ਅਮ੍ਰਿਤਪਾਲ ਸਿੰਘ ਦਾ ਭਰਾ 'ਡਰੱਗ ਸਣੇ' ਗ੍ਰਿਫ਼ਤਾਰ, ਪਿਤਾ ਨੇ ਕਿਉਂ ਕਿਹਾ, 'ਇਹ ਸਿੱਖਾਂ ਖਿਲਾਫ਼ ਵੱਡੀ ਸਾਜ਼ਿਸ਼'

ਪ੍ਰਕਾਸ਼ਿਤ

ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਅਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਹਰਪ੍ਰੀਤ ਸਿੰਘ ਕੋਲੋਂ ਕਥਿਤ ਤੌਰ 'ਤੇ ਨਸ਼ਾ ਬਰਾਮਦ ਹੋਇਆ, ਜਿਸ ਮਗਰੋਂ ਉਸ ਦੀ ਫਿਲੌਰ ਤੋਂ ਗ੍ਰਿਫ਼ਤਾਰ ਹੋਈ ਦੱਸੀ ਜਾ ਰਹੀ ਹੈ।

ਜਲੰਧਰ ਪੁਲਿਸ ਦੇ ਐੱਸਐੱਸਪੀ ਅੰਕੁਰ ਗੁਪਤਾ ਮੁਤਾਬਕ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਦੀ ਗੱਡੀ 'ਚੋਂ 4 ਗ੍ਰਾਮ ਮੈਥਨਫੈਟਾਮੀਨ ਬਰਾਮਦ ਕੀਤੀ ਗਈ ਹੈ, ਜਿਸ ਨੂੰ ਆਈਸ ਡਰੱਗ ਵੀ ਕਿਹਾ ਜਾਂਦਾ ਹੈ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ 'ਚ ਨਸ਼ੇ ਖਿਲਾਫ਼ ਚੱਲ ਰਹੀ ਮੁਹਿੰਮ ਤਹਿਤ ਵੀਰਵਾਰ ਸ਼ਾਮ ਨੂੰ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਨੂੰ ਫ਼ਿਲੌਰ ਵਿੱਚ ਨੈਸ਼ਨਲ ਹਾਈਵੇਅ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ।

ਅਮ੍ਰਿਤਪਾਲ ਸਿੰਘ ਖ਼ਾਲਿਸਤਾਨ ਸਮਰਥਕ ਹਨ ਅਤੇ ਉਹ ਖੁਦ ਵੀ ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਦਾ ਦਾਅਵਾ ਕਰਦੇ ਸਨ। ਫਿਲਹਾਲ, ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਉਹਨਾਂ ਖਿਲਾਫ਼ ਨੈਸ਼ਨਲ ਸਿਕਿਊਰਟੀ ਐਕਟ ਤਹਿਤ ਕੇਸ ਚੱਲ ਰਿਹਾ ਹੈ।

ਜੇਲ੍ਹ ਵਿੱਚੋਂ ਚੋਣ ਜਿੱਤੇ ਅਮ੍ਰਿਤਪਾਲ ਸਿੰਘ ਨੇ ਹਾਲ ਹੀ ਵਿੱਚ ਚਾਰ ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਲੋਕ ਸਭਾ ਮੈਂਬਰ ਵੱਜੋਂ ਦਿੱਲੀ ਵਿੱਚ ਆਪਣੇ ਅਹੁੰਦ ਦੀ ਸਹੁੰ ਚੁੱਕੀ ਸੀ।

ਹਰਪ੍ਰੀਤ ਸਿੰਘ ਦਾ ਡੋਪ ਟੈਸਟ ਪਾਜ਼ਿਟਿਵ: ਪੁਲਿਸ

ਇਸ ਦੇ ਨਾਲ ਹੀ ਪੁਲਿਸ ਵੱਲੋਂ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਦਾ ਡੋਪ ਟੈਸਟ ਪਾਜ਼ਿਟਿਵ ਆਇਆ ਹੈ।

ਉਨ੍ਹਾਂ ਨੇ ਕਿਹਾ, "ਨੈਸ਼ਨਲ ਹਾਈਵੇ ਨੇੜੇ ਸ਼ੱਕੀ ਹਾਲਾਤਾਂ 'ਚ ਇੱਕ ਕਰੇਟਾ ਗੱਡੀ ਖੜੀ ਸੀ, ਉਸ ਦੇ ਸ਼ੀਸ਼ੇ ਕਾਲੇ ਕੀਤੇ ਹੋਏ ਸਨ। ਗੱਡੀ ਵਿਚ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨਾਮਕ ਵਿਅਕਤੀ ਬੈਠੇ ਹੋਏ ਸਨ, ਤਲਾਸ਼ੀ ਲੈਣ ਮਗਰੋਂ ਉਨ੍ਹਾਂ ਕੋਲੋਂ ਸਾਨੂੰ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਇਸ ਮਗਰੋਂ ਉਨ੍ਹਾਂ ਦੋਵਾਂ ਦਾ ਡੋਪ ਟੈਸਟ ਕਰਵਾਇਆ ਗਿਆ, ਜੋ ਕਿ ਪਾਜ਼ਿਟਿਵ ਆਇਆ ਹੈ।"

ਇਸ ਮਾਮਲੇ ਵਿੱਚ ਪੁਲਿਸ ਨੇ ਲੁਧਿਆਣਾ ਦੇ ਰਹਿਣ ਵਾਲੇ ਸੰਦੀਪ ਅਰੋੜਾ ਨਾਮ ਦੇ ਇੱਕ ਕਥਿਤ ਨਸ਼ਾ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ਵੱਲੋਂ ਸੰਜੀਵ ਅਰੋੜਾ ਤੋਂ ਹੀ ਨਸ਼ਾ ਖਰੀਦਿਆ ਗਿਆ ਸੀ, ਜਿਸ ਨੂੰ ਉਨ੍ਹਾਂ ਵੱਲੋਂ ਪੇਟੀਐੱਮ 'ਤੇ 10 ਹਜ਼ਾਰ ਰੁਪਏ ਵੀ ਭੇਜੇ ਗਏ ਸਨ।

ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਦੱਸੀ ਸਾਜ਼ਿਸ਼

ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਇਸ ਨੂੰ ਸਾਜਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਨੂੰ ਬਦਨਾਮ ਕਰਨ ਲਈ ਇਹ ਸਾਰੀ ਸਾਜਿਸ਼ ਰਚੀ ਗਈ ਹੈ।

ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਦੁਬਈ ਵੀ ਰਹਿ ਚੁਕੇ ਹਨ। ਪੰਜਾਬ ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਉਹ ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ 'ਚ ਐਕਟਿਵ ਰਹੇ ਸਨ।

ਜਲੰਧਰ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਮਗਰੋਂ ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਹੀ, ਇਸ ਲਈ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ, "ਅੰਮ੍ਰਿਤਪਾਲ ਸਿੰਘ ਖੁਦ ਅਤੇ ਸਾਡਾ ਸਾਰਾ ਪਰਿਵਾਰ ਵੀ ਨਸ਼ਾ ਰੋਕਣ ਲਈ ਯਤਨ ਕਰ ਰਿਹਾ ਹੈ ਤਾਂ ਉਹ (ਹਰਪ੍ਰੀਤ ਸਿੰਘ) ਖੁਦ ਨਸ਼ਾ ਕਿਵੇਂ ਕਰ ਸਕਦੇ ਹਨ? ਇਹ ਸਿੱਖਾਂ ਦੇ ਖਿਲਾਫ ਇੱਕ ਘਿਨੌਣੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਿਸ ਪਹਿਲਾਂ ਵੀ ਰਾਜਨੀਤੀ ਅਤੇ ਡਰੱਗ ਮਾਫ਼ੀਆ ਦੇ ਦਬਾਅ ਹੇਠ ਕੰਮ ਕਰਦੀ ਆ ਰਹੀ ਹੈ ਅਤੇ ਇਸ ਮਾਮਲੇ ਵਿੱਚ ਵੀ ਪੁਲਿਸ ਅਜਿਹਾ ਹੀ ਕਰ ਰਹੀ ਹੈ।

ਉਨ੍ਹਾਂ ਕਿਹਾ, "ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਅਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਨਾ ਆ ਸਕਣ ਅਤੇ ਨਾ ਹੀ ਉਨ੍ਹਾਂ ਦਾ ਮਿਸ਼ਨ ਸਫ਼ਲ ਹੋ ਸਕੇ।"

ਤਰਸੇਮ ਸਿੰਘ ਨੇ ਕਿਹਾ ਕਿ, ''ਉਹ ਕਰੀਬ 12 ਵਜੇ ਘਰੋਂ ਰੱਈਏ ਵੱਲ ਗਏ ਸੀ, ਪਰ ਉਹ ਜਲੰਧਰ ਕਿਵੇਂ ਪਹੁੰਚੇ ਇਸ ਬਾਰੇ ਅਜੇ ਸਾਨੂੰ ਵੀ ਜਾਣਕਾਰੀ ਨਹੀਂ। ਉਨ੍ਹਾਂ ਨੇ ਬਾਘਾਪੁਰਾਣਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਣ ਵਾਲੇ ਮਾਰਚ 'ਚ ਸ਼ਾਮਲ ਹੋਣਾ ਸੀ।"

"ਨਸ਼ੇ ਦੇ ਵਿਰੁੱਧ ਕੰਮ ਕਰਨ ਵਾਲਿਆਂ ਉਪਰ ਹੀ ਨਸ਼ੇ ਦੇ ਕੇਸ ਪਾਉਣਾ ਘਟੀਆ ਹਰਕਤ ਹੈ, ਲੋਕਾਂ ਨੂੰ ਪਤਾ ਹੈ ਕਿ ਪੁਲਿਸ ਕਿਵੇਂ ਝੂਠੇ ਕੇਸ ਦਰਜ ਕਰਦੀ ਹੈ। ਇਹ ਸਭ ਦੁਨੀਆ ਭਰ 'ਚ ਸਿੱਖਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।"

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਰਹੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਸਾਲ 2022 'ਚ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਨੇ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।

ਅਮ੍ਰਿਤਪਾਲ ਸਿੰਘ ਨੂੰ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦਾ ਨਵਾਂ ਮੁਖੀ ਬਣਾਇਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)