ਬ੍ਰਿਟੇਨ ਦੇ ਗੁਰਦੁਆਰੇ 'ਚ ਨਾਬਾਲਗ ਨੇ ਸੰਗਤ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Phil Harrison/BBC
- ਲੇਖਕ, ਐਮੀ ਵਾਲਕਰ ਅਤੇ ਅਨੀਸਾ ਕਾਦਰੀ
- ਰੋਲ, ਬੀਬੀਸੀ ਨਿਊਜ਼ ਸਾਊਥ ਈਸਟ
- ਪ੍ਰਕਾਸ਼ਿਤ
ਬ੍ਰਿਟੇਨ ਦੇ ਕੈਂਟ ਦੇ ਸ਼ਹਿਰ ਗ੍ਰੇਵਸੈਂਡ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਵੀਰਵਾਰ ਦੀ ਸ਼ਾਮ ਨੂੰ ਇੱਕ ਨਾਬਾਲਗ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦੋ ਲੋਕਾਂ ਨੂੰ ਜ਼ਖਮੀ ਕਰ ਦਿੱਤਾ।
ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤਹਿਤ ਇੱਕ 17 ਸਾਲਾ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੈਂਟ ਪੁਲਿਸ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਿਕ 8 ਵੱਜ ਕੇ 10 ਮਿੰਟ 'ਤੇ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ।

ਤਸਵੀਰ ਸਰੋਤ, Guru Nanak Darbar Gurdwara Gravese
ਗੁਰਦੁਆਰੇ ਵਿੱਚ ਘਟਨਾ ਬਾਰੇ ਪੁਲਿਸ ਨੇ ਕੀ ਦੱਸਿਆ
ਕੈਂਟ ਪੁਲਿਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਗੁਰਦੁਆਰੇ ਵਿੱਚ ਦਾਖ਼ਲੇ ਹੋਏ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਉੱਥੇ ਮੌਜੂਦ ਲੋਕਾਂ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਪਰ ਦੋ ਔਰਤਾਂ ਨੂੰ ਸੱਟਾਂ ਵੱਜੀਆਂ ਹਨ , ਜਿਸ ਲਈ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਪਈ ਹੈ।
ਕੈਂਟ ਪੁਲਿਸ ਦੇ ਅਧਿਕਾਰੀਆਂ ਨੇ 17 ਸਾਲ ਦੇ ਮੁੰਡੇ ਨੂੰ ਕਤਲ ਦੀ ਕੋਸ਼ਿਸ਼ ਅਤੇ ਧਾਰਮਿਕ ਸਥਾਨ ਉੱਤੇ ਜਨਤਕ ਵਿਵਸਥਾ ਵਿੱਚ ਵਿਗਾੜ ਪਾਉਣ ਲਈ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਉਨ੍ਹਾਂ ਨੇ ਮੌਕੇ ਉੱਤੋਂ ਬਲੇਡਨੁਮਾ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਕੈਂਟ ਪੁਲਿਸ ਨੇ ਕਿਹਾ ਕਿ ''ਸਡਿੰਗਟਨ ਸਟ੍ਰੀਟ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ।”
ਕੈਂਟ ਪੁਲਿਸ ਵਿੱਚ ਤੈਨਾਤ ਡਿਟੈਕਟਿਵ ਸੁਪਰੀਟੈਂਡੈਂਟ ਈਆਨ ਡਾਈਬਾਲ ਨੇ ਕਿਹਾ, ‘‘ਅਸੀਂ ਗੁਰਦੁਆਰੇ ਵਿਚ ਵਾਪਰੀ ਘਟਨਾ ਦੇ ਸਬੰਧ ਵਿਚ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਸਮਝਦੇ ਹਾਂ, ਪਰ ਅਸੀਂ ਇਸ ਨੂੰ ਇਕੱਲੀ ਘਟਨਾ ਮੰਨ ਰਹੇ ਹਾਂ। ਸੁਰੱਖਿਆ ਲਈ ਇਲਾਕੇ ਵਿੱਚ ਗਸ਼ਤ ਜਾਰੀ ਰਹੇਗੀ ਅਤੇ ਅਸੀਂ ਭਾਈਚਾਰੇ ਦੇ ਸਮਰਥਨ ਅਤੇ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।’’
ਗ੍ਰੇਵਸਮ ਤੋਂ ਸੰਸਦ ਮੈਂਬਰ ਨੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਤਸਵੀਰ ਸਰੋਤ, Twitter
ਗ੍ਰੇਵਸਮ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਡਾ: ਲੌਰੇਨ ਸੁਲੇਵਨ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਗ੍ਰੇਵਸੈਂਡ ਦੇ ਗੁਰਦੁਆਰੇ ਵਿੱਚ ਜੋ ਘਟਨਾ ਹੋਈ ਹੈ ਉਸ ਕਰਕੇ ਉਹ "ਹੈਰਾਨ ਅਤੇ ਦੁਖੀ" ਸਨ ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਲਿਖਿਆ ਕਿ, "ਮੈਂ ਜਖ਼ਮੀ ਲੋਕਾਂ, ਉਨ੍ਹਾਂ ਦੇ ਪਰਿਵਾਰ ਅਤੇ ਭਾਈਚਾਰੇ ਨਾਲ ਸੰਵੇਦਨਾਵਾਂ ਪ੍ਰਗਟਾਉਂਦੀ ਹਾਂ,ਮੈਂ ਛੇਤੀ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਲਈ ਐਮਰਜੈਂਸੀ ਸੇਵਾਵਾਂ ਦਾ ਧੰਨਵਾਦ ਕਰਦੀ ਹਾਂ,ਪੂਰੇ ਵੇਰਵੇ ਅਜੇ ਸਾਹਮਣੇ ਆ ਰਹੇ ਹਨ । ਕਈ ਅਫਵਾਹਾਂ ਵੀ ਹਨ ਇਸ ਲਈ ਇਹ ਸਹੀ ਹੋਵੇਗਾ ਕਿ ਅਸੀਂ ਐਮਰਜੈਂਸੀ ਸਰਵਿਸਜ਼ ਨੂੰ ਸਥਿਤੀ ਨਾਲ ਨਜਿੱਠਣ ਦੇਈਏ ਅਤੇ ਜਾਂਚ ਪੂਰੀ ਹੋਣ ਦੇਈਏ ।"
ਘਟਨਾ 'ਤੇ ਸੁਰੱਖਿਆ ਮਾਮਲਿਆਂ ਦੇ ਮੰਤਰੀ ਡੈਨ ਜਰਵਿਸ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ, “ਮੈਨੂੰ ਲਗਾਤਾਰ ਇਸ ਬਾਰੇ ਜਾਣਕਾਰੀ ਮਿਲ ਰਹੀ ਹੈ। ਸਾਰੇ ਭਾਈਚਾਰਿਆਂ ਨੂੰ ਆਪਣੇ ਧਾਰਮਿਕ ਸਥਾਨਾਂ ਵਿੱਚ ਸੁਰੱਖਿਅਤ ਹੋਣਾ ਚਾਹੀਦਾ ਹੈ।”

ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਘਟਨਾ ਬਾਰੇ ਕੀ ਦੱਸਿਆ

ਤਸਵੀਰ ਸਰੋਤ, Guru Nanak Darbar Gurdwara Gravesend
ਉਧਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦੀ ਮੈਨੇਜਮੈਂਟ ਦੇ ਹਵਾਲੇ ਨਾਲ ਫੇਸਬੁੱਕ ’ਤੇ ਇੱਕ ਪੋਸਟ ਪਾਈ ਗਈ ਜਿਸ ਵਿੱਚ ਘਟਨਾ ਦੀ ਜਾਣਕਾਰੀ ਦਿੱਤੀ ਗਈ ।
ਉਸ ਵਿੱਚ ਕਿਹਾ ਗਿਆ, ''ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਘਟਨਾ ਸੁਖਾਸਨ ਤੋਂ ਬਾਅਦ ਵਾਪਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਹਾਲ ਵਿੱਚ ਮੌਜੂਦ ਨਹੀਂ ਸਨ।”
“ਗੁਰਦੁਆਰਾ ਕਮੇਟੀ ਕੈਂਟ ਪੁਲਿਸ ਦੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਜੋ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਜਦੋਂ ਇਸ ਵਿਅਕਤੀ ਨੂੰ ਗੁਰਦੁਆਰੇ ਦੀ ਸੁਰੱਖਿਆ ਟੀਮ ਨੇ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ।”
“ਅਸੀਂ ਅਗਲੇ ਕੁਝ ਦਿਨਾਂ ਵਿੱਚ ਸੰਗਤ ਨੂੰ ਅਪਡੇਟ ਕਰਾਂਗੇ ਜਦੋਂ ਹੋਰ ਜਾਣਕਾਰੀ ਉਪਲਬਧ ਹੋਵੇਗੀ।"
ਘਟਨਾ ਤੋਂ ਕੁਝ ਦੇਰ ਪਹਿਲਾਂ ਗੁਰਦੁਆਰੇ ਵਿੱਚ ਮੌਜੂਦ ਸ਼ਰਧਾਲੂ ਨੇ ਕੀ ਦੱਸਿਆ

ਤਸਵੀਰ ਸਰੋਤ, Gareth Fuller/PA
ਘਟਨਾ ਤੋਂ ਕੁਝ ਦੇਰ ਪਹਿਲਾਂ ਹੀ ਗੁਰਦੁਆਰੇ ਤੋਂ ਰਵਾਨਾ ਹੋਏ ਸ਼ਰਧਾਲੂ ਭਾਵਨਾ ਕੌਰ ਨੇ ਬੀਬੀਸੀ ਨੂੰ ਦੱਸਿਆ, “ਉਹ ਅਤੇ ਉਨ੍ਹਾਂ ਦਾ ਪਰਿਵਾਰ ਵੀਰਵਾਰ ਰਾਤ ਨੂੰ ਹਮਲੇ ਤੋਂ ਕੁਝ ਦੇਰ ਪਹਿਲਾਂ ਹੀ ਉੱਥੋਂ ਰਵਾਨਾ ਹੋਏ ਸਨ।”
ਅੱਗੇ ਉਹ ਕਹਿੰਦੇ ਹਨ ਕਿ “ਪੁਲਿਸ ਦੀ ਮੌਜੂਦਗੀ ਸਾਨੂੰ ਥੋੜ੍ਹਾ ਸੁਰੱਖਿਅਤ ਮਹਿਸੂਸ ਕਰਵਾ ਰਹੀ ਹੈ ਨਹੀਂ ਤਾਂ ਅਸੀਂ ਕੁਝ ਹੱਦ ਤੱਕ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ।”
ਭਾਵਨਾ ਕੌਰ ਇਹ ਵੀ ਦੱਸਦੇ ਹਨ ਕਿ “ਸਭ ਇੱਕ-ਦੂਜੇ ਨੂੰ ਚੌਕੰਨਾ ਕਰ ਰਹੇ ਹਨ ਕਿ ਅਜਿਹਾ ਵਾਪਰਿਆ ਹੈ, ਅਸੀਂ ਇਹ ਨਹੀਂ ਜਾਣਦੇ ਕਿ ਇਹ ਕਿਉਂ ਵਾਪਰਿਆ ਹੈ, ਪਰ ਫਿਕਰ ਨਾ ਕਰੋ ।”
“ਇਹ ਭਾਈਚਾਰੇ ਦੀ ਮਜ਼ਬੂਤੀ ਹੈ, ਅਸੀਂ ਸਾਰੇ ਇਕੱਠੇ ਅਰਦਾਸ ਕਰਨ ਆਏ ਹਾਂ, ਇਹ ਘਟਨਾ ਸਾਨੂੰ ਰੋਕ ਨਹੀਂ ਸਕਦੀ,ਅਸੀਂ ਜੀਵਨ ਜਾਰੀ ਰੱਖਣਾ ਹੈ ਅਤੇ ਚੌਕਸ ਰਹਿਣਾ ਹੈ ਅਤੇ ਇਸਨੇ ਸਾਨੂੰ ਹੋਰ ਸਾਵਧਾਨ ਬਣਾਇਆ ਹੈ। ”
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬ੍ਰਿਟੇਨ ਸਰਕਾਰ ਨੂੰ ਕੀਤੀ ਅਪੀਲ

ਤਸਵੀਰ ਸਰੋਤ, RAVINDER SINGH ROBIN/BBC
ਗ੍ਰੇਵਸੈਂਡ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਵਾਪਰੀ ਘਟਨਾ ਉੱਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਇਸ ਹਮਲੇ ਵਿੱਚ ਬੇਸ਼ੱਕ ਕੋਈ ਜਾਨੀ ਨੁਕਸਾਨ ਜਾਂ ਬੇਅਦਬੀ ਵਰਗੀ ਦੁਖਦਾਈ ਸਥਿਤੀ ਤੋਂ ਬਚਾਅ ਹੋ ਗਿਆ ਪਰ ਸੰਗਤ ਵਿੱਚੋਂ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਦੁਖਦਾਈ ਹੈ।
ਉਨ੍ਹਾਂ ਕਿਹਾ ਕਿ ਇੰਗਲੈਂਡ ਸਰਕਾਰ ਨੂੰ ਅਜਿਹੇ ਹਮਲੇ ਕਰਨ ਵਾਲੇ ਮਨੁੱਖਤਾ ਦੇ ਵੈਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉੱਥੇ ਵੱਸਦੇ ਸਿੱਖਾਂ ਨੂੰ ਸੁਰੱਖਿਅਤ ਹੋਣ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ। ”















