You’re viewing a text-only version of this website that uses less data. View the main version of the website including all images and videos.
ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਅਸੀਂ ਭਾਰਤ ਸਰਕਾਰ ਦੀ ਹਦਾਇਤਾਂ ਅਨੁਸਾਰ ਫ਼ੈਸਲਾ ਲਵਾਂਗੇ - ਸੁਖਜਿੰਦਰ ਰੰਧਾਵਾ
ਪਾਕਿਸਤਾਨ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਖੋਲ੍ਹਣ ਲਈ ਤਿਆਰ ਹਨ। ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।
ਉਨ੍ਹਾਂ ਨੇ ਲਿਖਿਆ, "ਜਦੋਂ ਕਿ ਸਾਰੀ ਦੁਨੀਆਂ ਵਿੱਚ ਧਾਰਮਿਕ ਸਥਾਨ ਖੁੱਲ੍ਹ ਰਹੇ ਹਨ ਤਾਂ ਪਾਕਿਸਤਾਨ ਵੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ।"
"ਭਾਰਤੀ ਪੱਖ ਨੂੰ ਇਸ ਬਾਰੇ ਸਾਡੀ ਤਿਆਰੀ ਦੀ ਸੂਚਨਾ ਦੇ ਰਹੇ ਹਾਂ। ਲਾਂਘਾ 29 ਜੂਨ 2020 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਖੋਲ੍ਹਿਆ ਜਾਵੇਗਾ।"
ਉੱਧਰ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਚੱਲੇਗੀ।
ਦਰਅਸਲ ਕਰਤਾਰਪੁਰ ਲਾਂਘਾ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਲੱਗੇ ਲੌਕਡਾਊਨ ਦੌਰਾਨ ਇਸ ਸਾਲ ਮਾਰਚ ਤੋਂ ਹੀ ਬੰਦ ਹੈ।ਪਿਛਲੇ ਸਾਲ ਨਵੰਬਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪੰਜਾਬ ਸੂਬੇ ਵਿੱਚ ਸਥਿਤ ਡੇਰਾ ਬਾਬਾ ਨਾਨਕ ਵਿਖੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਗੁਰਦੁਆਰੇ ਵਿੱਚ ਲਾਂਘੇ ਦਾ ਉਦਘਾਟਨ ਕੀਤਾ ਸੀ।
ਇਸ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਦਿੱਤਾ ਹੈ। ਲਾਹੌਰ ਤੋਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਅਨੁਸਾਰ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ।
ਸ਼ਰਧਾਲੂ ਨੂੰ ਇੰਤਜ਼ਾਰ ਕਰਨਾ ਚਾਹੀਦਾ - ਰੰਧਾਵਾ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਲੋਂ ਸ਼੍ਰੀ ਕਰਤਾਰਪੁਰ ਸਾਹਿਬ ਨੂੰ 29 ਜੂਨ ਤੋਂ ਖੋਲਣ ਦੇ ਬਿਆਨ ਨੂੰ ਲੈਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਪਾਕਿਸਤਾਨ ਵਲੋਂ ਤਾਂ ਆਪਣੇ ਦੇਸ਼ ਚ ਲੌਕਡਾਊਨ ਵੀ ਨਹੀਂ ਕੀਤਾ ਸੀ।
ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ, "ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਹੈ ਉਹ ਭਾਰਤ ਸਰਕਾਰ ਦੇ ਹੁਕਮਾਂ 'ਤੇ ਸਾਰੀਆਂ ਸਰਹੱਦਾਂ ਦੀ ਬੰਦ ਹੋਣ ਦੇ ਨਾਲ ਹੀ ਰੋਕ ਹੈ ਅਤੇ ਵਾਹਗਾ ਅਤੇ ਫਿਰੋਜਪੁਰ ਭਾਰਤ - ਪਾਕ ਸਰਹੱਦ 'ਤੇ ਆਵਾਜਾਈ ਹੁਣ ਤਕ ਬੰਦ ਹੈ।"
"ਜੇਕਰ ਕੇਂਦਰ ਸਰਕਾਰ ਠੀਕ ਸਮਝੇ ਤਾਂ ਉਹ ਕਰਤਾਰਪੁਰ ਲਾਂਘਾ ਖੋਲ੍ਹ ਸਕਦੇ ਹਨ। ਅਸੀਂ ਆਪਣੇ ਦੇਸ਼ ਦੀ ਐਡਵਾਇਜ਼ਰੀ ਦੇ ਮੁਤਾਬਿਕ ਸਹਿਮਤ ਹਾਂ ਜੋ ਉਹ ਫੈਸਲਾ ਲਏ ਉਹ ਮੰਨਿਆ ਜਾ ਰਿਹਾ ਹੈ |"
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਵੀ ਸੰਗਤ ਨੂੰ ਪਾਬੰਦੀ ਸੀ ਤਾ ਸੰਗਤ ਨੇ ਪੂਰਾ ਸਹਿਯੋਗ ਦਿਤਾ ਅਤੇ ਹੁਣ ਵੀ ਸੰਗਤ ਨੂੰ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦੇ ਫੈਸਲੇ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ |
ਇਹ ਵੀ ਦੇਖੋ: