ਪਰਵਾਸੀ ਮਜ਼ਦੂਰਾਂ ਦਾ ਲਗਾਤਾਰ
ਆਪਣੇ ਘਰਾਂ ਨੂੰ ਪਲਾਨ ਜਾਰੀ ਹੈ। ਪੰਜਾਬ ਦੇ ਟਾਂਡਾ ਵਿਖੇ ਦਿਹਾੜੀ ਕਰ ਕੇ ਆਪਣੇ ਜ਼ਿੰਦਗੀ ਬਸਰ
ਕਰਨ ਵਾਲੇ ਤਿੰਨ ਮਜ਼ਦੂਰ ਚੰਡੀਗੜ੍ਹ ਹੁੰਦੇ ਹੋਏ ਦਿੱਲੀ ਵੱਲ ਜਾ ਰਹੇ ਸਨ।
ਇਨ੍ਹਾਂ ਵਿਚ ਸੰਤੋਸ਼ ਨਾਮਕ ਨੌਜਵਾਨ
ਨੇ ਦੱਸਿਆ ਕਿ ਉਹ ਟਾਂਡਾ ਵਿਖੇ ਰੇਹੜੀ ਲਗਾਉਂਦਾ ਹੈ ਪਰ ਕਰਫ਼ਿਊ ਕਰ ਕੇ ਸਭ ਕੁਝ ਬੰਦ ਹੋ ਗਿਆ ਅਤੇ
ਉਹ ਪੈਦਲ ਹੀ ਦਿੱਲੀ ਹੁੰਦੇ ਹੋਏ ਗਵਾਲੀਅਰ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਰੋਟੀ-ਪਾਣੀ
ਤਾਂ ਮਿਲ ਰਿਹਾ ਹੈ ਪਰ ਖ਼ਾਲੀ ਰਹਿ ਕਿ ਇੱਥੇ ਕਰਨਾ ਕੀ ਹੈ, ਇਸ ਕਰ ਕੇ ਉਹ ਪੈਦਲ ਹੀ ਦਿੱਲੀ ਹੁੰਦੇ ਹੋਏ ਗਵਾਲੀਅਰ ਜਾ ਰਹੇ ਹਨ।
ਸੰਤੋਸ਼ ਦੇ ਸਾਥੀ ਛੋਟੇ ਨੇ ਦੱਸਿਆ,
“ਸ਼ਨੀਵਾਰ ਨੂੰ ਟਾਂਡਾ
ਤੋਂ ਚੱਲੇ ਸੀ ਅਤੇ ਪੈਦਲ ਹੀ ਚੰਡੀਗੜ੍ਹ ਪਹੁੰਚੇ ਹਾਂ ਅੱਗੇ ਜੇਕਰ ਕੋਈ ਸਵਾਰੀ ਮਿਲ ਗਈ ਤਾਂ
ਦਿੱਲੀ ਤੱਕ ਪਹੁੰਚ ਜਾਵਾਂਗਾ ਨਹੀਂ ਤਾਂ ਪੈਦਲ ਹੀ ਜਾਣਾ ਪੈਣਾ।”
ਛੋਟੇ ਨੇ ਦੱਸਿਆ ਕਿ ਕੋਰੋਨਾ
ਬਿਮਾਰੀ ਦੇ ਕਰਕੇ ਸਾਡੇ ਸਾਰੇ ਕੰਮ ਬੰਦ ਹੋ ਗਏ ਹਨ।
ਉਹਨਾਂ ਦੱਸਿਆ, “ਸ਼ਨੀਵਾਰ ਰਾਤੀ ਆਪਣਾ ਸਫ਼ਰ ਸ਼ੁਰੂ
ਕੀਤਾ ਸੀ ਅਤੇ ਰਸਤੇ ਵਿਚ ਬਿਨਾਂ ਸੁੱਤੇ ਐਤਵਾਰ ਸ਼ਾਮੀ ਪੰਜ ਚੰਡੀਗੜ੍ਹ ਪਹੁੰਚੇ ਹਾਂ। ਸਾਨੂੰ ਰਸਤੇ
ਵਿਚ ਪੁਲਿਸ ਵਾਲੇ ਮਿਲਦੇ ਹਨ ਤਾਂ ਉਹ ਸਾਨੂੰ ਮੂੰਹ ਉੱਤੇ ਕੱਪੜਾ ਰੱਖਣ ਲਈ ਆਖ ਰਹੇ ਹਨ।”
ਇਹਨਾਂ ਦੇ ਤੀਜੇ ਸਾਥੀ ਗੋਬਿੰਦ
ਨੇ ਦੱਸਿਆ ਉਹ ਆਪਣੇ ਪਿੰਡ ਤੋਂ ਕੁਝ ਦਿਨ ਪਹਿਲਾਂ ਰੋਜ਼ੀ ਰੋਟੀ ਲਈ ਪੰਜਾਬ ਆਇਆ ਸੀ ਪਰ ਹੁਣ ਕੁਝ
ਬੰਦ ਹੈ ਪੈਸੇ ਹੈ ਨਹੀਂ, ਇਸ ਕਰ ਕੇ ਵਾਪਸ ਪਿੰਡ ਦਾ ਰੁਖ ਕੀਤਾ ਹੈ।
ਉਨ੍ਹਾਂ ਦੱਸਿਆ, “ਪਿੰਡ ਜਾ ਕੇ ਉਸ ਨੂੰ ਰੋਟੀ ਤਾਂ
ਮਿਲੇਗੀ ਇਸ ਕਰ ਕੇ ਪੈਦਲ ਹੀ ਗਵਾਲੀਅਰ ਜਾ ਰਿਹਾ ਹਾਂ, ਭਾਵੇਂ ਪੰਜ ਦਿਨ ਲੱਗਣ ਜਾਂ ਫਿਰ ਵੀਹ ਦਿਨ, ਹੁਣ ਤਾਂ ਪਿੰਡ ਜਾ ਕੇ ਹੀ
ਗੁਜ਼ਾਰਾ ਹੈ।”
ਇਸ ਤੋਂ ਬਾਅਦ ਤਿੰਨੋ ਆਪਣੀ
ਮੰਜਿਲ ਵੱਲ ਵੱਧ ਜਾਂਦੇ ਹਨ।
ਹਾਲਾਂਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ
ਉੱਤੇ ਸਾਰੇ ਸੂਬਿਆਂ ਨੇ ਆਪਣੀਆਂ ਸੀਮਾਵਾਂ ਸੀਲ ਕਰ ਦਿੱਤੀਆਂ ਅਤੇ ਪ੍ਰਵਾਸੀ ਲੋਕਾਂ ਨੂੰ ਜਿੱਥੇ
ਹਨ ਉੱਥੇ ਹੀ ਰਹਿਣ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ
ਮੰਤਰੀ ਨੇ ਛੋਟੀਆਂ ਸਨਅਤਾਂ ਵਿਚ ਕੰਮ ਕਰਨ ਵਾਲੇ ਪਰਵਾਸੀਆਂ ਨੂੰ ਆਪਣੇ ਥਾਂ ਤੋਂ ਬਾਹਰ ਨਾ ਜਾਣ
ਦੀ ਅਪੀਲ ਕੀਤੀ ਹੈ।