ਅਮ੍ਰਿਤਪਾਲ ਸਿੰਘ :18 ਮਾਰਚ ਤੋਂ ਬਾਅਦ ਪਹਿਲੀ ਵਾਰ ਵੀਡੀਓ ਜਾਰੀ ਕਰਕੇ ਸਰਬੱਤ ਖਾਲਸਾ ਸੱਦਣ ਦੀ ਅਪੀਲ

ਪ੍ਰਕਾਸ਼ਿਤ

ਖਾਲਿਸਤਾਨ ਹਮਾਇਤੀ ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਆਪਣਾ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ।

ਅਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਨੇ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਉਸ ਦਿਨ ਤੋਂ ਹੁਣ ਤੱਕ ਅਮ੍ਰਿਤਪਾਲ ਸਿੰਘ ਫਰਾਰ ਹਨ। ਪੁਲਿਸ ਨੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।

ਬੁੱਧਵਾਰ ਸ਼ਾਮੀ ਅਚਾਨਕ ਵੱਖ-ਵੱਖ ਡਿਜੀਟਲ ਅਤੇ ਸੈਟੇਲਾਈਟ ਚੈਨਲਾਂ ਉੱਤੇ ਇਹ ਵੀਡੀਓ ਦਿਖਣ ਲੱਗਾ।

ਇਸ ਦੇ ਸਮੇਂ ਅਤੇ ਸਥਾਨ ਬਾਰੇ ਭਾਵੇਂ ਪੰਜਾਬ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਹੈ, ਪਰ ਇੰਨਾ ਜ਼ਰੂਰ ਕਿਹਾ ਹੈ ਕਿ ਇਸ ਨਾਲ ਪੰਜਾਬ ਪੁਲਿਸ ਦਾ ਸਟੈਂਡ ਸਹੀ ਸਾਬਿਤ ਹੋਇਆ ਹੈ ਕਿ ਉਹ ਪੁਲਿਸ ਹਿਰਾਸਤ ਵਿੱਚ ਨਹੀਂ ਹੈ।

ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦੇ 26 ਮਾਰਚ ਨੂੰ ਕੀਤੇ ਟਵੀਟ ਮੁਤਾਬਕ ਪੁਲਿਸ ਨੇ 353 ਜਣੇ ਹਿਰਾਸਤ ਵਿੱਚ ਲਏ ਸਨ, ਉਨ੍ਹਾਂ ਵਿੱਚੋਂ 197 ਰਿਹਾਅ ਕੀਤੇ ਗਏ ਹਨ।

ਵੀਡੀਓ ਵਿੱਚ ਕੀ ਬੋਲੇ ਅਮ੍ਰਿਤਪਾਲ

ਹੁਣ ਅਮ੍ਰਿਤਪਾਲ ਸਿੰਘ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵੀਡੀਓ ਦੇ ਬਣਨ ਦੇ ਸਮੇਂ ਬਾਰੇ ਤਾਂ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਹੈ ਪਰ ਇਸ ਵੀਡੀਓ ਵਿੱਚ ਉਹ 27 ਮਾਰਚ ਨੂੰ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸੱਦੀ ਗਈ ਮੀਟਿੰਗ ਦਾ ਜ਼ਿਕਰ ਕਰਦੇ ਹਨ।

27 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਇਸ ਪੰਥਕ ਇਕੱਠ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ, ਕਿ ਉਹ ਪੰਜਾਬ ਵਿੱਚ ਪਿਛਲੇ ਦਿਨੀਂ ਗ੍ਰਿਫ਼ਤਾਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰਨ।

ਇਸ ਦੇ ਨਾਲ ਅਮ੍ਰਿਤਪਾਲ ਵੱਲੋਂ ਜਾਰੀ ਵੀਡੀਓ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ 28 ਮਾਰਚ ਨੂੰ ਸੋਸ਼ਲ ਮੀਡੀਆ ’ਤੇ ਹੋਈ ਬਿਆਨਾਂ ਦੀ ਜੰਗ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਅਮ੍ਰਿਤਪਾਲ ਨੇ ਕਾਰਵਾਈ ਦੇ ਪਹਿਲੇ ਦਿਨ ਬਾਰੇ ਕੀ ਕਿਹਾ?

ਵੀਡੀਓ ਵਿੱਚ ਅਮ੍ਰਿਤਪਾਲ ਸਿੰਘ 18 ਮਾਰਚ ਦੇ ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ, “ਜੇ ਸਰਕਾਰ ਸਾਨੂੰ ਘਰੋਂ ਗ੍ਰਿਫ਼ਤਾਰ ਕਰਦੀ ਤਾਂ ਮੈਂ ਗ੍ਰਿਫ਼ਤਾਰੀ ਦੇ ਦਿੰਦਾ। ਫੋਰਸ ਲਾ ਕੇ, ਘੇਰਾ ਪਾ ਕੇ ਸਾਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੋਂ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਕੱਢਿਆ ਹੈ।”

“ਸਾਨੂੰ ਉਸ ਮੌਕੇ ਤੱਕ ਲਗਦਾ ਸੀ ਕਿ ਸਰਕਾਰ ਸਾਨੂੰ ਮਾਲਵੇ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਜੋ ਅਸੀਂ ਖਾਲਸਾ ਵਹੀਰ ਨਾ ਕੱਢ ਸਕੀਏ। ਸਾਨੂੰ ਲੱਗਿਆ ਕਿ ਮਾਲਵੇ ਵਿੱਚ ਜਾਣਾ ਚਾਹੀਦਾ ਹੈ ਤੇ ਵਹੀਰ ਸ਼ੁਰੂ ਕਰਨੀ ਚਾਹੀਦੀ ਹੈ ਤੇ ਉਸ ਦੇ ਲਈ ਸਾਨੂੰ ਹਰ ਕਿਸੇ ਤਰੀਕੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

ਅਮ੍ਰਿਤਪਾਲ ਕੌਣ ਹੈ

ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਉਹ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਪੁਲਿਸ 18 ਮਾਰਚ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਨ੍ਹਾਂ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।

ਅਮ੍ਰਿਤਪਾਲ ਦੀ ਜਥੇਦਾਰ ਨੂੰ ਅਪੀਲ

ਅਮ੍ਰਿਤਪਾਲ ਨੇ ਕਿਹਾ, “ਜਦੋਂ ਇੰਟਰਨੈੱਟ ਬੰਦ ਹੋ ਗਿਆ ਤੇ ਸਾਡਾ ਕਿਸੇ ਨਾਲ ਸੰਪਰਕ ਨਹੀਂ ਰਿਹਾ, ਸਾਨੂੰ ਪਹਿਲਾਂ ਤਾਂ ਪਤਾ ਨਹੀਂ ਲਗਿਆ ਕਿ ਖ਼ਬਰਾਂ ਵਿੱਚ ਕੀ ਵਾਪਰ ਰਿਹਾ ਹੈ। ਹੁਣ ਜਦੋਂ ਮੈਂ ਸੰਗਤ ਨੂੰ ਸੰਬੋਧਨ ਕਰ ਰਿਹਾ ਹਾਂ ਤਾਂ ਮੈਂ ਕੁਝ ਖ਼ਬਰਾਂ ਪੜ੍ਹੀਆਂ ਹਨ ਕਿ ਪੰਜਾਬ ਵਿੱਚ ਕੀ ਕੁਝ ਹੋ ਰਿਹਾ ਹੈ।”

“ਜਥੇਦਾਰ ਸਾਹਿਬ ਨੇ ਇੱਕ ਬੈਠਕ ਸੱਦੀ ਸੀ, ਜਿਸ ਵਿੱਚ ਇਹ ਫੈਸਲਾ ਹੋਇਆ ਜਿਸ ਤਹਿਤ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਪਰ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੀ ਹਸਤੀ ਨੂੰ ਚੁਣੌਤੀ ਦਿੰਦਿਆਂ ਇੱਕ ਟਿੱਚਰ ਕੀਤੀ ਹੈ, ਜੋ ਬਹੁਤ ਹੀ ਨੀਵੇਂ ਪੱਧਰ ਦੀ ਹੈ।”

“ਮੈਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਨੂੰ ਇਸ ਬਾਰੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਜਥੇਦਾਰ ਸਾਹਿਬ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵਿਸਾਖੀ ਦੇ ਮੇਲੇ ’ਤੇ ਸਰਬੱਤ ਖਾਲਸਾ ਸੱਦਣਾ ਚਾਹੀਦਾ ਹੈ।”

ਸਿੱਖਾਂ ਦੇ ਕੌਮੀ ਮਸਲਿਆਂ ਉੱਤੇ ਵਿਚਾਰ ਵਟਾਂਦਰੇ ਲਈ ਅਕਾਲ ਤਖ਼ਤ ਸਾਹਿਬ ਉੱਤੇ ਸੱਦੇ ਜਾਣ ਵਾਲੇ ਸਮੁੱਚੇ ਪੰਥ ਦੇ ਇਕੱਠ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਹੈ। ਇਹ ਰਵਾਇਤ 18ਵੀਂ ਸਦੀ ਵਿੱਚ ਸ਼ੁਰੂ ਹੋਈ, ਪਰ ਸਰਬੱਤ ਖਾਲਸਾ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਦੂਜੀਆਂ ਥਾਵਾਂ ਉੱਤੇ ਵੀ ਸੱਦੇ ਜਾਂਦੇ ਰਹੇ ਹਨ।

ਗ੍ਰਿਫ਼ਤਾਰੀ ਬਾਰੇ ਅਮ੍ਰਿਤਪਾਲ ਨੇ ਕਿਹਾ, ''ਇਹ ਵਾਹਿਗੁਰੂ ਦੇ ਹੱਥ ਹੈ, ਮੈਂ ਚੜ੍ਹਦੀ ਕਲਾਂ ਵਿੱਚ ਹਾਂ ਅਤੇ ਕੋਈ ਮੇਰਾ ਵਾਲ਼ ਵਿੰਗਾ ਵੀ ਨਹੀਂ ਕਰ ਸਕਿਆ।''

ਵੀਡੀਓ ਤੇ ਆਤਮ ਸਮਰਪਣ ਬਾਰੇ ਪੁਲਿਸ ਨੇ ਕੀ ਦੱਸਿਆ

ਪੰਜਾਬ ਪੁਲਿਸ ਦੇ ਡੀਆਈਜੀ ਨਰਿੰਦਰ ਭਾਰਗਵ ਨੂੰ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਜਦੋਂ ਫੋਨ ਉੱਤੇ ਅਮ੍ਰਿਤਪਾਲ ਸਿੰਘ ਦੀ ਤਾਜ਼ਾ ਵੀਡੀਓ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ, “ਜੇਕਰ ਅਮ੍ਰਿਤਪਾਲ ਨੇ ਕੋਈ ਵੀਡੀਓ ਸੰਦੇਸ਼ ਬਣਾ ਕੇ ਭੇਜਿਆ ਹੈ ਤਾਂ ਉਸ ਨੇ ਪੰਜਾਬ ਪੁਲਿਸ ਦੇ ਉਸ ਸਟੈਂਡ ਦੀ ਪੁਸ਼ਟੀ ਹੀ ਕੀਤੀ ਹੈ ਕਿ ਉਹ ਸਾਡੀ ਹਿਰਾਸਤ ਵਿੱਚ ਨਹੀਂ ਹੈ।”

ਉਨ੍ਹਾਂ ਕਿਹਾ ਕਿ ਪੁਲਿਸ ਲਗਾਤਾਰ ਉਸ ਦੀ ਭਾਲ਼ ਵਿੱਚ ਲੱਗੀ ਹੋਈ ਹੈ।

ਗੌਰਤਲਬ ਹੈ ਕਿ ਅਮ੍ਰਿਤਪਾਲ ਸਿੰਘ ਦਾ ਇਹ ਵੀਡੀਓ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਮੀਡੀਆ ਵਿੱਚ ਉਸ ਵਲੋਂ ਆਤਮ ਸਮਰਪਣ ਕੀਤੇ ਜਾਣ ਦੀਆਂ ਮੀਡੀਆ ਅਟਕਲਾਂ ਚੱਲ ਰਹੀਆਂ ਸਨ।

ਭਾਵੇਂ ਕਿ ਇਨ੍ਹਾਂ ਅਟਕਲਾਂ ਬਾਰੇ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਨਾਲ ਗੱਲ ਕਰਦਿਆਂ ਕਿਹਾ ਸੀ, ‘‘ਜੇ ਕਿਸੇ ਦੀ ਮਨਸ਼ਾ ਹੈ ਇੱਥੇ ( ਦਰਬਾਰ ਸਾਹਿਬ) ਆ ਕੇ ਸਰੰਡਰ ਕਰਨ ਦੀ ਹੈ ਤਾਂ ਮੈਂ ਭਰੋਸਾ ਦਿੰਦਾ ਹਾਂ ਕਿ ਉਸ ਖ਼ਿਲਾਫ਼ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸ ਨਾਲ ਕਿਸੇ ਵੀ ਤਰੀਕੇ ਤਰ੍ਹਾਂ ਵਿਤਕਰਾ ਜਾਂ ਵਧੀਕੀ ਨਹੀਂ ਕੀਤੀ ਜਾਵੇਗੀ।"

"ਪਰ ਜੇਕਰ ਕੋਈ ਵੀ ਅਜਿਹੀ ਅਟਕਲ ਹੈ ਤਾਂ ਉਸ ਦੀ ਮੈਂ ਪੁਸ਼ਟੀ ਨਹੀਂ ਕਰ ਸਕਦਾ ਪਰ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਲਈ ਪਾਬੰਦ ਹਾਂ।"

ਅਮ੍ਰਿਤਪਾਲ ’ਤੇ ਕਿਹੜੇ ਮਾਮਲੇ ਦਰਜ ਹਨ

ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਉੱਤੇ ਸ਼ਾਂਤੀ ਭੰਗ ਕਰਨਾ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨਾ ਅਤੇ ਪੁਲਿਸ ਨੂੰ ਡਿਊਟੀ ਕਰਨ ਤੋਂ ਰੋਕਣ ਸਣੇ ਵੱਖ-ਵੱਖ ਇਲਜ਼ਾਮਾਂ ਤਹਿਤ ਕਰੀਬ 16 ਮਾਮਲੇ ਦਰਜ ਕੀਤੇ ਹਨ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਇੱਕ ਸਾਥੀ ਨੂੰ ਰਿਹਾਅ ਕਰਵਾਉਣ ਲਈ 23 ਫਰਵਰੀ ਨੂੰ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ। ਇਸ ਘਿਰਾਓ ਦੌਰਾਨ ਹਿੰਸਾ ਵੀ ਹੋਈ ਸੀ।

ਪੁਲਿਸ ਮੁਤਾਬਕ 18 ਮਾਰਚ ਨੂੰ ਇਸੇ ਮਾਮਲੇ ਤਹਿਤ ਜਲੰਧਰ ਦੇ ਸ਼ਾਹਕੋਟ-ਮਲਸੀਆਂ ਰੋਡ ਉੱਤੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਨਾਕਾ ਲਗਾ ਕੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾ ਤੋੜ ਕੇ ਫਰਾਰ ਹੋ ਗਏ ਸੀ।

ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)