You’re viewing a text-only version of this website that uses less data. View the main version of the website including all images and videos.
ਹੀਟਵੇਵ ਤੋਂ ਕਦੋਂ ਮਿਲੇਗੀ ਰਾਹਤ, ਜਾਣੋ ਬਾਰਿਸ਼ ਬਾਰੇ ਮੌਸਮ ਵਿਭਾਗ ਨੇ ਕੀ ਦੱਸਿਆ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਦੇਸ਼ ਭਰ ਦੇ ਕਈ ਇਲਾਕੇ ਤਪਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ।
ਹੀਟਵੇਵ ਕਾਰਨ ਆਮ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਪਰ ਮੌਸਮ ਵਿਭਾਗ ਨੇ ਇਸ ਹਫ਼ਤੇ ਦੇ ਮੱਧ ਵਿੱਚ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਹੈ।
ਭਾਰਤੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 18 ਜੂਨ ਤੱਕ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਦੀ ਸਥਿਤੀ ਬਣੀ ਰਹੇਗੀ, ਪਰ 18 ਤੋਂ 21 ਜੂਨ ਵਿਚਕਾਰ ਗਰਜ-ਚਮਕ ਦੇ ਨਾਲ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਕੁਝ ਸਥਾਨਾਂ ‘ਤੇ 17 ਜੂਨ ਨੂੰ ਅਤੇ ਕਈ ਥਾਵਾਂ ‘ਤੇ 18 ਤੋਂ 21 ਜੂਨ ਵਿਚਕਾਰ ਮੀਂਹ ਪੈਣ ਦਾ ਅਨੁਮਾਨ ਹੈ।
18 ਤੋਂ 21 ਜੂਨ ਦਰਮਿਆਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ 30-40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ।
ਮੌਸਮ ਵਿਭਾਗ ਨੇ 16 ਜੂਨ ਬਾਅਦ-ਦੁਪਹਿਰ ਜਾਰੀ ਬਿਆਨ ਵਿੱਚ ਕਿਹਾ ਕਿ ਦੱਖਣੀ, ਪੱਛਮੀ ਪੰਜਾਬ ਅਤੇ ਹਰਿਆਣਾ ਵਿੱਚ 45-46 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ ਸਮੇਤ ਉੱਤਰੀ ਹਿੱਸਿਆਂ ਵਿੱਚ 44-45 ਡਿਗਰੀ ਸੈਲਸੀਅਸ ਤੱਕ ਦੇ ਵੱਧ ਤੋਂ ਵੱਧ ਤਾਪਮਾਨ ਨਾਲ ਲੂ ਦੀ ਸਥਿਤੀ ਬਣੀ ਹੋਈ ਹੈ ਅਤੇ ਅਗਲੇ ਤਿੰਨ ਦਿਨ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ।
ਉਸ ਤੋਂ ਬਾਅਦ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਗਿਰਾਵਟ ਆਉਣ ਦਾ ਅਨੁਮਾਨ ਹੈ।
20 ਜੂਨ ਨੂੰ ਉੱਤਰਪ੍ਰਦੇਸ਼ ਦੇ ਬੁਦੇਲਖੰਡ ਸਮੇਤ ਕੁਝ ਹੋਰ ਖੇਤਰਾਂ ਨੂੰ ਛੱਡ ਕੇ ਪੂਰੇ ਭਾਰਤ ਨੂੰ ਹੀਟਵੇਵ ਤੋਂ ਰਾਹਤ ਮਿਲਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਜਤਾਈ ਹੈ।
ਲੂ ਕਿਸ ਨੂੰ ਕਿਹਾ ਜਾਂਦਾ ਹੈ ?
ਮੌਸਮ ਵਿਭਾਗ ਮੁਤਾਬਕ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਉੱਤੇ ਹੋਣ ’ਤੇ ਹੀਟਵੇਵ ਦੇ ਹਾਲਾਤ ਬਣਦੇ ਹਨ।
ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਜਦੋਂ ਤਾਪਮਾਨ 45 ਡਿਗਰੀ ਤੋਂ ਉੱਤੇ ਚਲਾ ਜਾਂਦਾ ਹੈ ਤਾਂ ਮੌਸਮ ਵਿਭਾਗ ਵੱਲੋਂ ਹੀਟਵੇਵ ਦਾ ਐਲਾਨ ਕੀਤਾ ਜਾਂਦਾ ਹੈ।
ਤਾਪਮਾਨ 47 ਡਿਗਰੀ ਤੋਂ ਉੱਤੇ ਹੋ ਜਾਵੇ ਤਾਂ ਅਤਿ-ਲੂ ਐਲਾਨੀ ਜਾਂਦੀ ਹੈ।
ਗਰਮੀ ਤੋਂ ਬਚਣ ਲਈ ਮੌਸਮ ਵਿਭਾਗ ਦੇ ਸੁਝਾਅ
- ਲੰਬੇ ਸਮੇਂ ਤੱਕ ਧੁੱਪ ਵਿੱਚ ਨਾ ਰਹੋ, ਖ਼ਾਸ ਕਰਕੇ ਤਿੱਖੀ ਧੁੱਪ ਦੇ ਘੰਟਿਆਂ ਦੌਰਾਨ।
- ਪਾਣੀ ਪੀਂਦੇ ਰਹੋ।
- ਫਿੱਕੇ ਰੰਗਾਂ ਦੇ ਹਲਕੇ ਸੂਤੇ ਕੱਪੜੇ ਪਹਿਨੋ।
- ਬਾਹਰ ਜਾਣ ਵੇਲੇ ਸਿਰ ਨੂੰ ਕੱਪੜੇ, ਟੋਪੀ ਜਾਂ ਛਤਰੀ ਨਾਲ ਢਕ ਕੇ ਰੱਖੋ।
- ਬੱਚਿਆਂ, ਬਜ਼ੁਰਗਾਂ ਜਾਂ ਪੁਰਾਣੀ ਬਿਮਾਰੀ ਵਾਲੇ ਲੋਕਾਂ ਨੂੰ ਜਿਨ੍ਹਾਂ ਹੋ ਸਕੇ ਧੁੱਪ ਤੋਂ ਦੂਰ ਰੱਖੋ।
- ਤੇਜ਼ ਗਰਮੀ ਦੇ ਘੰਟਿਆਂ ਦੌਰਾਨ ਕਸਰਤ ਕਰਨਾ ਜਾਂ ਹੋਰ ਬਾਹਰੀ ਗਤੀਵਿਧੀਆਂ ਕਰਨ ਤੋਂ ਬਚੋ।
- ਖੇਤੀਬਾੜੀ ਜਾ ਹੋਰ ਬਾਹਰੀ ਕੰਮ ਕਰਨ ਵਾਲਿਆਂ ਨੂੰ ਸੁਝਾਅ ਹੈ ਕਿ ਦਿਨ ਦੇ ਠੰਡੇ ਘੰਟਿਆਂ ਦੌਰਾਨ ਕੰਮ ਕੀਤਾ ਜਾਵੇ।
- ਛਾਂ ਵਿੱਚ ਅਰਾਮ ਕੀਤਾ ਜਾਵੇ।
- ਫ਼ਸਲਾਂ ’ਤੇ ਗਰਮੀ ਦਾ ਅਸਰ ਘੱਟ ਕਰਨ ਲਈ ਸਵੇਰੇ ਜਾਂ ਸ਼ਾਮ ਨੂੰ ਸਿੰਜਾਈ ਕੀਤੀ ਜਾਣੀ ਚਾਹੀਦੀ ਹੈ।
- ਗਰਮੀ ਜਾਂ ਹੀਟਵੇਵ ਕਾਰਨ ਆਉਣ ਵਾਲੀਆਂ ਸਿਹਤ ਸਮੱਸਿਆਵਾਂ ਜਿਵੇਂ ਕਿ ਚੱਕਰ ਆਉਣਾ, ਜੀਅ ਕੱਚਾ ਹੋਣਾ, ਸਿਰ ਦਰਦ, ਤੇਜ਼ ਧੜਕਣ ਅਤੇ ਬੇਹੋਸ਼ੀ ਜਿਹੇ ਲੱਛਣਾਂ ਨੂੰ ਪਛਾਣੋ।
- ਅਜਿਹਾ ਕੋਈ ਵੀ ਲੱਛਣ ਨਜ਼ਰ ਆਉਣ ‘ਤੇ ਤੁਰੰਤ ਮੈਡੀਕਲ ਸਹਾਇਤਾ ਲਓ।
ਕਦੋਂ ਮਿਲੇਗੀ ਰਾਹਤ
ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 16 ਮਈ ਤੋਂ ਹੀਟਵੇਵ ਸ਼ੁਰੂ ਹੋਈਆਂ ਅਤੇ ਪੱਛਮੀ ਗੜਬੜੀਆਂ ਕਾਰਨ ਵਿਚਕਾਰ ਕੁਝ ਦਿਨ ਰਾਹਤ ਮਿਲੀ ਸੀ ਪਰ ਉਸ ਤੋਂ ਬਾਅਦ ਫਿਰ ਹੀਟਵੇਵ ਜਾਰੀ ਹੋ ਜਾਵੇਗੀ।
ਉਹ ਕਹਿੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 17 ਜੂਨ ਤੱਕ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿੱਚ ਲੂ ਵਗਦੀ ਰਹਿਣ ਦੀ ਸੰਭਾਵਨਾ ਹੈ ਅਤੇ ਤਾਪਮਾਨ 45-46 ਡਿਗਰੀ ਤੱਕ ਰਹਿ ਸਕਦਾ ਹੈ।
ਉੱਧਰ ਹਰਿਆਣਾ ਅਤੇ ਪੰਜਾਬ ਦੇ ਦੱਖਣੀ-ਪੱਛਮੀ ਹਿੱਸਿਆਂ ਵਿੱਚ ਅਤਿ-ਲੂ ਦੇ ਹਾਲਾਤ ਬਣ ਸਕਦੇ ਹਨ ਅਤੇ ਤਾਪਮਾਨ 46-47 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।
ਮਾਨਸੂਨ ਬਾਰੇ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 27 ਜੂਨ ਤੋਂ ਬਾਅਦ ਦਸਤਕ ਦੇ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਪਹਿਲਾਂ ਇਹ ਵੀ ਦੱਸ ਚੁੱਕਿਆ ਹੈ ਕਿ ਇਸ ਸਾਲ ਮਾਨਸੂਨ ਵੀ ਆਮ ਨਾਲ਼ੋਂ ਵਧੇਰੇ ਭਾਰੀ ਹੋ ਸਕਦਾ ਹੈ।
ਲੂ ਦਾ ਸਿਹਤ ’ਤੇ ਅਸਰ?
ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਸਪੈਸ਼ਲਿਸਟ ਡਾਕਟਰ ਈਸ਼ਾ ਦੱਸਦੇ ਹਨ ਕਿ ਹੀਟਵੇਵ ਕਾਰਨ ਮਨੁੱਖੀ ਸਰੀਰ ‘ਤੇ ਮਾਮੂਲੀ ਤੋਂ ਲੈ ਕੇ ਕਾਫ਼ੀ ਗੰਭੀਰ ਪ੍ਰਭਾਵ ਪੈ ਸਕਦੇ ਹਨ।
ਉਹ ਦੱਸਦੇ ਹਨ ਕਿ 5 ਸਾਲ ਤੋਂ ਛੋਟੀ ਉਮਰ ਦੇ ਬੱਚੇ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਹੀਟਵੇਵ ਦੇ ਪ੍ਰਭਾਵ ਵਿੱਚ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਡਾਕਟਰ ਈਸ਼ਾ ਨੇ ਦੱਸਿਆ ਕਿ ਹੀਟਵੇਵ ਦੇ ਸਰੀਰ ’ਤੇ ਬੁਰੇ ਪ੍ਰਭਾਵ ਦੇ ਲੱਛਣ ਸਿਰ ਦਰਦ, ਬੇਹੋਸ਼ੀ, ਬਲੱਡ ਪਰੈਸ਼ਰ ਘਟਣਾ, ਮਾਸ ਪੇਸ਼ੀਆਂ ਵਿੱਚ ਦਰਦ, ਜ਼ਿਆਦਾ ਪਸੀਨੇ ਆਉਣਾ, ਥਕਾਵਟ ਮਹਿਸੂਸ ਕਰਨਾ ਵਗੈਰਾ ਹੋ ਸਕਦੇ ਹਨ।
ਇਸ ਤੋਂ ਜ਼ਿਆਦਾ ਗੰਭੀਰ ਅਸਰ ਜਿਸ ਨੂੰ ਹੀਟਸਟ੍ਰੋਕ ਵੀ ਕਿਹਾ ਜਾਂਦਾ ਹੈ, ਉਸ ਵਿੱਚ ਤੇਜ਼ ਬੁਖ਼ਾਰ (103 ਡਿਗਰੀ ਫਾਰਨਹੀਟ ਤੋਂ ਉੱਤੇ) ਹੋ ਜਾਂਦਾ ਹੈ।
ਇਸ ਤੋਂ ਇਲਾਵਾ ਚਮੜੀ ਦੇ ਰੋਗ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ।
ਡਾਕਟਰ ਈਸ਼ਾ ਸਲਾਹ ਦਿੰਦੇ ਹਨ ਕਿ ਹੀਟਵੇਵ ਤੋਂ ਬਚਣ ਲਈ ਸਭ ਤੋਂ ਅਹਿਮ ਇਹ ਹੈ ਕਿ ਜ਼ਰੂਰੀ ਕੰਮਾਂ ਲਈ ਸਵੇਰ ਜਾਂ ਸ਼ਾਮ ਨੂੰ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਅਤੇ ਬਹੁਤਾ ਜ਼ਰੂਰੀ ਨਾ ਹੋਵੇ ਤਾਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲੋ।
ਉਹ ਸਲਾਹ ਦਿੰਦੇ ਹਨ ਕਿ ਪਾਣੀ ਪੀਂਦੇ ਰਹੋ।
ਪਸੀਨੇ ਕਾਰਨ ਸਰੀਰ ਵਿੱਚੋਂ ਨਮਕ ਦੀ ਮਾਤਰਾ ਵੀ ਘੱਟ ਹੁੰਦੀ ਹੈ ਇਸ ਲਈ ਇਲੈਕਟ੍ਰੋਲਾਈਟ ਯੁਕਤ ਡ੍ਰਿੰਕ ਜਿਵੇਂ ਕਿ ਓਆਰਐੱਸ, ਨਿੰਬੂ ਪਾਣੀ ਵਗੈਰਾ ਪੀਂਦੇ ਰਹਿਣਾ ਚਾਹੀਦਾ ਹੈ।
ਉਹ ਨਾਰੀਅਲ ਪਾਣੀ ਤੇ ਲੱਸੀ ਵਰਗੇ ਤਰਲ ਪਦਾਰਥਾਂ ਦੇ ਸੇਵਨ ਦੀ ਵੀ ਸਲਾਹ ਦਿੰਦੇ ਹਨ।
ਬਾਹਰ ਜਾਣ ਵੇਲੇ ਸਰੀਰ ਖ਼ਾਸ ਕਰਕੇ ਸਿਰ ਢਕ ਕੇ ਜਾਣ ਦੀ ਸਲਾਹ ਦਿੰਦੇ ਹਨ।
ਡਾਕਟਰ ਈਸ਼ਾ ਸਲਾਹ ਦਿੰਦੇ ਹਨ ਹਨ ਕਿ ਜੇਕਰ ਹੀਟਸਟ੍ਰੋਕ ਹੋ ਜਾਵੇ ਤਾਂ ਬਿਨ੍ਹਾਂ ਦੇਰੀ ਕੀਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।