ਸਵੀਡਨ ਵਿੱਚ ਕੁਰਾਨ ਸਾੜੇ ਜਾਣ ਤੋਂ ਬਾਅਦ ਹੋ ਰਹੇ ਹਨ ਮੁਜ਼ਾਹਰੇ ਹੋਏ ਹਿੰਸਕ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਸਵੀਡਨ ਵਿੱਚ ਪਵਿੱਤਰ ਕੁਰਾਨ ਦੀ ਕਾਪੀ ਸਾੜੇ ਜਾਣ ਤੋਂ ਹੋ ਰਹੇ ਮੁਜ਼ਾਹਰਿਆਂ ਨੇ ਹਿੰਸਕ ਰੂਪ ਲੈ ਲਿਆ ਹੈ। ਕਈ ਘੰਟਿਆਂ ਦੌਰਾਨ ਮੁਜ਼ਾਹਰਾਕਾਰੀਆਂ ਅਤੇ ਪੁਲਿਸ ਦਰਮਿਆਨ ਹਿੰਸਕ ਝੜਪਾਂ ਹੋਈਆਂ ਹਨ।

ਸਵੀਡਨ ਦੇ ਦੱਖਣੀ ਸ਼ਹਿਰ ਮਲਾਮੋ ਜਿੱਥੇ ਕਾਰਾਂ, ਦੁਕਾਨਾਂ ਨੂੰ ਹਿੰਸਾ ਦੌਰਾਨ ਅੱਗ ਲਾ ਦਿੱਤੀ ਗਈ ਸੀ, ਵਿੱਚ ਸਥਿਤੀ ਕਾਬੂ ਹੇਠ ਹੈ ਅਤੇ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਸ਼ੁੱਕਰਵਾਰ ਨੂੰ ਪੁਲਿਸ ਵੱਲੋਂ ਡੈਨਿਸ਼ ਸਿਆਸਤਦਾਨ ਰਸਮੁਸ ਪਾਲੁਡਨ ਨੂੰ ਕੁਰਾਨ ਦੀ ਕਾਪੀ ਸਾੜੇ ਜਾਣ ਦੇ ਸੰਬੰਧ ਵਿੱਚ ਰੱਖੀ ਗਈ ਰੈਲੀ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ।

ਇਹ ਵੀ ਪੜ੍ਹੋ:

ਹਾਲਾਂਕਿ ਪਾਲੁਡਨ ਦੇ ਹਮਾਇਤੀਆਂ ਨੇ ਕਾਰਵਾਈ ਜਾਰੀ ਰੱਖੀ।

ਸਵੀਡਨ ਦੀ ਪੁਲਿਸ ਨੇ ਪਾਲੁਡਨ ਨੂੰ ਸਰਹੱਦ ਤੋਂ ਵਾਪਸ ਭੇਜ ਦਿੱਤਾ ਤੇ ਕਿਹਾ ਕਿ ਉਨ੍ਹਾਂ ਦੇ ਸਵੀਡਨ ਵਿੱਚ ਦਾਖ਼ਲੇ ਉੱਪਰ ਦੋ ਸਾਲ ਦੀ ਪਾਬੰਦੀ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਡੈਨਮਾਰਕ ਵਿੱਚ ਨਸਲਵਾਦ ਵਰਗੇ ਮਸਲਿਆਂ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮ ਵਿੱਚ ਉੱਥੋਂ ਦੀ ਸੱਜੇ ਪੱਖੀ ਸਟਰਾਮ ਕੁਰਸ (ਕੱਟੜਪੰਥੀ) ਦੇ ਮੁਖੀ ਨੂੰ ਇੱਕ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਮੁਖੀ ਉੱਪਰ ਪਾਰਟੀ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਇਸਲਾਮ ਵਿਰੋਧੀ ਸਮਗੱਰੀ ਪੋਸਟ ਕਰਨ ਦਾ ਦੋਸ਼ੀ ਪਾਇਆ ਗਿਆ ਸੀ।

ਦੰਗਿਆ ਵਾਲਾ ਇਲਾਕਾ ਪਰਵਾਸੀ ਵਸੋਂ ਵਾਲਾ

ਖ਼ਬਰ ਏਜੰਸੀ ਏਪੀ ਮੁਤਾਬਕ ਸਵੀਡਨ ਦੇ ਮਲਾਮੋ ਵਿੱਚ ਹੀ ਸ਼ੁਕਰਵਾਰ ਦੁਪਹਿਰ ਬਾਅਦ ਕੁਝ ਸੱਜੇ ਪੱਖੀ ਕਾਰਕੁਨਾਂ ਨੇ ਕੁਰਾਨ ਦੀ ਇੱਕ ਕਾਪੀ ਨੂੰ ਅੱਗ ਲਾ ਦਿੱਤੀ ਸੀ।

ਜਿਸ ਤੋਂ ਬਾਅਦ ਪੁਲਿਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਦੰਗੇ ਭੜਕ ਪਏ ਸਨ ਤੇ ਲਗਭਗ 300 ਲੋਕ ਸੜਕਾਂ ਉੱਪਰ ਮੁਜ਼ਾਹਰਾ ਕਰਨ ਆ ਗਏ ਸਨ। ਜਿਸ ਇਲਾਕੇ ਵਿੱਚ ਹਿੰਸਾ ਹੋਈ ਉੱਥੇ ਬਹੁਗਿਣਤੀ ਪ੍ਰਵਾਸੀ ਵਸੋਂ ਦੀ ਹੈ।

ਯੁਨਾਈਟਡ ਨੇਸ਼ਨਜ਼ ਆਲਾਇੰਸ ਆਫ਼ ਸਿਵਲਾਈਜ਼ੇਸ਼ਨਜ਼ ਦੇ ਬੁਲਾਰੇ ਨੇ ਘਟਨਾ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਸੰਯੁਕਤ ਰਾਸ਼ਟਰ ਦੀਆਂ ਕਦਰਾਂ-ਕੀਮਤਾਂ ਦੇ ਉਲਟ ਵਾਕਿਆ ਦੱਸਿਆ ਹੈ।

ਬੁਲਾਰੇ ਨੇ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨਹੀਂ ਹਿੰਸਾ ਦਾ ਤਿਆਗ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)