ਕੋਰੋਨਾਵਾਇਰਸ: ਨਰਸ ਜੋ ਆਪਣੇ ਦੋ ਸਾਲ ਦੇ ਪੁੱਤਰ ਨੂੰ 5 ਹਫ਼ਤਿਆਂ ਤੋਂ ਗਲੇ ਨਹੀਂ ਲਗਾ ਸਕੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

‘’5 ਹਫ਼ਤੇ ਹੋ ਗਏ ਮੈਂ ਆਪਣੇ ਦੋ ਸਾਲ ਦੇ ਪੁੱਤਰ ਨੂੰ ਗਲੇ ਨਹੀਂ ਲਗਾ ਸਕੀ’’ – ਇਹ ਸ਼ਬਦ ਖੁਦ ਨੂੰ ਆਈਸੋਲੇਸ਼ਨ ਯਾਨਿ ਏਕਾਂਤਵਾਸ ਵਿੱਚ ਰੱਖਣ ਵਾਲੀ ਨਰਸ ਦੇ ਹਨ ਤੇ ਪੁੱਤਰ ਤੋਂ ਇਸ ਦੂਰੀ ਨੂੰ ਉਹ ‘ਦਿਲ ਤੋੜਨ ਵਾਲਾ’ ਆਖ਼ਦੀ ਹੈ।

ਸ਼ਾਰਲੈਟ ਕੋਲ ਨਾਮ ਦੀ ਇਸ ਨਰਸ ਨੇ ਆਪਣਿਆਂ ਮਾਪਿਆਂ ਕੋਲ 2 ਸਾਲਾ ਪੁੱਤਰ ਜੌਰਜ ਨੂੰ ਛੱਡਣ ਦਾ ‘ਔਖਾ ਫੈਸਲਾ’ ਲਿਆ। ਹਾਲਾਂਕਿ ਨਰਸ ਦੇ ਮਾਪਿਆਂ ਦਾ ਘਰ 5 ਮਿੰਟ ਦੀ ਦੂਰੀ 'ਤੇ ਹੀ ਹੈ।

ਸ਼ਾਰਲੈਟ ਜਿੱਥੇ ਕੰਮ ਕਰਦੀ ਹੈ, ਉੱਥੇ ਕੋਵਿਡ-19 ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਪੁੱਤਰ ਨੂੰ ਆਪਣੇ ਮਾਪਿਆਂ ਕੋਲ ਛੱਡਣ ਦਾ ਫੈਸਲਾ ਲਿਆ।

30 ਸਾਲ ਦੀ ਸ਼ਾਰਲੈਟ ਅਤੇ ਉਸ ਦਾ ਪਤੀ ਡੈਨੀਅਲ ਪੁੱਤਰ ਜੌਰਜ ਨੂੰ ਬਾਰੀ ਰਾਹੀਂ ਦੇਖਣ ਲਈ ਰੋਜ਼ਾਨਾ ਆਉਂਦੇ ਹਨ।

ਸ਼ਾਰਲੈਟ ਦਾ ਦਿਲ ਤਾਂ ਪੁੱਤਰ ਨੂੰ ਲਾਡ-ਪਿਆਰ ਕਰਨ ਨੂੰ ਕਰਦਾ ਹੈ ਪਰ ਉਸ ਮੁਤਾਬਕ ਇਹ ਸਭ ਰਿਸਕੀ ਹੈ।

ਬੱਚੇ ਤੋਂ ਦੂਰ ਰਹਿਣ ਦਾ ‘ਔਖਾ’ ਫੈਸਲਾ

ਸ਼ਾਰਲੈਟ ਕੋਲ ਕਹਿੰਦੀ ਹੈ, ‘’ਜੌਰਜ ਤੋਂ ਖੁਦ ਨੂੰ ਦੂਰ ਕਰਨ ਦਾ ਫੈਸਲਾ ਬਹੁਤ ਔਖਾ ਸੀ ਪਰ ਕਿਉਂਕਿ ਮੈਂ ਰੋਜ਼ਾਨਾ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆ ਰਹੀ ਸੀ ਜੋ ਕੋਰੋਨਾਵਾਇਰਸ ਨਾਲ ਪੀੜਤ ਹਨ, ਇਸ ਲਈ ਇਹ ਫੈਸਲਾ ਲੈਣਾ ਜ਼ਰੂਰੀ ਸੀ।‘’

ਸ਼ਾਰਲੈਟ ਕੋਲ ਇੰਗਲੈਂਡ ਦੇ ਉੱਤਰ ਪੱਛਮ ਹਿੱਸੇ ਵਿੱਚ ਇੱਕ ਕੇਅਰ ਕੰਪਨੀ ਵਿੱਚ ਬਤੌਰ ਨਰਸ ਕੰਮ ਕਰਦੀ ਹੈ।

ਸ਼ਾਰਲੈਟ ਨੂੰ ਆਪਣੇ ਮਾਪਿਆਂ ਦਾ ਵੀ ਫਿਕਰ ਰਹਿੰਦਾ ਹੈ। ਉਸ ਮੁਤਾਬਕ ਉਹ ਮਾਂ ਬ੍ਰਿਜੇਟ (55) ਅਤੇ ਪਿਤਾ ਰੋਬਰਟ (65) ਦਾ ਵੀ ਖਿਆਲ ਰੱਖਣਾ ਚਾਹੁੰਦੀ ਹੈ ਜੋ ਜੌਰਜ ਦਾ ਧਿਆਨ ਰੱਖ ਰਹੇ ਹਨ।

ਸ਼ਾਰਲੈਟ ਕਹਿੰਦੀ ਹੈ, ‘’ਆਪਣੇ ਕੰਮ ਕਰਕੇ ਮੈਂ ਹਮੇਸ਼ਾਂ ਰਿਸਕ ਵਿੱਚ ਹਾਂ।‘’

ਇੰਗਲੈਂਡ ਦੇ ਕਿਰਖ਼ਮ ਇਲਾਕੇ 'ਚ ਰਹਿਣ ਵਾਲੇ ਸ਼ਾਰਲੈਟ ਅਤੇ ਡੈਨੀਅਲ ਨੂੰ ਲੱਗਿਆ ਕਿ ਲੌਕਡਾਊਨ ਕੁਝ ਹਫ਼ਤੇ ਰਹੇਗਾ ਪਰ ਜਦੋਂ ਲੌਕਡਾਊਨ ਦੇ ਵਧਣ ਬਾਰੇ ਇਨ੍ਹਾਂ ਨੂੰ ਪਤਾ ਲੱਗਿਆ ਤਾਂ ਸ਼ਾਰਲੈਟ ਮੁਤਾਬਕ ਦੋ ਸਾਲਾ ਜੌਰਜ ਤੋਂ ਦੂਰ ਰਹਿਣਾ ਔਖਾ ਹੋ ਗਿਆ।

‘ਬੱਚੇ ਬਿਨਾਂ ਘਰ ਖਾਲ੍ਹੀ ਲੱਗਦਾ ਹੈ’

ਸ਼ਾਰਲੈਟ ਕਹਿੰਦੀ ਹੈ, ‘’ਘਰ ਹੁਣ ਖਾਲ੍ਹੀ ਜਿਹਾ ਲਗਦਾ ਹੈ।‘’

‘’ਅਸੀਂ ਰੋਜ਼ ਵੀਡੀਓ ਕਾਲ ਕਰਦੇ ਹਾਂ, ਮੇਰੇ ਮਾਪੇ ਜੌਰਜ ਦੀਆਂ ਨਾਸ਼ਤਾ ਕਰਦੇ ਦੀਆਂ, ਖੇਡਦੇ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਭੇਜਦੇ ਹਨ ਪਰ ਕੁਝ ਕੁ ਗੱਲਾਂ ਹਨ ਜੋ ਮੈਂ ਬਹੁਤ ਚੇਤੇ ਕਰਦੀ ਹਾਂ...ਜਿਵੇਂ ਸੌਣ ਲੱਗੇ ਉਸ ਨੂੰ ਕਹਾਣੀ ਸੁਣਾਉਣਾ, ਨਵਾਉਣਾ ਤੇ ਉਸ ਲਈ ਖਾਣਾ ਤਿਆਰ ਕਰਨਾ।‘’

ਉਹ ਅੱਗੇ ਕਹਿੰਦੀ ਹੈ, ‘’ਮੇਰੇ ਮਾਪਿਆਂ ਨੂੰ ਜੌਰਜ ਨਾਲ ਸਮਾਂ ਬਿਤਾਉਣਾ ਚੰਗਾ ਲਗ ਰਿਹਾ ਹੈ ਪਰ ਮੇਰੇ ਤੇ ਡੈਨੀਅਲ ਲਈ ਔਖਾ ਸਮਾਂ ਹੈ।‘’

ਸ਼ਾਰਲੈਟ ਦੇ ਮਾਪਿਆਂ ਦੇ ਗੁਆਂਢੀ ਅਤੇ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫ਼ਰ ਪੀਟਰ ਔਸਟਿਨ ਨੇ ਜਦੋਂ ਸ਼ਾਰਲੈਟ ਨੂੰ ਰੋਜ਼ ਖਿੜਕੀ ਰਾਹੀਂ ਆਪਣੇ ਪੁੱਤਰ ਨੂੰ ਮਿਲਦੇ ਦੇਖਿਆ ਤਾਂ ਉਨ੍ਹਾਂ ਸ਼ਾਰਲੈਟ ਤੋਂ ਇਨ੍ਹਾਂ ਪਲਾਂ ਦੀਆਂ ਤਸਵੀਰਾਂ ਖਿੱਚਣ ਦੀ ਇਜਾਜ਼ਤ ਮੰਗੀ।

45 ਸਾਲ ਦੇ ਪੀਟਰ ਕਹਿੰਦੇ ਹਨ, ‘’ਇਹ ਬਹੁਤ ਹੀ ਖੁਸ਼ਨੁਮਾ ਪਰਿਵਾਰਕ ਮਾਹੌਲ ਸੀ। ਮੈਂ ਆਪਣੇ ਦੋਸਤ ਅਤੇ ਗੁਆਂਢੀਆਂ ਨੂੰ ਕੁਝ ਅਜਿਹੀ ਪੌਜ਼ੀਟਿਵ ਯਾਦ ਦੇਣਾ ਚਾਹੁੰਦਾ ਸੀ।‘’

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)