ਕੋਰੋਨਾਵਾਇਰਸ: 'ਪੂਰੀ ਦੁਨੀਆਂ ਨੇ ਇੱਕ-ਦੂਜੇ ਨੂੰ ਕੋਰੋਨਾ ਇਵੇਂ ਵੰਡਿਆ, ਜਿਵੇਂ ਮੁੰਡਾ ਹੋਣ ‘ਤੇ ਮੁਹੱਲੇ ‘ਚ ਲੱਡੂ' - ਮੁਹੰਮਦ ਹਨੀਫ਼ ਦਾ VLOG

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਪਾਕਿਸਤਾਨ ਦੇ ਆਪਣੇ ਨਿਊਜ਼ ਚੈਨਲ ਵੀ ਕਿਸੇ ਤੋਂ ਘੱਟ ਨਹੀਂ ਲੇਕਿਨ ਇੰਡੀਆ ਦੇ ਚੈਨਲਾਂ ਦੀ ਤਾਂ ਕਿਆ ਹੀ ਬਾਤ ਹੈ।

ਪਾਕਿਸਤਾਨ 'ਚ ਬੈਨ ਨੇ ਤਾਂ ਇਸ ਲਈ ਘੱਟ-ਘੱਟ ਹੀ ਵੇਖਣ ਹੁੰਦਾ ਹੈ। ਕਦੀ-ਕਦੀ ਸੋਸ਼ਲ ਮੀਡੀਆ 'ਤੇ ਕਲਿੱਪ ਜ਼ਰੂਰ ਵੇਖ ਲਈ ਦਾ ਹੈ।

ਜੇ ਪਾਕਿਸਤਾਨੀ ਨਿਊਜ਼ ਚੈਨਲ 'ਤੇ ਤਿੰਨ ਬੰਦੇ ਬੈਠੇ ਚੀਕ ਰਹੇ ਹੋਣਗੇ ਤਾਂ ਉਦੇ ਮੁਕਾਬਲੇ 'ਚ ਇੰਡੀਅਨ ਚੈਨਲ 'ਤੇ 15 ਬੰਦੇ ਬੈਠੇ ਹੋਣਗੇ ਤੇ ਇੱਕੋ ਹੀ ਵੇਲ੍ਹੇ ਗਲਾ ਪਾੜ-ਪਾੜ ਕੇ ਰੌਲਾ ਪਾ ਰਹੇ ਹੋਣਗੇ, ਬਈ ਲੁੱਟ ਗਏ, ਮਰ ਗਏ ਕਿ ਸਾਡਾ ਪ੍ਰੋਗਰਾਮ ਖ਼ਤਮ ਹੋਣ ਤੋਂ ਪਹਿਲੇ-ਪਹਿਲੇ ਹਸ਼ਰ ਦਿਹਾੜਾ ਆਉਣ ਲੱਗਾ।

ਕੁਝ ਚੈਨਲਾਂ ਦੇ ਸਕਰੀਨ ਸ਼ੋਰਟ ਵੇਖੇ ਪਿਛਲੇ ਦਿਨਾਂ 'ਚ ਤਾਂ ਇੰਝ ਜਾਪਿਆ ਕਿ ਜਿਵੇਂ, ਹਿੰਦੁਸਤਾਨ 'ਚ ਕੋਰੋਨਾ ਨਹੀਂ ਆਇਆ ਬਲਕਿ ਪਾਕਿਸਤਾਨ ਨੇ ਹਮਲਾ ਕਰ ਛੱਡਿਆ।

ਹਮਲਾ ਕੀਤਾ ਕਿਵੇਂ ਆ - ਤਬਲੀਗੀ ਜਮਾਤ ਦੇ ਜ਼ਰੀਏ, ਬਈ ਇੰਡੀਆ 'ਚ ਜਿਹੜਾ ਕੋਰੋਨਾ ਆਇਆ ਉਹ ਤਬਲੀਗੀ ਜਮਾਤ ਵਾਲੇ ਲੈ ਕੇ ਆਏ ਨੇ ਤੇ ਹੁਣ ਉਹ ਪੂਰੇ ਹਿੰਦੁਸਤਾਨ 'ਚ ਫੈਲਾ ਰਹੇ ਹਨ।

ਪਾਕਿਸਤਾਨ 'ਚ ਵੀ ਕੁਝ ਦੇਰ ਇਹ ਰੌਲਾ ਪਿਆ ਸੀ ਕਿ ਜਿਹੜੇ ਤਬਲੀਗ ਵਾਲੇ ਨੇ ਇੰਨ੍ਹਾਂ ਦਾ ਕੋਈ ਇੱਕਠ ਹੋਇਆ, ਉੱਥੋਂ ਜਿੱਥੇ-ਜਿੱਥੇ ਇਹ ਗਏ ਨੇ ਉਹ ਵਾਇਰਸ ਆਪਣੇ ਨਾਲ ਲੈ ਗਏ ਹਨ।

ਗਜ਼ਾ ਪੱਟੀ 'ਚੋਂ ਦੋ ਤਬਲੀਗੀ ਰਾਏਵਿੰਡ ਆਏ ਸਨ ਉਹ ਵੀ ਇਹ ਤੋਹਫ਼ਾ ਵਾਪਸ ਨਾਲ ਲੈ ਗਏ ਹਨ।

ਇਜ਼ਰਾਇਲ ਨੇ ਕਿੰਨਿਆਂ ਵਰ੍ਹਿਆਂ ਤੋਂ ਗਜ਼ਾ ਨੂੰ ਇੱਕ ਜੇਲ੍ਹ ਬਣਾ ਕੇ ਰੱਖਿਆ ਹੋਇਆ ਹੈ।

ਸਾਡਾ ਮੁਸਲਮਾਨ ਭਰਾ, ਮੁਸਲਮਾਨ ਭਰਾ ਕਹਿੰਦਿਆਂ ਮੂੰਹ ਨਹੀਂ ਥੱਕਦਾ, ਲੇਕਿਨ ਅਸੀਂ ਗਜ਼ਾ ਦੇ ਮੁਸਲਮਾਨਾਂ ਨੂੰ ਤੋਹਫ਼ਾ ਦਿੱਤਾ ਵੀ ਹੈ ਤਾਂ ਕੀ- ਕੋਰੋਨਾਵਾਇਰਸ।

'ਸਾਰਾ ਇਲਜ਼ਾਮ ਤਬਲੀਗੀਆਂ ਨੂੰ ਦੇਣਾ ਜ਼ਾਅਤੀ ਹੈ'

ਲੇਕਿਨ ਮੇਰਾ ਖ਼ਿਆਲ ਹੈ ਕਿ ਸਾਰਾ ਇਲਜ਼ਾਮ ਤਬਲੀਗੀਆਂ ਨੂੰ ਦੇਣਾ ਵੀ ਜ਼ਾਅਤੀ ਹੈ।

ਉਹ ਵਿਚਾਰੇ ਆਪਣਾ ਘਰ, ਕਾਰੋਬਾਰ ਸਾਰਾ ਕੁਝ ਛੱਡ ਕੇ ਕਦੇ 10 ਦਿਨ ਲਈ ਕਦੇ 40 ਦਿਨ ਲਈ ਅੱਲ੍ਹਾ ਦੀ ਰਾਹ 'ਚ ਨਿਕਲ ਜਾਂਦੇ ਨੇ ਤੇ ਮੁਸਲਮਾਨਾਂ ਨੂੰ ਹੋਰ ਪੱਕਾ ਮੁਸਲਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ।

ਬਾਕੀ ਦੁਨੀਆਂ ਦਾ ਪਤਾ ਨਹੀਂ ਪਰ ਪਾਕਿਸਤਾਨ 'ਚ ਤਬਲੀਗੀ ਸਾਰੇ ਮਰਦ ਹੀ ਹੁੰਦੇ ਹਨ ਤੇ ਤਬਲੀਗ ਜਾਣਾ ਉਨ੍ਹਾਂ ਦਾ ਸ਼ੁਗਲ ਮੇਲਾ ਵੀ ਹੈ।

ਕੈਂਪਿੰਗ ਵਰਗਾ ਜਿਹਾ ਮਾਹੌਲ ਹੁੰਦਾ ਹੈ, ਸੈਰ ਦੀ ਸੈਰ ਤੇ ਸਵਾਬ ਦਾ ਸਵਾਬ।

ਵੇਖੋ ਨਾ, ਬਈ ਤੁਸੀਂ ਘਰ ਵਾਲਿਆਂ ਨੂੰ ਆਖੋ ਬਈ ਮੈਂ ਫਲਾਣੇ ਯਾਰ ਦੇ ਡੇਰੇ 'ਤੇ ਚੱਲਿਆਂ ਤਾਂ 100 ਸਵਾਲ ਪੁੱਛੇ ਜਾਣਗੇ।

ਬਈ ਕਿਉਂ ਚੱਲੇ ਓ, ਉੱਥੇ ਹੋਰ ਕੌਣ ਆਵੇਗਾ, ਵਾਪਸ ਕਦੋਂ ਮੁੜੋਗੇ? ਤੇ ਜੇ ਮਰਦ ਘਰ 'ਚ ਖਲ੍ਹੋ ਕੇ ਕਹੇ ਕਿ ਮੈਂ 40 ਦਿਨਾਂ ਲਈ ਤਬਲੀਗ ਦੇ ਦੌਰੇ 'ਤੇ ਚੱਲਿਆਂ ਤਾਂ ਕਿਸੇ ਦੀ ਮਾਂ ਦੀ ਜ਼ੁੱਰਤ ਹੈ ਕਿ ਪੁੱਛ ਸਕੇ ਕਿ ਬਈ ਤੂੰ ਏਡਾ ਵੇਲ੍ਹਾ ਕਿੱਥੋਂ ਦਾ ਹੋ ਗਿਆ।

ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਹਕੂਮਤ ਰੋਕ ਸਕਦੀ ਸੀ ਲੇਕਿਨ ਹਕੂਮਤ ਆਪ ਅੱਲ੍ਹਾ ਵਾਲਿਆਂ ਤੋਂ ਇੰਨ੍ਹਾਂ ਡਰਦੀ ਹੈ ਕਿ ਇਕੱਠ ਨੂੰ ਨਹੀਂ ਰੋਕ ਸਕੀ ਪਰ ਹੁਣ ਪਿੰਡਾਂ-ਸ਼ਹਿਰਾਂ 'ਚ ਛਾਪੇ ਮਾਰ ਕੇ ਤਬਲੀਗੀਆਂ ਨੂੰ ਲੱਭਦੀ ਫਿਰਦੀ ਹੈ।

ਸੱਚੀ ਗੱਲ ਇਹ ਹੈ ਕਿ ਜਿੰਨਾਂ ਨੇ ਕਦੇ ਰਾਏਵਿੰਡ ਨਹੀਂ ਵੇਖਿਆ ਬਲਕਿ ਕਦੇ ਮਸੀਤ ਦੀ ਸ਼ਕਲ ਵੀ ਨਹੀਂ ਵੇਖੀ, ਕੋਰੋਨਾ ਇਸ ਮੁਲਕ 'ਚ ਉਹ ਵੀ ਲੈ ਕੇ ਆਏ ਹਨ।

ਅਮਰੀਕਾ, ਯੂਰਪ ਤੋਂ ਪੱਪੂ, ਬੱਚੇ ਤੇ ਬੱਚੀਆਂ ਵੀ ਲੈ ਕੇ ਆਏ ਨੇ ਤੇ ਕੈਨੇਡਾ ਤੋਂ ਵੀ ਆਇਆ ਹੈ। ਸਾਡਾ ਯਾਰ ਚੀਨ ਤੋਂ ਵੀ ਤੁਰਿਆ ਹੈ।

ਪੂਰੀ ਦੁਨੀਆਂ ਨੇ ਇੱਕ-ਦੂਜੇ ਨੂੰ ਕੋਰੋਨਾ ਇਵੇਂ ਵੰਡਿਆ, ਜਿਵੇਂ ਮੁੰਡਾ ਹੋਣ 'ਤੇ ਮੁਹੱਲੇ 'ਚ ਲੱਡੂ ਵੰਡੀ ਦੇ ਸੀ। ਲੇਕਿਨ ਸਾਡੀ ਆਦਤ ਹੈ ਕਿ ਕਿਸੇ ਨਾ ਕਿਸੇ ਨੂੰ ਤਾਂ ਇਲਜ਼ਾਮ ਦੇਣਾ ਹੀ ਹੁੰਦਾ ਹੈ।

ਪਾਕਿਸਤਾਨ 'ਚ ਸਾਡੀ ਆਦਤ ਇਹ ਰਹੀ ਹੈ ਕਿ ਹੜ੍ਹ ਆਵੇ, ਜ਼ਲਜ਼ਲਾ ਆਵੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਹਿੰਦੁਸਤਾਨ ਦਾ ਹੱਥ ਉਸ 'ਚ ਲੱਭ ਲੈਂਦੇ ਸੀ।

ਹੁਣ ਹਿੰਦੁਸਤਾਨ ਸਾਡੇ ਤੋਂ ਕਿਤੇ ਅਗਾਂਹ ਟੁਰ ਗਿਆ ਹੈ।

ਮੋਦੀ ਤੇ ਉਸ ਦੇ ਭਗਤਾਂ ਦੇ ਘਰ ਦਾਲ ਨਾ ਗਲੇ ਤਾਂ ਰੌਲਾ ਪਾ ਦਿੰਦੇ ਨੇ ਕਿ ਉਹ ਵੇਖੋ ਪਾਕਿਸਤਾਨੀ ਆ ਗਿਆ, ਪਾਕਿਸਤਾਨੀ ਆ ਗਿਆ ਤੇ ਫਿਰ ਜਦੋਂ ਉਹ ਪਾਕਿਸਤਾਨੀ ਨਜ਼ਰ ਨਾ ਆਵੇ ਤਾਂ ਆਪਣੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਪਾਕਿਸਤਾਨੀ ਕਰਕੇ ਗਾਲ ਵੀ ਕੱਢਣਾ ਸ਼ੁਰੂ ਕਰ ਦਿੰਦੇ ਹਨ।

ਸੱਚੀ ਗੱਲ ਇਹ ਹੈ ਕਿ ਇਸ ਵਾਰੀ ਅਸੀਂ ਇਕ-ਦੂਜੇ 'ਤੇ ਕੋਈ ਹਮਲਾ ਨਹੀਂ ਕੀਤਾ। ਹਮਲਾ ਸਾਡੇ 'ਤੇ ਹੋਇਆ ਹੈ।

ਹੁਣ ਭਾਵੇਂ ਇਸ ਵਾਇਰਸ 'ਤੇ ਸਾਰਜੀਕਲ ਸਟਰਾਇਕ ਕਰੋ, ਬੂਹੇ ਬੰਦ ਕਰਕੇ ਲੜੋ, ਗਰਮ ਪਾਣੀ ਪੀ ਕੇ ਜਾਂ ਗਾਂ ਦਾ ਮੂਤਰ ਪੀ ਕੇ ਇਸ ਵਾਇਰਸ ਨੂੰ ਮਾਰੋ ਲੇਕਿਨ ਇੱਕ ਦੂਜੇ ਦੇ ਹੱਥੀ ਨਾ ਪਾਵੋ, ਨਹੀਂ ਤਾਂ ਇਹ ਹੋਰ ਫੈਲੇਗਾ।

ਰੱਬ ਰਾਖਾ

ਇਹ ਵੀਡੀਓ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)