ਮਹਿਲਾ ਟੀ-20 ਵਿਸ਼ਵ ਕੱਪ ਸੈਮੀਫਾਈਨਲ: ਆਸਟ੍ਰੇਲੀਆ ਨੇ ਭਾਰਤ ਨੂੰ 5 ਦੌੜਾਂ ਨਾਲ ਹਰਾਇਆ

ਪ੍ਰਕਾਸ਼ਿਤ

ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ ਹੈ। 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 20 ਓਵਰਾਂ 'ਚ ਅੱਠ ਵਿਕਟਾਂ 'ਤੇ 167 ਦੌੜਾਂ ਬਣਾਈਆਂ।

ਭਾਰਤੀ ਪਾਰੀ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ 34 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜੇਮਿਮਾ ਰੌਡਰਿਗਜ਼ ਨੇ 24 ਗੇਂਦਾਂ ਵਿੱਚ 43 ਦੌੜਾਂ ਬਣਾਈਆਂ।

ਭਾਰਤੀ ਬੱਲੇਬਾਜ਼ੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਦੀਆਂ ਪਹਿਲੀਆਂ ਤਿੰਨ ਵਿਕਟਾਂ ਜਲਦੀ ਆਊਟ ਹੋ ਗਈਆਂ।

ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਜੇਮਿਮਾ ਰੌਡਰਿਗਜ਼ ਨੇ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਹਰਮਨਪ੍ਰੀਤ ਕੌਰ ਨੇ ਰਿਚਾ ਘੋਸ਼ ਨਾਲ ਪੰਜਵੀਂ ਵਿਕਟ ਲਈ 35 ਦੌੜਾਂ ਜੋੜੀਆਂ।

ਕਪਤਾਨ ਹਰਮਨਪ੍ਰੀਤ ਕੌਰ ਰਨ ਆਊਟ ਹੋ ਗਈ। ਉਸ ਦੇ ਆਊਟ ਹੋਣ ਤੋਂ ਤੁਰੰਤ ਬਾਅਦ ਰਿਚਾ ਘੋਸ਼ ਵੀ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ।

28 ਦੌੜਾਂ ਤੱਕ ਡਿੱਗੇ ਸ਼ੁਰੂਆਤੀ ਤਿੰਨ ਵਿਕਟ

ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਪਹਿਲੇ ਓਵਰ 'ਚ 10 ਦੌੜਾਂ ਬਣਾਈਆਂ ਪਰ ਦੂਜੇ ਓਵਰ ਦੀ ਤੀਜੀ ਗੇਂਦ 'ਤੇ ਸ਼ੈਫਾਲੀ ਵਰਮਾ 9 ਦੌੜਾਂ ਬਣਾ ਕੇ ਐਲਬੀਡਬਲਿਊ ਆਊਟ ਹੋ ਗਈ ਸੀ।

ਸਮ੍ਰਿਤੀ ਮੰਧਾਨਾ ਵੀ ਐਲਬੀਡਬਲਿਊ ਆਊਟ ਹੋ ਗਈ ਸੀ। ਉਸ ਨੂੰ ਐਸ਼ ਗਾਰਡਨਰ ਨੇ ਆਊਟ ਕੀਤਾ ਸੀ। ਮੰਧਾਨਾ ਨੇ ਪੰਜ ਗੇਂਦਾਂ ਵਿੱਚ ਦੋ ਦੌੜਾਂ ਬਣਾਈਆਂ ਸਨ।

ਜੇਮਿਮਾ ਰੌਡਰਿਗਜ਼ ਨੇ ਪਿਚ 'ਤੇ ਆ ਕੇ ਇੱਕੋ ਓਵਰ 'ਚ ਦੋ ਚੌਕੇ ਜੜੇ। ਯਸਤਿਕਾ ਭਾਟੀਆ ਚੌਥੇ ਓਵਰ 'ਚ ਰਨ ਆਊਟ ਹੋ ਗਈ ਅਤੇ ਭਾਰਤ ਦਾ ਸਕੋਰ ਤਿੰਨ ਵਿਕਟਾਂ 'ਤੇ 28 ਦੌੜਾਂ ਸੀ।

ਆਸਟ੍ਰੇਲੀਆ ਨੇ 172 ਦੌੜਾਂ ਬਣਾਈਆਂ

ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਬੇਥ ਮੂਨੀ ਦੇ ਅਰਧ ਸੈਂਕੜੇ, ਕਪਤਾਨ ਮੇਗ ਲੈਨਿੰਗ ਦੀਆਂ ਨਾਬਾਦ 49 ਦੌੜਾਂ ਅਤੇ ਆਲਰਾਊਂਡਰ ਐਸ਼ ਗਾਰਡਨਰ ਦੀ ਤੇਜ਼ ਬੱਲੇਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਚਾਰ ਵਿਕਟਾਂ 'ਤੇ 172 ਦੌੜਾਂ ਬਣਾਈਆਂ।

ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਐਲੀਸਾ ਹੀਲੀ ਅਤੇ ਬੇਥ ਮੂਨੀ ਨੇ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਨਿਭਾਈ।

52 ਦੌੜਾਂ ਦੀ ਸਾਂਝੇਦਾਰੀ ਕਰਨ ਤੋਂ ਬਾਅਦ ਐਲੀਸਾ ਹਿਲੀ ਅੱਠਵੇਂ ਓਵਰ ਵਿੱਚ ਰਾਧਾ ਯਾਦਵ ਦੀ ਗੇਂਦ ’ਤੇ ਵਿਕਟ ਪਿੱਛੇ ਰਿਚਾ ਘੋਸ਼ ਦੇ ਹੱਥੋਂ ਕੈਚ ਆਊਟ ਹੋਈ। ਹੀਲੀ ਨੇ 26 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ।

ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

ਇਹ ਉਹ ਦੋ ਟੀਮਾਂ ਹਨ ਜੋ ਪਿਛਲੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਸਨ, ਜਿੱਥੇ ਕੰਗਾਰੂ ਟੀਮ, ਭਾਰਤ ਨੂੰ ਹਰਾ ਕੇ ਪੰਜਵੀਂ ਵਾਰ ਚੈਂਪੀਅਨ ਬਣੀ ਸੀ।

ਆਸਟ੍ਰੇਲੀਆ ਨੇ ਆਪਣੀ ਟੀਮ 'ਚ ਦੋ ਬਦਲਾਅ ਕੀਤੇ ਹਨ। ਕਿੰਗ ਅਤੇ ਸਦਰਲੈਂਡ ਦੀ ਜਗ੍ਹਾ ਜੋਨਾਸਨ ਅਤੇ ਹੀਲੀ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਭਾਰਤੀ ਟੀਮ 'ਚ ਤਿੰਨ ਬਦਲਾਅ ਕੀਤੇ ਗਏ ਹਨ। ਰਾਧਾ ਯਾਦਵ ਅਤੇ ਯਸਤਿਕਾ ਭਾਟੀਆ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੂਜਾ ਵਸਤਰਕਾਰ ਦੀ ਥਾਂ ਸਨੇਹ ਰਾਣਾ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ।

ਪੂਜਾ ਵਸਤਰਕਾਰ ਟੀਮ ਤੋਂ ਬਾਹਰ

ਪੂਜਾ ਵਸਤਰਕਾਰ ਨੂੰ ਗਲੇ ਦੀ ਇਨਫੈਕਸ਼ਨ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ। ਇਸ ਕਾਰਨ ਉਹ ਇਸ ਟੂਰਨਾਮੈਂਟ ਦੇ ਬਾਕੀ ਮੈਚ ਨਹੀਂ ਖੇਡ ਸਕੇਗੀ।

ਬੀਸੀਸੀਆਈ ਦੀ ਅਪੀਲ ’ਤੇ ਆਈਸੀਸੀ ਈਵੈਂਟ ਟੈਕਨੀਕਲ ਕਮੇਟੀ ਨੇ ਪੂਜਾ ਦੀ ਥਾਂ ਆਫ ਸਪਿਨ ਗੇਂਦਬਾਜ਼ ਸਨੇਹ ਰਾਣਾ ਨੂੰ ਟੀਮ ’ਚ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ

  • ਭਾਰਤੀ ਮਹਿਲਾ ਟੀਮ 5ਵੀਂ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚੀ ਹੈ।
  • ਸਭ ਤੋਂ ਪਹਿਲਾਂ 2009 'ਚ ਭਾਰਤੀ ਮਹਿਲਾ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚੀ ਸੀ।
  • 2010 ਅਤੇ 2018 ਵਿੱਚ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।
  • 2020 ਵਿੱਚ, ਟੀਮ ਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਗਈ ਸੀ।

ਟੀਮ ਇੰਡੀਆ ਬਨਾਮ ਆਸਟ੍ਰੇਲੀਆ

ਵੈਸੇ ਤਾਂ ਆਸਟ੍ਰੇਲਈਆਈ ਟੀਮ ਕਿਸੇ ਵੀ ਹੋਰ ਟੀਮ ਨਾਲੋਂ ਰੈਂਕਿੰਗ ਅਤੇ ਤਾਕਤ ਵਿੱਚ ਬਹੁਤ ਅੱਗੇ ਹੈ ਅਤੇ ਜੇਕਰ ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਨੇ ਇਨ੍ਹਾਂ ਵਿੱਚੋਂ ਸਿਰਫ਼ ਇੱਕ ਵਿੱਚ ਜਿੱਤ ਦਰਜ ਕੀਤੀ ਹੈ। ਭਾਰਤ ਨੇ ਇਹ ਮੈਚ ਸੁਪਰ ਓਵਰ ਵਿੱਚ ਜਿੱਤਿਆ ਸੀ।

ਭਾਰਤੀ ਟੀਮ 2016 ਤੋਂ ਬਾਅਦ ਟੀ-20 ਵਿਸ਼ਵ ਕੱਪ 'ਚ ਆਸਟ੍ਰੇਲੀਆ ਨੂੰ ਹਰਾਉਣ ਵਾਲੀ ਇਕਲੌਤੀ ਟੀਮ ਹੈ। ਟੀਮ ਇੰਡੀਆ ਨੇ 2018 ਅਤੇ 2020 ਵਿੱਚ ਗਰੁੱਪ ਮੈਚ ਵਿੱਚ ਦੋ ਵਾਰ ਅਜਿਹਾ ਕੀਤਾ ਸੀ।

ਭਾਰਤ ਦੇ ਪੱਖ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਆਸਟਰੇਲੀਆ ਨੇ ਸਿਰਫ਼ ਅੱਠ ਵਾਰ ਆਪਣੇ ਖ਼ਿਲਾਫ਼ 160 ਤੋਂ ਵੱਧ ਦੌੜਾਂ ਬਣਨ ਦਿੱਤੀਆਂ ਹਨ ਅਤੇ ਇਨ੍ਹਾਂ ਵਿੱਚੋਂ ਪੰਜ ਵਾਰ ਇਹ ਕਾਰਨਾਮਾ ਭਾਰਤੀ ਟੀਮ ਨੇ ਹੀ ਕੀਤਾ ਹੈ।

ਨਾਲ ਹੀ ਦੱਸ ਦੇਈਏ ਕਿ ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕੇਪਟਾਊਨ ਦੇ ਨਿਊਲੈਂਡਸ 'ਚ ਖੇਡਿਆ ਗਿਆ, ਜਿੱਥੇ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਦੇ ਪਹਿਲੇ ਦੋ ਮੈਚ ਪਾਕਿਸਤਾਨ ਅਤੇ ਵੈਸਟਇੰਡੀਜ਼ ਤੋਂ ਜਿੱਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)