You’re viewing a text-only version of this website that uses less data. View the main version of the website including all images and videos.
ਤਾਲਿਬਾਨ ਤੇ ਭਾਰਤ ਵਿਚਾਲੇ ਹੋਈ ਪਹਿਲੀ ਗੱਲਬਾਤ, ਇਹ ਵਿਚਾਰੇ ਗਏ ਮੁੱਦੇ - ਪ੍ਰੈੱਸ ਰੀਵਿਊ
ਅਮਰੀਕੀ ਫ਼ੌਜ ਦੇ ਅਫ਼ਗਾਨਿਸਤਾਨ ਵਿੱਚੋਂ ਨਿਕਲਣ ਤੋਂ ਬਾਅਦ ਮੰਗਲਵਾਰ ਨੂੰ ਦੋਹਾ, ਕਤਰ ਵਿੱਚ ਭਾਰਤੀ ਸਫ਼ੀਰ ਦੀਪਕ ਮਿੱਤਲ ਨੇ ਤਾਲਿਬਾਨ ਆਗੂ ਸ਼ੇਰ ਮੁਹੰਮਦ ਅਬਾਸ ਸਟੈਨਕੇਜ਼ੀ ਨਾਲ ਭਾਰਤੀ ਅੰਬੈਸੀ ਵਿੱਚ ਮੁਲਾਕਾਤ ਕੀਤੀ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭਾਰਤੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਆਪਣੇ ਇੱਕ ਬਿਆਨ ਵਿੱਚ ਇਸ ਬਾਰੇ ਦੱਸਿਆ,"ਅੱਜ ਕਤਰ ਵਿੱਚ ਭਾਰਤੀ ਅੰਬੈਸਡਰ, ਦੀਪਕ ਮਿੱਤਲ ਨੇ ਦੋਹਾ ਵਿੱਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅਬਾਸ ਸਟੈਨਕੇਜ਼ੀ ਨਾਲ਼ ਮੁਲਾਕਾਤ ਕੀਤੀ। ਬੈਠਕ ਦੋਹਾ ਦੀ ਭਾਰਤੀ ਅੰਬੈਸੀ ਵਿੱਚ ਤਾਲਿਬਾਨ ਦੇ ਕਹਿਣ 'ਤੇ ਹੋਈ।"
"ਸੁਰੱਖਿਆ, ਰੱਖਿਆ ਅਤੇ ਅਫ਼ਗਾਨਿਸਤਾਨ ਵਿੱਚ ਫ਼ਸੇ ਭਾਰਤੀਆਂ ਦੇ ਜਲਦੀ ਵਾਪਸ ਆਉਣ ਬਾਰੇ ਵਿਚਾਰ-ਵਟਾਂਦਰਾ ਹੋਇਆ। ਅਫ਼ਗਾਨ ਖ਼ਾਸ ਕਰਕੇ ਘੱਟ ਗਿਣਤੀ, ਜੋ ਭਾਰਤ ਆਉਣਾ ਚਾਹੁੰਦੇ ਹਨ, ਦੀ ਯਾਤਰਾ ਬਾਰੇ ਵੀ ਗੱਲਬਾਤ ਹੋਈ।"
ਅੰਬੈਸਡਰ ਮਿੱਤਲ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਕਿਸੇ ਵੀ ਤਰ੍ਹਾਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ ਲਈ ਨਹੀਂ ਹੋਣੀ ਚਾਹੀਦੀ। ਤਾਲਿਬਾਨ ਨੇ ਅੰਬੈਸਡਰ ਨੂੰ ਯਕੀਨ ਦਵਾਇਆ ਕਿ ਇਨ੍ਹਾਂ ਮਸਲਿਆਂ ਨੂੰ ਹਾਂਪੱਖੀ ਢੰਗ ਨਾਲ਼ ਵਿਚਾਰਿਆ ਜਾਵੇਗਾ।"
ਇਹ ਵੀ ਪੜ੍ਹੋ-
ਅਕਾਲੀ ਦਲ ਦੀਆਂ ਗਤੀਵਿਧੀਆਂ ਵਿੱਚ ਕੌਣ ਰੁਕਾਵਟ ਪਾ ਰਹੇ?
ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਚਰਚਾ ਹੋਈ,"ਕਿਸਾਨਾਂ ਦੇ ਭੇਸ ਵਿੱਚ ਸ਼ਰਾਰਤੀ ਤੱਤ, ਕੁਝ ਏਜੰਸੀਆਂ ਅਤੇ ਕਿਸਾਨ ਵਿਰੋਧੀ ਤਾਕਤਾਂ ਦੇ ਇਸ਼ਾਰੇ 'ਤੇ ਸਾਡੇ ਸ਼ਾਂਤਮਈ, ਪੰਜਾਬ ਪੱਖੀ ਅਤੇ ਕਿਸਾਨ ਪੱਖੀ ਸਰਗਮੀ ਵਿੱਚ ਵਿਘਨ ਪਾ ਰਹੇ ਹਨ।"
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿੱਚ ਵਿਚਾਰਿਆ ਗਿਆ ਕਿ ਅਜਿਹੇ ਤੱਤ "ਕਿਸਾਨਾਂ ਅਤੇ ਪੰਜਾਬ ਦੇ ਸਮਾਜਿਕ ਫੈਬਰਿਕ ਨੂੰ ਇਸ ਦੇ ਅਮਨ ਨੂੰ ਭੰਗ ਕਰਨ ਅਤੇ ਇਸ ਨੂੰ ਕਿਸਾਨਾਂ ਸਿਰ ਪਾਉਣ ਦੀ ਸਾਜਿਸ਼ ਕਰ ਰਹੇ ਸਨ ਤਾਂ ਜੋ ਹੌਲ਼ੀ-ਹੌਲ਼ੀ ਇਸ ਲਹਿਰ ਨੂੰ ਕਮਜ਼ੋਰ ਕੀਤਾ ਜਾ ਸਕੇ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਸੰਯੁਕਤ ਕਿਸਾਨ ਮੋਰਚਾ ਦੇ ਉਸ ਬਿਆਨ ਦੀ ਸ਼ਲਾਘਾ ਕੀਤੀ ਜਿਸ ਵਿੱਚ ਕਿਸਾਨ ਆਗੂਆਂ ਨੇ ਸਪੱਸ਼ਟ ਤੌਰ ਤੇ ਕਿਹਾ ਸੀ ਕਿ ਜੋ ਲੋਕ ਕਿਸਾਨਾਂ ਦੇ ਨਾਲ਼ ਖੜ੍ਹੇ ਹੋਏ ਹਨ ਅਤੇ ਭਾਜਪਾ ਦਾ ਵਿਰੋਧ ਕੀਤਾ ਹੈ, ਉਨ੍ਹਾਂ ਦੇ ਕੰਮ ਵਿੱਚ ਵਿਘਨ ਪਾਉਣ ਲਈ ਕੁਝ ਨਹੀਂ ਕੀਤਾ ਜਾਣਾ ਚਾਹੀਦਾ।
ਜਲ੍ਹਿਆਂ ਵਾਲ਼ਾ ਬਾਗ਼ ਬਾਰੇ ਕੈਪਟਨ ਰਾਹੁਲ ਆਹਮੋ-ਸਾਹਮਣੇ
ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਆਹਮੋ-ਸਾਹਮਣੇ ਹਨ। ਇਸ ਵਾਰ ਵਜ੍ਹਾ ਹੈ ਜਲ੍ਹਿਆਂ ਵਾਲ਼ੇ ਬਾਗ਼ ਦਾ ਨਵੀਨੀਕਰਨ।
ਇਸ ਬਾਰੇ ਰਾਹੁਲ ਅਤੇ ਕੈਪਟਨ ਦੇ ਦੋ ਵੱਖੋ-ਵੱਖ ਸਟੈਂਡ ਸਾਹਮਣੇ ਆਏ ਹਨ।
ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕੀਤਾ,"ਜਲ੍ਹਿਆਂ ਵਾਲ਼ਾ ਬਾਗ਼ ਦੇ ਸ਼ਹੀਦਾਂ ਦੀ ਬੇਇਜ਼ਤੀ ਉਹੀ ਕਰ ਸਕਦਾ ਹੈ ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦਾ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ-ਸ਼ਹੀਦਾਂ ਦਾ ਅਪਮਾਨ ਕਿਸੇ ਕੀਮਤ ਤੇ ਸਹਿਣ ਨਹੀਂ ਕਰਾਂਗਾ। ਅਸੀਂ ਇਸ ਅਭੱਦਰ ਕਰੂਰਤਾ ਦੇ ਖ਼ਿਲਾਫ਼ ਹਾਂ'
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ,'ਜਿਨ੍ਹਾਂ ਲੋਕਾਂ ਨੇ ਅਜ਼ਾਦੀ ਲਈ ਸੰਘਰਸ਼ ਨਹੀਂ ਕੀਤਾ ਉਹ ਉਨ੍ਹਾਂ ਲੋਕਾਂ ਨੂੰ ਨਹੀਂ ਸਮਝ ਸਕਦੇ, ਜਿਨ੍ਹਾਂ ਨੇ ਇਸ ਲਈ ਸੰਘਰਸ਼ ਕੀਤਾ ਹੈ।'
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ,"ਮੈਨੂੰ ਨਹੀਂ ਪਤਾ ਕੀ ਹਟਾਇਆ ਗਿਆ ਹੈ, ਮੈਨੂੰ ਤਾਂ ਇਹ ਬਹੁਤ ਵਧੀਆ ਲੱਗਿਆ।"
ਉਨ੍ਹਾਂ ਨੇ ਕਿਹਾ ਕਿ ਇਹ ਭਵਿੱਖ ਦੀਆਂ ਪੀੜ੍ਹੀਆਂ ਲਈ ਸ਼ਾਂਤੀਪੂਰਬਕ ਵਿਰੋਧ ਦੇ ਹੱਕ ਦੀ ਯਾਦਗਾਰ ਵਜੋਂ ਕੰਮ ਕਰੇਗਾ।
'ਮੋਦੀ-ਯੋਗੀ ਦੀ ਜੋੜੀ ਰੱਬ ਨੇ ਬਣਾਈ ਹੈ'- ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ "ਰੱਬ ਵੱਲੋਂ ਬਣਾਈ ਅਦਭੁਤ ਜੋੜੀ" ਕਿਹਾ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜੇ ਯੋਗੀ ਆਦਿਤਿਆ ਨਾਥ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾ ਹੁੰਦੇ ਤਾਂ ਉਹ ਆਪਣੇ ਹਲਕੇ ਲਖਨਊ ਵਿੱਚ "ਇੰਨਾ ਵਿਕਾਸ" ਸ਼ਾਇਦ ਨਾ ਕਰ ਪਾਉਂਦੇ।
ਉਨ੍ਹਾਂ ਨੇ ਇਹ ਸ਼ਬਦ ਲਖਨਊ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਕਹੇ। ਉਨ੍ਹਾਂ ਨੇ ਕਿਹਾ ਕਿ ਪੀਐੱਮ ਅਤੇ ਸੀਐੱਮ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਛੋਟੀ ਗੱਲ ਨਹੀਂ ਹਨ ਅਤੇ ਇਨ੍ਹਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਹ ਥੋੜ੍ਹੀ ਹੈ।
ਇਹ ਵੀ ਪੜ੍ਹੋ: