭਾ ਚੋਣਾਂ ਬਾਰੇ ਖ਼ਾਸ ਗੱਲ ਇਹ ਵੀ ਹੈ ਕਿ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਇਕੱਲੀਆਂ ਚੋਣਾਂ ਲੜ ਰਹੀਆਂ ਹਨ।

ਆਮ ਆਦਮੀ ਪਾਰਟੀ ਤੇ ਕਾਂਗਰਸ ਭਾਵੇਂ ਕੌਮੀ ਪੱਧਰ ਉੱਤੇ ‘ਇੰਡੀਆ ਗਠਜੋੜ’ ਦਾ ਹਿੱਸਾ ਹਨ ਪਰ ਦੋਵੇਂ ਪਾਰਟੀਆਂ ਨੇ ਪੰਜਾਬ ਵਿੱਚ ਵੱਖ ਹੋ ਕੇ ਜਾਂ ਕਹੀਏ ਇੱਕ ਦੂਜੇ ਦੇ ਮੁਕਾਬਲੇ ਵਿੱਚ ਚੋਣ ਲੜਨ ਦਾ ਐਲਾਨ ਕੀਤਾ ਹੈ।

ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ18ਵੀਂ ਲੋਕ ਸਭਾ ਲਈ 543 ਸੀਟਾਂ ਉੱਤੇ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਹੋ ਰਹੀਆਂ ਹਨ

ਪਾਰਟੀਆਂ ਲਈ ਇਹ ਚੋਣਾਂ ਕਿਉਂ ਖ਼ਾਸ ਹਨ?

ਪੰਜਾਬ ਦੀ ਸਿਆਸਤ ਵਿੱਚ ਲੰਬੇ ਸਮੇਂ ਤੱਕ ਮੁਕਾਬਲਾ ਦੋ ਧਿਰੀ ਰਿਹਾ ਹੈ ਪਰ ਇਸ ਵਾਰ ਇਸ ਵਿੱਚ ਬਦਲਾਅ ਆਇਆ ਹੈ।

ਇਸ ਵਾਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਕਰੀਬ ਦੋ ਦਹਾਕਿਆਂ ਦੇ ਵਕਫ਼ੇ ਤੋਂ ਬਾਅਦ ਇਕੱਲਿਆਂ ਚੋਣ ਲੜ ਰਹੇ ਹਨ।

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ 2020-2021 ਦੇ ਕਿਸਾਨ ਅੰਦੋਲਨ ਦੌਰਾਨ ਸਤੰਬਰ 2020 ਵਿੱਚ ਗਠਜੋੜ ਟੁੱਟ ਗਿਆ ਸੀ।

ਇਸ ਮਗਰੋਂ ਦੋਵਾਂ ਦੇ ਗਠਜੋੜ ਦੀਆਂ ਕੋਸ਼ਿਸ਼ਾਂ ਨੇਪਰੇ ਨਹੀਂ ਚੜ੍ਹ ਸਕੀਆਂ।

ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ 92 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ ਸੀ।

2014 ਵਿੱਚ ਚਾਰ ਸੀਟਾਂ ਜਿੱਤਣ ਵਾਲੀ ‘ਆਪ’ 2019 ਵਿੱਚ 1 ਸੀਟ ਉੱਤੇ ਸਿਮਟ ਗਈ ਸੀ। ਇਸ ਵਾਰ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਵੱਡੇ ਖਿਡਾਰੀ ਵਜੋਂ ਚੋਣ ਲੜ ਰਹੀ ਹੈ।

ਆਪ
ਤਸਵੀਰ ਕੈਪਸ਼ਨ, 2014 ਵਿੱਚ ਚਾਰ ਸੀਟਾਂ ਜਿੱਤਣ ਵਾਲੀ ‘ਆਪ’ 2019 ਵਿੱਚ 1 ਸੀਟ ਉੱਤੇ ਸਿਮਟ ਗਈ ਸੀ

ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਣੇ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਈਡੀ ਵੱਲੋਂ ਕਥਿਤ ਸ਼ਰਾਬ ਘੁਟਾਲੇ ਤਹਿਤ ਗ੍ਰਿਫ਼ਤਾਰ ਕੀਤੇ ਜਾਣ ਦੇ ਚਲਦਿਆਂ ਇਹ ਚੋਣਾਂ ਪਾਰਟੀ ਲਈ ਹੋਰ ਵੀ ਅਹਿਮ ਹਨ।

ਆਮ ਆਦਮੀ ਪਾਰਟੀ ਵੱਲੋਂ ਆਪਣੇ ਪੰਜ ਕੈਬਨਿਟ ਮੰਤਰੀਆਂ ਨੂੰ ਇਸ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ।

ਸਿਆਸੀ ਮਾਹਰਾਂ ਮੁਤਾਬਕ ਪੰਜਾਬ ਦੀਆਂ ਬਹੁਤੀਆਂ ਸੀਟਾਂ ਉੱਤੇ ਮੁਕਾਬਲੇ ਚਾਰ ਉਮੀਦਵਾਰਾਂ ਜਾਂ ਕਿਤੇ ਕਿਤੇ ਪੰਜ ਉਮੀਦਵਾਰਾਂ ਵਿਚਾਲੇ ਹੋਵੇਗਾ।

ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖ਼ੜ ਸਣੇ ਆਪਣੇ ਵੱਡੇ ਚਿਹਰੇ ਗੁਆ ਚੁੱਕੀ ਕਾਂਗਰਸ ਪਾਰਟੀ ਵੀ ਆਪਣੀ ਖੁੱਸੀ ਮਕਬੂਲੀਅਤ ਬਹਾਲ ਕਰਵਾਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਅਕਾਲੀ ਦਲ ਦੇ ਪੰਥਕ ਵੋਟ ਬੈਂਕ ਨੂੰ ਮੁੜ ਪਾਰਟੀ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਆਪਣੀ ਪੂਰੀ ਚੋਣ ਮੁਹਿੰਮ ਦੌਰਾਨ ਪੰਜਾਬ ਦੇ ਪੇਂਡੂ ਖ਼ੇਤਰਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ।

ਫ਼ਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ, ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਅਤੇ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਦੀਆਂ ਚੋਣ ਰੈਲੀਆਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਗਿਆ।

ਖ਼ਾਸ ਹਲਕੇ ਅਤੇ ਖ਼ਾਸ ਉਮੀਦਵਾਰ

‘ਪੰਥਕ ਰਾਜਧਾਨੀ’ ਦੱਸੀ ਜਾਂਦੀ ਖਡੂਰ ਸਾਹਿਬ ਲੋਕ ਸਭਾ ਸੀਟ ਇਸ ਵਾਰ ਦੀਆਂ ਚੋਣਾਂ ਵਿੱਚ ਪੰਜਾਬ ਦੀਆਂ ਸਭ ਤੋਂ ਵੱਧ ਚਰਚਿਤ ਸੀਟਾਂ ਵਿੱਚੋ ਇੱਕ ਹੈ।

ਅਪ੍ਰੈਲ 2023 ਵਿੱਚ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਤਹਿਤ ਗ੍ਰਿਫ਼ਤਾਰ ਕੀਤੇ ਗਏ ਸਿੱਖ ਕਾਰਕੁਨ ਅਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚੋਂ ਅਜ਼ਾਦ ਉਮੀਵਾਰ ਵਜੋਂ ਚੋਣ ਲੜ ਰਹੇ।

ਇੱਥੋਂ ‘ਆਪ’ ਵੱਲੋਂ ਲਾਲਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ, ਕਾਂਗਰਸ ਵੱਲੋਂ ਇੰਦਰਜੀਤ ਸਿੰਘ ਜ਼ੀਰਾ ਚੋਣ ਮੁਕਾਬਲੇ ਵਿੱਚ ਹਨ।

ਲੁਧਿਆਣਾ ਲੋਕ ਸਭਾ ਹਲਕੇ ਵਿੱਚ ਦੋ ਪੁਰਾਣੇ ਸਾਥੀ ਇੱਕ ਦੂਜੇ ਨੂੰ ਹਰਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਇਹ ਉਮੀਦਵਾਰ ਹਨ ਕਾਂਗਰਸ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ।

ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਤਿੰਨ ਵਾਰੀ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

ਰਵਨੀਤ ਸਿੰਘ ਬਿੱਟੂ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਰਣਜੀਤ ਸਿੰਘ ਢਿੱਲੋਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ ਉੱਥੇ ਹੀ ਅਸ਼ੋਕ ਪਰਾਸ਼ਰ ਇੱਥੋਂ ਆਪ ਦੇ ਉਮੀਦਵਾਰ ਹਨ।

ਖਡੂਰ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਡੂਰ ਸਾਹਿਬ ਸੀਟ ਪੰਥਕ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਹੈ

ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਪੰਜਾਬੀ ਗਾਇਕ ਅਤੇ ਕਲਾਕਾਰ ਕਰਮਜੀਤ ਸਿੰਘ ਅਨਮੋਲ ਨੂੰ ਮੈਦਾਨ ਵਿੱਚ ਉਤਾਰਿਆ ਹੈ, ਦੂਜੇ ਪਾਸੇ ਸੂਫ਼ੀ ਗਾਇਕ ਹੰਸਰਾਜ ਹੰਸ ਇੱਥੋਂ ਭਾਜਪਾ ਦੇ ਉਮੀਦਵਾਰ ਹਨ।

ਹੰਸਰਾਜ ਹੰਸ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਵੱਡੇ ਪੱਧਰ ਉੱਤੇ ਕਿਸਾਨ ਜਥੇਬੰਦੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

ਕਾਂਗਰਸ ਨੇ ਇੱਥੋਂ ਅਮਰਜੀਤ ਕੌਰ ਸਾਹੋਕੇ ਅਤੇ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਵੀ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਰਾਜਨੀਤੀ ਦੇ ‘ਬਾਬਾ ਬੋਹੜ’ ਦੱਸੇ ਜਾਂਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਾਰ ਝੱਲਣੀ ਪਈ ਸੀ, ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਨ੍ਹਾਂ ਨੂੰ ਹਰਾਉਣ ਵਿੱਚ ਕਾਮਯਾਬ ਰਹੇ ਸਨ।

ਤਲਵੰਡੀ ਸਾਬੋ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, 2016 ਵਿੱਚ ਵਿਸ਼ਾਖੀ ਮੌਕੇ ਤਲਵੰਡੀ ਸਾਬੋ ਵਿੱਚ ਇੱਕ ਰੈਲੀ 'ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ

ਗੁਰਮੀਤ ਸਿੰਘ ਖੁੱਡੀਆਂ ਨੂੰ ‘ਆਪ’ ਨੇ ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਉਤਾਰਿਆ ਹੈ। ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ ਤੋਂ ਤਿੰਨ ਵਾਰੀ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

ਦੋਵਾਂ ਉਮੀਦਵਾਰਾਂ ਵਿੱਚ ਮੁਕਾਬਲਾ ਸਿਆਸੀ ਹਲਕਿਆਂ ਵਿੱਚ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ।ਬਠਿੰਡਾ ਹਲਕੇ ਤੋਂ 'ਸਾਬਕਾ ਗੈਂਗਸਟਰ' ਲੱਖਾ ਸਿਧਾਣਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਲੜ ਰਹੇ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਮਾਹਰਾਂ ਨੇ ਦੱਸਿਆ ਸੀ ਕਿ ਬਠਿੰਡਾ, ਸੰਗਰੂਰ ਅਤੇ ਖਡੂਰ ਸਾਹਿਬ ਅਜਿਹੇ ਹਲਕੇ ਹਨ ਜਿੱਥੇ ਮੁਕਾਬਲਾ ਪੰਜ ਧਿਰੀ ਵੀ ਬਣ ਸਕਦਾ ਹੈ।

ਆਮ ਆਦਮੀ ਪਾਰਟੀ ਦਾ ਸਿਆਸੀ ਕਿਲਾ ਸਮਝੀ ਜਾਂਦੀ ਸੰਗਰੂਰ ਸੀਟ ਵੀ ਚਰਚਾ ਵਿੱਚ ਹੈ, ਇੱਥੋਂ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਚੋਣ ਲੜ ਰਹੇ ਹਨ, ਇਸ ਤੋਂ ਇਲਾਵਾ 2022 ਦੀ ਜ਼ਿਮਨੀ ਚੋਣ ਜਿੱਤਣ ਵਾਲੇ ਸਿਮਰਜੀਤ ਸਿੰਘ ਮਾਨ ਇਸ ਵਾਰੀ ਵੀ ਚੋਣ ਲੜ ਰਹੇ ਹਨ।

ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾ ਉਮੀਦਵਾਰ ਹਨ।

ਕਾਂਗਰਸ ਵੱਲੋਂ ਜੀਤ ਮੋਹਿੰਦਰ ਸਿੰਘ ਸਿੱਧੂ ਅਤੇ ਭਾਜਪਾ ਵੱਲੋਂ ਸਾਬਕਾ ਆਈਏਐੱਸ ਪਰਮਪਾਲ ਕੌਰ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਜਲੰਧਰ ਹਲਕੇ ਨੂੰ ਦਲਿਤ ਸਿਆਸਤ ਦਾ ਕੇਂਦਰ ਕਿਹਾ ਜਾਂਦਾ ਹੈ, ਪਰ ਇਹ ਇਸ ਵਾਰ ਦਲ-ਬਦਲੂ ਉਮੀਦਵਾਰਾਂ ਕਾਰਨ ਵੀ ਚਰਚਾ ਵਿੱਚ ਹੈ। ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣਨ ਵਾਲੇ ਚਰਨਜੀਤ ਸਿੰਘ ਚੰਨੀ ਇੱਥੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ।

ਕਾਂਗਰਸ ਦੇ ਵੱਡੇ ਆਗੂ ਅਤੇ ਜਲੰਧਰ ਤੋਂ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਮਈ 2023 ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 58,000 ਵੋਟਾਂ ਦੇ ਫ਼ਰਕ ਨਾਲ ਜਿੱਥੇ ਸਨ।

ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਕੁਝ ਦਿਨ ਬਾਅਦ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਐੱਮਪੀ ਰਹਿ ਚੁੱਕੇ ਮੋਹਿੰਦਰ ਸਿੰਘ ਕੇਪੀ ਨੂੰ ਉਮੀਦਵਾਰ ਬਣਾਇਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਨੇ ਅਕਾਲੀ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਟਿਕਟ ਦਿੱਤੀ ਹੈ।

ਚੋਣ ਪ੍ਰਚਾਰ ਤੋਂ ਕਿਹੜੇ ਚਿਹਰੇ ਦੂਰ ਰਹੇ?

ਸਿਆਸਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਬੇ ਵਿੱਚ ਸਿਆਸਤ ਦੇ ਕਈ ਵੱਡੇ ਨਾਮ ਅਜਿਹੇ ਵੀ ਹਨ, ਜਿਹੜੇ ਚੋਣ ਪਿੜ ਤੋਂ ਬਾਹਰ ਬੈਠੇ ਹਨ

ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚੋਂ ਪੰਜਾਬ ਦੇ ਕਈ ਵੱਡੇ ਚਿਹਰੇ ਵੀ ਐਕਟਿਵ ਸਿਆਸਤ ਵਿੱਚੋਂ ਬਾਹਰ ਰਹੇ ਹਨ।

ਪੰਜ ਮੁੱਖ ਚਿਹਰੇ ਜੋ ਚੋਣ ਪ੍ਰਚਾਰ ਵਿੱਚੋਂ ਗ਼ੈਰ-ਹਾਜ਼ਰ ਰਹੇ ਉਹ ਹਨ- ਨਵਜੋਤ ਸਿੰਘ ਸਿੱਧੂ (ਕਾਂਗਰਸ), ਕੈਪਟਨ ਅਮਰਿੰਦਰ ਸਿੰਘ (ਭਾਜਪਾ), ਸੁਖਦੇਵ ਸਿੰਘ ਢੀਂਡਸਾ (ਸ਼੍ਰੋਮਣੀ ਅਕਾਲੀ ਦਲ), ਮਨਪ੍ਰੀਤ ਸਿੰਘ ਬਾਦਲ (ਭਾਜਪਾ), ਸਿਕੰਦਰ ਸਿੰਘ ਮਲੂਕਾ (ਸ਼੍ਰੋਮਣੀ ਅਕਾਲੀ ਦਲ)।

ਕਿਹੜੇ ਕਿਹੜੇ ਆਗੂਆਂ ਨੇ ਬਦਲੇ ਦਲ?

ਰਵਨੀਤ ਸਿੰਘ ਬਿੱਟੂ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਰਵਨੀਤ ਸਿੰਘ ਬਿੱਟੂ, ਪ੍ਰਨੀਤ ਕੌਰ ਤੇ ਸੁਸ਼ੀਲ ਕੁਮਾਰ ਰਿੰਕੂ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਹਨ

ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ 'ਰਾਤੋ-ਰਾਤ' ਹੋਈਆਂ ਇਹ ਦਲ-ਬਦਲੀਆਂ ਆਮ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।

ਪੰਜਾਬ ਵਿੱਚ ਦਲ-ਬਦਲੀ ਕਰਨ ਵਾਲੇ ਲੋਕ ਸਭਾ ਮੈਂਬਰਾਂ ਵਿੱਚ ਪਟਿਆਲਾ ਤੋਂ ਪ੍ਰਨੀਤ ਕੌਰ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਸ਼ਾਮਲ ਹਨ।

ਇਸ ਤੋਂ ਇਲਾਵਾ ਕਾਂਗਰਸ ਤੋਂ ਅਕਾਲੀ ਦਲ ਵਿੱਚ ਗਏ ਮਹਿੰਦਰ ਸਿੰਘ ਕੇਪੀ, ਅਕਾਲੀ ਦਲ ਤੋਂ ਆਪ ਵਿੱਚ ਗਏ ਪਵਨ ਕੁਮਾਰ ਟੀਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਹਨ।

ਪੰਜਾਬ

ਤਸਵੀਰ ਸਰੋਤ, GETTY IMAGES

ਮਹਿਲਾ ਉਮੀਦਵਾਰ ਕਿੰਨੇ?

ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਮੁੱਖ ਪਾਰਟੀਆਂ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਮੁੱਖ ਚਿਹਰੇ -

  • ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ
  • ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ
  • ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ
  • ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਯਾਮਿਨੀ ਗੋਮਰ
  • ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼
  • ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ

ਕੀ ਹਨ ਚੋਣਾਂ ਵਿੱਚ ਮੁੱਖ ਮੁੱਦੇ?

ਪੰਜਾਬ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਮਾਹਿਰਾਂ ਮੁਤਾਬਕ ਰਾਮ ਮੰਦਰ ਵਰਗੇ ਕੌਮੀ ਮੁੱਦੇ ਪੰਜਾਬ ਵਿੱਚ ਘੱਟ ਅਸਰ ਰੱਖਦੇ ਹਨ

ਖੇਤੀ/ਕਿਸਾਨੀ - ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਹੈ। 13 ਲੋਕ ਸਭਾ ਸੀਟਾਂ ਵਾਲਾ ਇਹ ਸੂਬਾ ਪੂਰੇ ਦੇਸ਼ ਦੇ ਖੇਤੀ ਉਤਪਾਦਨ ਵਿੱਚ ਇੱਕ ਵੱਡਾ ਹਿੱਸਾ ਪਾਉਂਦਾ ਹੈ।

ਜਦੋਂ 2020 ਵਿੱਚ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਸ਼ੁਰੂ ਹੋਇਆ ਤਾਂ ਪੰਜਾਬ ਦੇ ਕਿਸਾਨਾਂ ਦੀ ਉਸ ਵਿੱਚ ਵੱਡੀ ਸ਼ਮੂਲੀਅਤ ਸੀ। ਉਹ ਅੰਦੋਲਨ ਸਫਲ ਵੀ ਹੋਇਆ ਤੇ ਤਿੰਨ ਖੇਤੀ ਕਾਨੂੰਨ ਕੇਂਦਰ ਸਰਕਾਰ ਨੂੰ ਵਾਪਸ ਵੀ ਲੈਣੇ ਪਏ ਸਨ।

2024 ਦੇ ਕਿਸਾਨ ਅੰਦੋਲਨ ਵਿੱਚ ਵੀ ਐੱਮਐੱਸਪੀ ਅਤੇ ਕਰਜ਼ਾ ਮੁਆਫ਼ੀ ਸਣੇ ਹੋਰ ਕਿਸਾਨੀ ਮੰਗਾਂ ਫਿਰ ਸਿਆਸੀ ਸੀਨ ਉੱਤੇ ਆ ਗਈਆਂ।

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਸਵਾਲ ਪੁੱਛੇ ਜਾਣ ਦੇ ਐਲਾਨ ਅਤੇ ਜਨਤਕ ਇਕੱਠਾਂ ਉੱਤੇ ਵਿਰੋਧ ਮਗਰੋਂ ਵੀ ਖੇਤੀ ਦਾ ਮੁੱਦਾ ਚਰਚਾ ਵਿੱਚ ਰਿਹਾ।

ਨਸ਼ਾ - ਪੰਜਾਬ ਪੁਲਿਸ ਦੇ ਡੇਟਾ ਮੁਤਾਬਕ ਸਾਲ 2020-2021 ਵਿੱਚ ਡਰੱਗ ਓਵਰਡੋਜ਼ ਨਾਲ 36 ਮੌਤਾਂ ਹੋਈਆਂ ਸਨ। ਸਾਲ 2021-2022 ਵਿੱਚ 71 ਮੌਤਾਂ ਹੋਈਆਂ ਜਦਕਿ ਸਾਲ 2022-2023 ਵਿੱਚ 159 ਮੌਤਾਂ ਹੋਈਆਂ ਹਨ।

ਪਿਛਲੀਆਂ ਕਈ ਚੋਣਾਂ ਵਿੱਚ ਨਸ਼ੇ ਦਾ ਮੁੱਦਾ ਪੰਜਾਬ ਵਿੱਚ ਵੱਡਾ ਮੁੱਦਾ ਰਿਹਾ ਹੈ, ਇਸ ਵੀ ਇਹ ਮੁੱਦਾ ਚੋਣਾਂ ਦੌਰਾਨ ਭਖ਼ਿਆ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਸ਼੍ਰੋਮਣੀ ਕਮੇਟੀ ਨੇ ਬੀਤੇ ਵਕਤ ਵਿੱਚ ਜ਼ੋਰ-ਸ਼ੋਰ ਨਾਲ ਬੰਦੀ ਸਿੱਖਾਂ ਦਾ ਮੁੱਦਾ ਚੁੱਕਿਆ ਹੈ

ਬੇਅਦਬੀ ਤੇ ਬੰਦੀ ਸਿੱਖਾਂ ਦੀ ਰਿਹਾਈ ਵਰਗੇ ਪੰਥਕ ਮੁੱਦੇ - 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਵੱਡਾ ਮੁੱਦਾ ਰਿਹਾ ਸੀ।

2015 ਵਿੱਚ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਦੇ ਨਾਲ ਹੀ ਬਹਿਬਲ ਕਲਾਂ ਵਿੱਚ ਬੇਅਦਬੀ ਦੇ ਵਿਰੋਧ ਵਿੱਚ ਲੱਗੇ ਧਰਨੇ ਦੌਰਾਨ ਗੋਲੀ ਚੱਲੀ ਸੀ।

ਇਹ ਦੋਵੇਂ ਘਟਨਾਵਾਂ ਅਕਾਲੀ ਭਾਜਪਾ ਸਰਕਾਰ ਵੇਲੇ ਹੋਈਆਂ ਸਨ।

ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਮਹੀਨਿਆਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਹੈ।

ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਭਾਵੇਂ ਪਿਛਲੀਆਂ ਚੋਣਾਂ ਵਿੱਚ ਬੇਅਦਬੀ ਨੂੰ ਮੁੱਦਾ ਬਣਾਇਆ ਸੀ।

ਪਰ ਉਨ੍ਹਾਂ ਦੀਆਂ ਸਰਕਾਰਾਂ ਵੇਲੇ ਬੇਅਦਬੀ ਦੇ ਮੁੱਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ।

ਮੌਜੂਦਾ ਸਰਕਾਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਬੇਅਦਬੀ ਦੇ ਮਸਲੇ ਉੱਤੇ ਆਪਣੀ ਪਾਰਟੀ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰ ਚੁੱਕੇ ਹਨ।

ਇਨ੍ਹਾਂ ਹਾਲਾਤ ਵਿੱਚ ਇਸ ਲਈ ਇਹ ਨਹੀਂ ਲਗਦਾ ਕਿ ਬੇਅਦਬੀ ਲੋਕ ਸਭਾ ਚੋਣਾਂ ਵਿੱਚ ਮੁੱਦਾ ਬਣੇਗੀ।

ਕਿਸਾਨ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਕਿਸਾਨਾਂ ਮੁਤਾਬਕ ਸਰਕਾਰ ਨੇ ਐੱਮਐੱਸਪੀ ’ਤੇ ਕਾਨੂੰਨ ਬਣਾਉਣ ਸਣੇ ਕਈ ਮੰਗਾਂ ਉੱਤੇ ਅਜੇ ਕੰਮ ਨਹੀਂ ਕੀਤਾ ਹੈ

ਮੁਫ਼ਤ ਸਕੀਮਾਂ ਤੇ ਸਹੂਲਤਾਂ - ਆਮ ਆਦਮੀ ਪਾਰਟੀ ਵੱਲੋਂ ਮੁਫ਼ਤ ਘਰ-ਘਰ ਰਾਸ਼ਨ ਦੀ ਸਕੀਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਮੁਫ਼ਤ ਬਿਜਲੀ ਦੀ ਸਹੂਲਤ ਵੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀ ਗਈ ਹੈ।

ਆਮ ਆਦਮੀ ਪਾਰਟੀ ਇਨ੍ਹਾਂ ਸਕੀਮਾਂ ਦਾ ਪ੍ਰਚਾਰ ਵੀ ਵੱਧ-ਚੜ੍ਹ ਕੇ ਕਰ ਰਹੀ ਹੈ।ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵੱਲੋਂ ਵੀ ਆਪਣੀ- ਆਪਣੀ ਸਰਕਾਰ ਦੇ ਸਮੇਂ ਦੌਰਾਨ ਲਾਗੂ ਹੋਈਆਂ ਭਲਾਈ ਸਕੀਮਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪ੍ਰੈਲ 2021 ਵਿੱਚ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਫ੍ਰੀ ਸਫ਼ਰ ਕਰਾਉਣ ਦੀ ਸੁਵਿਧਾ ਸ਼ੁਰੁ ਕੀਤੀ ਸੀ।

28 ਮਈ ਨੂੰ ਧੂਰੀ, ਸੰਗਰੂਰ ਵਿੱਚ ਪ੍ਰਚਾਰ ਦੌਰਾਨ ਕਿਹਾ ਕਿ ਉਹ ਮਹਿਲਾਵਾਂ ਨੂੰ 1100 ਰੁਪਏ ਮਹੀਨਾ ਦੇਣਾ ਆਉਂਦੇ ਦਿਨਾਂ ਵਿੱਚ ਸ਼ੁਰੂ ਕਰ ਦੇਣਗੇ।

ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਕਿਹਾ ਸੀ ਕਿ ਉਹ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣਗੇ। ਸਰਕਾਰ ਬਣਨ ਤੋਂ ਬਾਅਦ ਵੀ ਇਹ ਵਾਅਦਾ ਨਾ ਪੂਰਾ ਕਰਨ ਉੱਤੇ 'ਆਪ' ਨੂੰ ਵਿਰੋਧੀ ਧਿਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਭਗਵੰਤ ਮਾਨ ਨੇ ਫਿਰ ਐਲਾਨ ਕੀਤਾ ਕਿ ਉਹ ਔਰਤਾਂ ਨੂੰ 1100 ਰੁਪਏ ਦੇਣ ਦਾ ਐਲਾਨ ਕੀਤਾ ਹੈ।

ਮਾਹਰ ਦੱਸਦੇ ਹਨ ਕਿ ਭਲਾਈ ਸਕੀਮਾਂ ਦੇ ਮੁੱਦੇ ਚੋਣਾਂ ਵਿੱਚ ਮੁੱਦਾ ਰਹਿਣਗੇ।

ਕਾਨੂੰਨ ਵਿਵਸਥਾ - ਆਮ ਆਦਮੀ ਪਾਰਟੀ ਨੇ ਮਾਰਚ 2022 ਵਿੱਚ ਪੰਜਾਬ ਦੀ ਸੱਤਾ ਸਾਂਭੀ ਸੀ। ਮਾਰਚ 2022 ਵਿੱਚ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਹੋ ਗਿਆ ਸੀ।

ਇਸ ਮਗਰੋਂ 29 ਮਈ 2022 ਨੂੰ ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਕਾਨੂੰਨ ਵਿਵਸਥਾ ਨੂੰ ਵਿਰੋਧੀ ਪਾਰਟੀਆਂ ਨੇ ਮੁੱਦਾ ਬਣਾਇਆ। ਲੋਕ ਸਭਾ ਚੋਣ ਮੁਹਿੰਮ ਦੌਰਾਨ ਪਾਰਟੀਆਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਉੱਤੇ ਚੁੱਕਿਆ।

ਤਾਮਿਲ ਨਾਡੂ ਤੋਂ ਚੋਣ ਲੜਨ ਆਏ ਜੀਵਨ ਸਿੰਘ

ਜੀਵਨ ਸਿੰਘ

ਤਸਵੀਰ ਸਰੋਤ, PARDEEP PANDIT/BBC

ਤਸਵੀਰ ਕੈਪਸ਼ਨ, ਹੁਸ਼ਿਆਰਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਜੀਵਨ ਸਿੰਘ

ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਹੋਰ ਉਮੀਦਵਾਰ ਖਿੱਚ ਦਾ ਕੇਂਦਰ ਰਿਹਾ ਹੈ।

ਤਾਮਿਲਨਾਡੂ ਦੇ ਰਹਿਣ ਜੀਵਨ ਸਿੰਘ ਦਲਿਤ ਨਾਇਕ ਕਾਂਸ਼ੀਰਾਮ ਅਤੇ ਪੰਜਾਬ ਵਿੱਚ ਜਾਤ ਵਿਰੋਧੀ ਲਹਿਰ ਤੋਂ ਪ੍ਰੇਰਣਾ ਲੈ ਕੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ।

ਉਨ੍ਹਾਂ ਨਾਲ ਪ੍ਰਚਾਰ ਕਰਨ ਉਨ੍ਹਾਂ ਦੇ ਸਾਥੀ ਵੀ ਆਏ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀਰਾਮ ਵੀ ਹੁਸ਼ਿਆਰਪੁਰ ਤੋਂ ਚੋਣ ਜਿੱਤ ਕੇ ਸੰਸਦ ਵਿੱਚ ਗਏ ਸਨ, ਇਸੇ ਲਈ ਉਹ ਇੱਥੇ ਚੋਣ ਲੜਨ ਲਈ ਆਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)