ਨਸਬੰਦੀ ਨਾਲ ਜੁੜੇ ਅਹਿਮ ਖਦਸ਼ਿਆਂ ਦਾ ਜਵਾਬ ਜਿਨ੍ਹਾਂ ਬਾਰੇ ਮਰਦ ਖੁੱਲ੍ਹ ਕੇ ਗੱਲ ਨਹੀਂ ਕਰਦੇ

    • ਲੇਖਕ, ਅੰਜਲੀ ਦਾਸ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ

“ਮੈਂ ਜਦੋਂ ਉਨ੍ਹਾਂ ਨੂੰ ਨਸਬੰਦੀ ਦੀ ਗੱਲ ਕਹੀ ਤਾਂ ਉਹ ਉਸੇ ਵੇਲੇ ਭੜਕ ਗਏ, ਮੈਨੂੰ ਝਿੜਕਿਆ ਅਤੇ ਕਿਹਾ ਅੱਜ ਜੋ ਬੋਲ ਦਿੱਤਾ ਸੋ ਬੋਲ ਦਿੱਤਾ ਅੱਗੇ ਤੋਂ ਇਸ ਬਾਰੇ ਬਹਿਸ ਨਹੀਂ ਹੋਵੇਗੀ।”

ਇਹ ਕਹਿ ਕੇ ਰਸ਼ਮੀ (ਬਦਲਿਆ ਹੋਇਆ ਨਾਮ) ਰੋਣਹਾਕੀ ਹੋ ਗਈ।

ਰਸ਼ਮੀ ਦਿੱਲੀ ਐੱਨਸੀਆਰ ਦੀ ਇੱਕ ਸੁਸਾਇਟੀ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਉਹ ਮੂਲ ਤੌਰ ਉੱਤੇ ਪੱਛਮ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਉਹ ਅੱਗੇ ਹੋਰ ਬੱਚੇ ਨਹੀਂ ਚਾਹੁੰਦੀ।

ਜਦੋਂ ਉਨ੍ਹਾਂ ਨੇ ਆਪਣੇ ਪਤੀ ਨੂੰ ਨਸਬੰਦੀ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਦਾ ਜਵਾਬ ਸੀ, “ਜੇਕਰ ਤੂੰ ਕਰਵਾਉਣੀ ਹੈ ਤਾਂ ਕਰਵਾ ਲੈ, ਮੈਨੂੰ ਕਿਉਂ ਕਹਿ ਰਹੀ ਹੈ?” ਇਸ ਤੋਂ ਬਾਅਦ ਉਹ ਗੁੱਸੇ ਹੋ ਗਏ ਅਤੇ ਬੋਲੇ ਕਿ ਇਸ 'ਤੇ ਹੋਰ ਬਹਿਸ ਨਹੀਂ ਹੋਵੇਗੀ।

ਰਸ਼ਮੀ ਆਪਣੇ ਬੱਚਿਆਂ ਲਈ ਚੰਗੀ ਸਕੂਲੀ ਸਿੱਖਿਆ ਚਾਹੁੰਦੀ ਹੈ, ਤਾਂ ਹਾਰ ਮੰਨ ਕੇ ਉਨ੍ਹਾਂ ਨੂੰ ਹੀ ਨਸਬੰਦੀ ਕਰਵਾਉਣੀ ਪਈ, ਜਿਸ ਲਈ ਉਨ੍ਹਾਂ ਨੂੰ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਛੱਡਣਾ ਪਿਆ ਸੀ।

ਪਰ ਕੀ ਰਸ਼ਮੀ ਹੀ ਇਕੱਲੇ ਅਜਿਹੇ ਹਨ, ਜਿਨ੍ਹਾਂ ਨੂੰ ਨਸਬੰਦੀ ਦੇ ਨਾਂ ਉੱਤੇ ਪਤੀ ਤੋਂ ਝਿੜਕਾਂ ਪਈਆਂ?

ਕੀ ਕਹਿੰਦੇ ਹਨ ਅੰਕੜੇ?

ਅੰਕੜਿਆਂ ਨੂੰ ਦੇਖੀਏ ਤਾਂ ਭਾਰਤ ਦੇ ਜ਼ਿਆਦਾਤਰ ਪਰਿਵਾਰਾਂ ਵਿੱਚ ਪਰਿਵਾਰ ਨਿਯੋਜਨ ਦੀ ਜ਼ਿੰਮੇਵਾਰੀ ਹਾਲੇ ਵੀ ਔਰਤਾਂ ਹੀ ਚੁੱਕ ਰਹੀਆਂ ਹਨ।

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2008 ਤੋਂ 2019 ਦੇ ਵਿੱਚ 5.16 ਕਰੋੜ ਲੋਕਾਂ ਦੀ ਨਸਬੰਦੀ ਕੀਤੀ ਗਈ। ਇਸ ਵਿੱਚੋਂ ਵੀ ਵੈਸੇਕਟਮੀ ਯਾਨਿ ਕਿ ਮਰਦ ਨਸਬੰਦੀ ਦੀ ਦਰ ਕੇਵਲ ਤਿੰਨ ਫੀਸਦੀ ਰਹੀ ਹੈ।

ਵੈਸੇਕਟਮੀ ਨੂੰ ਵਿਕਸਿਤ ਦੇਸ਼ਾਂ ਵਿੱਚ ਤਾਂ ਸਮਾਜ ਵਿੱਚ ਪ੍ਰਵਾਨ ਕਰ ਲਿਆ ਜਾਂਦਾ ਹੈ ਪਰ ਭਾਰਤ ਸਮੇਤ ਦੁਨੀਆਂ ਦੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਦੀ ਸਮਾਜਿਕ ਪ੍ਰਵਾਨਗੀ ਬਹੁਤ ਘੱਟ ਹੈ।

ਸੰਯੁਕਤ ਰਾਸ਼ਟਰ ਸੰਘ ਦੀ 2015 ਦੀ ਇੱਕ ਰਿਪੋਰਟ ਦੇ ਮੁਤਾਬਕ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਦੀ ਵੈਸੇਕਟਮੀ ਦੀ ਦਰ ਕਰਮਵਾਰ 21.7%, 21% ਅਤੇ 10.8 ਫ਼ੀਸਦ ਸੀ।

ਵੈਸੇਕਟਮੀ ਨਾਲ ਜੁੜੀਆਂ ਮਿੱਥਾਂ ਦਾ ਖੰਡਨ

  • ਵੈਸੇਕਟਮੀ ਤੋਂ ਬਾਅਦ ਜਿਨਸੀ ਇੱਛਾ ਅਤੇ ਜਿਨਸੀ ਕਿਰਿਆ ਵਿੱਚ ਕੋਈ ਫ਼ਰਕ ਨਹੀਂ ਪੈਂਦਾ
  • ਵੈਸੇਕਟਮੀ ਦੀ ਵਜ੍ਹਾ ਨਾਲ ਨਾ ਤਾਂ ਮੋਟਾਪਾ ਵੱਧਦਾ ਹੈ ਨਾ ਸਰੀਰ ਕਮਜ਼ੋਰ ਪੈਂਦਾ ਹੈ
  • ਮਰਦ ਪਹਿਲਾਂ ਵਾਂਗ ਹੀ ਸਖ਼ਤ ਮਿਹਨਤ ਕਰ ਸਕਦੇ ਹਨ
  • ਵੈਸੇਕਟਮੀ ਦਾ ਦਿਲ ਦੀ ਬਿਮਾਰੀ, ਟੈਸਟੀਕੁਲਰ ਜਾਂ ਪ੍ਰੋਸਟੇਟ ਕੈਂਸਰ, ਇਮਊਨ ਸਿਸਟਮ ਦੇ ਵਿਗੜਨ ਜਾਂ ਹੋਰ ਕਿਸੇ ਵੀ ਤਰਾਂ ਦੀ ਬਿਮਾਰੀ ਨਾਲ ਕੋਈ ਸਬੰਧ ਨਹੀਂ ਹੈ

ਅਮਰੀਕਾ ਵਿੱਚ 23 ਸਾਲਾ ਕੀਥ ਲਾਓਸ ਨੇ ਉਸ ਵੇਲੇ ਵੈਸੇਕਟਮੀ ਕਰਵਾ ਲਈ ਜਦੋਂ ਉਨ੍ਹਾਂ ਦੀ ਸਾਥਣ ਦਾ ਗਰਭ ਨਿਰੋਧ ਦੇ ਹੋਰ ਤਰੀਕਿਆਂ ਦਾ ਖ਼ਰਾਬ ਤਜਰਬਾ ਰਿਹਾ।

ਕੀਥ ਇੱਕ ਕੰਟੈਂਟ ਕ੍ਰਿਏਟਰ ਹੋਣ ਦੇ ਨਾਲ-ਨਾਲ ਇੱਕ ਬੇਟੀ ਦੇ ਪਿਤਾ ਵੀ ਹਨ।

ਉਹ ਕਹਿੰਦੇ ਹਨ, “ਪਤੀ-ਪਤਨੀ ਵਿੱਚੋਂ ਕਿਸੇ ਇੱਕ ਨੇ ਨਸਬੰਦੀ ਕਰਵਾਉਣੀ ਸੀ ਤਾਂ ਮੇਰੇ ਲਈ ਇਹ ਇੱਕ ਸੌਖਾ ਫ਼ੈਸਲਾ ਸੀ।”

ਇਸ ਦੇ ਨਾਲ ਹੀ ਉਹ ਇਹ ਵੀ ਕਹਿੰਦੇ ਹਨ, “ਮੇਰਾ ਮੰਨਣਾ ਹੈ ਕਿ ਔਰਤਾਂ ਉੱਤੇ ਬੱਚਾ ਪੈਦਾ ਕਰਨ ਅਤੇ ਗਰਭ ਨਿਰੋਧ ਲਈ ਉਪਾਅ ਕਰਨ, ਦੋਵਾਂ ਦੀ ਜ਼ਿੰਮੇਵਾਰੀ ਨਹੀਂ ਪਾਉਣੀ ਚਾਹੀਦੀ।”

ਅਮਰੀਕਾ ਦੀ ਯੂਟਾ ਯੂਨੀਵਰਸਿਟੀ ਵਿੱਚ ਯੂਰੋਲੋਜੀ ਸਰਜਰੀ ਦੇ ਸਹਾਇਕ ਪ੍ਰੋਫ਼ੈਸਰ ਅਲੈਗਜ਼ੈਂਡਰ ਪਾਸਤਜ਼ਕ ਕਹਿੰਦੇ ਹਨ ਕਿ ਵੈਸੇਕਟਮੀ ਦੇ ਲਈ ਆਉਣ ਵਾਲੇ ਬਹੁਤੇ ਮਰਦ ਦੱਸਦੇ ਹਨ ਕਿ ਉਹ ਇਹ ਇਸ ਲਈ ਕਰਵਾ ਰਹੇ ਹਨ ਕਿਉਂਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ।

ਭਾਰਤੀ ਸਮਾਜ ਵਿੱਚ ਔਰਤਾਂ ਦੀ ਸਮਾਨਤਾ ਦੀ ਗੱਲ ਅਤੇ ਇਸ ਦੀ ਅਸਲੀਅਤ ਦੋਵਾਂ ਦੇ ਦ੍ਰਿਸ਼ ਬਹੁਤ ਅਲੱਗ ਹਨ।

ਉਸ ਉੱਤੇ ਵੀ ਗੱਲ ਜੇਕਰ ਮਰਦਾਂ ਦੀ ਨਸਬੰਦੀ ਦੀ ਕਰੀਏ ਤਾਂ ਇਹ ਇੱਕ ਤਰਾਂ ਦਾ ‘ਟੈਬੂ‘ ਮੰਨਿਆ ਜਾਂਦਾ ਹੈ, ਜਿਸ ਬਾਰੇ ਗੱਲ ਕਰਨਾ ਬਹੁਤ ਲੋਕ ਵਰਜਿਤ ਮੰਨਦੇ ਹਨ।

ਵੈਸੇਕਟਮੀ ਕੀ ਹੈ?

ਗੁਹਾਟੀ ਅਪੋਲੋ ਐਕਸੈਲਕੇਅਰ ਹਸਪਤਾਲ ਵਿੱਚ ਸੀਨੀਅਰ ਯੂਰੋਲੋਜਿਸਟ ਡਾ. ਜੋਏ ਨਾਰਾਇਣ ਚਕਰਵਰਤੀ ਦੱਸਦੇ ਹਨ, “ਵੈਸੇਕਟਮੀ (ਮਰਦਾਂ ਦੀ ਨਸਬੰਦੀ) ਉਹ ਸਰਜਰੀ ਹੈ, ਜਿਸ ਵਿੱਚ ਪੁਰਸ਼ਾਂ ਦੇ ਅੰਡਕੋਸ਼ਾਂ ਵਿੱਚ ਇੱਕ ਚੀਰਾ ਲਾ ਕੇ ਸ਼ੁਕਰਾਣੂਆਂ ਨੂੰ ਬਾਹਰ ਲੈ ਕੇ ਜਾਣ ਵਾਲੀ ਟਿਊਬ ਨੂੰ ਕੱਟ ਦਿੱਤਾ ਜਾਂਦਾ ਹੈ।”

ਉਹ ਕਹਿੰਦੇ ਹਨ, “ਇਹ ਸਰਜਰੀ ਆਮ ਤੌਰ ਉੱਤੇ ਸਰੀਰ ਦੇ ਇੱਕ ਹਿੱਸੇ ਨੂੰ ਸੁੰਨ ਕਰਕੇ ਕੀਤੀ ਜਾਂਦੀ ਹੈ, ਯਾਨਿ ਵੈਸੇਕਟਮੀ ਕਰਵਾਉਣ ਵਾਲਾ ਵਿਅਕਤੀ ਹੋਸ਼ ਵਿੱਚ ਹੁੰਦਾ ਹੈ, ਉਸ ਨੂੰ ਕੋਈ ਦਰਦ ਮਹਿਸੂਸ ਨਹੀਂ ਹੁੰਦਾ, ਇਸ ਸਰਜਰੀ ਵਿੱਚ ਬਹੁਤ ਥੋੜ੍ਹਾ ਸਮਾਂ ਲੱਗਦਾ ਹੈ।”

ਇਸ ਨਾਲ ਹੀ ਉਹ ਇਹ ਵੀ ਦੱਸਦੇ ਹਨ ਕਿ ਵੈਸੇਕਟਮੀ ਦੀ ਸਰਜਰੀ ਲਗਭਗ 20 ਮਿੰਟ ਦੀ ਹੁੰਦੀ ਹੈ।

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਰਿਪੋਰਟ ਦੇ ਮੁਤਾਬਕ ਵੈਸੇਕਟਮੀ ਗਰਭ ਨਿਰੋਧਕ ਦੇ ਰੂਪ ਵਿੱਚ 99 ਫ਼ੀਸਦੀ ਕਾਰਗਰ ਹੈ।

ਪਰ ਵੈਸੇਕਟਮੀ ਨੂੰ ਲੈਕੇ ਕਈ ਤਰਾਂ ਦੀਆਂ ਮਿੱਥਾਂ ਵੀ ਜੁੜੀਆਂ ਹਨ ਜਿਵੇਂ ਕਿ ਇਸ ਤੋਂ ਬਾਅਦ ਜਿਨਸੀ ਕਿਰਿਆ ਵਿੱਚ ਪਰੇਸ਼ਾਨੀ ਆਉਂਦੀ ਹੈ।

ਡਾ. ਜੌਏ ਚੱਕਰਵਰਤੀ ਕਹਿੰਦੇ ਹਨ, “ਇਹ ਕੋਰੀ ਕਲਪਨਾ ਹੈ, ਭੁਲੇਖਾ ਹੈ, ਮਿੱਥ ਹੈ ਕਿ ਵੈਸੇਕਟਮੀ ਤੋਂ ਬਾਅਦ ਜਿਨਸੀ ਕਿਰਿਆ ਵਿੱਚ ਕਿਸੇ ਤਰਾਂ ਦੀ ਰੁਕਾਵਟ ਆਉਂਦੀ ਹੈ।”

ਉਹ ਦੱਸਦੇ ਹਨ, “ਵੈਸੇਕਟਮੀ ਦੀ ਪ੍ਰਕਿਰਿਆ ਵਿੱਚ ਇਰੈਕਸ਼ਨ ਦੇ ਲਈ ਜ਼ਿੰਮੇਵਾਰ ਨਸ ਨੂੰ ਨਾ ਛੂਹਿਆ ਜਾਂਦਾ ਹੈ ਅਤੇ ਨਾ ਹੀ ਕੱਟਿਆ ਜਾਂਦਾ ਹੈ। ਵੀਰਜ ਬਣਨਾ ਜਾਰੀ ਰਹਿੰਦਾ ਹੈ ਅਤੇ ਉਸ ਨੂੰ ਬਾਹਰ ਲੈ ਕੇ ਜਾਣ ਵਾਲੀ ਟਿਊਬ ਵੀ ਸਰੁੱਖਿਅਤ ਰਹਿੰਦੀ ਹੈ। ਇਸ ਲਈ ਸੈਕਸ ਦੀ ਇੱਛਾ ਅਤੇ ਜਿਨਸੀ ਕਿਰਿਆ ਵਿੱਚ ਕੋਈ ਫ਼ਰਕ ਨਹੀਂ ਪੈਂਦਾ।”

ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਵੈਸੇਕਟਮੀ ਤੋਂ ਬਾਅਦ ਅੰਡਕੋਸ਼ਾਂ ਵਿੱਚ ਸ਼ੁਕਰਾਣੂ ਬਣਨੇ ਜਾਰੀ ਰਹਿੰਦੇ ਹਨ। ਵੈਸੇਕਟਮੀ ਤੋਂ ਬਾਅਦ ਅੰਡਕੋਸ਼ਾਂ ਵਿੱਚ ਜਿਹੜੇ ਸ਼ੁਕਰਾਣੂ ਬਣਦੇ ਹਨ ਉਹ ਟਿਊਬ ਕੱਟੀ ਹੋਣ ਦੇ ਕਾਰਨ ਵੀਰਜ ਦੇ ਨਾਲ ਨਹੀਂ ਬਲਕਿ ਤੁਹਾਡੇ ਸਰੀਰ ਵਿੱਚ ਹੀ ਘੁਲ ਜਾਂਦੇ ਹਨ।”

ਇਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਵੈਸੇਕਟਮੀ ਦੀ ਵਜ੍ਹਾ ਨਾਲ ਨਾ ਤਾਂ ਮੋਟਾਪਾ ਵੱਧਦਾ ਹੈ ਨਾ ਸਰੀਰ ਕਮਜ਼ੋਰ ਪੈਂਦਾ ਹੈ ਅਤੇ ਮਰਦ ਪਹਿਲਾਂ ਵਾਂਗ ਹੀ ਸਖ਼ਤ ਮਿਹਨਤ ਕਰ ਸਕਦੇ ਹਨ।

ਸਟੈਨਫੋਰਡ ਯੂਨੀਵਰਸਿਟੀ ਦੇ ਯੂਰੋਲੋਜੀ ਵਿਭਾਗ ਦੇ ਖੋਜਾਰਥੀਆਂ ਦੇ ਮੁਤਾਬਕ 1973 ਵਿੱਚ ਸੁਪਰੀਮ ਕੋਰਟ ਵੱਲੋਂ ਗਰਭਪਾਤ ਦੇ ਹੱਕ ਉੱਤੇ ਰੋਕ ਲਾਉਣ ਤੋਂ ਬਾਅਦ ਵੈਸੇਕਟਮੀ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ।

ਦੁਨੀਆਂ ਦੇ ਕਈ ਦੇਸ਼ਾਂ ਵਿੱਚ ਵੈਸੇਕਟਮੀ ਨੂੰ ਲੈ ਕੇ ਇਹ ਰੁਝਾਨ ਦੇਖਣ ਨੂੰ ਮਿਲਿਆ ਹੈ। ਇੱਥੋਂ ਤੱਕ ਕਿ ਗੂਗਲ ਟਰੈਂਡ ਸਰਚ ਵਿੱਚ ਵੀ ਵੈਸੇਕਟਮੀ ਸ਼ਬਦ ਦੇ ਸਰਚ ਵਿੱਚ 850 ਫ਼ੀਸਦ ਦਾ ਵਾਧਾ ਵੇਖਿਆ ਗਿਆ ਹੈ।

ਨਿਊਯਾਰਕ, ਕੈਲੀਫੋਰਨੀਆ, ਫ਼ਲੋਰਿਡਾ, ਆਇਓਵਾ ਅਤੇ ਹੋਰ ਕਈ ਥਾਵਾਂ ਉੱਤੇ 30 ਤੋਂ ਘੱਟ ਉਮਰ ਦੇ ਮਰਦਾਂ ਵਿੱਚ ਵੈਸੇਕਟਮੀ ਕਰਵਾਉਣ ਦੇ ਮਾਮਲੇ ਦੁੱਗਣੇ ਹੋ ਗਏ ਹਨ।

ਉੱਥੇ ਹੀ 2007 ਤੋਂ 2009 ਦੇ ਵਿੱਚ 18 ਤੋਂ 45 ਸਾਲ ਦੇ ਮਰਦਾਂ ਵਿੱਚ ਵੈਸੇਕਟਮੀ ਕਰਵਾਉਣ ਦੇ ਮਾਮਲਿਆਂ ਵਿੱਚ 34 ਫ਼ੀਸਦ ਦਾ ਵਾਧਾ ਹੋਇਆ।

ਸਰਜਰੀ ਕਿੱਥੇ ਕਰਵਾਉਣੀ ਚਾਹੀਦੀ ਹੈ?

ਮੁੰਬਈ ਦੇ ਹਿੰਦੁਜਾ ਹਸਪਤਾਲ ਵਿੱਚ ਯੂਰੋਲੌਜਿਸਟ ਡਾ. ਸੋਨੀ ਮਹਿਤਾ ਕਹਿੰਦੇ ਹਨ ਕਿ ਇਹ ਸਰਜਰੀ ਸਰਕਾਰੀ ਹਸਪਤਾਲ ਵਿੱਚ ਕਰਵਾਈ ਜਾ ਸਕਦੀ ਹੈ।

ਡਾ. ਜੋਏ ਚੱਕਰਵਰਤੀ ਜ਼ੋਰ ਦੇ ਕੇ ਕਹਿੰਦੇ ਹਨ, “ਸਰਕਾਰੀ ਹਸਪਤਾਲ ਵਿੱਚ ਇਸ ਸਰਜਰੀ ਦੇ ਪੈਸੇ ਨਹੀਂ ਲੱਗਦੇ ਤਾਂ ਤੁਹਾਨੂੰ ਇਹ ਉੱਥੋਂ ਹੀ ਕਰਵਾਉਣੀ ਚਾਹੀਦੀ ਹੈ।”

ਇਸ ਦੇ ਨਾਲ ਹੀ ਉਹ ਆਖਦੇ ਹਨ, “ਜੇਕਰ ਤੁਸੀਂ ਨਿੱਜੀ ਹਸਪਤਾਲ ਵਿੱਚ ਸਰਜਰੀ ਕਰਵਾਉਣਾ ਚਾਹੁੰਦੇ ਹੋ ਤਾਂ ਉੱਥੋਂ ਦੀਆਂ ਸੁਵਿਧਾਵਾਂ ਦੇ ਅਨੁਸਾਰ ਤੁਹਾਨੂੰ ਪੈਸੇ ਖਰਚਣੇ ਪੈਂਦੇ ਹਨ।”

ਸਰਜਰੀ ਤੋਂ ਬਾਅਦ ਅਤੇ ਪਹਿਲਾਂ ਕੋਈ ਸਾਵਧਾਨੀ ਵਰਤਣ ਦੇ ਸਵਾਲ ਬਾਰੇ ਉਹ ਦੱਸਦੇ ਹਨ, “ਕੋਈ ਖ਼ਾਸ ਸਾਵਧਾਨੀ ਵਰਤਣ ਦੀ ਲੋੜ ਨਹੀਂ ਪੈਂਦੀ, ਹਾਂ, ਜੇਕਰ ਤੁਹਾਨੂੰ ਸ਼ੂਗਰ ਦੀ ਸ਼ਿਕਾਇਤ ਹੈ ਤਾਂ ਸਰਜਰੀ ਤੋਂ ਪਹਿਲਾਂ ਤੁਹਾਡਾ ਸ਼ੂਗਰ ਲੈਵਲ ਨਾਰਮਲ ਹੋਣਾ ਚਾਹੀਦਾ ਹੈ।”

ਕੀ ਕਿਡਨੀ ਜਾਂ ਪ੍ਰੋਸਟੇਟ ਦੀ ਸਮੱਸਿਆ ਵਾਲੇ ਵੀ ਜੇਕਰ ਇਹ ਸਰਜਰੀ ਕਰਵਾਉਣਾ ਚਾਹੁਣ ਤਾਂ ਕਰਵਾ ਸਕਦੇ ਹਨ ? ਇਸਦੇ ਜਵਾਬ ਵਿੱਚ ਉੇਨ੍ਹਾਂ ਕਿਹਾ ਕਿ ਹਾਂ, ਇਸ ਨੂੰ ਕੋਈ ਵੀ ਆਮ ਵਿਅਕਤੀ ਕਰਵਾ ਸਕਦਾ ਹੈ।

ਉੱਥੇ ਹੀ ਸੈਕਸ ਲਾਈਫ਼ ਉੱਤੇ ਇਸਦੇ ਅਸਰ ਬਾਰੇ ਡਾ. ਸੋਨੀ ਦੱਸਦੇ ਹਨ, “ਇਸ ਸਰਜਰੀ ਤੋਂ ਬਾਅਦ ਲਗਭਗ ਛੇ ਮਹੀਨਿਆਂ ਤੱਕ ਤੁਹਾਡੇ ਵੀਰਜ ਵਿੱਚ ਸ਼ੁਕਰਾਣੂ ਆਉਂਦੇ ਰਹਿ ਸਕਦੇ ਹਨ, ਇਸ ਲਈ ਸਾਵਧਾਨੀ ਵਜੋਂ ਕੰਡੋਮ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ।”

ਇਹ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਵੀਰਜ ਸ਼ੁਕਰਾਣੂ ਰਹਿਤ ਹੋ ਗਿਆ ਹੈ?

ਇਸ ਉੱਤੇ ਡਾ. ਸੋਨੀ ਕਹਿੰਦੇ ਹਨ, “ਇਸਦੇ ਲਈ ਵੀਰਜ ਅਨਾਲਿਸਿਸ ਟੈਸਟ ਕੀਤਾ ਜਾਂਦਾ ਹੈ।”

ਇਸ ਟੈਸਟ ਨੂੰ ਨਸਬੰਦੀ ਪ੍ਰੀਖਣ ਜਾਂ ਵੀਰਜ ਵਿਸ਼ਲੇਸ਼ਣ ਵੀ ਕਿਹਾ ਜਾਂਦਾ ਹੈ।

ਇਸਦੇ ਲਈ ਨਮੂਨਾ ਦੇਣ ਤੋਂ ਪਹਿਲਾਂ ਇਸ ਗੱਲ ਦਾ ਖ਼ਿਆਲ ਰੱਖੋ ਕਿ ਦੋ-ਤਿੰਨ ਦਿਨ ਕਿਸੇ ਵੀ ਕਿਸਮ ਦਾ ਜਿਨਸੀ ਸਬੰਧ, ਜਿਨਸੀ ਕਿਰਿਆ ਨਾ ਕਰੋ।

ਅਜਿਹਾ ਕਰਨ ਨਾਲ ਤੁਹਾਡੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਸਭ ਤੋਂ ਉੱਚੇ ਪੱਧਰ ਉੱਤੇ ਹੁੰਦੀ ਹੈ।

ਵੈਸੇਕਟਮੀ ਨਾਲ ਜੁੜੇ ਜ਼ਰੂਰੀ ਸਵਾਲ

ਵਰ੍ਹਿਆਂ ਤੋਂ ਇਹ ਚਿੰਤਾ ਰਹੀ ਹੈ ਕਿ ਵੈਸੇਕਟਮੀ ਦੇ ਨਾਲ ਕੀ ਮਰਦਾਂ ਦੀ ਸਿਹਤ ਉੱਤੇ ਭਵਿੱਖ ਵਿੱਚ ਕੋਈ ਮਾੜਾ ਅਸਰ ਪੈਂਦਾ ਹੈ?

ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਈ ਸੂਖ਼ਮ ਵਿਸ਼ਲੇਸ਼ਣ ਕਰਦਿਆਂ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਵੈਸੇਕਟਮੀ ਦਾ ਦਿਲ ਦੀ ਬਿਮਾਰੀ, ਟੈਸਟੀਕੁਲਰ ਜਾਂ ਪ੍ਰੋਸਟੇਟ ਕੈਂਸਰ, ਇਮਊਨ ਸਿਸਟਮ ਦੇ ਵਿਗੜਨ ਜਾਂ ਹੋਰ ਕਿਸੇ ਵੀ ਤਰਾਂ ਦੀ ਬਿਮਾਰੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਉੱਤੇ ਇਸ ਸਰਜਰੀ ਦਾ ਕੋਈ ਮਾੜਾ ਅਸਰ ਪੈਂਦਾ ਹੈ।

ਵੈਸੇਕਟਮੀ ਤੋਂ ਬਾਅਦ ਕੀ ਜਿਨਸੀ ਲਾਗ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਨਹੀਂ ਹੁੰਦੀਆਂ?

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਰਿਪੋਰਟ ਵਿੱਚ ਸਪੱਸ਼ਟ ਤੌਰ ਉੱਤੇ ਲਿਖਿਆ ਗਿਆ ਹੈ ਕਿ ਵੈਸੇਕਟਮੀ ਜਿਨਸੀ ਲਾਗ ਨਾਲ ਹੋਣ ਵਾਲੀਆਂ ਬਿਮਾਰੀਆਂ (ਐੱਸਆਈਟੀ) ਨੂੰ ਦੂਜਿਆਂ ਦੇ ਸਰੀਰ ਤੱਕ ਫੈਲਣ ਤੋਂ ਨਹੀਂ ਰੋਕ ਸਕਦੀ। ਇਸਦੇ ਲਈ ਕੰਡੋਮ ਦੀ ਵਰਤੋਂ ਹੀ ਸਭ ਤੋਂ ਕਾਰਗਰ ਉਪਾਅ ਹੈ।

ਕੀ ਵੈਸੇਕਟਮੀ ਦੀ ਸਰਜਰੀ ਨੂੰ ਰਿਵਰਸ ਕੀਤਾ ਜਾ ਸਕਦਾ ਹੈ?

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਅਜਿਹਾ ਬਿਲਕੁਲ ਕੀਤਾ ਜਾ ਸਕਦਾ ਹੈ।

ਹਾਲਾਂਕਿ ਵੈਸੇਕਟਮੀ ਕਰਵਾਉਣ ਵਾਲੇ ਮਰਦ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਨੂੰ ਪਲਟਿਆ ਤਾਂ ਜਾ ਸਕਦਾ ਹੈ ਪਰ ਇਸ ਦੀ ਸਰਜਰੀ ਔਖੀ ਹੁੰਦੀ ਹੈ ਅਤੇ ਇਸਦੇ ਸਫ਼ਲ ਹੋਣ ਦੀ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ।

ਆਬਾਦੀ ਨੂੰ ਕਾਬੂ ਕਰਨਾ ਜ਼ਰੂਰੀ ਪਰ ਇਹ ਵੀ ਧਿਆਨ ਰਹੇ

  • ਵੱਧਦੀ ਆਬਾਦੀ ਭਾਰਤ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਪੇਸ਼ ਕਰ ਰਹੀ ਹੈ।
  • 15 ਅਗਸਤ ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਆਬਾਦੀ 140 ਕਰੋੜ ਦੱਸੀ।
  • ਉੱਥੇ ਹੀ ਸੰਯੁਕਤ ਰਾਸ਼ਟਰ ਸੰਘ ਦੇ ਮੁਤਾਬਕ 2050 ਤੱਕ ਭਾਰਤ ਦੀ ਆਬਾਦੀ 150 ਕਰੋੜ ਦੇ ਪਾਰ ਪਹੁੰਚ ਜਾਏਗੀ।
  • ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਨਮ ਦਰ ਨੂੰ ਘੱਟ ਕਰਨ ਅਤੇ ਆਬਾਦੀ ਵਿੱਚ ਵਾਧੇ ਦੀ ਦਰ ਨੂੰ ਹੌਲੀ ਕਰਨ ਦੇ ਟੀਚੇ ਦੇ ਨਾਲ ਪਰਿਵਾਰ ਨਿਯੋਜਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣਿਆ।
  • ਬਾਅਦ ਦੇ ਸਾਲਾਂ ਵਿੱਚ ਖ਼ਾਸ ਕਰਕੇ 1972 ਤੋਂ 1980 ਦੇ ਦੌਰਾਨ ਪਰਿਵਾਰ ਨਿਯੋਜਨ ਆਬਾਦੀ ਕਾਬੂ ਕਰਨ ਦਾ ਇੱਕ ਵਿਆਪਕ ਅਭਿਆਨ ਬਣ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)