You’re viewing a text-only version of this website that uses less data. View the main version of the website including all images and videos.
ਗੁਜਰਾਤ ਦਾ ਊਨਾ ਕਾਂਡ: ਧਰਮ ਛੱਡਿਆ, ਕਿੱਤਾ ਬਦਲਿਆ, ਕਿਵੇਂ ਬਦਲ ਗਈ ਦਲਿਤ ਪਰਿਵਾਰ ਦੀ ਪੂਰੀ ਜ਼ਿੰਦਗੀ
- ਲੇਖਕ, ਰੌਕਸੀ ਗਾਗਡੇਕਰ ਛਾਰਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਘਰ ਵਿੱਚ ਦਾਖ਼ਲ ਹੁੰਦੇ ਹੀ ਸਭ ਤੋਂ ਪਹਿਲਾਂ ਜੋ ਚੀਜ਼ ਨਜ਼ਰ ਆਉਂਦੀ ਹੈ, ਉਹ ਹੈ ਕੰਧ 'ਤੇ ਟੰਗੀਆਂ ਚਾਰ ਤਸਵੀਰਾਂ। ਇਹ ਤਸਵੀਰਾਂ ਹਨ ਡਾ. ਬਾਬਾਸਾਹਿਬ ਅੰਬੇਡਕਰ, ਗੌਤਮ ਬੁੱਧ, ਮਹਾਤਮਾ ਜੋਤਿਬਾ ਫੂਲੇ ਅਤੇ ਸਾਵਿਤ੍ਰੀਬਾਈ ਫੂਲੇ ਦੀਆਂ।
ਘਰ ਦੇ ਹਰ ਇੱਕ ਮੈਂਬਰ ਲਈ ਇਹ ਸਿਰਫ਼ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਹੀ ਨਹੀਂ ਹਨ, ਸਗੋਂ ਪਿਛਲੇ ਦੱਸ ਸਾਲਾਂ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਏ ਬਦਲਾਵਾਂ ਦਾ ਸਬੂਤ ਵੀ ਹਨ।
ਇਹ ਉਹੀ ਘਰ ਹੈ, ਜਿੱਥੇ ਇੱਕ ਦਹਾਕਾ ਪਹਿਲਾਂ ਲੋਕ ਆਪਣੀ ਸੰਵੇਦਨਸ਼ੀਲਤਾ ਪ੍ਰਗਟ ਕਰਨ ਆਉਂਦੇ ਸਨ। ਦੇਸ਼ ਭਰ ਦੇ ਰਾਜਨੇਤਾਵਾਂ, ਸਮਾਜਿਕ ਕਾਰਕੁਨਾਂ ਅਤੇ ਪੱਤਰਕਾਰਾਂ ਲਈ ਇਹ ਘਰ ਦਲਿਤਾਂ ਉੱਤੇ ਹੋਏ ਅੱਤਿਆਚਾਰਾਂ ਦਾ ਪ੍ਰਤੀਕ ਬਣ ਗਿਆ ਸੀ।
11 ਜੁਲਾਈ 2016 ਨੂੰ ਗੁਜਰਾਤ ਦੇ ਊਨਾ ਵਿੱਚ ਸਰਵੈਯਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜਨਤਕ ਤੌਰ 'ਤੇ ਕੁੱਟਿਆ ਗਿਆ ਅਤੇ ਅੱਧ-ਨੰਗੀ ਹਾਲਤ ਵਿੱਚ ਘੁਮਾਇਆ ਗਿਆ। ਪਰਿਵਾਰ ਦੇ ਮੁਖੀ ਬਾਲੂਭਾਈ ਸਰਵੈਯਾ 'ਤੇ ਵੀ ਹਮਲਾ ਕੀਤਾ ਗਿਆ ਸੀ।
ਇਸ ਘਟਨਾ ਨੇ ਸਾਰੇ ਦੇਸ਼ ਵਿੱਚ ਦਲਿਤਾਂ ਉੱਤੇ ਹੋ ਰਹੇ ਜ਼ੁਲਮਾਂ ਬਾਰੇ ਵੱਡੀ ਚਰਚਾ ਛੇੜ ਦਿੱਤੀ ਸੀ ਅਤੇ ਗੁਜਰਾਤ ਵਿੱਚ ਇੱਕ ਵਿਆਪਕ ਦਲਿਤ ਲਹਿਰ ਨੂੰ ਜਨਮ ਦਿੱਤਾ।
ਜਦੋਂ ਬੀਬੀਸੀ ਇਸ ਘਟਨਾ ਦੇ ਦੱਸ ਸਾਲ ਬਾਅਦ ਸਰਵੈਯਾ ਪਰਿਵਾਰ ਦੇ ਘਰ ਪਹੁੰਚੀ, ਤਾਂ ਸਿਰਫ਼ ਸਮਾਂ ਹੀ ਨਹੀਂ ਬਦਲਿਆ ਸੀ, ਕਾਫੀ ਕੁਝ ਬਦਲ ਗਿਆ ਸੀ। ਘਰ ਦੀਆਂ ਦੀਵਾਰਾਂ, ਉਨ੍ਹਾਂ ਦੀ ਸੋਚ ਅਤੇ ਇੱਥੋਂ ਤੱਕ ਕਿ ਪਰਿਵਾਰ ਦੀ ਪਛਾਣ ਵੀ ਬਦਲੀ ਹੋਈ ਨਜ਼ਰ ਆਈ।
ਸਰਵੈਯਾ ਪਰਿਵਾਰ ਪਹਿਲਾਂ ਮਰੇ ਹੋਏ ਪਸ਼ੂਆਂ ਦੀਆਂ ਖੱਲਾਂ ਲਾਹ ਕੇ ਆਪਣਾ ਗੁਜ਼ਾਰਾ ਕਰਦਾ ਸੀ। ਅੱਜ ਇਹ ਪਰਿਵਾਰ ਡਾ. ਅੰਬੇਡਕਰ ਦੇ ਵਿਚਾਰਾਂ ਨੂੰ ਆਪਣੇ ਜੀਵਨ ਦਾ ਆਧਾਰ ਮੰਨਦਾ ਹੈ ਅਤੇ ਜਾਤੀ ਦੇ ਆਧਾਰ 'ਤੇ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਵਿੱਚ ਸਹਾਇਤਾ ਕਰਦਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ 2016 ਦੀ ਇਸ ਘਟਨਾ ਨੇ ਉਨ੍ਹਾਂ ਤੋਂ ਬਹੁਤ ਕੁਝ ਖੋਹ ਲਿਆ, ਪਰ ਨਾਲ ਹੀ ਉਨ੍ਹਾਂ ਨੂੰ ਇੱਕ ਅਜਿਹੀ ਪਛਾਣ ਵੀ ਦਿੱਤੀ, ਜੋ ਪਹਿਲਾਂ ਉਨ੍ਹਾਂ ਕੋਲ ਕਦੇ ਨਹੀਂ ਸੀ।
ਉਨ੍ਹਾਂ ਲਈ ਇਹ ਦੱਸ ਸਾਲ ਸਿਰਫ਼ ਇਨਸਾਫ਼ ਲਈ ਸੰਘਰਸ਼ ਦੇ ਨਹੀਂ ਰਹੇ, ਸਗੋਂ ਇੱਜ਼ਤ ਨਾਲ ਜੀਵਨ ਜਿਉਣਾ ਸਿੱਖਣ ਦਾ ਸਫ਼ਰ ਵੀ ਰਹੇ ਹਨ।
ਘਟਨਾ ਨੂੰ ਦੱਸ ਸਾਲ ਬੀਤ ਚੁੱਕੇ ਹਨ, ਪਰ ਸਰਵੈਯਾ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਅਜੇ ਵੀ ਮੁੱਕੀ ਨਹੀਂ ਹੈ।
ਘਟਨਾ ਤੋਂ ਬਾਅਦ ਸੂਬਾ ਸਰਕਾਰ ਨੇ ਪਰਿਵਾਰ ਲਈ ਬਦਲਵੇਂ ਰੁਜ਼ਗਾਰ, ਮੁੜ ਵਸੇਬੇ ਅਤੇ ਇਨਸਾਫ਼ ਸਮੇਤ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚੋਂ ਕਈ ਅੱਜ ਤੱਕ ਵੀ ਪੂਰੇ ਨਹੀਂ ਹੋਏ।
ਜਦੋਂ ਬੀਬੀਸੀ ਦੀ ਟੀਮ ਸਰਵੈਯਾ ਪਰਿਵਾਰ ਦੇ ਘਰ ਪਹੁੰਚੀ, ਤਾਂ ਪਰਿਵਾਰ ਨੇ ਪਿਛਲੇ ਦੱਸ ਸਾਲਾਂ ਦੇ ਆਪਣੇ ਸੰਘਰਸ਼ ਦੀ ਪੂਰੀ ਕਹਾਣੀ ਸਾਂਝੀ ਕੀਤੀ।
ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਲੈ ਕੇ ਜਾਂਚ-ਪੜਤਾਲ, ਸਿਆਸੀ ਆਗੂਆਂ ਅਤੇ ਸਰਕਾਰ ਅੱਗੇ ਆਪਣਾ ਪੱਖ ਰੱਖਣ, ਰੋਸ ਪ੍ਰਦਰਸ਼ਨਾਂ, ਰੈਲੀਆਂ ਅਤੇ 2018 ਵਿੱਚ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾਉਣ ਦੇ ਫ਼ੈਸਲੇ ਤੱਕ ਦੀ ਸਾਰੀ ਯਾਤਰਾ ਉਨ੍ਹਾਂ ਨੇ ਬਿਆਨ ਕੀਤੀ।
2016 ਦੀ ਘਟਨਾ ਵਾਲੇ ਦਿਨ ਤੋਂ ਮੈਂ ਵੀ ਇਸ ਪਰਿਵਾਰ ਨੂੰ ਨੇੜਿਓਂ ਵੇਖਦਾ ਆ ਰਿਹਾ ਹਾਂ।
ਦੱਸ ਸਾਲ ਪਹਿਲਾਂ ਇਹ ਇੱਕ ਸਾਧਾਰਨ ਪਰਿਵਾਰ ਸੀ, ਜੋ ਮਰੇ ਹੋਏ ਪਸ਼ੂਆਂ ਦੀਆਂ ਖੱਲਾਂ ਲਾਹੁਣ ਦਾ ਕੰਮ ਕਰਦਾ ਸੀ। ਅੱਜ ਇਹ ਪਰਿਵਾਰ ਦਲਿਤ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਕਾਰਕੁਨਾਂ ਵਜੋਂ ਜਾਣਿਆ ਜਾਂਦਾ ਹੈ।
ਜ਼ੁਲਮ ਸਹਿਣ ਤੋਂ ਦਲਿਤ ਹੱਕਾਂ ਲਈ ਸੰਘਰਸ਼ ਤੱਕ
ਵਸ਼ਰਾਮ ਸਰਵੈਯਾ 11 ਜੁਲਾਈ 2016 ਦੀ ਘਟਨਾ ਵਿੱਚ ਜ਼ੁਲਮ ਦਾ ਸ਼ਿਕਾਰ ਹੋਏ ਚਾਰ ਨੌਜਵਾਨਾਂ ਵਿੱਚੋਂ ਇੱਕ ਹਨ। ਅੱਜ ਉਹ ਆਪਣੇ ਇਲਾਕੇ ਵਿੱਚ ਜਾਤੀ ਦੇ ਆਧਾਰ 'ਤੇ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੀ ਕਾਨੂੰਨੀ ਕਾਰਵਾਈ ਰਾਹੀਂ ਮਦਦ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ 2016 ਤੋਂ ਪਹਿਲਾਂ ਦੀ ਉਨ੍ਹਾਂ ਦੀ ਜ਼ਿੰਦਗੀ ਅਤੇ ਅੱਜ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਫ਼ਰਕ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "2016 ਤੋਂ ਪਹਿਲਾਂ ਮੈਂ ਅਜਿਹਾ ਇਨਸਾਨ ਸੀ, ਜਿਸ ਨੂੰ ਦੁਨੀਆ ਬਾਰੇ ਕੁਝ ਵੀ ਪਤਾ ਨਹੀਂ ਸੀ।"
"ਮੈਨੂੰ ਡਾ. ਬਾਬਾਸਾਹਿਬ ਅੰਬੇਡਕਰ ਜਾਂ ਸਾਡੇ ਦੇਸ਼ ਦੀਆਂ ਹੋਰ ਮਹਾਨ ਸ਼ਖ਼ਸੀਅਤਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਨੂੰ ਭਾਰਤੀ ਸੰਵਿਧਾਨ ਅਤੇ ਅਨੁਸੂਚਿਤ ਜਾਤੀ ਦੇ ਮੈਂਬਰ ਹੋਣ ਦੇ ਨਾਤੇ ਆਪਣੇ ਹੱਕਾਂ ਬਾਰੇ ਵੀ ਕੁਝ ਪਤਾ ਨਹੀਂ ਸੀ।"
ਉਹ ਅੱਗੇ ਕਹਿੰਦੇ ਹਨ, "ਇਸ ਭਿਆਨਕ ਘਟਨਾ ਤੋਂ ਬਾਅਦ ਜਦੋਂ ਮੈਂ ਲੋਕਾਂ ਨਾਲ ਮਿਲਣਾ-ਜੁਲਣਾ ਸ਼ੁਰੂ ਕੀਤਾ, ਤਾਂ ਹੌਲੀ-ਹੌਲੀ ਮੈਨੂੰ ਇਨ੍ਹਾਂ ਸਾਰੇ ਵਿਸ਼ਿਆਂ ਦੀ ਸਮਝ ਆਉਣ ਲੱਗੀ। ਉਸ ਤੋਂ ਬਾਅਦ ਮੈਨੂੰ ਸਰਕਾਰੀ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਹੋਰ ਲੋਕਾਂ ਨਾਲ ਭਰੋਸੇ ਨਾਲ ਗੱਲ ਕਰਨ ਦਾ ਹੌਸਲਾ ਮਿਲਿਆ।"
ਉਹ ਕਹਿੰਦੇ ਹਨ, "2016 ਤੋਂ ਪਹਿਲਾਂ ਅਸੀਂ ਜਿਹੋ-ਜਿਹੀ ਜ਼ਿੰਦਗੀ ਜੀਅ ਰਹੇ ਸੀ, ਉਹ ਅੱਜ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਅਸੀਂ ਹੁਣ ਹਿੰਦੂ ਧਰਮ ਨਹੀਂ ਮੰਨਦੇ। ਮੈਂ ਵਰਤਾਂ, ਰਸਮਾਂ-ਰਿਵਾਜਾਂ ਜਾਂ ਤਿਉਹਾਰਾਂ ਉੱਤੇ ਪੈਸਾ ਖ਼ਰਚ ਨਹੀਂ ਕਰਦਾ।"
"ਅੱਜ ਜਦੋਂ ਵੀ ਕੋਈ ਜਾਤੀ ਦੇ ਆਧਾਰ 'ਤੇ ਵਿਤਕਰੇ ਜਾਂ ਜ਼ੁਲਮ ਦਾ ਸ਼ਿਕਾਰ ਹੁੰਦਾ ਹੈ, ਤਾਂ ਬਹੁਤ ਸਾਰੇ ਲੋਕ ਮਦਦ ਲਈ ਮੇਰੇ ਕੋਲ ਆਉਂਦੇ ਹਨ।"
ਪਰ ਇਸ ਸੰਘਰਸ਼ ਦੀਆਂ ਯਾਦਾਂ ਵਿੱਚ ਉਨ੍ਹਾਂ ਦੀ ਮਾਂ ਕੁੰਵਰਬੇਨ ਦਾ ਸੰਘਰਸ਼ ਸਭ ਤੋਂ ਵੱਧ ਡੂੰਘਾ ਵੱਸਿਆ ਹੋਇਆ ਹੈ।
ਵਸ਼ਰਾਮ ਸਰਵੈਯਾ ਦੇ ਮੁਤਾਬਕ, ਹਮਲੇ ਦੌਰਾਨ ਉਨ੍ਹਾਂ ਦੀ ਮਾਂ ਹੱਥ ਜੋੜ ਕੇ ਹਮਲਾਵਰਾਂ ਅੱਗੇ ਆਪਣੇ ਪੁੱਤਰਾਂ ਦੀ ਜਾਨ ਬਖ਼ਸ਼ਣ ਦੀ ਅਰਦਾਸ ਕਰ ਰਹੀ ਸੀ।
ਕੁੰਵਰਬੇਨ ਉਸ ਘਟਨਾ ਨੂੰ ਯਾਦ ਕਰਦਿਆਂ ਕਹਿੰਦੇ ਹਨ, "ਜਦੋਂ ਮੈਂ ਉੱਥੇ ਪਹੁੰਚੀ ਤਾਂ ਮੇਰੇ ਪੁੱਤਰਾਂ ਨੂੰ ਕੁੱਟਿਆ ਜਾ ਰਿਹਾ ਸੀ। ਮੈਂ ਉੱਚੀ-ਉੱਚੀ ਆਵਾਜ਼ ਵਿੱਚ ਉਨ੍ਹਾਂ ਨੂੰ ਸਮਝਾ ਰਹੀ ਸੀ ਕਿ ਮੇਰੇ ਪੁੱਤਰਾਂ ਨੇ ਗਾਂ ਨਹੀਂ ਮਾਰੀ, ਉਹ ਤਾਂ ਸਿਰਫ਼ ਮਰੀ ਹੋਈ ਗਾਂ ਦੀ ਖੱਲ ਲਾਹ ਰਹੇ ਸਨ।"
"ਫਿਰ ਵੀ ਉਹ ਮੇਰੇ ਪੁੱਤਰਾਂ ਅਤੇ ਮੇਰੇ ਪਤੀ ਨੂੰ ਕੁੱਟਦੇ ਰਹੇ। ਪਰ ਅਸੀਂ ਹੌਸਲਾ ਨਹੀਂ ਹਾਰਿਆ ਅਤੇ ਅੱਜ ਅਸੀਂ ਇੱਜ਼ਤ ਨਾਲ ਜਿਹੋ-ਜਿਹਾ ਜੀਵਨ ਜੀ ਰਹੇ ਹਾਂ, ਉਹ ਜੀਣਾ ਸ਼ੁਰੂ ਕੀਤਾ।"
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਹ ਕਹਿੰਦੇ ਹਨ, "ਸ਼ੁਰੂ ਵਿੱਚ ਮੇਰੇ ਲਈ ਹਿੰਦੂ ਧਰਮ ਛੱਡਣਾ ਸੌਖਾ ਨਹੀਂ ਸੀ। ਮੇਰਾ ਕਈ ਵਰਤਾਂ ਅਤੇ ਧਾਰਮਿਕ ਰਸਮਾਂ-ਰਿਵਾਜਾਂ ਵਿੱਚ ਵਿਸ਼ਵਾਸ ਸੀ। ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਗੱਲ ਜਾਤੀ ਦੇ ਆਧਾਰ 'ਤੇ ਹੋਣ ਵਾਲੇ ਵਿਤਕਰੇ ਵਿਰੁੱਧ ਲੜਨਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਦੱਸ ਸਾਲ ਬੀਤ ਜਾਣ ਦੇ ਬਾਵਜੂਦ ਸੂਬਾ ਸਰਕਾਰ ਨੇ ਉਸ ਵੇਲੇ ਕੀਤੇ ਸਾਰੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ।
ਹਾਲਾਂਕਿ, ਬੀਬੀਸੀ ਗੁਜਰਾਤੀ ਨੇ ਇਸ ਸਬੰਧ ਵਿੱਚ ਗੁਜਰਾਤ ਦੇ ਸਮਾਜਿਕ ਸਸ਼ਕਤੀਕਰਨ ਮੰਤਰੀ ਪ੍ਰਦਿਉਮਨ ਵਾਜਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਉਨ੍ਹਾਂ ਦਾ ਜਵਾਬ ਮਿਲਦਿਆਂ ਹੀ ਇਸ ਰਿਪੋਰਟ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ।
ਇਨਸਾਫ਼ ਲਈ ਦੱਸ ਸਾਲਾਂ ਤੋਂ ਉਡੀਕ
ਸਰਵੈਯਾ ਪਰਿਵਾਰ ਦੇ ਮੁਖੀ ਬਾਲੂਭਾਈ ਸਰਵੈਯਾ ਦਾ ਕਹਿਣਾ ਹੈ ਕਿ 2016 ਦੀ ਘਟਨਾ ਉਨ੍ਹਾਂ ਦੀ ਜ਼ਿੰਦਗੀ ਦਾ ਅਜਿਹਾ ਮੋੜ ਸਾਬਤ ਹੋਈ, ਜਿਸ ਨੇ ਉਨ੍ਹਾਂ ਨੂੰ ਨਵੀਂ ਦਿਸ਼ਾ ਦਿੱਤੀ।
ਉਹ ਕਹਿੰਦੇ ਹਨ, "ਇਸ ਘਟਨਾ ਨੇ ਸਾਨੂੰ ਸਵੈਮਾਣ ਦਿੱਤਾ। ਇਸ ਤੋਂ ਪਹਿਲਾਂ ਅਸੀਂ ਬੇਇੱਜ਼ਤੀ ਅਤੇ ਮਾੜੇ ਸਲੂਕ ਵਾਲਾ ਜੀਵਨ ਜੀਅ ਰਹੇ ਸੀ, ਪਰ ਇਸ ਘਟਨਾ ਨੇ ਸਾਨੂੰ ਹਮੇਸ਼ਾ ਲਈ ਬਦਲ ਦਿੱਤਾ।"
"ਅੱਜ ਕਈ ਦਲਿਤ ਭਰਾ ਸਾਡੇ ਰਾਹ 'ਤੇ ਚੱਲ ਰਹੇ ਹਨ। ਉਹ ਮਰੇ ਹੋਏ ਪਸ਼ੂਆਂ ਦੀਆਂ ਖੱਲਾਂ ਲਾਹੁਣ ਦਾ ਇਹ ਘਿਣਾਉਣਾ ਕੰਮ ਛੱਡ ਕੇ ਇੱਜ਼ਤਦਾਰ ਰੁਜ਼ਗਾਰ ਅਪਣਾ ਰਹੇ ਹਨ।"
ਬਾਲੂਭਾਈ ਕਹਿੰਦੇ ਹਨ ਕਿ ਉਹ ਅੱਜ ਵੀ ਇਹ ਕੰਮ ਕਰਨ ਵਾਲੇ ਲੋਕਾਂ ਨੂੰ ਇਹੀ ਗੱਲ ਆਖਦੇ ਹਨ।
ਉਹ ਕਹਿੰਦੇ ਹਨ, "ਡਾ. ਅੰਬੇਡਕਰ ਨੇ ਸਾਨੂੰ ਇਹ ਕੰਮ ਛੱਡਣ ਲਈ ਕਿਹਾ ਹੈ। ਲੋਕ ਆਪਣੇ ਮਰੇ ਹੋਏ ਪਸ਼ੂਆਂ ਨਾਲ ਜੋ ਮਰਜ਼ੀ ਕਰਨ, ਪਰ ਸਾਨੂੰ ਇੱਜ਼ਤ ਨਾਲ ਜੀਵਨ ਜਿਊਣਾ ਚਾਹੀਦਾ ਹੈ।"
ਸਥਾਨਕ ਦਲਿਤ ਭਾਈਚਾਰੇ ਵਿੱਚ ਬਾਲੂਭਾਈ ਨੂੰ ਅਜਿਹੇ ਵਿਅਕਤੀ ਵਜੋਂ ਵੇਖਿਆ ਜਾਂਦਾ ਹੈ ਜੋ ਆਪਣੇ ਵਿਚਾਰਾਂ 'ਤੇ ਡਟੇ ਰਹਿੰਦੇ ਹਨ। ਪਰ ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ਼ ਲਈ ਉਨ੍ਹਾਂ ਦੀ ਲੜਾਈ ਅਜੇ ਮੁੱਕੀ ਨਹੀਂ ਹੈ।
ਵੇਰਾਵਲ ਸੈਸ਼ਨ ਅਦਾਲਤ ਨੇ ਕੁੱਲ 40 ਮੁਲਜ਼ਮਾਂ ਵਿੱਚੋਂ ਪੰਜ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਜਦਕਿ ਬਾਕੀਆਂ ਨੂੰ ਬਰੀ ਕਰ ਦਿੱਤਾ। ਪਰਿਵਾਰ ਨੇ ਇਸ ਫ਼ੈਸਲੇ ਵਿਰੁੱਧ ਗੁਜਰਾਤ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ।
ਬਾਲੂਭਾਈ ਕਹਿੰਦੇ ਹਨ, "ਸਾਨੂੰ ਲੱਗਦਾ ਹੈ ਜਿਵੇਂ ਸਾਡੇ ਨਾਲ ਮਜ਼ਾਕ ਹੋ ਰਿਹਾ ਹੈ। ਅਦਾਲਤ ਕਹਿੰਦੀ ਹੈ ਕਿ ਸਿਰਫ਼ ਪੰਜ ਲੋਕਾਂ ਨੇ ਸਾਡੀ ਕੁੱਟਮਾਰ ਕੀਤੀ, ਫਿਰ ਉੱਥੇ ਮੌਜੂਦ ਉਹ ਸੈਂਕੜੇ ਲੋਕ ਕੌਣ ਸਨ, ਜੋ ਸਾਨੂੰ ਕੁੱਟ ਰਹੇ ਸਨ ਅਤੇ ਨਾਅਰੇ ਲਾ ਰਹੇ ਸਨ? ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਅਸੀਂ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਾਂਗੇ।"
ਅੱਜਕੱਲ੍ਹ ਬਾਲੂਭਾਈ ਆਪਣਾ ਜ਼ਿਆਦਾਤਰ ਸਮਾਂ ਖੇਤੀਬਾੜੀ ਵਿੱਚ ਲੰਘਾਉਂਦੇ ਹਨ। ਉਨ੍ਹਾਂ ਦੇ ਘਰ ਵਿੱਚ ਅਜੇ ਵੀ ਗਾਵਾਂ ਅਤੇ ਮੱਝਾਂ ਹਨ।
ਉਹ ਕਹਿੰਦੇ ਹਨ, "ਮੇਰੇ ਕੋਲ 2016 ਤੋਂ ਪਹਿਲਾਂ ਵੀ ਗਾਵਾਂ ਸਨ। ਅਸੀਂ ਅੱਜ ਵੀ ਗਾਵਾਂ ਨਾਲ ਪਿਆਰ ਕਰਦੇ ਹਾਂ। ਭਾਵੇਂ ਅਸੀਂ ਹੁਣ ਹਿੰਦੂ ਨਹੀਂ ਹਾਂ, ਪਰ ਗਾਵਾਂ ਨਾਲ ਸਾਡਾ ਭਾਵਨਾਤਮਕ ਨਾਤਾ ਪਹਿਲਾਂ ਵਾਂਗ ਹੀ ਬਣਿਆ ਹੋਇਆ ਹੈ।"
ਪਿਛਲੇ ਦੱਸ ਸਾਲਾਂ ਵਿੱਚ ਇਸ ਪਰਿਵਾਰ ਨੇ ਕਈ ਸਿਆਸੀ ਆਗੂਆਂ ਦੇ ਦੌਰੇ ਵੀ ਵੇਖੇ ਹਨ।
ਇਸ ਘਟਨਾ ਤੋਂ ਬਾਅਦ ਗੁਜਰਾਤ ਦੀ ਤਤਕਾਲੀ ਮੁੱਖ ਮੰਤਰੀ ਆਨੰਦੀਬੇਨ ਪਟੇਲ, ਕਾਂਗਰਸ ਆਗੂ ਰਾਹੁਲ ਗਾਂਧੀ, ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਅਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਮੇਤ ਕਈ ਆਗੂ ਉਨ੍ਹਾਂ ਦੇ ਘਰ ਆਏ ਸਨ।
ਬਾਲੂਭਾਈ ਕਹਿੰਦੇ ਹਨ, "ਰਾਹੁਲ ਗਾਂਧੀ ਅਤੇ ਮਾਇਆਵਤੀ ਤੋਂ ਇਲਾਵਾ ਲਗਭਗ ਕਿਸੇ ਨੇ ਵੀ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ।"
ਪਰਿਵਾਰ ਦਾ ਕਹਿਣਾ ਹੈ ਕਿ ਦਲਿਤ ਹੱਕਾਂ ਲਈ ਕੰਮ ਕਰਨ ਵਾਲੇ ਕੁਝ ਕਾਰਕੁਨ ਪੂਰੇ ਸੰਘਰਸ਼ ਦੌਰਾਨ ਉਨ੍ਹਾਂ ਦੇ ਨਾਲ ਡਟੇ ਰਹੇ।
ਵੇਵ ਫਾਊਂਡੇਸ਼ਨ ਦੀ ਕੋਆਰਡੀਨੇਟਰ ਅਤੇ ਮਨੁੱਖੀ ਹੱਕਾਂ ਦੀ ਕਾਰਕੁਨ ਮੰਜੁਲਾ ਪ੍ਰਦੀਪ ਦਾ ਕਹਿਣਾ ਹੈ ਕਿ ਸਰਵੈਯਾ ਪਰਿਵਾਰ ਨੇ ਪਿਛਲੇ ਦੱਸ ਸਾਲਾਂ ਵਿੱਚ ਨਾ ਸਿਰਫ਼ ਸਮਾਜਿਕ, ਸਗੋਂ ਆਰਥਿਕ ਪੱਧਰ 'ਤੇ ਵੀ ਵੱਡਾ ਸੰਘਰਸ਼ ਕੀਤਾ ਹੈ।
ਉਹ ਕਹਿੰਦੇ ਹਨ, "ਪਹਿਲਾਂ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਮਰੇ ਹੋਏ ਪਸ਼ੂਆਂ ਦੀਆਂ ਖੱਲਾਂ ਲਾਹੁਣਾ ਸੀ। ਹੁਣ ਉਹ ਇਹ ਕੰਮ ਨਹੀਂ ਕਰਦੇ। ਇਸ ਵੇਲੇ ਉਹ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਹਨ ਅਤੇ ਆਪਣੀਆਂ ਗਾਂਵਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ।"
ਮੰਜੁਲਾ ਪ੍ਰਦੀਪ ਕਹਿੰਦੇ ਹਨ, "ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਰਿਵਾਰ ਨੂੰ ਤੁਰੰਤ ਰੁਜ਼ਗਾਰ, ਖੇਤੀ ਲਈ ਜ਼ਮੀਨ ਜਾਂ ਪੈਟ੍ਰੋਲ ਪੰਪ ਵਰਗਾ ਆਮਦਨ ਦਾ ਕੋਈ ਪੱਕਾ ਸਾਧਨ ਮੁਹੱਈਆ ਕਰਵਾਏ, ਤਾਂ ਜੋ ਉਹ ਆਰਥਿਕ ਤੌਰ 'ਤੇ ਸਥਿਰ ਜੀਵਨ ਜੀ ਸਕਣ।"
ਉਨ੍ਹਾਂ ਦਾ ਕਹਿਣਾ ਹੈ ਕਿ ਵੇਰਾਵਲ ਸੈਸ਼ਨ ਅਦਾਲਤ ਦੇ ਫ਼ੈਸਲੇ ਵਿਰੁੱਧ ਗੁਜਰਾਤ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਜਾ ਚੁੱਕੀ ਹੈ ਅਤੇ ਹੁਣ ਅਗਲੀ ਸੁਣਵਾਈ ਦੀ ਉਡੀਕ ਹੈ।
ਦਲਿਤਾਂ ਦੀ ਸ਼ਿਕਾਇਤ ਕੀ ਸੀ?
ਇਸ ਸਾਲ ਮਾਰਚ ਵਿੱਚ ਵੇਰਾਵਲ ਦੀ ਇੱਕ ਵਿਸ਼ੇਸ਼ ਅਦਾਲਤ ਨੇ ਊਨਾ ਮਾਮਲੇ ਵਿੱਚ 40 ਮੁਲਜ਼ਮਾਂ ਵਿੱਚੋਂ ਪੰਜ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਹਰੇਕ ਨੂੰ ਪੰਜ ਸਾਲ ਦੀ ਸਖ਼ਤ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਬਾਕੀ 35 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।
ਸਜ਼ਾ ਸੁਣਾਏ ਜਾਣ ਦੇ ਬਾਵਜੂਦ ਪੰਜੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ, ਕਿਉਂਕਿ ਗ੍ਰਿਫ਼ਤਾਰੀ ਤੋਂ ਬਾਅਦ ਮੁਕੱਦਮੇ ਦੀ ਸੁਣਵਾਈ ਚੱਲਣ ਦੌਰਾਨ ਉਹ ਛੇ ਸਾਲ ਤੋਂ ਵੱਧ ਸਮੇਂ ਤੱਕ ਜੇਲ੍ਹ ਵਿੱਚ ਬੰਦ ਰਹਿ ਚੁੱਕੇ ਸਨ।
ਅਦਾਲਤ ਨੇ ਸਜ਼ਾ ਦੀ ਮਿਆਦ ਪੰਜ ਸਾਲ ਤੈਅ ਕੀਤੀ ਅਤੇ ਇਸ ਕਾਰਨ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਪੰਜਾਂ ਨੂੰ ਰਿਹਾਈ ਮਿਲ ਗਈ।
ਸਰਕਾਰ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਉੱਤੇ ਕਤਲ ਦੀ ਕੋਸ਼ਿਸ਼ ਸਮੇਤ ਹੋਰ ਗੰਭੀਰ ਜੁਰਮਾਂ ਦੇ ਦੋਸ਼ ਲਾਏ ਹਨ, ਜਿਨ੍ਹਾਂ ਲਈ ਦੱਸ ਸਾਲ ਤੱਕ ਦੀ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।
ਪਰ ਫ਼ੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਸਰਕਾਰੀ ਪੱਖ ਇਨ੍ਹਾਂ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕਿਆ।
11 ਜੁਲਾਈ 2016 ਨੂੰ ਊਨਾ ਵਿੱਚ ਕੀ ਹੋਇਆ ਸੀ?
ਸਰਕਾਰ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜਸ਼ੀਟ ਅਨੁਸਾਰ, 11 ਜੁਲਾਈ 2016 ਨੂੰ ਮੋਟਾ ਸਮਢਿਆਲਾ ਪਿੰਡ ਦੇ ਦਲਿਤ ਵਸ਼ਰਾਮਭਾਈ ਸੋਲੰਕੀ, ਉਨ੍ਹਾਂ ਦੇ ਛੋਟੇ ਭਰਾ ਰਮੇਸ਼ਭਾਈ, ਭਤੀਜੇ ਅਸ਼ੋਕਭਾਈ ਅਤੇ ਰਿਸ਼ਤੇਦਾਰ ਬੇਚਰਭਾਈ ਸਰਵੈਯਾ ਇੱਕ ਮਰੀ ਹੋਈ ਗਾਂ ਦੀ ਖੱਲ ਲਾਹ ਰਹੇ ਸਨ। ਇਸੇ ਦੌਰਾਨ ਕਥਿਤ ਗਊ ਰੱਖਿਅਕ ਉੱਥੇ ਆ ਪਹੁੰਚੇ।
ਪੀੜਤਾਂ ਦੇ ਮੁਤਾਬਕ, ਗਊ ਰੱਖਿਅਕਾਂ ਨੇ ਉਨ੍ਹਾਂ ਉੱਤੇ ਗਾਂਵਾਂ ਨੂੰ ਮਾਰਨ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਡਾਂਗਾਂ ਅਤੇ ਲੋਹੇ ਦੀਆਂ ਪਾਈਪਾਂ ਨਾਲ ਚਾਰੇ ਦਲਿਤਾਂ ਉੱਤੇ ਹਮਲਾ ਕਰ ਦਿੱਤਾ।
ਸਰਕਾਰੀ ਚਾਰਜਸ਼ੀਟ ਅਨੁਸਾਰ, ਵਸ਼ਰਾਮਭਾਈ ਦੇ ਪਿਤਾ ਬਾਲੂਭਾਈ, ਮਾਤਾ ਕੁੰਵਰਬੇਨ ਅਤੇ ਰਿਸ਼ਤੇਦਾਰ ਅਰਜਨਭਾਈ ਬਾਬਰੀਆ ਨੇ ਵਸ਼ਰਾਮਭਾਈ ਅਤੇ ਹੋਰਨਾਂ ਨੂੰ ਬਚਾਉਣ ਲਈ ਵਿੱਚ ਪੈਣ ਦੀ ਕੋਸ਼ਿਸ਼ ਕੀਤੀ, ਪਰ ਕਥਿਤ ਗਊ ਰੱਖਿਅਕਾਂ ਨੇ ਉਨ੍ਹਾਂ ਉੱਤੇ ਵੀ ਹਮਲਾ ਕਰ ਦਿੱਤਾ।
ਇਸ ਤੋਂ ਬਾਅਦ ਮੁਲਜ਼ਮਾਂ ਨੇ ਵਸ਼ਰਾਮਭਾਈ, ਰਮੇਸ਼ਭਾਈ, ਬੇਚਰਭਾਈ ਅਤੇ ਅਸ਼ੋਕਭਾਈ ਨੂੰ ਇੱਕ ਗੱਡੀ ਵਿੱਚ ਬਿਠਾਇਆ ਅਤੇ ਉਨ੍ਹਾਂ ਨੂੰ ਊਨਾ ਸ਼ਹਿਰ ਲੈ ਗਏ।
ਉਨ੍ਹਾਂ ਨੇ ਚਾਰਾਂ ਨੂੰ ਗੱਡੀ ਦੇ ਪਿੱਛੇ ਰੱਸੀਆਂ ਨਾਲ ਬੰਨ੍ਹ ਦਿੱਤਾ। ਫਿਰ ਊਨਾ ਬੱਸ ਅੱਡੇ ਤੋਂ ਊਨਾ ਪੁਲਿਸ ਥਾਣੇ ਤੱਕ ਉਨ੍ਹਾਂ ਨੂੰ ਜਨਤਕ ਤੌਰ 'ਤੇ ਕੁੱਟਦੇ ਹੋਏ ਲੈ ਕੇ ਗਏ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਅਤੇ ਖ਼ਬਰਾਂ ਵਾਲੇ ਚੈਨਲਾਂ ਉੱਤੇ ਤੇਜ਼ੀ ਨਾਲ ਫੈਲ ਗਈ ਅਤੇ ਗੁਜਰਾਤ ਸਮੇਤ ਸਾਰੇ ਦੇਸ਼ ਵਿੱਚ ਚਰਚਾ ਦਾ ਕੇਂਦਰ ਬਣ ਗਈ।
ਸਰਕਾਰ ਨੇ ਵੇਰਾਵਲ ਅਦਾਲਤ ਨੂੰ ਦੱਸਿਆ ਕਿ ਊਨਾ ਵਿੱਚ ਦਲਿਤਾਂ ਉੱਤੇ ਹੋਏ ਜ਼ੁਲਮਾਂ ਤੋਂ ਬਾਅਦ ਗੁਜਰਾਤ ਵਿੱਚ ਦੰਗਿਆਂ ਅਤੇ ਪੁਲਿਸ ਉੱਤੇ ਹਮਲਿਆਂ ਦੇ 74 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ 23 ਦਲਿਤਾਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ