ਐਸਜੀਪੀਸੀ ਪ੍ਰਧਾਨ ਦੀ ਚੋਣ: ਅਕਾਲੀ ਦਲ ਬੀਬੀ ਜਗੀਰ ਕੌਰ ਨੂੰ ਕੀਤਾ ਮੁਅੱਤਲ, 48 ਘੰਟਿਆਂ ਵਿੱਚ ਮੰਗਿਆ ਜਵਾਬ

ਤਸਵੀਰ ਸਰੋਤ, Getty Images
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੋਂ ਪਹਿਲਾਂ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਪਾਰਟੀ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਬੁੱਧਵਾਰ ਨੂੰ ਮੀਡੀਆ ਸਾਹਮਣੇ ਕਿਹਾ ਕਿ ਜਗੀਰ ਕੌਰ ਨੂੰ ਤਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ 48 ਘੰਟਿਆਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।
ਮਲੂਕਾ ਨੇ ਕਿਹਾ ਕਿ ਜਗੀਰ ਕੌਰ ਮੀਡੀਆ ਸਾਹਮਣੇ ਆ ਕੇ ਐਲਾਨ ਕਰਨ ਕਿ ਉਹ ਚੋਣ ਨਹੀਂ ਲੜਨਗੇ।

ਤਸਵੀਰ ਸਰੋਤ, SAD
ਜਗੀਰ ਕੌਰ ਵੱਲੋਂ ਪਿਛਲੇ ਦਿਨੀ ਕਿਹਾ ਗਿਆ ਸੀ ਕਿ ਐੱਸਜੀਪੀਸੀ ਦਾ ਪ੍ਰਧਾਨ ਲਿਫ਼ਾਫ਼ਾ ਕਲਚਰ ਵਿੱਚੋਂ ਨਹੀਂ ਬਣਨਾ ਚਾਹੀਦਾ ਹੈ।
ਉਹ ਇਸ ਵਾਰ ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ਲੜਨ ਦੇ ਇੱਛੁਕ ਸਨ।

ਇਹ ਵੀ ਪੜ੍ਹੋ-

ਜਗੀਰ ਕੌਰ ਨੂੰ ਅਕਾਲੀ ਦਲ ਨੇ 48 ਘੰਟਿਆਂ ਦਾ ਸਮਾਂ ਦਿੱਤਾ
ਮਲੂਕਾ ਨੇ ਕਿਹਾ, "ਅੱਜ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਦੀ ਮੀਟਿੰਗ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਗਏ ਸਨ। ਇਹਨਾਂ ਵਿੱਚ ਇਕ ਮੁੱਦਾ ਬੀਬੀ ਜਗੀਰ ਕੌਰ ਵੱਲੋਂ ਪਾਰਟੀ ਵਿਰੋਧੀ ਕਾਰਵਾਈਆਂ ਦਾ ਵੀ ਸੀ।"
ਉਹਨਾਂ ਕਿਹਾ, "ਪਾਰਟੀ ਕੋਲ ਹੋਰ ਕੋਈ ਰਾਹ ਨਹੀਂ ਸੀ। ਬੀਬੀ ਜੀ ਨੂੰ 48 ਘੰਟਿਆਂ ਵਿੱਚ ਆਪਣੀਆਂ ਕਾਰਵਾਈਆਂ ਬੰਦ ਕਰਨ ਲਈ ਕਿਹਾ ਗਿਆ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।"
ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਪਿਛਲੇ 4 ਮਹੀਨਿਆਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਲੱਗੇ ਹੋਏ ਹਨ ਤੇ ਉਹ ਅਕਾਲੀ ਦਲ ਦੇ ਖਿਲਾਫ਼ ਤਾਕਤਾਂ ਨਾਲ ਰਲ ਕੇ ਕੰਮ ਕਰ ਰਹੇ ਹਨ।
ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਮਲੂਕਾ ਨੇ ਕਿਹਾ ਕਿ ਪਾਰਟੀ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਬੀਬੀ ਜਗੀਰ ਕੌਰ ਉਹਨਾਂ 'ਤੇ ਦਬਾਅ ਬਣਾ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਚੋਣ ਵਿੱਚ ਉਹਨਾਂ ਦੀ ਹਮਾਇਤ ਕਰਨ।
ਮਲੂਕਾ ਨੇ ਇਹ ਵੀ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਹੋਈ ਮੀਟਿੰਗ ਵਿਚ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਉਹਨਾਂ ਨੂੰ ਜਾਰੀ ਨੋਟਿਸ ਦੇ ਜਵਾਬ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਇਸਨੁੰ ਤਸੱਲੀਬਖਸ਼ ਮਹਿਸੂਸ ਨਹੀਂ ਕੀਤਾ ਗਿਆ।

- ਅਕਾਲੀ ਦਲ ਵੱਲੋ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਚੋਂ ਕੀਤਾ ਮੁਅੱਤਲ
- ਪਾਰਟੀ ਵਿਰੋਧੀ ਗਤੀਵਿਧੀਆਂ ਰੋਕਣ ਲਈ 2 ਦਿਨ ਦਾ ਦਿੱਤਾ ਅਲਟੀਮੇਟਮ
- ਜਗੀਰ ਕੌਰ ਐਸਜੀਪੀਸੀ ਦੀ ਪ੍ਰਧਾਨੀ ਦੀ ਚੋਣ ਲੜਨ ਦੀ ਗੱਲ ਕੀਤੀ ਗਈ ਸੀ
- ਅਨੁਸ਼ਾਸਨੀ ਕਮੇਟੀ ਨੇ ਜਗਮੀਤ ਬਰਾੜ ਵੱਲੋਂ ਨੋਟਿਸ ਦੇ ਜਵਾਬ 'ਤੇ ਪ੍ਰਗਟਾਈ ਅਸੰਤੁਸ਼ਟੀ

ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ ਸਨ। ਬੀਬੀ ਜਗੀਰ ਕੌਰ ਪੰਜਾਬ ਦੀ ਸਿਆਸਤ ਦਾ ਵੱਡਾ ਪੰਥਕ ਚਿਹਰਾ ਹਨ।
ਗਣਿਤ ਵਿਸ਼ੇ ਦੀ ਅਧਿਆਪਕਾ ਤੋਂ ਲੈ ਕੇ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਵਾਲੀ ਬੀਬੀ ਜਗੀਰ ਕੌਰ ਪੰਜਾਬ ਦੀ ਸਿਆਸਤ ਵਿੱਚ ਵੱਡਾ ਨਾਂਅ ਹਨ।
ਆਪਣੇ ਕਰੀਅਰ ਦੌਰਾਨ ਉਹ ਨਿੱਜੀ ਜ਼ਿੰਦਗੀ ਤੋਂ ਲੈ ਕੇ ਧਾਰਮਿਕ ਅਤੇ ਸਿਆਸੀ ਤੌਰ 'ਤੇ ਵਿਵਾਦਾਂ ਵਿੱਚ ਘਿਰੇ ਰਹੇ।
ਸਿੱਖ ਪੰਥ ਦੀ ਸਿਆਸੀ ਸਰਜ਼ਮੀਨ 'ਤੇ ਬੀਬੀ ਜਗੀਰ ਕੌਰ ਇੱਕ ਵੱਡਾ ਨਾਂ ਹੈ। ਉਨ੍ਹਾਂ ਆਪਣੇ ਕਰੀਅਰ ਦੌਰਾਨ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖੇ।

ਤਸਵੀਰ ਸਰੋਤ, Getty Images
ਆਓ ਜਾਣਦੇ ਹਾਂ ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਜੀਵਨ ਬਾਰੇ ਕੁਝ ਖ਼ਾਸ ਗੱਲਾਂ -
- ਬੀਬੀ ਜਗੀਰ ਕੌਰ ਦਾ ਜਨਮ 15 ਅਕਤੂਬਰ, 1954 ਨੂੰ ਪਿਤਾ ਗੋਦਾਰਾ ਸਿੰਘ ਦੇ ਘਰ ਜਲੰਧਰ ਜ਼ਿਲ੍ਹੇ ਦੇ ਪਿੰਡ ਭਟਨੂਰਾ ਲੁਬਾਣਾ 'ਚ ਹੋਇਆ।
- ਚੰਡੀਗੜ੍ਹ ਦੇ ਸਰਕਾਰੀ ਕਾਲਜ (ਕੁੜੀਆਂ) ਤੋਂ ਉਨ੍ਹਾਂ ਗ੍ਰੈਜੁਏਸ਼ਨ ਕੀਤੀ ਅਤੇ ਐੱਮਜੀਐੱਨ ਕਾਲਜ ਜਲੰਧਰ ਤੋਂ ਬੀਐੱਡ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਹੀ ਉਨ੍ਹਾਂ ਦੀ ਨਿਯੁਕਤੀ ਬਤੌਰ ਸਕੂਲ ਅਧਿਆਪਿਕਾ ਹੋਈ।
- ਬੀਬੀ ਜਗੀਰ ਕੌਰ ਬੇਗੋਵਾਲ ਸੈਕੰਡਰੀ ਸਕੂਲ ਵਿੱਚ ਅਧਿਆਪਕਾ ਰਹਿ ਚੁੱਕੇ ਹਨ, ਉਨ੍ਹਾਂ ਦੇ ਪਤੀ ਦੀ ਮੌਤ ਬਰੇਨ ਕੈਂਸਰ ਕਾਰਨ 1982 ਵਿੱਚ ਹੋਈ ਸੀ।
- ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ 1987 ਵਿੱਚ ਬੇਗੋਵਾਲ ਦੇ ਸੰਤ ਪ੍ਰੇਮ ਸਿੰਘ ਮੁਰਾਰੇਵਾਲਾ ਡੇਰੇ ਦੇ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲੀ।
- ਮੁਰਾਰੇਵਾਲਾ ਡੇਰਾ ਦੀ ਮੁਖੀ ਬਣਨ ਤੋਂ ਬਾਅਦ ਹੀ ਬੀਬੀ ਜਗੀਰ ਕੌਰ ਸਮਾਜਿਕ ਤੇ ਧਾਰਮਿਕ ਗਲਿਆਰਿਆਂ ਵਿੱਚ ਨਾਮੀਂ ਆਗੂ ਵਜੋਂ ਉੱਭਰੇ।
- ਲੁਬਾਣਾ ਭਾਈਚਾਰਾ ਦੇ ਆਗੂ ਅਤੇ ਜਗੀਰ ਕੌਰ ਦੇ ਸਹੁਰਾ ਬਾਵਾ ਹਰਨਾਮ ਸਿੰਘ ਡੇਰੇ ਦੇ ਮੁਖੀ ਸਨ।
- 1995 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਹੋਏ।
- ਲੁਬਾਣਾ ਭਾਈਚਾਰੇ ਵਿੱਚ ਚੰਗਾ ਪ੍ਰਭਾਵ ਰੱਖਣ ਕਰਕੇ 1996 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਮੈਂਬਰ ਬਣਾਏ ਗਏ।
- 1997 ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜਗੀਰ ਕੌਰ ਨੇ ਭੁਲੱਥ ਹਲਕੇ ਤੋਂ ਚੋਣ ਲੜੀ ਅਤੇ ਜਿੱਤਣ ਤੋਂ ਬਾਅਦ ਮੰਤਰੀ ਬਣੇ।
- ਦੋ ਸਾਲਾਂ ਬਾਅਦ ਹੀ ਮਾਰਚ 1999 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ।
- ਇਸ ਤੋਂ ਬਾਅਦ ਨਵੰਬਰ 1999 ਵਿੱਚ ਹੀ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ।
- ਸਾਲ 2000 ਵਿੱਚ ਆਪਣੀ ਧੀ ਹਰਪ੍ਰੀਤ ਕੌਰ ਦੇ ਕਤਲ ਸਬੰਧੀ ਲੱਗੇ ਦੋਸ਼ਾਂ ਤੋਂ ਬਾਅਦ ਜਗੀਰ ਕੌਰ ਨੂੰ ਐੱਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣਾ ਪਿਆ ਸੀ।
- 2002 ਵਿੱਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਜਗੀਰ ਕੌਰ ਕਾਂਗਰਸ ਦੇ ਸੁਖਪਾਲ ਖਹਿਰਾ ਤੋਂ ਚੋਣ ਜਿੱਤੇ ਸਨ।
- 2004 ਵਿੱਚ ਵੀ ਇੱਕ ਵਾਰ ਫ਼ਿਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
- 2007 ਵਿੱਚ ਜਗੀਰ ਕੌਰ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਅਤੇ ਉਹ ਕਾਂਗਰਸ ਦੇ ਸੁਖਪਾਲ ਖਹਿਰਾ ਤੋਂ ਭੁਲੱਥ ਸੀਟ ਹਾਰ ਗਏ।
- 2012 ਵਿੱਚ ਉਨ੍ਹਾਂ ਕਾਂਗਰਸ ਦੇ ਸੁਖਪਾਲ ਖਹਿਰਾ ਨੂੰ ਹਰਾ ਕੇ ਭੁਲੱਥ ਵਿਧਾਨ ਸਭਾ ਹਲਕੇ 'ਤੇ ਮੁੜ ਕਬਜ਼ਾ ਕੀਤਾ। ਅਕਾਲੀ-ਭਾਜਪਾ ਸਰਕਾਰ 'ਚ ਦੂਜੀ ਵਾਰ ਕੈਬਨਿਟ ਮੰਤਰੀ ਬਣੇ ਬੀਬੀ ਜਗੀਰ ਕੌਰ ਨੂੰ ਮਹਿਜ਼ 17 ਦਿਨਾਂ ਵਿੱਚ ਹੀ ਅਸਤੀਫ਼ਾ ਦੇਣਾ ਪਿਆ ਸੀ।
- ਜਗੀਰ ਕੌਰ ਨੇ ਧੀ ਹਰਪ੍ਰੀਤ ਕੌਰ ਨੂੰ ਅਗਵਾ ਕਰਨ ਅਤੇ ਜ਼ਬਰਦਸਤੀ ਗਰਭਪਾਤ ਦੇ ਦੋਸ਼ ਤੈਅ ਹੋਣ ਤੋਂ ਬਾਅਦ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ














