You’re viewing a text-only version of this website that uses less data. View the main version of the website including all images and videos.
ਸਿੱਖ ਜਥਿਆਂ ਦੇ ਪਾਕ ਜਾਣ ਨਾਲ ਕਿਹੜੇ-ਕਿਹੜੇ ਗੁਰਦੁਆਰੇ ਮੁੜ ਖੁੱਲ੍ਹੇ, ਰੋਕ ਮਗਰੋਂ ਹੁਣ ਕੀ ਫ਼ਿਕਰ ਲੱਗੀ
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
"ਮੈਂ ਆਪਣੇ ਪੁੱਤਰ ਦੇ ਜਨਮ ਲਈ ਸੁੱਖਣਾ ਸੁੱਖੀ ਸੀ ਕਿ ਮੈਂ ਨਨਕਾਣਾ ਸਾਹਿਬ ਦਰਸ਼ਨਾਂ ਲਈ ਜਾਵਾਂਗੀ, ਹੁਣ ਪਤਾ ਨਹੀਂ ਜਾ ਸਕਾਂਗੇ ਜਾ ਨਹੀਂ।"
ਇਹ ਬੋਲ ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਰਹਿੰਦੀ ਇੱਕ ਸ਼ਰਧਾਲੂ ਔਰਤ ਦੇ ਹਨ, ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਜਾਣਾ ਚਾਹੁੰਦੇ ਸਨ। ਹਲਾਂਕਿ, ਉਨ੍ਹਾਂ ਨੇ ਆਪਣਾ ਨਾਮ ਛਾਪਣ ਦੀ ਆਗਿਆ ਨਹੀਂ ਦਿੱਤੀ।
ਉਹ ਪਹਿਲਾਂ ਆਪਣੇ ਪਤੀ ਨਾਲ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੂੰ ਫੋਨ ਆਇਆ ਹੈ ਕਿ ਉਹ 'ਆਪਣਾ ਪਾਸਪੋਰਟ ਵਾਪਸ ਲੈ ਜਾਣ'।
ਉਨ੍ਹਾਂ ਅੱਗੇ ਦੱਸਿਆ, "ਸਰਦਾਰ ਜੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ, ਸੁੱਖਣਾ ਪੂਰੀ ਹੋਈ ਨੂੰ ਕਈ ਦਹਾਕੇ ਹੋ ਚੁੱਕੇ ਹਨ, ਮੈਂ ਕਈ ਵਾਰ ਜਾਣ ਲਈ ਅਪਲਾਈ ਕੀਤਾ, ਇੱਕ ਵਾਰ ਮੇਰਾ ਵੀਜ਼ਾ ਆ ਗਿਆ ਸੀ ਪਰ ਮੈਂ ਜਾ ਨਹੀਂ ਸਕੀ ਸੀ।"
"ਮੈਨੂੰ ਇਸ ਵਾਰ ਪੂਰੀ ਉਮੀਦ ਸੀ ਕਿ ਮੇਰਾ ਵੀਜ਼ਾ ਆ ਜਾਵੇਗਾ ਪਰ ਇਹ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ।"
ਆਏ ਸਾਲ ਤੈਅ ਗਿਣਤੀ ਮੁਤਾਬਕ ਸ਼ਰਧਾਲੂ ਪਾਕਿਸਤਾਨ ਵਿੱਚ ਚਾਰ ਮੁੱਖ ਇਤਿਹਾਸਕ ਪੁਰਬਾਂ ਮੌਕੇ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਵਿੱਚ ਜਾਂਦੇ ਹਨ।
ਇਹ ਚਾਰ ਪੁਰਬ ਹਨ – ਵਿਸਾਖੀ (ਖਾਲਸਾ ਸਾਜਣਾ ਦਿਵਸ), ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ।
ਭਾਰਤ ਸਰਕਾਰ ਮੁਤਾਬਕ ਪਾਕਿਸਤਾਨ ਨਾਲ ਸੁਰੱਖਿਆ ਕਾਰਨਾਂ ਕਰਕੇ ਇਸ ਵਾਰ ਸ਼ਰਧਾਲੂਆਂ ਦੇ ਜਥੇ ਨੂੰ ਜਾਣ ਦੀ ਇਜਾਜ਼ਤ ਦੇਣਾ ਸੰਭਵ ਨਹੀਂ ਹੋਵੇਗਾ।
ਕੌਣ-ਕੌਣ ਜੱਥੇ ਭੇਜਦੇ ਹਨ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਪੰਜਾਬ ਵਿੱਚੋਂ ਹੋਰ ਸੰਸਥਾਵਾਂ ਵੀ ਵੀਜ਼ਿਆਂ ਲਈ ਅਪਲਾਈ ਕਰਦੀਆਂ ਹਨ।
ਫ਼ਿਰੋਜ਼ਪੁਰ ਵਿਚਲੀ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਵੱਲੋਂ ਵੀ ਪਾਕਿਸਤਾਨ ਜਥਾ ਲਿਜਾਇਆ ਜਾਂਦਾ ਹੈ।
ਇਸ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਜਗਜੀਤ ਸਿੰਘ ਭੁੱਲਰ ਦੇ ਮੁਤਾਬਕ ਉਹ ਸਾਲ 1999 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਚੁੱਕੇ ਹਨ।
ਉਹ ਦੱਸਦੇ ਹਨ ਕਿ ਇਸ ਵਾਰ ਵੀ ਉਨ੍ਹਾਂ ਨੇ ਗੁਰਪੁਰਬ ਲਈ 200 ਤੋਂ ਵੱਧ ਅਰਜ਼ੀਆਂ ਲਾਉਣੀਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਇਹ ਅਰਜ਼ੀਆਂ ਪੈਂਡਿੰਗ ਪਈਆਂ ਸਨ ਕਿਉਂਕਿ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ ਜਥੇ ਨਹੀਂ ਗਏ।
ਉਹ ਕਹਿੰਦੇ ਹਨ ਕਿ ਵਿਸਾਖੀ ਮੌਕੇ 3000, ਗੁਰਪੁਰਬ ਮੌਕੇ 3000, ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਮੌਕੇ 1000 ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 500 ਸ਼ਰਧਾਲੂਆਂ ਨੂੰ ਵੀਜ਼ਾ ਮਿਲਦਾ ਸੀ।
ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਕੋਟੇ ਵਿੱਚ ਵਾਧਾ ਕਰਨ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ।
ਕਿਉਂ ਨਹੀਂ ਜਾ ਸਕਣਗੇ ਸ਼ਰਧਾਲੂ
ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਤਣਾਅਪੂਰਨ ਚੱਲ ਰਹੇ ਹਨ। ਸਾਲ 2019 ਵਿੱਚ ਖੁੱਲ੍ਹਿਆ ਕਰਤਾਰਪੁਰ ਲਾਂਘਾ ਵੀ ਬੰਦ ਹੈ।
ਇਸੇ ਸਾਲ ਅਪ੍ਰੈਲ ਵਿੱਚ ਵਿਸਾਖੀ ਮੌਕੇ ਪਾਕਿਸਤਾਨ ਜਾਣ ਲਈ ਅਪਲਾਈ ਕਰਨ ਵਾਲੇ 6700 ਤੋਂ ਵੱਧ ਲੋਕਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਵੀਜ਼ੇ ਦਿੱਤੇ ਗਏ ਸਨ। ਇਹ ਵੀਜ਼ੇ ਤੈਅ 3000 ਅੰਕੜੇ ਤੋਂ ਕਾਫੀ ਵੱਧ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ, ਕਾਂਗਰਸੀ ਆਗੂ ਪਰਗਟ ਸਿੰਘ ਅਤੇ ਹੋਰਾਂ ਵੱਲੋਂ ਵੀ ਸ਼ਰਧਾਲੂਆਂ ਨੂੰ ਜਾਣ ਨਾ ਦੇਣ ਉੱਤੇ ਭਾਰਤ ਸਰਕਾਰ ਦੀ ਨਿੰਦਾ ਕੀਤੀ ਗਈ ਹੈ।
ਸੀਐੱਮ ਮਾਨ ਨੇ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਦੀਆਂ ਟੀਮਾਂ ਏਸ਼ੀਆ ਕੱਪ ਵਿੱਚ ਇੱਕ ਦੂਜੇ ਨਾਲ ਖੇਡ ਸਕਦੀਆਂ ਹਨ ਤਾਂ ਸ਼ਰਧਾਲੂ ਕਿਉਂ ਨਹੀਂ ਜਾ ਸਕਦੇ।
ਏਸ਼ੀਆ ਕੱਪ 2025 ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋ ਰਿਹਾ ਹੈ।
1947 ਦੀ ਵੰਡ ਅਤੇ ਧਾਰਮਿਕ ਥਾਵਾਂ ਬਾਰੇ ਸਮਝੌਤੇ
ਪਾਕਿਸਤਾਨੀ ਪ੍ਰਧਾਨ ਮੰਤਰੀ ਲਿਆਕਤ ਅਲੀ ਅਤੇ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਿਚਕਾਰ 1950 ਵਿੱਚ ਹੋਏ ਸਮਝੌਤੇ ਤਹਿਤ ਧਾਰਮਿਕ ਥਾਵਾਂ ਉੱਤੇ ਸ਼ਰਧਾਲੂਆਂ ਦਾ ਆਉਣ-ਜਾਣ ਸ਼ੁਰੂ ਹੋਇਆ ਸੀ।
ਇਸ ਤੋਂ ਬਾਅਦ ਸ਼ਿਮਲਾ ਸਮਝੌਤੇ ਵਿੱਚ ਵੀ ਧਾਰਮਿਕ ਥਾਵਾਂ ਬਾਰੇ ਜ਼ਿਕਰ ਹੋਇਆ ਅਤੇ ਸਾਲ 1974 ਵਿੱਚ ਦੋਵਾਂ ਮੁਲਕਾਂ ਵਿੱਚ 'ਪ੍ਰੋਟੋਕੋਲ ਆਨ ਵਿਜ਼ਿਟਸ ਟੂ ਰਿਲਿਜੀਅਸ ਸ਼੍ਰਾਈਨਜ਼' ਹੋਇਆ।
ਇਸ ਪ੍ਰਟੋਕੋਲ ਵਿੱਚ ਪਾਕਿਸਤਾਨ ਵਿਚਲੀਆਂ ਧਾਰਮਿਕ ਥਾਵਾਂ- ਨਨਕਾਣਾ ਸਾਹਿਬ, ਪੰਜਾ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ, ਕਟਾਸਰਾਜ ਧਾਮ, ਦਾਤਾ ਗੰਜ ਬਖ਼ਸ਼ ਸ਼ਾਮਲ ਉੱਥੇ ਹੀ ਭਾਰਤ ਵਿਚਲੀਆਂ ਧਾਰਮਿਕ ਥਾਵਾਂ ਜਿਵੇਂ ਅਜਮੇਰ ਸ਼ਰੀਫ਼ ਦਰਗਾਰ, ਨਿਜ਼ਾਮੁੱਦੀਨ ਦਰਗਾਹ, ਸਰਹਿੰਦ ਸ਼ਰੀਫ਼ ਸਣੇ ਕਈ ਥਾਵਾਂ ਦਾ ਜ਼ਿਕਰ ਸੀ।
ਪਾਕਿਸਤਾਨ ਵਿਚਲੇ ਗੁਰਦੁਆਰਿਆਂ ਬਾਰੇ ਕਿਤਾਬਾਂ ਲਿਖ ਚੁੱਕੇ ਇਕਬਾਲ ਕੈਸਰ ਕਹਿੰਦੇ ਹਨ ਕਿ ਪਿਛਲੇ ਸਾਲਾਂ ਤੋਂ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਵਿੱਚ ਭਾਰਤ ਤੋਂ ਇਲਾਵਾ ਯੂਕੇ, ਅਮਰੀਕਾ, ਮਲੇਸ਼ੀਆ ਅਤੇ ਖਾੜੀ ਮੁਲਕਾਂ ਤੋਂ ਵੀ ਜਥੇ ਆ ਰਹੇ ਹਨ।
'ਸ਼ਰਧਾਲੂਆਂ ਕਰਕੇ ਗੁਰਦੁਆਰਿਆਂ ਦੀ ਸਥਿਤੀ 'ਚ ਆਇਆ ਸੁਧਾਰ'
ਲੇਖਕ ਇਕਬਾਲ ਕੈਸਰ ਦੱਸਦੇ ਹਨ ਕਿ ਸਾਲ 1999-2000 ਤੋਂ ਬਾਅਦ ਪਾਕਿਸਤਾਨ ਵਿਚਲੇ ਗੁਰਦੁਆਰਾ ਸਾਹਿਬਾਨ ਦੀ ਸਥਿਤੀ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਹੋਇਆ ਹੈ।
ਉਨ੍ਹਾਂ ਦੱਸਿਆ, "ਵੱਡੇ ਗੁਰਦੁਆਰਿਆਂ ਤੋਂ ਇਲਾਵਾ ਗੁਰਦੁਆਰਾ ਰੋੜੀ ਸਾਹਿਬ ਖੋਲ੍ਹਿਆ ਗਿਆ, ਖੂਹੀ ਭਾਈ ਲਾਲੋ, ਬਾਰੇ ਦੀ ਬੇਰ ਸਿਆਲਕੋਟ, ਗੁਰਦੁਆਰਾ ਸੱਚਾ ਸੌਦਾ ਅਤੇ ਬੇਬੇ ਨਾਨਕੀ ਜਨਮ ਅਸਥਾਨ ਨੂੰ ਵੀ ਖੋਲ੍ਹਿਆ ਗਿਆ।"
ਇਸ ਤੋਂ ਇਲਾਵਾ ਰੋਹਤਾਸ ਦੇ ਕਿਲ਼ੇ ਵਿੱਚ ਮਾਤਾ ਸਾਹਿਬ ਕੌਰ ਜੀ ਦਾ ਜਨਮ ਅਸਥਾਨ ਵੀ ਖੁਲ੍ਹਿਆ ਹੈ ਅਤੇ ਮੁੱਖ ਗੁਰਦੁਆਰਿਆਂ ਵਿੱਚ ਲੰਗਰ ਦੇ ਨਾਲ-ਨਾਲ ਸਾਂਭ-ਸੰਭਾਲ ਦਾ ਵੀ ਕੰਮ ਹੋਇਆ ਹੈ।
ਪਹਿਲਾਂ ਕਦੋਂ-ਕਦੋਂ ਯਾਤਰਾ ਉੱਤੇ ਅਸਰ ਪਿਆ
ਪਾਕਿਸਤਾਨ ਵਿਚਲੇ ਗੁਰਦੁਆਰਿਆਂ ਉੱਤੇ ਕਿਤਾਬ ਲਿਖ ਚੁੱਕੇ ਅਤੇ ਪੰਜਾਬੀ ਅਖ਼ਬਾਰ ਅਜੀਤ ਲਈ ਪੱਤਰਕਾਰੀ ਕਰਦੇ ਸੁਰਿੰਦਰ ਕੋਛੜ ਕਹਿੰਦੇ ਹਨ ਕਿ ਕਾਰਗਿਲ ਦੀ ਜੰਗ ਵੇਲੇ ਵੀ ਯਾਤਰਾ ਉੱਤੇ ਅਸਰ ਪਿਆ ਸੀ ਪਰ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਸੀ ਹੋਈ।
ਉਹ ਦੱਸਦੇ ਹਨ ਕਿ ਉਸ ਮਗਰੋਂ ਕੋਵਿਡ ਵੇਲੇ ਪਾਕਿਸਤਾਨ ਵੱਲੋਂ ਬਾਰਡਰ ਬੰਦ ਕੀਤੇ ਜਾਣ ਕਰਕੇ ਵੀ ਯਾਤਰਾ ਉੱਤੇ ਅਸਰ ਪਿਆ ਸੀ।
ਇਕਬਾਲ ਕੈਸਰ ਦੱਸਦੇ ਹਨ ਕਿ 1999 ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਸਮੇਂ ਲਈ ਪਾਕਿਸਤਾਨ ਵਿੱਚ ਜਥੇ ਭੇਜਣੇ ਬੰਦ ਕਰ ਦਿੱਤੇ ਗਏ ਸਨ।
ਇਹ ਬਾਈਕਾਟ ਕਰੀਬ 21 ਮਹੀਨੇ ਚੱਲਿਆ ਸੀ ਉਸ ਵੇਲੇ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ।
ਇਸ ਤੋਂ ਇਲਾਵਾ ਸਾਲ 2017 ਵਿੱਚ ਵੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਯਾਤਰਾ ਵਿੱਚ ਰੁਕਾਵਟ ਆਈ ਸੀ।
ਦਿੱਲੀ ਕਮੇਟੀ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ।
ਉਹਨਾਂ ਮੰਗ ਕੀਤੀ ਗਈ ਹੈ ਕਿ ਧਾਰਮਿਕ ਅਧਾਰ ਉੱਤੇ 500 ਜਣਿਆਂ ਦੇ ਸੀਮਤ ਜਥੇ ਨੂੰ ਨਨਕਾਣਾ ਸਾਹਿਬ ਜਾਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ