ਵਿਸ਼ਾਲ ਜਵਾਲਾਮੁਖੀ ਵਿਸਫੋਟ ਮਗਰੋਂ ਸੁਨਾਮੀ ਦੀਆਂ ਲਹਿਰਾਂ ਪੈਸੀਫਿਕ ਮਹਾਸਾਗਰ ਦੇ ਟੋਂਗਾ ਦੇਸ ਨਾਲ ਟਕਰਾਈਆਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਸਮੁੰਦਰ ਦੇ ਅੰਦਰ ਵਿਸ਼ਾਲ ਜਵਾਲਾਮੁਖੀ ਫ਼ਟਣ ਤੋਂ ਬਾਅਦ ਪੈਦਾ ਹੋਈਆਂ ਸੁਨਾਮੀ ਦੀਆਂ ਲਹਿਰਾਂ ਪੈਸਫਿਕ ਮਹਾਂਸਾਗਰ ਵਿੱਚ ਵਸੇ ਦੇਸ਼ ਟੋਂਗਾ ਪਹੁੰਚ ਗਈਆਂ ਹਨ।

ਸੋਸ਼ਲ ਮੀਡੀਆ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਇੱਕ ਗਿਰਜੇ ਅਤੇ ਘਰਾਂ ਵਿੱਚ ਦਾਖ਼ਲ ਹੋ ਰਿਹਾ ਹੈ। ਚਸ਼ਮਦੀਦਾਂ ਨੇ ਕਿਹਾ ਕਿ ਰਾਖ ਟੋਂਗਾ ਦੀ ਰਾਜਧਾਨੀ ਨੁਕੂਆਲੋਫ਼ਾ ਉੱਪਰ ਡਿੱਗ ਰਹੀ ਸੀ।

ਸੁਨਾਮੀ ਦੀ ਵਾਰਨਿੰਗ ਜਾਰੀ ਹੋਣ ਤੋਂ ਬਾਅਦ ਸਥਾਨਕ ਵਾਸੀ ਉੱਚੀਆਂ ਥਾਵਾਂ ਵੱਲ ਚਲੇ ਗਏ ਹਨ।

ਹੁੰਗਾ ਟੋਂਗਾ ਹੁੰਗਾ ਹਾਪਾਈ ਵੈਲਕੈਨੋ ਦੇ ਫ਼ਟਣ ਦੀ ਧਮਕ ਸਮੁੱਚੇ ਦੱਖਣੀ ਪੈਸਿਫਿਕ ਵਿੱਚ ਮਹਿਸੂਸ ਕੀਤੀ ਗਈ।

ਟੋਂਗਾ ਦੀ ਰਾਜਧਾਨੀ ਜਵਾਲਾਮੁਖੀ ਤੋਂ ਮਹਿਜ਼ 65 ਕਿੱਲੋਮੀਟਰ ਉੱਤਰ ਵੱਲ ਸਥਿਤ ਹੈ। ਟੋਂਗਾ ਦੇ ਇੱਕ ਨਾਗਰਿਕ ਨੇ ਦੱਸਿਆ ਕਿ ਜਦੋਂ ਜਵਾਲਾਮੁਖੀ ਫਟਿਆ ਤਾਂ ਉਨ੍ਹਾਂ ਦਾ ਪਰਿਵਾਰ ਰਾਤ ਦੇ ਖਾਣੇ ਦੀ ਤਿਆਰੀ ਕਰ ਰਿਹਾ ਸੀ।

ਟੋਂਗਾ ਦੀ ਇੱਕ ਨਾਗਰਿਕ ਮੇਰਾ ਤੋਹਫਾ ਨੇ ਦੱਸਿਆ ਕਿ ਜਦੋਂ ਜਵਾਲਾਮੁਖੀ ਫਟਿਆ ਤਾਂ ਉਨ੍ਹਾਂ ਦਾ ਪਰਿਵਾਰ ਰਾਤ ਦੇ ਖਾਣੇ ਦੀ ਤਿਆਰੀ ਕਰ ਰਿਹਾ ਸੀ।

ਨਿਊਜ਼ੀਲੈਂਡ ਦੀ ਖ਼ਬਰ ਵੈਬਸਾਈਟ ਨੇ ਤੋਹਫਾ ਦੇ ਹਵਾਲੇ ਨਾਲ ਕਿਹਾ," ਮੇਰੀ ਪਹਿਲੀ ਪ੍ਰਤੀਕਿਰਿਆ ਸੀ ਕਿ ਟੇਬਲ ਹੇਠ ਲੁਕ ਜਾਵਾਂ। ਮੈਂ ਆਪਣੀ ਨਿੱਕੀ ਭੈਣ ਨੂੰ ਫੜਿਆ ਤੇ ਟੇਬਲ ਹੇਠ ਛੁਪ ਗਈ। ਮੈਂ ਆਪਣੇ ਘਰ ਦੇ ਹੋਰ ਮੈਂਬਰਾਂ ਨੂੰ ਵੀ ਜ਼ੋਰ ਨਾਲ ਕਿਹਾ ਕਿ ਉਹ ਵੀ ਅਜਿਹਾ ਹੀ ਕਰਨ।"

ਤੋਹਫਾ ਨੇ ਕਿਹਾ ਕਿ ਅਗਲੀ ਗੱਲ ਉਨ੍ਹਾਂ ਨੂੰ ਬੱਸ ਇਹੀ ਪਤਾ ਹੈ ਕਿ ਪਾਣੀ ਉਨ੍ਹਾਂ ਦੇ ਘਰ ਵਿੱਚ ਆ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਹਰ ਕੋਈ ਬੱਸ ਮਦਦ ਲਈ ਅਤੇ ਸੁਰੱਖਿਆ ਲਈ ਚੀਕ ਰਿਹਾ ਸੀ ਤੇ ਹਰ ਕੋਈ ਉੱਚੀ ਜਗ੍ਹਾ ਪਹੁੰਚਣਾ ਚਾਹ ਰਿਹਾ ਸੀ।

ਟੋਂਗਾ ਦੀ ਜੀਓਲੌਜੀਕਲ ਸਰਵਿਸ ਮੁਤਾਬਕ ਜਵਾਲਾਮੁਖੀ ਦਾ ਧੂਆਂ ਅਤੇ ਗੈਸ ਅਕਾਸ਼ ਵਿੱਚ 20 ਕਿੱਲੋਮੀਟਰ ਦੀ ਉਚਾਈ ਤੱਕ ਚੜ੍ਹ ਗਈ।

ਸਥਾਨਕ ਲੋਕਾਂ ਨੇ ਦੱਸਿਆ ਕਿ ਜਵਾਲਾਮੁਖੀ ਦਾ ਫਟਣਾ ਬੱਦਲ ਫ਼ਟਣ ਵਾਂਗ ਸੀ ਜਿਸ ਤੋਂ ਬਾਅਦ ਜਦੋਂ ਧੂੰਏਂ ਨੇ ਅਕਾਸ਼ ਘੇਰ ਲਿਆ ਤਾਂ ਸਾਰੇ ਪਾਲੇ ਹਨੇਰਾ ਛਾਅ ਗਿਆ।

ਟੋਂਗਾ ਦੇ ਕਈ ਹਿੱਸਿਆਂ ਵਿੱਚ ਬਿਜਲੀ ਜਾਣ ਕਾਰਨ ਪੂਰਾ ਹਨੇਰਾ ਛਾਅ ਗਿਆ ਹੈ ਤੇ ਫ਼ੋਨ ਲਾਈਨਾਂ ਤੇ ਇੰਟਰਨੈਟ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ।

ਇਸ ਕਾਰਨ ਸੂਚਨਾ ਦੀ ਭਾਰੀ ਕਮੀ ਹੈ। ਫਿਰ ਵੀ ਸੋਸ਼ਲ ਮੀਡੀਆ ਰਾਹੀਂ ਆ ਰਹੀਆਂ ਵੀਡੀਓਜ਼ ਵਿੱਚ ਵੱਡੇ-ਵੱਡੇ ਜਾਮ ਦੇਖੇ ਜਾ ਸਕਦੇ ਹਨ ਕਿਉਂਕਿ ਲੋਕ ਉੱਚੀਆਂ ਜ਼ਮੀਨਾਂ 'ਤੇ ਜਾਣ ਲਈ ਕਾਰਾਂ ਦੀ ਵਰਤੋਂ ਕਰ ਰਹੇ ਹਨ।

ਅਧਿਕਾਰੀਆਂ ਮੁਤਾਬਕ ਜਵਾਲਾਮੁਖੀ ਦਾ ਪਹਿਲਾ ਧਮਾਕਾ ਇੰਨਾ ਉੱਚਾ ਸੀ ਕਿ 800 ਕਿੱਲੋਮੀਟਰ ਦੂਰ ਫਿਜੀ ਤੱਕ ਸੁਣਾਈ ਦਿੱਤਾ।

ਫ਼ਿਜੀ ਦੀ ਸਰਕਾਰ ਨੇ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੈਸਿਫ਼ਿਕ ਦੇ ਇੱਕ ਹੋਰ ਦੇਸ਼ ਵਨਾਤੂ ਨੇ ਵੀ ਅਜਿਹੀ ਹੀ ਚੇਤਾਨਵੀ ਜਾਰੀ ਕੀਤੀ ਹੈ।

ਔਕਲੈਂਡ ਯੂਨੀਵਰਿਸਟੀ ਵਿੱਚ ਜਵਾਲਾਮੁਖੀਆਂ ਦੇ ਮਾਹਰ ਪ੍ਰੋਫ਼ੈਸਰ ਸ਼ੇਨ ਕਰੋਇਨ ਨੇ ਕਿਹਾ ਕਿ ਇਹ ਧਮਾਕਾ ਟੋਂਗਾ ਵਿੱਚ ਪਿਛਲੇ ਤੀਹ ਸਾਲਾਂ ਦੌਰਾਨ ਹੋਏ ਸਾਰੇ ਜਵਾਲਾਮੁਖੀ ਧਮਾਕਿਆਂ ਤੋਂ ਜ਼ਿਆਦਾ ਤਾਕਤਵਰ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,"ਇਹ ਕਾਫ਼ੀ ਅਹਿਮ ਹੈ ਘੱਟੋ-ਘੱਟ ਪਿਛਲੇ ਇੱਕ ਦਹਾਕੇ ਦੇ ਅਰਸੇ ਦੌਰਾਨ।"

"ਉਸ ਤੋਂ ਵੀ ਵਿਲੱਖਣ ਗੱਲ ਇਸ ਬਾਰੇ ਇਹ ਹੈ ਕਿ ਇਹ ਕਿੰਨੀ ਤੇਜ਼ੀ ਨਾਲ ਫ਼ੈਲਿਆ ਹੈ। ਇਸ ਵਿੱਚ ਬਹੁਤ ਜ਼ਿਆਦਾ ਰਾਖ ਪੈਦਾ ਹੋਈ। ਮੈਨੂੰ ਲਗਦਾ ਹੈ ਕਿ ਟੋਂਗਾ ਵਿੱਚ ਕਈ ਸੈਂਟੀਮੀਟਰ ਦੀ ਰਾਖ ਜਮ੍ਹਾਂ ਹੋ ਜਾਵੇਗੀ।"

ਆਸਟਰੇਲੀਆ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸਥਿਤੀ ਉੱਪਰ ਨਜ਼ਰ ਰੱਖ ਰਹੇ ਹਨ ਅਤੇ ਮੰਗੇ ਜਾਣ 'ਤੇ ਮਦਦ ਮੁਹਆਈ ਕਰਵਾਈ ਜਾਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਆਸਟਰੇਲੀਆ ਅਤੇ ਤਸਮੇਨੀਆ ਦੇ ਪੂਰਬੀ ਤਟਾਂ ਵੱਲ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਲੋਕਾਂ ਨਿਊ ਸਾਊਥਵੇਲਜ਼ ਦੇ ਲੋਕਾਂ ਨੂੰ ਸਮੁੰਦਰ ਦੇ ਪਾਣੀਆਂ ਵਿੱਚੋਂ ਤੁਰੰਤ ਬਾਹਰ ਨਿਕਲਣ ਲਈ ਕਿਹਾ ਹੈ।

ਨਿਊਜ਼ੀਲੈਂਡ ਟੋਂਗਾ ਤੋਂ 2,300 ਕਿੱਲੋਮੀਟਰ ਦੂਰ ਹੈ। ਉਸਦੀ ਐਮਰਜੈਂਸੀ ਮੈਨੇਜਮੈਂਟ ਸਰਵਿਸ ਏਜੰਸੀ ਨੇ ਕਿਹਾ ਹੈ ਕਿ ਨੌਰਥ ਇਜ਼ਲੈਂਡ ਦੇ ਉੱਤਰੀ ਅਤੇ ਪੂਰਬੀ ਤਟਾਂ ਉੱਪਰ ਵੱਡੀਆਂ ਅਤੇ ਅਸਾਧਾਰਣ ਲਹਿਰਾਂ ਦੇਖੀਆਂ ਗਈਆਂ ਹਨ।

ਸਥਾਨਕ ਮੌਸਮ ਵੈਬਸਾਈਟ ਵੈਦਰ ਵਾਚ ਨੇ ਟਵੀਟ ਕੀਤਾ,"ਜੋ ਊਰਜਾ ਨਿਕਲੀ ਹੈ ਉਹ ਅਦਭੁਤ ਹੈ।" ਅਤੇ "ਰਿਪੋਰਟਾਂ ਹਨ ਕਿ ਪੂਰੇ ਨਿਊਜ਼ੀਲੈਂਡ ਵਿੱਚ ਲੋਕਾਂ ਨੇ ਸੋਨਿਕ ਬੂਮਜ਼ ਸੁਣੇ ਹਨ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)