ਜਲੰਧਰ: ਬੋਰਵੈੱਲ ਵਿੱਚੋਂ ਜ਼ਿੰਦਾ ਕਿਉਂ ਨਹੀਂ ਕੱਢਿਆ ਜਾ ਸਕਿਆ ਇੰਜੀਨੀਅਰ ਸੁਰੇਸ਼ ਕੁਮਾਰ

ਪ੍ਰਕਾਸ਼ਿਤ

80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਇੰਜੀਨਿਅਰ ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਬਾਹਰ ਕੱਢੀ ਗਈ ਹੈ। ਐੱਨਡੀਆਰਐੱਫ ਵੱਲੋਂ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਸੁਰੇਸ਼ ਕੁਮਾਰ ਨੈਸ਼ਨਲ ਹਾਈਵੇਅ ਅਥਾਰਟੀ ਦਾ ਤਕਨੀਕੀ ਮਾਹਰ ਸੀ ਅਤੇ ਜਲੰਧਰ ਦੇ ਕਰਤਾਰਪੁਰ ਲਾਗੇ ਇੱਕ ਪੁਲ਼ ਲਈ ਉਸਾਰੇ ਜਾ ਰਹੇ ਥੰਮਾਂ ਦੇ ਬੈਰਵੈੱਲ ਵਿੱਚ ਸ਼ਨੀਵਾਰ ਨੂੰ ਡਿੱਗ ਗਿਆ ਸੀ।

ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਜਲੰਧਰ ਦੇ ਸਿਵਲ ਹਸਪਤਾਲ ‘ਚ ਭੇਜੀ ਗਈ ਹੈ |

ਕਰਤਾਰਪੁਰ ਦੇ ਬਸਰਾਮਪੁਰ ਵਿੱਚ ਦਿੱਲੀ-ਕੱਟੜਾ ਐਕਸਪ੍ਰੈਸਵੇਅ ਦੇ ਕੰਮ ਦੌਰਾਨ ਸੁਰੇਸ਼ ਕੁਮਾਰ 12 ਅਗਸਤ ਸ਼ਾਮ ਨੂੰ ਬੋਰਵੈੱਲ ਵਿੱਚ ਡਿੱਗ ਗਏ ਸਨ।

ਉਨ੍ਹਾਂ ਨੂੰ ਬਾਹਰ ਕੱਢਣ ਲਈ ਕਰੀਬ 44 ਘੰਟੇ ਐੱਨਡੀਆਰਐੱਫ ਅਤੇ ਐੱਨਐੱਚਆਈਏ ਦੀਆਂ ਟੀਮਾਂ ਜੱਦੋ-ਜਹਿਦ ਕਰਦੀਆਂ ਰਹੀਆਂ।

ਜਲੰਧਰ ਦੇ ਏਡੀਸੀ ਜਸਵੀਰ ਸਿੰਘ ਮੁਤਾਬਕ ਹਾਈਵੇਅ ਦੀ ਉਸਾਰੀ ਦੌਰਾਨ ਥੰਮ (ਪਿੱਲਰ) ਬਣਾਉਣ ਦਾ ਕੰਮ ਚੱਲ ਰਿਹਾ ਸੀ। ਇੱਥੇ ਤਿੰਨ ਥੰਮ ਤਿਆਰ ਹੋ ਗਏ ਸਨ ਅਤੇ ਚੌਥੇ ਲਈ ਜਦੋਂ ਬੋਰ ਕੀਤਾ ਜਾ ਰਿਹਾ ਸੀ ਤਾਂ ਮਸ਼ੀਨ ਫਸ ਗਈ ਸੀ।

ਉਨ੍ਹਾਂ ਨੇ ਅੱਗੇ ਦੱਸਿਆ, "ਜਦੋਂ ਇਸ ਦੀ ਜਾਂਚ ਲਈ ਤਕਨੀਕੀ ਮਾਹਰ ਸੁਰੇਸ਼ ਕੁਮਾਰ ਇੱਕ ਹੋਰ ਮੁਲਾਜ਼ਮ ਨਾਲ 60-70 ਫੁੱਟ ਉਤਰੇ ਸਨ। ਜਦੋਂ ਇਹ ਦੋਵੇਂ ਜਣੇ ਹੇਠਾਂ ਉਤਰੇ ਤਾਂ ਇੱਕ ਦਮ ਮਿੱਟੀ ਉਨ੍ਹਾਂ ਉੱਤੇ ਡਿੱਗ ਪਈ ਸੀ।"

"ਇਸ ਦੌਰਾਨ ਇੱਕ ਜਣਾ ਤਾਂ ਕਿਸੇ ਤਰ੍ਹਾਂ ਬਚ ਗਿਆ ਪਰ ਸੁਰੇਸ਼ ਕੁਮਾਰ ਉੱਥੇ ਫਸ ਗਏ ਸਨ।"

ਪਰ ਮਾਹਰਾਂ ਨੇ ਇੱਕ ਸਮੇਂ ਬਾਅਦ ਉਨ੍ਹਾਂ ਦੇ ਜਿੰਦਾ ਨਾ ਬਚਣ ਦਾ ਖਦਸ਼ਾ ਜ਼ਾਹਿਰ ਕਰ ਦਿੱਤਾ ਸੀ। ਹਾਲਾਂਕਿ, ਮੌਕੇ 'ਤੇ ਲਾਈਫ ਸਪੋਰਟ ਸਿਸਟਮ ਸਣੇ ਸਾਰੇ ਪ੍ਰਬੰਧ ਕੀਤੇ ਗਏ ਸਨ।

ਉਸ ਕੋਲ 18 ਘੰਟੇ ਦਾ ਆਕਸੀਜਨ ਬੈਕਅੱਪ ਸੀ, ਪਰ ਉਸ ਤੱਕ ਪਹੁੰਚਣ ਲਈ ਕਾਫ਼ੀ ਸਮਾਂ ਲੱਗ ਗਿਆ।

ਪਰ ਲਗਾਤਾਰ ਹੋ ਰਹੀ ਦੇਰੀ ਕਾਰਨ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।

ਦੇਰੀ ਦੇ ਕੀ ਕਾਰਨ ਸਨ

ਸੁਰੇਸ਼ ਨੂੰ ਬਾਹਰ ਕੱਢੋ ਜਾਣ ਵਿੱਚ ਦੇਰੀ ਹੋਣ ਦਾ ਮੁੱਖ ਕਾਰਨ ਇਸ ਇਲਾਕੇ 'ਚ ਮਿੱਟੀ ਤੇ ਰੇਤ ਦਾ ਮਿਕਸ ਹੋਣਾ ਦੱਸਿਆ ਗਿਆ ਹੈ।

ਜਿਵੇਂ ਹੀ ਸੁਰੇਸ਼ ਕੁਮਾਰ ਤੱਕ ਪਹੁੰਚ ਹੁੰਦੀ ਤਾਂ ਮਿੱਟੀ ਵਾਰ ਵਾਰ ਉੱਪਰ ਡਿੱਗ ਜਾਂਦੀ ਸੀ।

ਹਾਲਾਂਕਿ, ਇਸ ਦੌਰਾਨ ਮਿੱਟੀ 'ਤੇ ਬੈਨਟਨਾਈਟ ਨਾਮ ਦੇ ਕੈਮੀਕਲ ਦੀ ਸਪਰੇਅ ਵੀ ਕੀਤੀ ਜਾ ਰਹੀ ਸੀ, ਤਾਂ ਜੋ ਮਿੱਟੀ ਕੁਝ ਸਮੇਂ ਲਈ ਟਿਕੀ ਰਹਿ ਸਕੇ।

ਐੱਨਡੀਆਰਐੱਫ਼ ਦੀ ਬਚਾਅ ਕਾਰਜ ਵਿੱਚ ਲੱਗੀ ਟੀਮ ਮੁਤਾਬਕ ਪਹਿਲੀ ਵਾਰ ਮਸ਼ੀਨਾਂ ਖੁਦਾਈ ਕਰਦੀਆਂ 70 ਫੁੱਟ ਉੱਤੇ ਸੁਰੇਸ਼ ਕੁਮਾਰ ਤੱਕ ਪਹੁੰਚ ਗਈਆਂ ਸਨ। ਪਰ ਜਦੋਂ ਉਸ ਦੀ ਵਰਦੀ ਵਾਲੀ ਬੈਲਟ ਨੂੰ ਕੁੰਡੀ ਪਾਉਣ ਲੱਗੇ ਤਾਂ ਮਿੱਟੀ ਦੀਆਂ ਢਿੱਗਾ ਡਿੱਗ ਗਈਆਂ।

ਇਸ ਤੋਂ ਬਾਅਦ ਖੁਦਾਈ 80 ਫੁੱਟ ਉੱਤੇ ਲੈ ਕੇ ਜਾਣੀ ਪਈ, ਇੱਥੇ ਵੀ ਜਦੋਂ ਸੁਰੇਸ਼ ਕੁਮਾਰ ਤੱਕ ਪਹੁੰਚ ਹੋਈ ਤਾਂ ਫੇਰ ਮਿੱਟੀ ਦੀਆਂ ਡਿੱਗਾਂ ਡਿੱਗ ਗਈਆਂ ਅਤੇ ਮੁੜ ਓਹੀ ਜੱਦੋਜਹਿਦ ਕਰਨੀ ਪਈ।

ਅਖੀਰ ਜਦੋਂ ਤੱਕ ਮੁੜ ਪਹੁੰਚ ਹੋਈ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ, ਜਦੋਂ ਸੁਰੇਸ਼ ਨੂੰ ਬਾਹਰ ਕੱਢਿਆ ਗਿਆ ਉਦੋ ਹੀ ਉਸ ਦੀ ਮੌਤ ਹੋ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ।

ਭਾਵੇਂ ਕਿ ਉਸ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਵਿੱਚ ਪਾ ਕੇ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ।

  • 12 ਅਗਸਤ ਦੀ ਸ਼ਾਮ ਨੂੰ 80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਇੰਜੀਨਿਅਰ ਸੁਰੇਸ਼ ਕੁਮਾਰ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
  • ਸੁਰੇਸ਼ ਕੁਮਾਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਬਣਾਏ ਜਾ ਰਹੇ ਦਿੱਲੀ-ਕੱਟੜਾ ਐਕਸਪ੍ਰੈਸਵੇਅ ਦੇ ਕੰਮ ਦੌਰਾਨ ਕਰਤਾਰਪੁਰ ਨੇੜੇ ਬੈਰਵੈੱਲ ਵਿੱਚ ਡਿੱਗ ਗਿਆ ਸੀ।
  • ਇਲਾਕੇ ਵਿੱਚ ਮਿੱਟੀ ਅਤੇ ਰੇਤ ਦੇ ਮਿਕਸ ਹੋਣ ਕਾਰਨ ਸੁਰੇਸ਼ ਨੂੰ ਬਾਹਰ ਕੱਢਣ ਵਿੱਚ ਦੇਰੀ ਹੋਈ।
  • ਐੱਨਡੀਆਰਐੱਫ ਮੁਤਾਬਕ ਖ਼ੁਦਾਈ ਕਰਦੀਆਂ ਮਸ਼ੀਨਾਂ ਸੁਰੇਸ਼ ਕੁਮਾਰ ਤੱਕ ਪਹੁੰਚ ਗਈਆਂ ਸਨ, ਪਰ ਵਰਦੀ ਵਾਲੀ ਬੈਲਟ ਨੂੰ ਕੁੰਡੀ ਪਾਉਣ ਵੇਲੇ ਢਿੱਗਾਂ ਡਿੱਗ ਪਈਆਂ।
  • ਸੁਰੇਸ਼ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਕਾਰਸੋਲਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਤ ਸਨ।

ਕੌਣ ਸੀ ਸੁਰੇਸ਼ ਕੁਮਾਰ

ਸੁਰੇਸ਼ ਹਰਿਆਣਾ ਦਾ ਜੀਂਦ ਦੇ ਕਰਸੋਲਾ ਦੇ ਰਹਿਣ ਵਾਲੇ ਸਨ ਅਤੇ ਜ਼ਿਮੀਂਦਾਰੀ ਪਰਿਵਾਰ ਨਾਲ ਸੰਬੰਧਤ ਸੀ।

ਸੁਰੇਸ਼ ਕੁਮਾਰ ਇੱਕ ਟੈਕਨੀਕਲ ਇੰਜੀਨਿਅਰ ਵਜੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨਾਲ ਕੰਮ ਕਰ ਰਿਹਾ ਸੀ।

ਉਹ ਆਪਣੇ ਹੋਰ ਸਾਥੀ ਜੰਮੂ-ਕੱਟੜਾ ਪ੍ਰੋਜੈਕਟ ਉੱਤੇ ਕੰਮ ਕਰ ਰਿਹਾ ਸੀ ਜਦੋਂ ਉਹ ਬੋਰਵੈੱਲ ਵਿੱਚ ਡਿੱਗ ਪਿਆ।

ਕੀ ਹੈ ਕੱਟੜਾ-ਦਿੱਲੀ ਐਕਸਪ੍ਰੈਸਵੇਅ

ਦਿੱਲੀ ਤੋਂ ਜੰਮੂ ਦੇ ਕਟੜਾ ਤੱਕ ਤਕਰੀਬਨ 600 ਕਿਲੋਮੀਟਰ ਲੰਬਾ ਐਕਸਪ੍ਰੈਸ ਵੇਅ ਬਣਾਇਆ ਜਾਣਾ ਹੈ।

ਭਾਰਤਮਾਲਾ ਪ੍ਰੌਜੈਕਟ ਤਹਿਤ ਇਹ ਨੈਸ਼ਨਲ ਐਕਸਪ੍ਰੈਸ ਵੇਅ ਬਣ ਰਿਹਾ ਹੈ, ਜੋ ਕਿ ਦਿੱਲੀ ਨੇੜੇ ਬਹਾਦਰਗੜ੍ਹ ਤੋਂ ਸ਼ੁਰੂ ਹੋ ਕੇ ਹਰਿਆਣਾ ਵਿੱਚੋਂ ਲੰਘਦਿਆਂ ਪੰਜਾਬ ਦੇ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਪਠਾਨਕੋਟ ਹੁੰਦਾ ਜੰਮੂ ਵਿਚ ਦਾਖਲ ਹੋਵੇਗਾ। ਇਹ ਐਕਸਪ੍ਰੈਸਵੇਅ ਅੰਮ੍ਰਿਤਸਰ ਨੂੰ ਵੀ ਨਾਲ ਜੋੜੇਗਾ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਐਕਸਪ੍ਰੈਸ ਵੇਅ ਨਾਲ ਦਿੱਲੀ ਤੋਂ ਕਟੜਾ ਦਾ ਸਫ਼ਰ ਛੇ ਘੰਟਿਆ ਵਿੱਚ ਤੈਅ ਕੀਤਾ ਜਾ ਸਕੇਗਾ।

ਮੀਡੀਆ ਰਿਪੋਰਟਾਂ ਮੁਤਾਬਕ, ਸਰਕਾਰ ਦੀ ਯੋਜਨਾ ਹੈ ਕਿ 2023 ਤੱਕ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)