ਡਾਇਨਾਸੋਰ ਦਾ ਇਹ ਪਿੰਜਰ ਕਿਵੇਂ ਦੁਨੀਆਂ ਦਾ ਸਭ ਤੋਂ ਮਹਿੰਗਾ ਅਵਸ਼ੇਸ਼ ਬਣ ਸਕਦਾ ਹੈ, ਪਰ ਵਿਗਿਆਨੀ ਕਿਉਂ ਪ੍ਰੇਸ਼ਾਨ ਹਨ

    • ਲੇਖਕ, ਐਸਮੀ ਸਟਾਲਾਰਡ
    • ਰੋਲ, ਬੀਬੀਸੀ ਨਿਊਜ਼ ਦੀ ਸੀਨੀਅਰ ਜਲਵਾਯੂ ਅਤੇ ਵਿਗਿਆਨ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਸਾਲ 1997 ਵਿੱਚ ਸੋਥਬੀਜ਼ ਨੇ ਸਾਡੀ ਪੂਰਵ ਇਤਿਹਾਸਕ ਦੁਨੀਆਂ ਦੇ ਅਜੂਬਿਆਂ ਨੂੰ ਵੇਚਣ ਲਈ ਇੱਕ ਕੁਦਰਤੀ ਇਤਿਹਾਸ ਨਿਲਾਮੀ ਦੀ ਮੇਜ਼ਬਾਨੀ ਕੀਤੀ, ਪਰ ਪਹਿਲੀ ਵਾਰ ਸੂਚੀ ਵਿੱਚ ਇੱਕ ਡਾਇਨਾਸੋਰ ਸ਼ਾਮਲ ਸੀ।

ਇਹ ਇੱਕ ਖਾਸ ਸਮਾਗਮ ਸੀ ਜਿਸ ਵਿੱਚ ਜ਼ਿਆਦਾਤਰ ਦੁਨੀਆਂ ਭਰ ਦੇ ਮਿਊਜ਼ੀਅਮਾਂ ਨੇ ਹਿੱਸਾ ਲਿਆ ਸੀ, ਜੋ ਆਪਣੇ ਸੰਗ੍ਰਹਿ ਵਿੱਚ ਸ਼ਾਮਲ ਕਰਨ ਲਈ ਨਵੇਂ ਜੀਵਾਂ ਦੀ ਤਲਾਸ਼ ਕਰ ਰਹੇ ਸੀ।

ਜਿਸ ਡਾਇਨਾਸੋਰ ਦਾ ਜ਼ਿਕਰ ਹੋ ਰਿਹਾ ਹੈ, ਉਹ 'ਸੂ' ਨਾਮੀ ਟਾਇਰੈਨੋਸੋਰਸ ਰੈਕਸ ਸੀ। ਜਿਸ ਨੂੰ ਸ਼ਿਕਾਗੋ ਦੇ ਫ਼ੀਲਡ ਮਿਊਜ਼ੀਅਮ ਨੂੰ ਅੱਠ ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਸੀ।

ਲਗਭਗ ਤੀਹ ਸਾਲਾਂ ਬਾਅਦ, ਮੰਗਲਵਾਰ ਨੂੰ ਸਲਾਨਾ ਨਿਲਾਮੀ ਵਿੱਚ ਇੱਕ ਹੋਰ ਟੀ ਰੈਕਸ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਹੁਣ ਤੱਕ ਲੱਭੇ ਗਏ ਇਸ ਕਿਸਮ ਦੇ ਸਭ ਤੋਂ ਸੰਪੂਰਨ ਜੀਵ ਨਮੂਨਿਆਂ ਵਿੱਚੋਂ ਇੱਕ ਹੈ।

ਇਸ ਵਾਰ ਡਾਇਨਾਸੋਰਾਂ ਨੂੰ ਲੱਭਣ ਵਾਲੇ ਸਿਰਫ਼ ਵਿਗਿਆਨੀ ਹੀ ਨਹੀਂ, ਬਲਕਿ ਬਹੁਤ ਜ਼ਿਆਦਾ ਅਮੀਰ ਲੋਕ ਵੀ ਹਨ।

ਗਸ ਨਾਮੀ ਇਸ ਨਵੇਂ ਜੀਵ ਨਮੂਨੇ ਦੀ ਕੀਮਤ ਪਹਿਲਾਂ ਹੀ ਤੀਹ ਮਿਲੀਅਨ ਡਾਲਰ ਲਗਾਈ ਜਾ ਚੁੱਕੀ ਹੈ, ਪਰ ਇਹ ਇਸ ਤੋਂ ਵੀ ਵੱਧ ਕੀਮਤ 'ਤੇ ਵਿਕ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਕਣ ਵਾਲਾ ਡਾਇਨਾਸੋਰ ਬਣ ਜਾਵੇ।

ਇਹ ਕੁਦਰਤੀ ਇਤਿਹਾਸ ਦੀ ਦੁਨੀਆਂ ਵਿੱਚ ਇੱਕ ਵਧਦੀ ਹੋਈ ਬਹਿਸ ਨੂੰ ਹੋਰ ਹਵਾ ਦਿੰਦਾ ਹੈ- ਕੀ ਅਜਿਹੇ ਵਿਗਿਆਨਕ ਮਹੱਤਵ ਵਾਲੇ ਜੀਵ ਅਵਸ਼ੇਸ਼ਾਂ ਨੂੰ ਸਿਰਫ਼ ਅਜਾਇਬ ਘਰਾਂ ਅਤੇ ਉਨ੍ਹਾਂ ਦੇ ਵਿਗਿਆਨੀਆਂ ਲਈ ਹੀ ਰਾਖਵਾਂ ਰੱਖਿਆ ਜਾਣਾ ਚਾਹੀਦਾ ਹੈ ?

ਜਾਂ ਫਿਰ ਜਿਵੇਂ ਕਿ ਨਿਲਾਮੀਕਾਰ ਦਲੀਲ ਦੇਣਗੇ- ਕੀ ਜੀਵਾਸ਼ਮ ਲੱਭਣ ਵਾਲਿਆਂ ਨੂੰ ਵਿਗਿਆਨ ਦੀ ਨਜ਼ਰ ਤੋਂ ਓਹਲੇ ਹੋਏ ਡਾਇਨਾਸੋਰਾਂ ਦੀ ਖੋਜ ਕਰਨ ਅਤੇ ਉਨ੍ਹਾਂ ਨੂੰ ਦੂਜੀ ਵਾਰ ਅਲੋਪ ਹੋਣ ਤੋਂ ਬਚਾਉਣ ਲਈ ਇਨਾਮ ਦਿੱਤਾ ਜਾਣਾ ਚਾਹੀਦਾ ਹੈ?

ਸੋਥਬੀਜ਼ ਵਿਖੇ ਕੁਦਰਤ ਇਤਿਹਾਸ ਦੀ ਗਲੋਬਲ ਹੈੱਡ ਕੈਸੈਂਡਰਾ ਹੈਟਨ ਚੰਗੀ ਤਰ੍ਹਾਂ ਜਾਣਦੀ ਹੈ ਕਿ ਕੁਝ ਜੀਵ ਅਵਸ਼ੇਸ਼ ਵਿਗਿਆਨੀ (ਪੈਲੀਓਟੋਲਿਜਿਸਟ), ਇਨ੍ਹਾਂ ਜੀਵਾਂ ਦੀ ਖੋਜ ਵਿੱਚ ਕਿਸ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ।

ਉਹ ਕਹਿੰਦੀ ਹੈ, "ਖੁਦਾਈ ਦੌਰਾਨ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ।"

ਅਤੇ ਇਨ੍ਹਾਂ ਵਿੱਚੋਂ ਬਹੁਤ ਸ਼ਿਕਾਰੀਆਂ (ਖੋਜੀਆਂ) ਲਈ ਸਭ ਤੋਂ ਵੱਡਾ ਇਨਾਮ ਟੀ.ਰੈਕਸ ਹੀ ਹੁੰਦਾ ਹੈ।

ਲੱਖਾਂ ਸਾਲ ਪਹਿਲਾਂ ਰਹਿਣ ਵਾਲੇ ਇਸ ਡਾਇਨਾਸੋਰ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ ਕਿਉਂਕਿ ਕਿੰਗ ਕੌਂਗ ਅਤੇ ਜੁਰਾਸਿਕ ਪਾਰਕ ਜਿਹੀਆਂ ਫ਼ਿਲਮਾਂ ਵਿੱਚ ਨਜ਼ਰ ਆ ਕੇ ਅਤੇ ਇੱਕ ਅੰਗਰੇਜ਼ੀ ਰੌਕ ਬੈਂਡ ਦੇ ਨਾਮ ਵਜੋਂ ਇਹ ਸਾਡੇ ਸੱਭਿਆਚਾਰ ਵਿੱਚ ਹਮੇਸ਼ਾ ਲਈ ਅਮਰ ਹੋ ਚੁੱਕਿਆ ਹੈ।

ਉਹ ਦੱਸਦੀ ਹੈ, "ਇਨ੍ਹਾਂ ਅਵਸ਼ੇਸ਼ਾਂ ਦੀ ਭਾਲ ਕਰਨ ਵਾਲ ਲੋਕ ਆਪਣੇ ਬੈਕਪੈਕ ਵਿੱਚ ਤੰਬੂ ਅਤੇ ਖਾਣਾ ਲੈ ਕੇ ਮਹੀਨਿਆਂ ਬੱਧੀ ਫ਼ੀਲਡ ਵਿੱਚ ਬਿਤਾਉਂਦੇ ਹਨ ਅਤੇ ਉਹ ਜ਼ਹਿਰੀਲੇ ਸੱਪਾਂ, ਕੀੜੇ-ਮਕੌੜਿਆਂ ਅਤੇ ਪਹਾੜੀ ਸ਼ੇਰਾਂ ਦੇ ਵਿਚਕਾਰ ਬਿਲਕੁਲ ਸੁੰਨਸਾਨ ਥਾਂਵਾਂ 'ਤੇ ਕੈਂਪ ਲਗਾ ਕੇ ਰਹਿੰਦੇ ਹਨ।"

ਇਹ ਸਾਊਥ ਡਕੋਟਾ ਦਾ ਬੈਡਲੈਂਡਸ ਇਲਾਕਾ ਹੈ ਜਿੱਥੇ ਸਾਡੀ ਧਰਤੀ 'ਤੇ ਘੁੰਮਣ ਦੇ 67 ਮਿਲੀਅਨ ਸਾਲਾਂ ਬਾਅਦ ਆਖਿਰਕਾਰ ਗਸ ਦੀ ਖੋਜ ਕੀਤੀ ਗਈ ਸੀ।

20 ਸਾਲਾ ਤੋਂ ਜੀਵ ਅਵਸ਼ੇਸਾਂ ਨੂੰ ਇਕੱਠਾ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰ ਰਹੇ ਪੈਲੀਓਟੋਲਿਜਿਸਟ ਡਾ. ਫਿਆਨ ਸਮਿਥਵਿਕ ਸਮਝਾਉਂਦੇ ਹਨ, "ਪਰ ਇਸ ਨੂੰ ਲੱਭਣਾ ਸਭ ਤੋਂ ਸੌਖਾ ਹੈ।"

ਉਹ ਕਹਿੰਦੇ ਹਨ, "ਅਚਾਨਕ ਜ਼ਮੀਨ ਵਿੱਚੋਂ ਬਾਹਰ ਆਉਣ 'ਤੇ ਜੀਵ ਅਵਸ਼ੇਸ਼ ਆਪਣਾ ਸੰਤੁਲਨ ਗੁਆ ਦਿੰਦੇ ਹਨ ਜਿਸ ਕਾਰਨ ਉਹ ਖ਼ਰਾਬ ਹੋਣੇ ਅਤੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਇਹ ਪ੍ਰਕਿਰਿਆ ਜੀਵਾਸ਼ਮ ਦੇ ਤੇਜ਼ੀ ਨਾਲ ਵਿਗੜਨ ਦਾ ਕਾਰਨ ਬਣਦੀ ਹੈ।"

ਥੌਮਸ ਹਾਈਟਕੈਂਪ ਅਤੇ ਗਸ਼ ਦੀ ਖੋਜ ਕਰਨ ਵਾਲੀ ਟੀਮ ਨੇ ਤਿੰਨ ਸਾਲ ਬੜੀ ਸਾਵਧਾਨੀ ਨਾਲ ਖੁਦਾਈ ਕਰਨ ਵਿੱਚ ਬਿਤਾਏ।

ਇਸ ਟੀਮ ਦਾ ਨਾਮ ਮਰਹੂਮ ਗੈਰੀ ਗਸ ਲਿਕਿੰਗ ਦੇ ਨਾਮ 'ਤੇ ਰੱਖਿਆ ਗਿਆ ਸੀ ਜੋ ਕਿ ਇੱਕ ਪਸ਼ੂ ਪਾਲਕ ਸਨ ਅਤੇ ਜਿਨ੍ਹਾਂ ਦੀ ਜ਼ਮੀਨ 'ਤੇ ਇਹ ਮਿਲਿਆ ਸੀ।

ਕੈਸੈਂਡਰਾ ਹੈਟਨ ਸਮਝਾਉਂਦੀ ਹੈ, "ਪਰ ਇਹ ਪੂਰਾ ਸਾਲ ਨਹੀਂ ਚਲਦਾ। ਤੁਸੀਂ ਸਿਰਫ ਖੁਦਾਈ ਦੇ ਮੌਸਮ ਦੌਰਾਨ ਹੀ ਖੁਦਾਈ ਕਰ ਸਕਦੇ ਹੋ। ਇਸ ਲਈ ਤੁਹਾਨੂੰ ਉਦੋਂ ਤੱਕ ਉਡੀਕ ਕਰਨੀ ਪੈਂਦੀ ਹੈ ਜਦੋਂ ਤੱਕ ਜੰਮੀ ਹੋਈ ਜ਼ਮੀਨ ਪਿਘਲ ਨਹੀਂ ਜਾਂਦੀ ਅਤੇ ਫਿਰ ਤੁਹਾਨੂੰ ਉਦੋਂ ਤੱਕ ਬਹੁਤ ਤੇਜ਼ੀ ਨਾਲ ਖੁਦਾਈ ਕਰਨੀ ਪੈਂਦੀ ਹੈ ਜਦੋਂ ਤੱਕ ਜ਼ਮੀਨ ਦੁਬਾਰਾ ਜੰਮ ਨਹੀਂ ਜਾਂਦੀ।"

2023 ਵਿੱਚ ਖੁਦਾਈ ਦਾ ਕੰਮ ਪੂਰਾ ਹੋ ਗਿਆ ਸੀ ਪਰ ਟੀਮ ਹਾਲੇ ਵੀ ਜੀਵਾਸ਼ਮ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਦੇ ਅੱਧ ਵਿਚਕਾਰ ਹੀ ਪਹੁੰਚੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੈਬ ਵਿੱਚ ਵਾਪਸ ਆ ਕੇ ਟੀ.ਰੈਕਸ ਦੇ ਦਸਤਾਵੇਜ਼ ਤਿਆਰ ਕਰਨ ਅਤੇ ਉਸ ਦੀ ਬਣਤਰ ਨੂੰ ਦੁਬਾਰਾ ਖੜ੍ਹਾ ਕਰਨ ਵਿੱਚ ਹੋਰ ਤਿੰਨ ਸਾਲ ਬਿਤਾਏ।

ਮੰਗਲਵਾਰ ਨੂੰ ਹੋਣ ਵਾਲੀ ਨਿਲਾਮੀ ਇਸ ਟੀਮ ਲਈ ਇੱਕ ਵੱਡੀ ਕਮਾਈ ਦਾ ਦਿਨ ਹੋਵੇਗੀ ਜਿਸ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਅਤੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਮਾਈ ਹੋ ਸਕਦੀ ਹੈ।

ਗਸ ਦੀ ਪਰੀ-ਸੇਲ ਕੀਮਤ ਸਭ ਤੋਂ ਵੱਧ ਤੀਹ ਮਿਲੀਅਨ ਡਾਲਰ ਲਗਾਈ ਗਈ ਹੈ।

ਡਾਇਨਾਸੋਰ ਦੀ ਨਿਲਾਮੀ ਦਾ ਰਿਕਾਰਡ ਇਸ ਸਮੇਂ ਐਪੈਕਸ ਦੇ ਨਾਮ ਹੈ ਜੋ ਕਿ ਇੱਕ ਸਟੈਗੋਸੋਰਸ ਸੀ ਜਿਸ ਨੂੰ 2024 ਵਿੱਚ ਸੋਥਬੀਜ਼ ਵੱਲੋਂ 44.6 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਸੀ ਪਰ ਇਹ ਕੀਮਤ ਨਿਲਾਮੀ ਵਿੱਚ ਜਾਣ ਵੇਲੇ ਲਗਾਈ ਗਈ ਇਸ ਦੀ ਅਸਲ ਅਨੁਮਾਨਿਤ ਕੀਮਤ ਨਾਲੋਂ 11 ਗੁਣਾ ਜ਼ਿਆਦਾ ਸੀ।

ਜੇਕਰ ਤੁਸੀਂ ਇਸ ਵਾਰ ਬੋਲੀ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਸ਼ੁਰੂਆਤੀ ਪੇਸ਼ਕਸ਼ 19 ਮਿਲੀਅਨ ਡਾਲਰ ਤੋਂ ਘੱਟ ਨਹੀਂ ਹੋ ਸਕਦੀ।

ਅਵਸ਼ੇਸ਼ਾਂ ਦਾ ਵਪਾਰ ਕਰਨ ਵਾਲੇ ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਅਜਾਇਬ ਘਰਾਂ ਲਈ ਵੀ ਇਹ ਕੀਮਤ ਪਹੁੰਚ ਤੋਂ ਬਾਹਰ ਹੈ।

ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਡਾਇਨਾਸੋਰ ਖੋਜਕਰਤਾ ਪ੍ਰੋਫੈਸਰ ਸੁਜ਼ੈਨ ਮੇਡਮੈਂਟ ਮੁਤਾਬਕ, ਅਵਸ਼ੇਸ਼ਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਖੋਜਕਰਤਾਵਾਂ ਲਈ ਉਨ੍ਹਾਂ ਤੱਕ ਪਹੁੰਚ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਸਥਿਤੀ ਕਾਰਨ ਅਜਾਇਬ ਘਰਾਂ ਲਈ ਮਹੱਤਵਪੂਰਨ ਨਮੂਨੇ ਹਾਸਲ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਪੰਜ ਸਭ ਤੋਂ ਮਹਿੰਗੇ ਡਾਇਨਾਸੋਰ ਜੋ ਨਿਲਾਮੀ ਵਿੱਚ ਵੇਚੇ ਗਏ ਹਨ, ਉਹ ਸਾਰੇ ਸਾਲ 2020 ਤੋਂ ਬਾਅਦ ਹੀ ਵੇਚੇ ਗਏ ਹਨ।

ਇਨ੍ਹਾਂ ਵਿੱਚ ਸਟੈਨ ਨਾਮੀ ਇੱਕ ਟੀ. ਰੈਕਸ ਵੀ ਸ਼ਾਮਲ ਹੈ, ਜਿਸ ਨੂੰ 2020 ਵਿੱਚ 31.8 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਸੀ, ਜਦਕਿ ਉਸ ਦੀ ਅਨੁਮਾਨਿਤ ਕੀਮਤ 6 ਤੋਂ 8 ਮਿਲੀਅਨ ਡਾਲਰ ਰੱਖੀ ਗਈ ਸੀ।

ਉਹ ਕਹਿੰਦੀ ਹੈ ਕਿ ਇਹ "ਵਾਕਈ ਇੱਕ ਵੱਡੀ ਸਮੱਸਿਆ ਹੈ।"

ਪ੍ਰੋਫੈਸਰ ਮੇਡਮੈਂਟ ਸਮਝਾਉਂਦੀ ਹੈ, "ਅਸਲੀ ਜੀਵਾਸ਼ਮ ਨੂੰ ਹਾਸਲ ਕਰਨ ਦਾ ਕੋਈ ਬਦਲ ਨਹੀਂ ਹੈ। ਜੇਕਰ ਅਸੀਂ ਕਿਸੇ ਵੀ ਤਰ੍ਹਾਂ ਦੀ ਖੋਜ ਕਰਨੀ ਹੈ ਤਾਂ ਸਭ ਤੋਂ ਪਹਿਲੀ ਚੀਜ਼ ਜੋ ਸਾਨੂੰ ਚਾਹੀਦੀ ਹੈ, ਉਹ ਹੈ ਸਰੀਰਕ ਬਣਤਰ ਨੂੰ ਸਮਝਣਾ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਸਲ ਕੀ ਹੈ।"

ਉਹ ਕਹਿੰਦੀ ਹੈ ਕਿ ਪੈਲੀਓਬਾਇਓਲੋਜੀ, ਜੋ ਧਰਤੀ 'ਤੇ ਪਿਛਲੇ ਸਮੇਂ ਵਿੱਚ ਰਹਿਣ ਵਾਲੇ ਜੀਵਨ ਦਾ ਅਧਿਐਨ ਹੈ, ਕਦੇ ਵੀ ਇੰਨੀ ਮਹੱਤਵਪੂਰਨ ਨਹੀਂ ਰਹੀ।

ਉਹ ਕਹਿੰਦੀ ਹੈ, "ਅਸੀਂ ਇਸ ਸਮੇਂ ਸੰਭਵ ਤੌਰ 'ਤੇ ਇੱਕ ਵੱਡੇ ਪੱਧਰ 'ਤੇ ਹੋ ਰਹੇ ਜੀਵ ਵਿਨਾਸ਼ ਦੇ ਦੌਰ ਵਿੱਚ ਹਾਂ। ਅਸੀਂ ਆਪਣੇ ਵਾਤਾਵਰਣ ਨੂੰ ਬਹੁਤ, ਬਹੁਤ, ਬਹੁਤ ਤੇਜ਼ੀ ਨਾਲ ਬਦਲ ਰਹੇ ਹਾਂ।"

"ਅਤੀਤ ਹੀ ਅਸਲ ਵਿੱਚ ਇੱਕੋ ਇੱਕ ਤਜਰਬਾਤੀ ਡਾਟਾ ਹੈ ਜੋ ਸਾਨੂੰ ਇਹ ਦੱਸ ਸਕਦਾ ਹੈ ਕਿ ਇਸ ਸਮੇਂ ਅਤੇ ਭਵਿੱਖ ਵਿੱਚ ਕੀ ਹੋ ਰਿਹਾ ਹੈ।"

ਇਹ ਸਿਰਫ਼ ਵਿਗਿਆਨੀਆਂ 'ਤੇ ਪੈਣ ਵਾਲਾ ਪ੍ਰਭਾਵ ਹੈ। ਪ੍ਰੋਫੈਸਰ ਮੇਡਮੈਂਟ ਕਹਿੰਦੀ ਹੈ ਕਿ ਆਮ ਲੋਕਾਂ ਲਈ ਵੀ ਅਜਾਇਬ ਘਰ ਵਿੱਚ ਡਾਇਨਾਸੋਰ ਦੀਆਂ ਅਸਲੀ ਹੱਡੀਆਂ ਨੂੰ ਦੇਖ ਸਕਣਾ "ਉਨ੍ਹਾਂ ਨੂੰ ਕੁਦਰਤੀ ਦੁਨੀਆਂ ਨਾਲ ਜੁੜਨ ਵਿੱਚ ਮਦਦ ਕਰਦਾ ਹੈ।"

ਉਹ ਕਹਿੰਦੀ ਹੈ ਕਿ ਡਾਇਨਾਸੋਰਾਂ ਦੇ ਨਮੂਨਿਆਂ ਨੂੰ ਹੁਣ ਉਨ੍ਹਾਂ ਦੀ ਵਿਗਿਆਨਕ ਮਹੱਤਤਾ ਲਈ ਨਹੀਂ ਦੇਖਿਆ ਜਾ ਰਿਹਾ, "ਬਲਕਿ ਜਿਵੇਂ ਅਸੀਂ ਕਲਾ ਨੂੰ ਦੇਖ ਸਕਦੇ ਹਾਂ," ਉਸੇ ਤਰ੍ਹਾਂ ਇਨ੍ਹਾਂ ਨੂੰ ਅਮੀਰ ਲੋਕਾਂ ਵੱਲੋਂ ਇਕੱਠਾ ਕਰਨ ਵਾਲੀ ਚੀਜ਼ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

'ਖੋਪੜੀ 'ਤੇ ਇੱਕ ਵੱਡਾ ਕੱਟਣ ਦਾ ਨਿਸ਼ਾਨ'

ਕੈਸੈਂਡਰਾ ਹੈਟਨ ਦਾ ਤਰਕ ਹੈ ਕਿ ਗਸ ਦੀ ਕੀਮਤ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਇਹ ਨਮੂਨਾ ਕਿੰਨਾ ਮਹੱਤਵਪੂਰਨ ਹੈ।

ਉਹ ਕਹਿੰਦੀ ਹੈ, "ਗਸ ਹੁਣ ਤੱਕ ਲੱਭੇ ਗਏ ਸਭ ਤੋਂ ਵੱਡੇ ਅਤੇ ਸਭ ਤੋਂ ਸੰਪੂਰਨ ਟੀ. ਰੈਕਸ ਨਮੂਨਿਆਂ ਵਿੱਚੋਂ ਇੱਕ ਹੈ। ਇਸ ਦੀਆਂ 61% ਹੱਡੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਆਮ ਤੌਰ 'ਤੇ ਜੇਕਰ ਤੁਹਾਨੂੰ ਅੱਧਾ ਪਿੰਜਰ ਵੀ ਮਿਲ ਜਾਂਦਾ ਹੈ ਤਾਂ ਇਹ ਇੱਕ ਵੱਡੀ ਵਿਗਿਆਨਕ ਖੋਜ ਮੰਨੀ ਜਾਂਦੀ ਹੈ।"

ਹੱਡੀਆਂ ਦੀ ਹਾਲਤ ਵੀ ਇਸ ਜੀਵ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾਈ ਹੋਵੇਗੀ, ਇਸ ਬਾਰੇ ਡੂੰਘੀ ਜਾਣਕਾਰੀ ਦਿੰਦੀ ਹੈ।

"ਖੋਪੜੀ ਦੇ ਉੱਪਰ ਇੱਕ ਵੱਡਾ ਕੱਟਣ ਦਾ ਨਿਸ਼ਾਨ ਹੈ, ਜੋ ਕਿਸੇ ਲੜਾਈ ਦੌਰਾਨ ਲੱਗਿਆ ਹੋ ਸਕਦਾ ਹੈ। ਤੁਹਾਨੂੰ ਟੁੱਟੀਆਂ ਹੋਈਆਂ ਹੱਡੀਆਂ ਵੀ ਮਿਲਦੀਆਂ ਹਨ। ਕੁਝ ਪੱਸਲੀਆਂ ਵਿੱਚ ਤੁਸੀਂ ਵੱਡੇ ਉਭਰੇ ਹੋਏ ਹਿੱਸੇ ਦੇਖ ਸਕਦੇ ਹੋ ਜਿੱਥੇ ਉਹ ਟੁੱਟੀਆਂ ਅਤੇ ਫਿਰ ਠੀਕ ਹੋ ਗਈਆਂ।"

ਕੈਸੈਂਡਰਾ ਹੈਟਨ ਕਹਿੰਦੀ ਹੈ ਕਿ ਉਸ ਨੇ ਕਈ ਮਹੀਨਿਆਂ ਤੱਕ ਦੁਨੀਆਂ ਭਰ ਦੇ ਅਜਾਇਬ ਘਰਾਂ ਨਾਲ ਸੰਪਰਕ ਕੀਤਾ ਤਾਂ ਜੋ ਉਹ ਇਸ ਨਿਲਾਮੀ ਵਿੱਚ ਹਿੱਸਾ ਲੈਣ। ਉਹ ਚਾਹੁੰਦੀ ਹੈ ਕਿ "ਵਿਗਿਆਨਕ ਤੌਰ 'ਤੇ ਮਹੱਤਵਪੂਰਨ ਕੋਈ ਚੀਜ਼ ਜਨਤਕ ਭਰੋਸੇ ਵਿੱਚ ਆਵੇ।"

ਪਰ ਉਹ ਕਹਿੰਦੀ ਹੈ ਕਿ ਕੀਮਤ ਵਿੱਚ ਡਾਇਨਾਸੋਰਾਂ ਨੂੰ ਬਰਾਮਦ ਕਰਨ ਵਿੱਚ ਲੱਗਣ ਵਾਲੇ ਸਮੇਂ, ਹੁਨਰ, ਖਰਚੇ ਅਤੇ ਖ਼ਤਰਿਆਂ ਨੂੰ ਦਰਸਾਇਆ ਜਾਣਾ ਚਾਹੀਦਾ ਹੈ।

"ਬਹੁਤ ਸਾਰੇ ਖੁਦਾਈ ਕਰਨ ਵਾਲਿਆਂ ਲਈ, ਇਨ੍ਹਾਂ ਵਿੱਚੋਂ ਕੁਝ ਲੋਕ ਬਹੁਤ ਮੁਸ਼ਕਿਲ ਹਾਲਾਤਾਂ ਵਿੱਚ ਜੀਵਨ ਬਿਤਾਉਂਦੇ ਹਨ। ਉਹ ਅਮੀਰ ਲੋਕ ਨਹੀਂ ਹਨ।

"ਉਨ੍ਹਾਂ ਨੂੰ ਆਪਣਾ ਪੈਸਾ ਖੁਦ ਲਗਾਉਣਾ ਪੈਂਦਾ ਹੈ। ਇਹ ਅਰਬਪਤੀ ਲੋਕ ਨਹੀਂ ਹਨ ਜੋ ਇਨ੍ਹਾਂ ਨੂੰ ਖੋਦ ਕੇ ਕੱਢ ਰਹੇ ਹਨ।"

ਪਰ ਇਨ੍ਹਾਂ ਨੂੰ ਖਰੀਦਣ ਵਾਲੇ ਅਰਬਪਤੀ ਹਨ।

ਐਪੈਕਸ, ਜੋ ਕਿ ਇੱਕ ਸਟੈਗੋਸੋਰਸ ਸੀ, ਨੂੰ ਹੈਜ ਫੰਡ ਸਿਟਾਡੇਲ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਨੇਥ ਗ੍ਰਿਫਿਨ ਨੇ ਨਿਲਾਮੀ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਗ੍ਰਿਫਿਨ ਨੇ ਐਪੈਕਸ ਨੂੰ ਚਾਰ ਸਾਲਾਂ ਲਈ ਅਮੇਰੀਕਨ ਮਿਊਜ਼ੀਅਮ ਆਫ ਨੈਚੁਰਲ ਹਿਸਟ੍ਰੀ ਨੂੰ ਉਧਾਰ ਦਿੱਤਾ ਹੈ।

ਡਾ. ਸਮਿਥਵਿਕ, ਜੋ ਪੇਸ਼ੇਵਰ ਤੌਰ 'ਤੇ ਜੀਵਾਸ਼ਮਾਂ ਨੂੰ ਬਰਾਮਦ ਕਰਦੇ ਅਤੇ ਵੇਚਦੇ ਹਨ, ਸਮਝਾਉਂਦੇ ਹਨ ਕਿ ਅਜਾਇਬ ਘਰ ਲੰਬੇ ਸਮੇਂ ਤੋਂ ਆਪਣੀਆਂ ਵਿਗਿਆਨਕ ਅਤੇ ਕਲਾ ਸੰਗ੍ਰਹਿ ਨੂੰ ਬਣਾਉਣ ਲਈ ਅਮੀਰ ਲੋਕਾਂ ਵੱਲੋਂ ਵਸੀਅਤ ਰਾਹੀਂ ਦਿੱਤੀਆਂ, ਉਧਾਰ ਦਿੱਤੀਆਂ ਜਾਂ ਦਾਨ ਕੀਤੀਆਂ ਚੀਜ਼ਾਂ 'ਤੇ ਨਿਰਭਰ ਰਹੇ ਹਨ।

ਪਰ ਕਲਾ ਦੀਆਂ ਵਸਤੂਆਂ ਤੋਂ ਉਲਟ, ਜੀਵਾਸ਼ਮਾਂ ਦੇ ਅਧਿਐਨ ਦੇ ਮਾਮਲੇ ਵਿੱਚ ਨਿੱਜੀ ਸੰਗ੍ਰਹਿਆਂ ਦੀ ਦਾਨਸ਼ੀਲਤਾ 'ਤੇ ਨਿਰਭਰ ਕਰਨ ਵਿੱਚ ਇੱਕ ਵੱਡੀ ਰੁਕਾਵਟ ਹੈ।

ਸਭ ਤੋਂ ਮਾਣਯੋਗ ਵਿਗਿਆਨਕ ਰਸਾਲੇ ਕਿਸੇ ਅਜਿਹੇ ਨਮੂਨੇ 'ਤੇ ਕੀਤੇ ਗਏ ਅਧਿਐਨ ਨੂੰ ਸਵੀਕਾਰ ਨਹੀਂ ਕਰਦੇ ਜੋ ਕਿਸੇ ਨਿੱਜੀ ਸੰਗ੍ਰਹਿ ਵਿੱਚ ਹੋਵੇ। ਵਿਗਿਆਨਕ ਦੁਨੀਆਂ ਲਈ ਇਹ ਲਗਭਗ ਇਸ ਤਰ੍ਹਾਂ ਹੈ ਜਿਵੇਂ ਉਹ ਮੌਜੂਦ ਹੀ ਨਾ ਹੋਵੇ।

ਤਰਕ ਇਹ ਹੈ ਕਿ ਵਿਗਿਆਨੀਆਂ ਨੂੰ ਕਈ ਸਾਲਾਂ ਤੱਕ ਜੀਵਾਸ਼ਮ ਦੀ ਦੁਬਾਰਾ ਜਾਂਚ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਤਾਂ ਜੋ ਉਹ ਸਹਿਮਤ ਜਾਂ ਅਸਹਿਮਤ ਹੋ ਸਕਣ ਅਤੇ ਜਦੋਂ ਹੋਰ ਨਮੂਨੇ ਸਾਹਮਣੇ ਆਉਣ ਤਾਂ ਆਪਣੀਆਂ ਖੋਜਾਂ ਦੀ ਜਾਂਚ ਕਰ ਸਕਣ।

ਐਨਐਚਐਮ ਦੀ ਪ੍ਰੋਫੈਸਰ ਮੇਡਮੈਂਟ ਕਹਿੰਦੀ ਹੈ, "ਕੀ ਹੁੰਦਾ ਹੈ ਜੇਕਰ ਉਹ ਵਿਅਕਤੀ ਇਨ੍ਹਾਂ ਤੋਂ ਉਕਤਾ ਜਾਂਦਾ ਹੈ, ਉਸ ਦੀ ਮੌਤ ਹੋ ਜਾਂਦੀ ਹੈ, ਜਾਂ ਉਸ ਦਾ ਤਲਾਕ ਹੋ ਜਾਂਦਾ ਹੈ। ਅਤੇ ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿੱਥੇ ਨਮੂਨੇ ਨਿੱਜੀ ਸੰਗ੍ਰਹਿਆਂ ਵਿੱਚ ਰਹੇ ਹਨ, ਉਨ੍ਹਾਂ ਬਾਰੇ ਵਿਗਿਆਨਕ ਵੇਰਵਾ ਪ੍ਰਕਾਸ਼ਿਤ ਕੀਤਾ ਗਿਆ ਅਤੇ ਫਿਰ ਉਹ (ਨਮੂਨਾ) ਕੂੜੇ ਵਿੱਚ ਸੁੱਟ ਦਿੱਤਾ ਗਿਆ।"

"ਇਸ ਲਈ ਅਸਲ ਵਿੱਚ ਇਹ ਹੁਣ ਵਿਗਿਆਨ ਨਹੀਂ ਰਹਿੰਦਾ।"

ਡਾਇਨਾਸੋਰਾਂ ਦਾ ਦੂਜਾ ਵਿਨਾਸ਼

ਸਮਿਥਵਿਕ ਕਹਿੰਦੇ ਹਨ ਕਿ ਨਮੂਨਿਆਂ ਦੇ ਗੁੰਮ ਹੋ ਜਾਣ ਦੀ ਸੰਭਾਵਨਾ ਅਜਾਇਬ ਘਰਾਂ ਨਾਲ ਵੀ ਇੱਕ ਖਤਰਾ ਹੈ।

ਜੀਵਾਸ਼ਮਾਂ ਦੇ ਸਭ ਤੋਂ ਵੱਧ ਖੋਜ ਕਰਨ ਵਾਲੇ ਸ਼ੁਰੂਆਤੀ ਸੰਗ੍ਰਹਿਕਾਰਾਂ ਵਿੱਚੋਂ ਇੱਕ ਮੈਰੀ ਐਨਿੰਗ ਸੀ। 1829 ਵਿੱਚ, ਉਸ ਨੇ ਪਹਿਲਾ ਸਕੁਆਲੋਰਾਜਾ ਜੀਵਾਸ਼ਮ ਲੱਭਿਆ, ਜਿਸ ਨੂੰ "ਘੁੰਮਦੇ ਹੋਏ ਲੋਹੇ ਵਰਗੀਆਂ ਅੱਖਾਂ ਵਾਲੀ ਮੱਛੀ" ਕਿਹਾ ਜਾਂਦਾ ਸੀ।

ਇਹ ਇੱਕ ਪ੍ਰਾਚੀਨ ਜੀਵ ਸੀ ਜੋ ਸ਼ਾਰਕਾਂ ਅਤੇ ਰੇਜ਼ (ਸਮੁੰਦਰੀ ਮੱਛੀਆਂ ਦੀ ਇੱਕ ਕਿਸਮ) ਦੇ ਵਿਚਕਾਰ ਦੀ ਕੜੀ ਨੂੰ ਦਰਸਾਉਂਦਾ ਸੀ। ਇਸ ਦਾ ਸਰੀਰ ਬ੍ਰਿਸਟਲ ਇੰਸਟੀਚਿਊਟ ਨੂੰ ਦਾਨ ਕੀਤਾ ਗਿਆ ਸੀ, ਪਰ ਇੱਕ ਸਦੀ ਤੋਂ ਵੱਧ ਸਮੇਂ ਬਾਅਦ ਦੂਜੇ ਵਿਸ਼ਵ ਯੁੱਧ ਦੌਰਾਨ ਹੋਈ ਬੰਬਬਾਰੀ ਵਿੱਚ ਇਹ ਨਸ਼ਟ ਹੋ ਗਿਆ।

ਪਰ ਇਨ੍ਹਾਂ ਸਾਰਿਆਂ, ਜੀਵਾਸ਼ਮ ਇਕੱਠੇ ਕਰਨ ਵਾਲੇ, ਅਜਾਇਬ ਘਰ ਦੇ ਵਿਗਿਆਨੀ ਅਤੇ ਨਿਲਾਮੀਕਾਰ, ਦੀ ਇਸ ਗੱਲ 'ਤੇ ਸਹਿਮਤੀ ਹੈ ਕਿ ਇਨ੍ਹਾਂ ਪੇਸ਼ੇਵਰ ਖੋਜੀਆਂ ਦੇ ਕੰਮ ਅਤੇ ਹੁਨਰ ਤੋਂ ਬਿਨਾਂ ਨਾ ਤਾਂ ਬਹਿਸ ਕਰਨ ਲਈ ਜੀਵਾਸ਼ਮ ਹੁੰਦੇ ਅਤੇ ਨਾ ਹੀ ਇੰਨੀਆਂ ਵਿਗਿਆਨਕ ਖੋਜਾਂ ਹੋ ਸਕਦੀਆਂ।

ਸੋਥਬੀਜ਼ ਦੀ ਕੈਸੈਂਡਰਾ ਹੈਟਨ ਕਹਿੰਦੀ ਹੈ, "ਉਹ ਡਾਇਨਾਸੋਰਾਂ ਨੂੰ ਦੂਜੇ ਵਿਨਾਸ਼ ਤੋਂ ਬਚਾ ਰਹੇ ਹਨ।"

ਸਮਿਥਵਿਕ ਇੰਗਲੈਂਡ ਦੇ ਜੁਰਾਸਿਕ ਤਟ 'ਤੇ ਆਪਣੇ ਖੋਜ ਖੇਤਰ ਵਿੱਚ ਜੀਵਾਸ਼ਮਾਂ ਨੂੰ ਬਚਾਉਣ ਲਈ ਸਮੇਂ ਦੇ ਖ਼ਿਲਾਫ਼ ਚੱਲ ਰਹੀ ਦੌੜ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਉਹ ਕਹਿੰਦੇ ਹਨ, "ਮੈਨੂੰ ਇੱਕ ਚੱਟਾਨ ਮਿਲੀ ਜਿਸ 'ਤੇ ਇੱਕ ਮੱਛੀ ਦੀ ਬਿਲਕੁਲ ਸਹੀ ਛਾਪ ਸੀ ਜੋ ਇੱਕ ਘੰਟਾ ਪਹਿਲਾਂ ਉੱਥੇ ਸੀ, ਅਤੇ ਹੁਣ ਉਹ ਗਾਇਬ ਹੋ ਚੁੱਕੀ ਹੈ। ਜੇਕਰ ਤੁਸੀਂ ਕਲਪਨਾ ਕਰੋ ਕਿ ਇੱਕ ਲਹਿਰ ਆਉਂਦੀ ਹੈ ਅਤੇ ਉਸ ਚੱਟਾਨ ਨੂੰ ਖੋਲ੍ਹ ਦਿੰਦੀ ਹੈ, ਫਿਰ ਅਗਲੀ ਲਹਿਰ ਆਉਂਦੀ ਹੈ ਅਤੇ ਉਸ ਮੱਛੀ ਨੂੰ ਪੂਰੀ ਤਰ੍ਹਾਂ ਮਿਟਾ ਦਿੰਦੀ ਹੈ।

"ਸਮੁੰਦਰ ਨੇ ਉਸ ਨੂੰ 10,000 ਟੁਕੜਿਆਂ ਵਿੱਚ ਤੋੜ ਦਿੱਤਾ ਹੈ ਅਤੇ ਬਸ, ਉਹ ਹਮੇਸ਼ਾ ਲਈ ਗੁੰਮ ਹੋ ਗਈ ਹੈ।"

ਜਿਹੜੇ ਜੀਵਾਸ਼ਮ ਸਮੇਂ ਸਿਰ ਬਚਾ ਲਏ ਜਾਂਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਕਦੇ ਵੀ ਸੋਥਬੀਜ਼ ਵਰਗੀ ਨਿਲਾਮੀ ਥਾਂ ਤੱਕ ਨਹੀਂ ਪਹੁੰਚਦੇ।

ਉਹ ਛੋਟੇ ਹੁੰਦੇ ਹਨ, ਸੱਭਿਆਚਾਰਕ ਤੌਰ 'ਤੇ ਘੱਟ ਪ੍ਰਸਿੱਧ ਹੁੰਦੇ ਹਨ, ਪਰ ਉਹ ਦਲੀਲ ਦਿੰਦੇ ਹਨ ਕਿ ਇਨ੍ਹਾਂ ਦੀ ਕੀਮਤ ਕਿਤੇ ਵੱਧ ਹੋ ਸਕਦੀ ਹੈ, ਅਜਾਇਬ ਘਰਾਂ ਅਤੇ ਆਮ ਲੋਕਾਂ ਲਈ।

ਡਾ. ਸਮਿਥਵਿਕ ਕਹਿੰਦੇ ਹਨ, "ਜੀਵ ਵਿਗਿਆਨ ਦੇ ਵੱਡੇ ਪੱਧਰ 'ਤੇ ਦੇਖਿਆ ਜਾਵੇ ਤਾਂ ਅਣਗਿਣਤ ਹੋਰ ਨਮੂਨੇ ਹਨ ਜੋ ਪੈਲੀਓਂਟੋਲੋਜੀ (ਪ੍ਰਾਚੀਨ ਜੀਵਾਂ ਦੇ ਅਧਿਐਨ) ਲਈ ਵਧੇਰੇ ਮਹੱਤਵਪੂਰਨ ਹੋ ਸਕਦੇ ਹਨ।"

"ਅਤੇ ਤੁਸੀਂ ਸਮੁੰਦਰ ਕੰਢੇ ਬੱਚਿਆਂ ਨੂੰ ਐਮੋਨਾਈਟ ਵੇਚਦੇ ਲੋਕਾਂ ਨੂੰ ਦੇਖਦੇ ਹੋ ਅਤੇ ਇਹ ਬਾਹਰੀ ਦੁਨੀਆਂ ਵਿੱਚ ਉਤਸੁਕਤਾ ਪੈਦਾ ਕਰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)