ਭਾਰਤ ਵਿੱਚ 5ਜੀ ਸੇਵਾ ਦੀ ਸ਼ੁਰੂਆਤ, ਤੁਹਾਡਾ ਫ਼ੋਨ ਹੋ ਜਾਵੇਗਾ 10 ਤੋਂ 20 ਗੁਣਾ ਤੇਜ਼

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨੀਵਾਰ ਨੂੰ ਦਿੱਲੀ ਵਿੱਚ 5ਜੀ ਸੇਵਾ ਦੀ ਰਸਮੀ ਸ਼ੁਰੂਆਤ ਤੋਂ ਬਾਅਦ ਭਾਰਤ ਵਿੱਚ 5ਜੀ ਸੇਵਾ ਸਭ ਤੋਂ ਪਹਿਲਾਂ 13 ਸ਼ਹਿਰਾਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ।

ਇਨ੍ਹਾਂ ਸ਼ਹਿਰਾਂ ਵਿੱਚ ਦਿੱਲੀ, ਚੰਡੀਗੜ੍ਹ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ, ਗੁਰੂਗਰਾਮ, ਹੈਦਰਾਬਾਦ, ਲਖਨਊ, ਪੂਨੇ, ਗਾਂਧੀਨਗਰ, ਅਹਿਮਦਾਬਾਦ ਅਤੇ ਜਾਮਨਗਰ ਸ਼ਾਮਿਲ ਹਨ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "5ਜੀ ਦੀ ਸ਼ੁਰੂਆਤ ਟੈਲੀਕਾਮ ਇੰਡਸਟਰੀ ਵੱਲੋਂ 130 ਕਰੋੜ ਭਾਰਤੀਆਂ ਨੂੰ ਇੱਕ ਤੋਹਫ਼ਾ ਹੈ। ਇਹ ਦੇਸ਼ ਵਿੱਚ ਨਵੇਂ ਯੁੱਗ ਵੱਲ ਇੱਕ ਕਦਮ ਹੈ ਅਤੇ ਬੇਅੰਤ ਮੌਕਿਆਂ ਦੀ ਸ਼ੁਰੂਆਤ ਹੈ।"

ਯੂਪੀਏ ਸਰਕਾਰ ਉੱਪਰ ਹਮਲਾ ਕਰਦਿਆਂ ਪੀਐੱਮ ਮੋਦੀ ਨੇ ਕਿਹਾ, "ਅੱਜ ਟੈਲੀਕਾਮ ਦੇ ਖੇਤਰ ਵਿੱਚ ਦੇਸ਼ ਜੋ ਕਰਾਂਤੀ ਦੇਖ ਰਿਹਾ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਸਰਕਾਰ ਸਹੀ ਨੀਅਤ ਨਾਲ ਕੰਮ ਕਰੇ ਤਾਂ ਨਾਗਰਿਕਾਂ ਦੀ ਨੀਅਤ ਬਦਲਣ ਵਿੱਚ ਦੇਰ ਨਹੀਂ ਲੱਗਦੀ। 2ਜੀ ਦੀ ਨੀਅਤ ਅਤੇ 5ਜੀ ਦੀ ਨੀਅਤ ਵਿੱਚ ਇਹੋ ਫਰਕ ਹੈ।"

ਇਸ ਦੀ ਡਾਊਨਲੋਡ ਸਪੀਡ (ਰਫ਼ਤਾਰ) ਮੌਜੂਦਾ ਇੰਟਰਨੈੱਟ ਦੀ ਸਪੀਡ ਨਾਲੋਂ 10 ਤੋਂ 20 ਗੁਣਾ ਵੱਧ ਹੋਵੇਗੀ।

ਕੁਆਲਕੋਮ ਮੁਤਾਬਕ 2019 ਦੀ ਸ਼ੁਰੂਆਤ ਵਿੱਚ ਗਲੋਬਲ ਆਪਰੇਟਰਜ਼ ਵੱਲੋਂ ਨਵੇਂ 5ਜੀ ਨੈੱਟਵਰਕ ਲਾਂਚ ਹੋਣੇ ਸ਼ੁਰੂ ਹੋ ਗਏ ਸਨ। ਕੁਆਲਕੋਮ ਅਨੁਸਾਰ ਇਸ ਸਮੇਂ 60 ਤੋਂ ਵੱਧ ਮੁਲਕਾਂ ਵਿੱਚ 5ਜੀ ਸਰਵਿਸ ਦੀ ਮੌਜੂਦਗੀ ਹੈ।

ਪਰ ਇਸ 5ਜੀ ਸੇਵਾ ਨਾਲ ਸਾਡੀ ਜ਼ਿੰਦਗੀ 'ਚ ਕੀ ਬਦਲਾਅ ਆਵੇਗਾ ਜਾਂ ਫ਼ਰਕ ਪਵੇਗਾ?

5ਜੀ ਇੰਟਰਨੈੱਟ ਸੇਵਾ ਬਾਰੇ ਬੀਬੀਸੀ ਨੇ ਕੁਝ ਮੁੱਢਲੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।

ਅਸਲ 'ਚ 5ਜੀ ਹੈ ਕੀ?

ਇਸ ਮੋਬਾਈਲ ਇੰਟਰਨੈੱਟ ਸੇਵਾ ਨਾਲ ਡਾਟਾ ਡਾਊਨਲੋਡ ਅਤੇ ਅਪਲੋਡ ਕਰਨ ਦੀ ਸਪੀਡ ਵੱਧ ਹੋਵੇਗੀ। ਇਸ ਦੇ ਨਾਲ ਹੀ ਵੱਡਾ ਕਾਰਜ ਖ਼ੇਤਰ, ਚੰਗਾ ਅਤੇ ਸਥਿਰ ਕਨੈਕਸ਼ਨ ਹੋਵੇਗਾ।

ਇਸ ਨਾਲ ਰੇਡੀਓ ਸਪੈਕਟ੍ਰਮ ਹੋਰ ਬਿਹਤਰ ਹੋਵੇਗਾ ਅਤੇ ਇੱਕੋ ਸਮੇਂ ਕਈ ਗੈਜੇਟਸ ਨਾਲ ਮੋਬਾਈਲ ਇੰਟਰਨੈੱਟ ਦੀ ਵਰਤੋਂ ਹੋ ਸਕੇਗੀ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਵਿੱਚ 5ਜੀ ਸੇਵਾ ਦੀ ਸ਼ੁਰੂਆਤ ਕੀਤੀ ਗਈ।
  • ਡਾਊਨਲੋਡ ਸਪੀਡ ਮੌਜੂਦਾ ਇੰਟਰਨੈੱਟ ਦੀ ਸਪੀਡ ਨਾਲੋਂ 10 ਤੋਂ 20 ਗੁਣਾ ਵੱਧ ਹੋਵੇਗੀ।
  • ਭਾਰਤ ਵਿੱਚ 5ਜੀ ਸੇਵਾ ਸਭ ਤੋਂ ਪਹਿਲਾਂ 13 ਸ਼ਹਿਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ।
  • 5ਜੀ ਇੰਟਰਨੈੱਟ ਦੀ ਵਰਤੋਂ ਲਈ ਤੁਹਾਡੇ ਕੋਲ 5ਜੀ ਤਕਨੀਕ ਵਾਲਾ ਉਪਕਰਣ ਹੋਣਾ ਜ਼ਰੂਰੀ।

ਇਸ ਨਾਲ ਸਾਨੂੰ ਕੀ ਕਰਨ ਦਾ ਮੌਕਾ ਮਿਲੇਗਾ?

ਮੋਬਾਈਲ ਡਾਟਾ ਮੁਲਾਂਕਣ ਕੰਪਨੀ ਓਪਨ ਸਿਗਨਲ ਦੇ ਇਅਨ ਫੋਗ ਨੇ ਕਿਹਾ, ''ਅਸੀਂ ਹੁਣ ਜੋ ਆਪਣੇ ਸਮਾਰਟਫ਼ੋਨਜ਼ ਨਾਲ ਕਰਦੇ ਹਾਂ ਉਹ ਅਸੀਂ ਹੋਰ ਤੇਜ਼ ਅਤੇ ਬਿਹਤਰ ਕਰ ਸਕਾਂਗੇ।''

''ਇਸ ਨਾਲ ਵੀਡੀਓ ਕੁਆਲਟੀ ਹੋਰ ਬਿਹਤਰ ਹੋਵੇਗੀ, ਮੋਬਾਈਲ ਵਰਚੁਅਲ ਰਿਐਲਟੀ ਅਤੇ ਤਕਨੀਕ ਨਾਲ ਜੁੜੀਆਂ ਹੋਰ ਚੀਜ਼ਾਂ ਵਿੱਚ ਇੰਟਰਨੈੱਟ ਦੀ ਵਰਤੋਂ ਨਾਲ ਲਾਭ ਮਿਲੇਗਾ।''

''ਪਰ ਅਸਲ ਵਿੱਚ ਜੋ ਬੇਹੱਦ ਦਿਲਚਸਪ ਹੈ, ਉਹ ਇਹ ਕਿ ਨਵੀਆਂ ਸੇਵਾਵਾਂ ਜੋ ਹੋਣਗੀਆਂ ਉਹ ਅਸੀਂ ਪਹਿਲਾਂ ਤੋਂ ਨਹੀਂ ਵੇਖ ਸਕਦੇ।''

ਕਲਪਨਾ ਕਰੋ ਕਿ ਡਰੋਨ ਕੈਮਰੇ ਬਚਾਅ ਕਾਰਜਾਂ ਅਤੇ ਖੋਜ ਲਈ ਇੱਕ ਦੂਜੇ ਨਾਲ ਤਾਲਮੇਲ ਕਰਨ, ਅੱਗ ਜਾਂ ਟ੍ਰੈਫ਼ਿਕ ਦੀ ਨਿਗਰਾਨੀ ਆਦਿ ਇਹ ਸਭ ਸੰਚਾਰ ਗਰਾਊਂਡ ਬੇਸ ਸਟੇਸ਼ਨਾਂ ਰਾਹੀਂ 5ਜੀ ਨੈੱਟਵਰਕ ਜ਼ਰੀਏ ਹੋਵੇ।

ਇਸ ਤਰ੍ਹਾਂ ਹੀ ਕੁਝ ਲੋਕ ਸੋਚਦੇ ਹਨ ਕਿ 5ਜੀ ਸੇਵਾ ਸਵੈਚਾਲਿਤ ਵਾਹਨਾਂ ਦੇ ਆਪਸੀ ਸੰਚਾਰ ਕਰਨ ਲਈ ਲਾਈਵ ਨਕਸ਼ੇ ਅਤੇ ਟ੍ਰੈਫ਼ਿਕ ਦਾ ਡਾਟਾ ਪੜ੍ਹਨ ਲਈ ਅਹਿਮ ਹੋਵੇਗੀ।

ਇਹ ਵੀ ਪੜ੍ਹੋ-

ਵੀਡੀਓ ਕਾਲਾਂ ਹੋਰ ਸਾਫ਼ ਹੋ ਜਾਂਦੀਆਂ ਹਨ ਅਤੇ ਘੱਟ ਗੜਬੜ ਵਾਲੀਆਂ ਹੁੰਦੀਆਂ ਹਨ। ਸਰੀਰ ਉੱਪਰ ਧਾਰਨ ਕਰਨਯੋਗ ਫਿੱਟਨੈਸ ਉਪਕਰਣ ਤੁਹਾਡੀ ਸਿਹਤ ਦੀ ਰੀਅਲ ਟਾਈਮ ਨਿਗਰਾਨੀ ਕਰ ਸਕਦੇ ਹਨ, ਜਿਵੇਂ ਹੀ ਕੋਈ ਐਮਰਜੈਂਸੀ ਖੜ੍ਹੀ ਹੋਈ ਤਾਂ ਡਾਕਟਰਾਂ ਨੂੰ ਅਲਰਟ ਕਰ ਸਕਦੇ ਹਨ।

ਇਹ ਕੰਮ ਕਿਵੇਂ ਕਰਦਾ ਹੈ?

ਇਹ ਇੱਕ ਨਵੀਂ ਰੇਡੀਓ ਟੈਕਨਾਲੋਜੀ ਹੈ। ਤੁਹਾਨੂੰ ਮਿਲਣ ਵਾਲੀ ਸਪੀਡ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਓਪਰੇਟਰ ਕਿਸ ਸਪੈਕਟ੍ਰਮ ਬੈਂਡ 'ਤੇ 5G ਤਕਨਾਲੋਜੀ ਨੂੰ ਚਲਾਉਂਦਾ ਹੈ। ਤੁਹਾਡੇ ਕੈਰੀਅਰ ਨੇ ਨਵੇਂ ਟ੍ਰਾਂਸਮੀਟਰਾਂ ਵਿੱਚ ਕਿੰਨਾ ਨਿਵੇਸ਼ ਕੀਤਾ ਹੈ।

ਇਸ ਲਈ ਅਸੀਂ ਬਹੁਤ ਜ਼ਿਆਦਾ ਸੰਖਿਆ ਦੇ ਟ੍ਰਾਂਸਮੀਟਰਾਂ ਅਤੇ ਰਿਸੀਵਰਾਂ ਵਿਚਕਾਰ ਅਖੌਤੀ "ਮਿਲੀਮੀਟਰ ਤਰੰਗਾਂ" ਨੂੰ ਪ੍ਰਸਾਰਿਤ ਕਰਦੇ ਹੋਏ ਜ਼ਮੀਨ ਦੇ ਨੇੜੇ ਛੋਟੇ ਫੋਨ ਮਾਸਟਾਂ ਦੇ ਕਲੱਸਟਰ ਦੇਖ ਸਕਦੇ ਹਾਂ।

ਇਸ ਦੀ ਕੀਮਤ ਵਿੱਚ ਫਰਕ ਹੋਵੇਗਾ ਅਤੇ ਕੰਪਨੀਆਂ ਨੂੰ ਬਹੁਤ ਸਾਰੇ ਨਵੇਂ ਮਾਸਟ ਲਗਾਉਣ ਲਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ।

ਇਹ 4ਜੀ ਤੋਂ ਕਿੰਨਾ ਵੱਖਰਾ ਹੈ?

ਇਹ ਇੱਕ ਬਿਲਕੁਲ ਨਵੀਂ ਰੇਡੀਓ ਤਕਨਾਲੋਜੀ ਹੈ, ਪਰ ਹੋ ਸਕਦਾ ਹੈ ਕਿ ਤੁਸੀਂ ਪਹਿਲੇ ਪੜਾਅ 'ਤੇ ਵੱਧ ਸਪੀਡ ਨਾ ਵੇਖੋ, ਕਿਉਂਕਿ 5ਜੀ ਦੇ ਨੈੱਟਵਰਕ ਚਾਲਕਾਂ ਦੁਆਰਾ ਪਹਿਲਾਂ ਤੋਂ ਹੀ ਚਾਲੂ 4ਜੀ (ਐਲਟੀਈ - ਲਾਂਗ-ਟਰਮ ਈਵੇਲੂਸ਼ਨ) ਨੈੱਟਵਰਕਾਂ ਦੀ ਸਮਰੱਥਾ ਨੂੰ ਵਧਾਉਣ ਦੇ ਢੰਗ ਵਜੋਂ ਵਰਤਣ ਦੀ ਸੰਭਾਵਨਾ ਹੈ, ਤਾਂ ਜੋ ਗਾਹਕਾਂ ਲਈ ਵਧੇਰੇ ਇਕਸਾਰ ਸੇਵਾ ਨੂੰ ਯਕੀਨੀ ਬਣਾਇਆ ਜਾਵੇ।।

ਤਾਂ ਇਸ ਦੀ ਗਤੀ ਕਿੰਨੀ ਹੋ ਸਕਦੀ ਹੈ?

ਮੌਜੂਦਾ ਵੱਧ ਰਫ਼ਤਾਰ ਵਾਲਾ 4ਜੀ ਮੋਬਾਈਲ ਨੈੱਟਵਰਕ ਲਗਭਗ 45 ਐਮਬੀਪੀਐਸ (ਮੈਗਾਬਾਈਟਸ ਪ੍ਰਤੀ ਸੈਕਿੰਡ) ਦੀ ਸਪੀਡ ਦਿੰਦਾ ਹੈ, ਹਾਲਾਂਕਿ ਉਮੀਦ ਅਜੇ ਵੀ 1 ਜੀਬੀਪੀਐਸ (ਗੀਗਾਬਾਈਟ ਪ੍ਰਤੀ ਸੈਕਿੰਡ = 1000 ਐਮਬੀਪੀਐਸ) ਹਾਸਲ ਕਰਨ ਦੀ ਹੈ।

ਚਿੱਪ ਬਣਾਉਣ ਵਾਲੀ ਕੰਪਨੀ ਕੁਆਲਕੋਮ ਮੁਤਾਬਕ 5ਜੀ ਨਾਲ ਬਰਾਊਜ਼ਿੰਗ ਅਤੇ ਡਾਊਨਲੋਡ ਸਪੀਡ 10 ਤੋਂ 20 ਗੁਣਾ ਵੱਧ ਹੋਵੇਗੀ।

ਕਹਿਣ ਦਾ ਭਾਵ ਹੈ ਕਿ ਤੁਸੀਂ ਐੱਚਡੀ ਫ਼ਿਲਮ ਕੁਝ ਹੀ ਮਿੰਟਾਂ ਵਿੱਚ ਡਾਊਨਲੋਡ ਕਰ ਲਵੋਗੇ।

ਕੀ ਮੈਨੂੰ ਇੱਕ ਨਵਾਂ ਫ਼ੋਨ ਚਾਹੀਦਾ ਹੈ?

ਹਾਂ। ਪਰ ਜਦੋਂ 4G ਨੂੰ 2009/10 ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਬੁਨਿਆਦੀ ਢਾਂਚੇ ਦੇ ਪੂਰੀ ਤਰ੍ਹਾਂ ਰੋਲ ਆਊਟ ਹੋਣ ਤੋਂ ਪਹਿਲਾਂ ਹੀ ਅਨੁਕੂਲ ਸਮਾਰਟ ਫ਼ੋਨ ਬਜ਼ਾਰ ਵਿੱਚ ਆ ਗਏ ਸਨ। ਇਸ ਵੇਲੇ ਵੀ ਬਾਜ਼ਾਰ ਵਿੱਚ 5ਜੀ ਫੋਨ ਆ ਚੁੱਕੇ ਹਨ।

ਅਗਲੇ ਕੁਝ ਮਹੀਨਿਆਂ ਵਿੱਚ ਹੋ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ 5ਜੀ ਫੋਨ ਬਾਜ਼ਾਰ ਵਿੱਚ ਆ ਜਾਣ ਤੇ ਤੁਹਾਡੇ ਕੋਲ ਵੀ ਚੰਗੇ ਆਪਸ਼ਨ ਹੋਣ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)