ਸ਼ੇਰ ਨੇ ਜਦੋਂ ਇੱਕ ਚਰਵਾਹੇ ਨੂੰ ਅੱਧੇ ਘੰਟੇ ਤੱਕ ਦਬੋਚੀ ਰੱਖਿਆ, ਕਿਵੇਂ ਉਸ ਸ਼ਖਸ ਨੇ ਬਚਾਈ ਜਾਨ

ਤਸਵੀਰ ਸਰੋਤ, UGC
- ਲੇਖਕ, ਗੋਪਾਲ ਕਟੇਸ਼ੀਆ ਅਤੇ ਅਲਪੇਸ਼ ਡਾਭੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਤੋਂ ਇੱਕ ਅਜੀਬੋ ਗਰੀਬ ਖ਼ਬਰ ਸਾਹਮਣੇ ਆਈ ਹੈ।
ਪਾਲੀਤਾਨਾ ਤਹਿਸੀਲ ਦੇ ਗਰਾਜੀਆ ਪਿੰਡ ਵਿੱਚ ਕਾਲੂ ਭਾਈ ਪਰਮਾਰ ਨਾਮੀਂ ਇੱਕ ਪਸ਼ੂ ਪਾਲਕ 'ਤੇ ਸ਼ੇਰਾਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਗਣੀਮਤ ਰਹੀ ਕਿ ਉਸ ਦੀ ਜਾਨ ਬਚ ਗਈ ਪਰ ਇਸ ਦੌਰਾਨ ਉਹ ਕਾਫ਼ੀ ਜ਼ਖਮੀ ਹੋਇਆ।
ਪਿੰਡ ਦੇ ਮੋਹਤਬਾਰਾਂ ਨੇ ਦੱਸਿਆ ਕਿ ਜ਼ਖਮੀ ਕਾਲੂ ਭਾਈ ਨੂੰ 60 ਕਿਲੋ ਮੀਟਰ ਦੂਰ ਭਾਵਨਗਰ ਸ਼ਹਿਰ ਦੇ ਸਰ ਤਖਤ ਸਿੰਘ ਜੀ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪਿਛਲੇ ਤਿੰਨ ਹਫਤਿਆਂ ਵਿੱਚ ਭਾਵਨਗਰ ਜ਼ਿਲ੍ਹੇ 'ਚ ਸ਼ੇਰਾਂ ਵੱਲੋਂ ਕਿਸੇ ਇਨਸਾਨ 'ਤੇ ਕਥਿਤ ਹਮਲੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 18 ਜੂਨ ਨੂੰ ਪਾਲੀਤਾਨਾ ਤਹਿਸੀਲ ਦੇ ਨਾਲ ਲਗਦੇ ਮਹੂਆ ਤਹਿਸੀਲ ਦੇ ਗਢੜਾ ਪਿੰਡ ਵਿੱਚ ਸ਼ੇਰਾਂ ਦੇ ਹਮਲੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਸੀ।
ਨਾਗਜੀਭਾਈ ਗੁਜਰੀਆ ਨਾਮੀ ਨੌਜਵਾਨ ਦੀ ਲਾਸ਼ ਉਸ ਦੇ ਘਰ ਨੇੜੇ ਵਿਲਾਇਤੀ ਬਬੂਲ ਦੀਆਂ ਝਾੜੀਆਂ ਵਿੱਚੋਂ ਮਿਲੀ ਸੀ। ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਦੀ ਮੌਤ ਸ਼ੇਰਾਂ ਦੇ ਹਮਲੇ ਕਾਰਨ ਹੋਈ ਸੀ।
ਸ਼ੇਰਾਂ ਦੇ ਹਮਲੇ ਹੇਠ ਕਿਵੇਂ ਆਇਆ ਪਸ਼ੂ ਪਾਲਕ ?
ਬੀਬੀਸੀ ਨਿਊਜ਼ ਗੁਜਰਾਤੀ ਦੇ ਅਲਪੇਸ਼ ਡਾਭੀ ਮੁਤਾਬਕ, ਕਾਲੂ ਭਾਈ ਨੇ ਹਸਪਤਾਲ ਵਿੱਚ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਤਕਰੀਬਨ ਸਾਢੇ ਅੱਠ ਵਜੇ ਵਾਪਰੀ, ਜਦੋਂ ਉਹ ਆਪਣੇ ਘਰ ਵਿੱਚ ਮੌਜੂਦ ਸਨ।
ਕਾਲੂ ਭਾਈ ਨੇ ਕਿਹਾ,, "ਜਦੋਂ ਮੈਂ ਸਵੇਰੇ 8:30 ਵਜੇ ਆਪਣੀ ਗਾਂ ਨੂੰ ਚਾਰਾ ਪਾਉਣ ਜਾ ਰਿਹਾ ਸੀ ਤਾਂ ਬਜ਼ਾਰ ਵਿੱਚ ਇੱਕ ਸ਼ੇਰ ਬੈਠਾ ਸੀ। ਉਥੋਂ ਹੀ ਉਸ ਨੇ ਮੇਰੇ 'ਤੇ ਹਮਲਾ ਕੀਤਾ। ਪਹਿਲਾਂ ਉਸ ਨੇ ਮੇਰੇ ਮੋਢੇ 'ਤੇ ਵਾਰ ਕੀਤਾ ਅਤੇ ਮੈਨੂੰ ਹੇਠਾਂ ਸੁੱਟ ਦਿੱਤਾ। ਫਿਰ ਉਸ ਨੇ ਮੇਰਾ ਹੱਥ ਆਪਣੇ ਮੂੰਹ ਵਿੱਚ ਲੈ ਲਿਆ। ਲਗਭਗ ਅੱਧੇ ਘੰਟੇ ਤੱਕ ਸ਼ੇਰ ਨੇ ਉਸ ਨੂੰ ਫੜੀ ਰੱਖਿਆ। ਫਿਰ ਮੈਂ ਉਸ ਨੂੰ ਨਹੁੰ ਮਾਰੇ ਜਿਸ ਤੋਂ ਬਾਅਦ ਉਸ ਨੇ ਆਪਣੀ ਪਕੜ ਢਿੱਲੀ ਕਰ ਦਿੱਤੀ ਤਾਂ ਮੈਂ ਆਪਣੇ ਹੱਥ ਬਾਹਰ ਕੱਢ ਲਿਆ।"
ਸ਼ੇਤੁਰੰਜੀ ਵਾਈਲਡ ਲਾਈਫ ਵਿਭਾਗ ਦੇ ਡਿਪਟੀ ਕੰਜ਼ਰਵੇਟਰ ਆਫ ਫੋਰੈਸਟ ਚਿਰਾਗ਼ ਜਮੀਨ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਬੀਬੀਸੀ ਨੂੰ ਦੱਸਿਆ ਕਿ ਗਰਾਜੀਆ ਪਿੰਡ ਵਿੱਚ ਇੱਕ ਛੋਟੀ ਉਮਰ ਦੇ ਸ਼ੇਰ ਦੇ ਹਮਲੇ ਕਾਰਨ ਪਸ਼ੂ ਪਾਲਕ ਜ਼ਖਮੀ ਹੋ ਗਿਆ ਹੈ।
ਕਾਲੂ ਭਾਈ ਨੇ ਦੱਸਿਆ ਕਿ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਘਟਨਾ ਬਾਰੇ ਸੂਚਿਤ ਕੀਤਾ ਸੀ ਪਰ ਜੰਗਲਾਤ ਵਿਭਾਗ ਦੀ ਟੀਮ ਸ਼ੇਰ ਦੇ ਜਾਣ ਤੋਂ ਪਹਿਲਾਂ ਗਰਾਜੀਆ ਪਿੰਡ ਨਹੀਂ ਪਹੁੰਚ ਸਕੀ। ਵੀਡੀਓ ਵਿੱਚ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਹਮਲੇ ਦੌਰਾਨ ਰਿਕਾਰਡ ਕੀਤੀ ਗਈ ਸੀ, ਆਲੇ-ਦੁਆਲੇ ਦੇ ਲੋਕਾਂ ਨੂੰ ਚੀਕਦੇ ਅਤੇ ਸ਼ੇਰ 'ਤੇ ਪੱਥਰ ਸੁੱਟਦਿਆਂ ਸੁਣਿਆ ਜਾ ਸਕਦਾ ਹੈ।
ਉਹ ਸ਼ੇਰ ਦੇ ਚੁੰਗਲ ਵਿੱਚੋਂ ਕਿਵੇਂ ਛੁੱਟਿਆ ?

ਤਸਵੀਰ ਸਰੋਤ, Bipin Tankaria/BBC
ਕਾਲੂ ਭਾਈ ਨੇ ਕਿਹਾ ਕਿ ਸ਼ੇਰ ਦੇ ਉਸ ਨੂੰ ਝਪਟਾ ਮਾਰਨ ਤੋਂ ਬਾਅਦ ਪਿੰਡ ਵਾਸੀ ਵੀ ਉਨ੍ਹਾਂ ਦੀ ਬਹੁਤੀ ਮਦਦ ਨਹੀਂ ਕਰ ਸਕੇ। ਪਰ ਕੁਝ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਸ਼ੇਰ ਅਚਾਨਕ ਕਾਲੂ ਭਾਈ ਨੂੰ ਛੱਡ ਕੇ ਚਲਿਆ ਜਾਂਦਾ ਹੈ।
ਕਾਲੂ ਭਾਈ ਦਾ ਕਹਿਣਾ ਹੈ ਕਿ ਸ਼ੇਰ ਉਸ ਨੂੰ ਛੱਡ ਕੇ ਉਸ ਦੀਆਂ ਗਾਵਾਂ ਵੱਲ ਚਲਿਆ ਗਿਆ। ਹਾਲਾਂਕਿ, ਪਿੰਡ ਦੇ ਆਗੂ ਕਰਮਸ਼ੀਭਾਈ ਚੌਹਾਨ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੇਰ ਕਾਲੂ ਭਾਈ ਦੀਆਂ ਦੋਹਾਂ ਗਾਵਾਂ ਨੂੰ ਕੋਈ ਨੁਕਸਾਨ ਪਹੁੰਚਾਏ ਬਿਨ੍ਹਾਂ ਹੀ ਉੱਥੋਂ ਚਲਿਆ ਗਿਆ।
ਕਰਮਸ਼ੀ ਭਾਈ ਨੇ ਕਿਹਾ, "ਸ਼ੇਰ ਅਚਾਨਕ ਪਿੰਡ ਵਿਚ ਦਾਖਲ ਹੋਇਆ ਅਤੇ ਕਾਲੂਭਾਈ ਦੇ ਗੁਆਂਢੀ ਦੇ ਘਰ ਦੇ ਵਿਹੜੇ ਵਿੱਚ ਚਲਿਆ ਗਿਆ ਅਤੇ ਉਸ ਵੱਲ ਦੌੜਿਆ। ਪਰ ਉਸ ਦੀ ਮੱਝ ਨੇ ਉਸ ਦਾ ਮੁਕਾਬਲਾ ਕੀਤਾ, ਇਸ ਲਈ ਸ਼ੇਰ ਉੱਥੋਂ ਭੱਜ ਗਿਆ ਅਤੇ ਕਾਲੂ ਭਾਈ ਦੇ ਘਰ ਵੱਲ ਚਲਿਆ ਗਿਆ ਜਿੱਥੇ ਦੋ ਗਾਵਾਂ ਬੰਨ੍ਹੀਆਂ ਹੋਈਆਂ ਸਨ। ਪਰ ਗਾਵਾਂ ਦੀ ਬਜਾਏ, ਉਸ ਨੇ ਕਾਲੂ ਭਾਈ 'ਤੇ ਹਮਲਾ ਕਰ ਦਿੱਤਾ। ਅਖ਼ੀਰ ਵਿੱਚ ਕਾਲੂਭਾਈ ਨੂੰ ਛੱਡ ਕੇ ਉਹ ਗਾਵਾਂ ਵੱਲ ਭੱਜਿਆ। ਹਾਲਾਂਕਿ ਅੰਤ ਵਿੱਚ ਉਹ ਗਾਵਾਂ ਨੂੰ ਕੋਈ ਨੁਕਸਾਨ ਪਹੁੰਚਾਏ ਬਿਨ੍ਹਾਂ ਹੀ ਉੱਥੋਂ ਭੱਜ ਗਿਆ।"
ਕਰਮਸ਼ੀ ਭਾਈ ਦੀ ਪਤਨੀ ਜੇਕੂ ਬੇਨ ਗਰਾਜੀਆ ਪਿੰਡ ਦੀ ਮੌਜੂਦਾ ਸਰਪੰਚ ਹੈ। ਕਰਮਸ਼ੀ ਭਾਈ ਨੇ ਅੱਗੇ ਕਿਹਾ, "ਕਾਲੂ ਭਾਈ ਦੀ ਗਰਦਨ, ਮੋਢੇ ਅਤੇ ਹੱਥ ਤੇ ਇਸ ਹਮਲੇ ਵਿੱਚ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਪਹਿਲਾਂ ਇਲਾਜ ਲਈ ਪਾਲੀਤਾਨਾ ਦੇ ਇੱਕ ਹਸਪਤਾਲ ਲਿਜਾਇਆ ਗਿਆ ਸੀ। ਪਰ ਉੱਥੋਂ ਦੇ ਡਾਕਟਰ ਨੇ ਕਿਹਾ ਕਿ ਕਿਉਂਕਿ ਸੱਟਾਂ ਗੰਭੀਰ ਸਨ ਇਸ ਲਈ ਉਨ੍ਹਾਂ ਨੂੰ ਭਾਵਨਗਰ ਲਿਜਾਉਣਾ ਪਿਆ।"
ਸ਼ੇਰ ਨੇ ਹਮਲਾ ਕਿਉਂ ਕੀਤਾ?
ਗਰਾਜੀਆ ਪਿੰਡ ਪਾਲੀਤਾਨਾ ਸ਼ਹਿਰ ਤੋਂ ਲਗਭਗ ਪੰਜ ਕਿੱਲੋਮੀਟਰ ਦੂਰ ਸ਼ੇਤਰੁੰਜੇ ਪਹਾੜ ਦੇ ਪੈਰਾਂ ਵਿੱਚ ਸਥਿਤ ਹੈ। ਸਥਾਨਕ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੇਤਰੁੰਜੇ ਪਹਾੜ ਇੱਕ ਰਿਜ਼ਰਵਡ ਜੰਗਲ ਹੈ ਅਤੇ ਇਹ ਸ਼ੇਰਾਂ ਤੇ ਚੀਤਿਆਂ ਦਾ ਘਰ ਹੈ।
ਇਹ ਪਿੰਡ ਸ਼ੇਤਰੁੰਜੀ ਵਾਈਲਡ ਲਾਈਫ ਦੀ ਪਾਲੀਤਾਨਾ ਰੇਂਜ ਵਿੱਚ ਸ਼ਾਮਲ ਹੈ।

ਚਿਰਾਗ ਅਮੀਨ ਨੇ ਬੀਬੀਸੀ ਨੂੰ ਦੱਸਿਆ, "ਅਗਲੇ ਦਿਨ, ਇਨ੍ਹਾਂ ਸ਼ੇਰਾਂ ਨੇ ਗਰਾਜੀਆ ਨੇੜੇ ਸੋਨਪਰੀ ਪਿੰਡ ਵਿੱਚ ਇੱਕ ਪਸ਼ੂ ਨੂੰ ਮਾਰ ਦਿੱਤਾ। ਉਸ ਨੂੰ ਖਾ ਜਾਣ ਤੋਂ ਬਾਅਦ ਇਹ ਤਿੰਨੋਂ ਸ਼ੇਰ ਆਪਣੀਆਂ ਗੁਫਾਵਾਂ ਵੱਲ ਜਾ ਰਹੇ ਸਨ। ਜਿਵੇਂ ਜਿਵੇਂ ਸਮਾਂ ਲੰਘਿਆ, ਸਵੇਰ ਹੋਈ ਅਤੇ ਲੋਕਾਂ ਦੀ ਆਵਾਜਾਈ ਵਧ ਗਈ। ਸ਼ੇਰਾਂ ਦੇ ਇਸ ਝੁੰਡ ਵਿਚ ਇੱਕ ਨਰ ਵੀ ਸੀ ਜੋ ਕਿ ਛੋਟੀ ਉਮਰ ਦਾ ਸੀ। ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਉਹ ਡਰ ਗਿਆ। ਅਜਿਹੀ ਸਥਿਤੀ ਵਿੱਚ ਉਸ ਨੇ ਇੱਕ ਪਸ਼ੂ ਮਾਲਕ 'ਤੇ ਹਮਲਾ ਕਰ ਦਿੱਤਾ। ਹਾਲਾਂਕਿ, ਸ਼ੇਰ ਨੇ ਪਸ਼ੂ ਮਾਲਕ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਘਟਨਾ ਦੀ ਵੀਡੀਓ ਤੋਂ ਪਤਾ ਲਗਦਾ ਹੈ ਕਿ ਉਹ ਪਸ਼ੂ ਮਾਲਕ ਨੂੰ ਜ਼ਖਮੀ ਕਰਨ ਤੋਂ ਬਾਅਦ ਉੱਥੋਂ ਚਲਿਆ ਜਾਂਦਾ ਹੈ।"
ਜੰਗਲਾਤ ਵਿਭਾਗ ਦੇ ਪ੍ਰੈਸ ਨੋਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਾਲੂ ਭਾਈ 'ਤੇ ਸ਼ੇਰ ਨੇ ਉਦੋਂ ਹਮਲਾ ਕੀਤਾ ਜਦੋਂ ਉਹ ਆਪਣੇ ਪਸ਼ੂਆਂ ਨੂੰ ਬਚਾਉਣ ਗਏ ਸੀ।
ਇਸ ਖੇਤਰ ਵਿਚ ਸ਼ੇਰ ਕਦੋਂ ਤੋਂ ਹਨ?

ਤਸਵੀਰ ਸਰੋਤ, Bipin Tankaria/BBC
1990 ਦੇ ਦਹਾਕੇ ਦੀ ਸ਼ੁਰੂਆਤ ਤੱਕ ਸ਼ੇਰ ਸਿਰਫ਼ ਗਿਰ ਨੈਸ਼ਨਲ ਪਾਰਕ ਅਤੇ ਵਾਈਲਡ ਲਾਈਫ ਸੈਂਚੁਰੀ ਵਿੱਚ ਹੀ ਦੇਖੇ ਜਾਂਦੇ ਸਨ, ਜਿਸ ਨੂੰ 'ਗਿਰ ਦੇ ਜੰਗਲ' ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਜੰਗਲ ਅੱਜ ਦੇ ਜੂਨਾਗੜ੍ਹ, ਗਿਰ ਸੋਮਨਾਥ ਅਤੇ ਅਮਰੇਲੀ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ।
ਜਿਵੇਂ ਜਿਵੇਂ ਸ਼ੇਰਾਂ ਦੀ ਅਬਾਦੀ ਵਧੀ, 1990 ਦੇ ਦਹਾਕੇ ਦੇ ਤਕਰੀਬਨ ਅੱਧ ਵਿਚ ਸ਼ੇਰਾਂ ਨੇ ਗਿਰ ਦੇ ਜੰਗਲ ਤੋਂ ਬਾਹਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਅਤੇ ਅਮਰੇਲੀ ਦੇ ਪਾਨੀਆ ਵਿੱਚ ਦਿਖਾਈ ਦੇਣ ਲੱਗੇ। ਇਸ ਤੋਂ ਬਾਅਦ, ਸ਼ੇਤਰੁੰਜੀ ਨਦੀ ਦੇ ਕੰਢਿਆਂ ਦੇ ਨਾਲ-ਨਾਲ ਆਪਣਾ ਸਾਮਰਾਜ ਵਧਾਉਂਦਿਆਂ ਸ਼ੇਰ ਅਮਰੇਲੀ ਦੇ ਲੀਲੀਆ ਵਿੱਚ ਦਾਖਲ ਹੋਏ ਅਤੇ ਉੱਥੋਂ ਭਾਵਨਗਰ ਦੇ ਮਹੂਆ ਤਾਲੁਕਾ ਵਿੱਚ ਪਹੁੰਚ ਗਏ ਅਤੇ ਪਿਛਲੇ ਇੱਕ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਤੋਂ ਉੱਥੋਂ ਹੀ ਰਹਿ ਰਹੇ ਹਨ। ਮਹੂਆ ਤੋਂ ਅੱਗੇ ਵਧ ਕੇ ਹੁਣ ਇਹ ਸ਼ੇਰ ਪਾਲੀਤਾਨਾ ਤਹਿਸੀਲ ਦੇ ਸ਼ੇਤਰੁੰਜੇ ਪਰਬਤ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਪੱਕੇ ਤੌਰ 'ਤੇ ਵੱਸ ਗਏ ਹਨ।
ਪਿਛਲੇ ਮਹੀਨੇ,ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਸ਼ੇਰ ਸ਼ੇਤਰੁੰਜੇ ਪਹਾੜ ਦੀਆਂ ਪੌੜੀਆਂ ਚੜ੍ਹਦੇ ਦਿਸ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਸ਼ੇਰ ਇੱਕ ਸ਼ਰਧਾਲੂ ਦਾ ਬੈਗ, ਮੂੰਹ ਵਿੱਚ ਫੜ ਕੇ ਭੱਜ ਗਿਆ ਸੀ।
ਗਿਰ ਦੇ ਜੰਗਲ ਤੋਂ ਦੂਰ ਇਨਸਾਨਾਂ ਦੀ ਸੰਘਣੀ ਅਬਾਦੀ ਵਾਲੇ ਰੈਵੇਨਿਊ ਖੇਤਰਾਂ ਵਿੱਚ ਵੱਸ ਰਹੇ ਸ਼ੇਰਾਂ ਦੀ ਸੰਭਾਲ ਅਤੇ ਸੁਰੱਖਿਆ ਕਰਨ ਅਤੇ ਮਨੁੱਖਾਂ ਤੇ ਸ਼ੇਰਾਂ ਵਿਚਕਾਰ ਟਕਰਾਅ ਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਸੂਬਾ ਸਰਕਾਰ ਨੇ 2019 ਵਿੱਚ ਸ਼ੇਤਰੁੰਜੀ ਵਾਈਲਡ ਲਾਈਫ ਵਿਭਾਗ ਦਾ ਗਠਨ ਕੀਤਾ ਸੀ ਅਤੇ ਜੰਗਲਾਤ ਵਿਭਾਗ ਦੇ ਸਟਾਫ਼ ਦੀ ਨਿਯੁਕਤੀ ਕੀਤੀ ਸੀ। ਇਸ ਵਿਭਾਗ ਦੇ ਡਿਪਟੀ ਕੰਜ਼ਰਵੇਟਰ ਆਫ ਫੌਰੈਸਟ ਦਾ ਦਫ਼ਤਰ ਪਾਲੀਤਾਨਾ ਸ਼ਹਿਰ ਵਿਚ ਬਣਾਇਆ ਗਿਆ ਹੈ।
ਕਰਮਸ਼ੀਭਾਈ ਨੇ ਕਿਹਾ, "ਪਿਛਲੇ ਤਿੰਨ ਸਾਲ ਤੋਂ ਸਾਡੇ ਪਿੰਡ ਦੇ ਆਲੇ-ਦੁਆਲੇ ਘੁੰਮਣ ਵਾਲੇ ਸ਼ੇਰਾਂ ਦੀ ਗਿਣਤੀ ਵਧ ਗਈ ਹੈ ਅਤੇ ਉਹ ਲਗਾਤਾਰ ਪਸ਼ੂਆਂ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ। ਪਰ ਕਿਸੇ ਸ਼ੇਰ ਵੱਲੋਂ ਇਨਸਾਨ 'ਤੇ ਹਮਲਾ ਕਰਨ ਦਾ ਇਹ ਪਹਿਲਾ ਮਾਮਲਾ ਹੈ।"
ਡਿਪਟੀ ਕੰਜ਼ਰਵੇਟਰ ਆਫ ਫੌਰੈਸਟ ਚਿਰਾਗ਼ ਅਮੀਨ ਨੇ ਅੱਗੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਸਟਾਫ ਨੂੰ ਗਰਾਜੀਆ ਵਿੱਚ ਦੇਖੇ ਗਏ ਤਿੰਨੇ ਸ਼ੇਰਾਂ ਦੀ ਲੋਕੇਸ਼ਨ ਮਿਲ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, "ਸਾਡਾ ਸਟਾਫ਼ ਉਸ ਹਸਪਤਾਲ ਵਿੱਚ ਮੌਜੂਦ ਹੈ ਜਿੱਥੇ ਜ਼ਖਮੀ ਪਸ਼ੂ ਪਾਲਕ ਨੂੰ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਹਸਪਤਾਲ ਪ੍ਰਸ਼ਾਸਨ ਨਾਲ ਵੀ ਤਾਲਮੇਲ ਰੱਖ ਰਹੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












