You’re viewing a text-only version of this website that uses less data. View the main version of the website including all images and videos.
ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ’ਤੇ ਆਮ ਆਦਮੀ ਪਾਰਟੀ ਨੇ ਐੱਫਆਈਆਰ ਦਰਜ ਕਰਵਾਈ, ਕੀ ਹੈ ਮਾਮਲਾ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ਼ ਝੂਠੀਆਂ ਖ਼ਬਰਾਂ ਫੈਲਾਉਣ ਦੇ ਇਲਜ਼ਾਮਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਬੀਸੀ ਪੰਜਾਬੀ ਕੋਲ ਪੁਸ਼ਟੀ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਇਸੇ ਹਫ਼ਤੇ ਸੂਬੇ ਦੇ 14 ਬੋਰਡਾਂ ਅਤੇ ਕਾਰਪਰੇਸ਼ਨਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਸਨ।
ਸ਼ੁੱਕਰਵਾਰ ਨੂੰ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕੀਤਾ ਅਤੇ ਦਾਅਵਾ ਕੀਤਾ ਕਿ ਚੇਅਰਮੈਨ ਲਗਾਏ ਜਾਣ ਦੀ ਚਿੱਠੀ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਸਤਖ਼ਤਾਂ ਦੀ ਥਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਸਤਖ਼ਤ ਹਨ।
ਸੁਖਪਾਲ ਖਹਿਰਾ ਨੇ ਲਿਖਿਆ ਸੀ ਕਿ ਇੱਕ ਦਸਤਾਵੇਜ਼ੀ ਸਬੂਤ ਤੋਂ ਬਾਅਦ ਇਹ ਸਪਸ਼ਟ ਹੈ ਕਿ ਭਗਵੰਤ ਮਾਨ ਕੋਲ ਪੰਜਾਬ ਸਰਕਾਰ ਦੀਆਂ ਨਿਯੁਕਤੀਆਂ ਕਰਨ ਦੀ ਕੋਈ ਸ਼ਕਤੀ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਵਾਨ ਕੀਤਾ ਜਾਂਦਾ ਹੈ।
ਇਸੇ ਕਥਿਤ ਚਿੱਠੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਸ਼ੇਅਰ ਕੀਤੀ ਸੀ। ਚਿੱਠੀ ਨੂੰ ਝੂਠਾ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਨੇ ਮੁਹਾਲੀ ਦੇ ਫੇਜ਼ 5 ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐੱਫਆਈਆਰ ’ਤੇ ਚੁੱਕੇ ਸਵਾਲ
ਪ੍ਰਧਾਨ ਪੰਜਾਬ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਐਫ਼ਆਈਆਰ ਵਿੱਚ ਆਪਣਾ ਨਾਮ ਸ਼ਾਮਲ ਕੀਤੇ ਜਾਣ ਨੂੰ ਬੇਤੁਕਾ ਦੱਸਿਆ ਹੈ।
ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਬੀਜੇਪੀ ਦੇ ਫੇਸਬੁੱਕ ਹੈਂਡਲ ਤੋਂ ਵੀ ਇਸ ਚਿੱਠੀ ਦੀ ਕਾਪੀ ਸਾਂਝੀ ਕੀਤੀ ਗਈ ਸੀ, ਤਾਂ ਉਨ੍ਹਾਂ ਖਿਲਾਫ਼ ਕੋਈ ਐਫ਼ਆਈਆਰ ਕਿਉਂ ਦਰਜ ਨਹੀਂ ਕੀਤੀ ਗਈ। ਸਿਰਫ਼ ਇਸ ਲਈ ਕਿ ਤੁਸੀਂ ਬੀਜੇਪੀ ਤੋਂ ਡਰਦੇ ਹੋ।
ਐਫ਼ਆਈਆਰ ਵਿੱਚ ਕੀ ਹੈ?
ਮੁਹਾਲੀ ਦੇ ਇੱਕ ਫੇਜ਼ -5 ਦੇ ਥਾਣੇ ਵਿੱਚ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਵੱਲੋਂ ਰਿਪੋਰਟ ਲਿਖਵਾਈ ਗਈ ਹੈ।
ਐਫ਼ਆਈਆਰ ਵਿੱਚ ਲਿਖਿਆ ਗਿਆ ਹੈ ਕਿ ਅਮਰਿੰਦਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਜਾਅਲੀ ਲੈਟਰਹੈਡ ਉਪਰ ਚੇਅਰਮੈਨਾਂ ਦੀ ਝੂਠੀ ਸੂਚੀ ਛਾਪ ਕੇ ਅਤੇ ਵੰਡ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਐੱਫਆਈਆਰ ਵਿੱਚ ਅੱਗੇ ਲਿਖਿਆ ਹੈ ਕਿ ਉਪਰੋਕਤ ਸੂਚੀ ਆਮ ਆਦਮੀ ਪਾਰਟੀ ਦੀ ਜਾਅਲੀ ਲੈਟਰਹੈਡ ਤਿਆਰ ਕਰਦੇ ਹੋਏ ਬਣਾਈ ਗਈ ਸੀ। ਇਸ ਤੋਂ ਇਲਾਵਾ ਇਸ ਉੱਪਰ ਅਰਵਿੰਦ ਕੇਜਰੀਵਾਲ ਦੇ ਵੀ ਜਾਅਲੀ ਦਸਤਖ਼ਤ ਸਨ।
ਸ਼ਿਕਾਇਤ ਕਰਤਾ ਨੇ ਕਿਹਾ ਹੈ, “ਉਨ੍ਹਾਂ ਨੇ ਪਾਰਟੀ ਦੇ ਦਿੱਲੀ ਦਫ਼ਤਰ ਤੋਂ ਇਸ ਦਸਤਾਵੇਜ਼ ਦੀ ਅਸਲੀਅਤ ਬਾਰੇ ਪੁਸ਼ਟੀ ਕੀਤੀ ਅਤੇ ਸਾਨੂੰ ਪਤਾ ਚੱਲਿਆ ਕਿ ਅਜਿਹੀ ਕੋਈ ਲਿਸਟ ਤਾਂ ਕਦੇ ਅਰਵਿੰਦ ਕੇਜਰੀਵਾਲ ਜਾਂ ਪਾਰਟੀ ਦੇ ਕਿਸੇ ਅਹੁਦੇਦਾਰ ਵੱਲੋਂ ਕਦੇ ਛਾਪੀ ਹੀ ਨਹੀਂ ਗਈ। ਉਪਰੋਕਤ ਵਿਅਕਤੀਆਂ ਦੀ ਇਹ ਕਾਰਵਾਈ ਕਾਨੂੰਨ ਦੀ ਉਲੰਘਣਾ ਹੈ।”
“ਉਪਰੋਕਤ ਬੰਦਿਆਂ ਨੇ ਜਾਣ-ਬੁੱਝ ਕੇ, ਸੋਚ-ਸਮਝ ਕੇ, ਇਰਾਦਤਨ ਅਤੇ ਬਦਨੀਅਤੀ ਨਾਲ ਪਾਰਟੀ ਦੇ ਅਕਸ ਨੂੰ ਢਾਹ ਲਗਾਉਣ ਅਤੇ ਪੰਜਾਬ ਵੱਚ ਬਦਅਮਨੀ ਫੈਲਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਆਪਣੀਆਂ ਉਕਸਾਊ ਟਿੱਪਣੀਆਂ ਨਾਲ ਜਾਅਲਸਾਜ਼ੀ ਅਤੇ ਝੂਠੀ ਖ਼ਬਰ ਛਾਪਣ ਦੀ ਇਹ ਕਾਰਵਾਈ ਕੀਤੀ ਹੈ।”
'ਪ੍ਰੇਮ-ਪੱਤਰ ਦਾ ਸਵਾਗਤ' ਕਰਦਾ ਹਾਂ
ਪੰਜਾਬ ਕਾਂਗਰਸ ਦੇ ਆਗੂ ਪਰਗਟ ਸਿੰਘ ਨੇ ਵੀ ਕਾਂਗਰਸ ਦੇ ਦੋਵਾਂ ਆਗੂਆਂ ਦੀ ਹਮਾਇਤ ਵਿੱਚ ਟਵੀਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ, ਮੈਂ ਅਮਰਿੰਦਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਖਿਲਾਫ਼ ਆਮ ਆਦਮੀ ਪਾਰਟੀ ਵੱਲੋਂ ਦਰਜ ਕਰਵਾਈ ਗਈ ਐਫ਼ਆਈਆਰ ਦੀ ਨਿੰਦਾ ਕਰਦਾ ਹਾਂ।”
''ਇਹ ਹੈਰਾਨ ਕਰਨ ਵਾਲਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਬੇਬੁਨਿਆਦੀ ਇਲਜ਼ਾਮਾਂ, ਯੂ-ਟਰਨਾਂ, ਮਾਫ਼ੀਆਂ ਮੰਗਣ ਅਤੇ ਲੜੀਵਾਰ ਝੂਠ ਦੀ ਮਾਹਰ ਹੈ। ਇਸ ਨੂੰ ਵਿਰੋਧੀ ਧਿਰ ਦੀ ਅਵਾਜ਼ ਬੰਦ ਕਰਨ ਲਈ ਪੁਲਿਸ ਦੀ ਵਰਤੋਂ ਕਰਨੀ ਪੈ ਰਹੀ ਹੈ।''
ਐਫ਼ਆਈਆਰ ਦਰਜ ਹੋਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਇਸ ਦੀ ਪ੍ਰਤੀਕਿਰਿਆ ਵਿੱਚ ਦੋ ਟਵੀਟ ਕੀਤੇ ਹਨ।
ਉਨ੍ਹਾਂ ਨੇ ਲਿਖਿਆ, ''ਜਿਵੇਂ ਅਰਵਿੰਦ ਕੇਜਰੀਵਾਲ ਐਫ਼ਆਈਆਰ ਨੂੰ ਪ੍ਰੇਮ-ਪੱਤਰ ਕਹਿੰਦੇ ਹਨ ਮੈਂ ਇੱਕ ਟਵਿੱਟਰ ਪੋਸਟ ਲਈ ਮੇਰੇ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਦਰਜ ਕਰਵਾਈ ਗਈ ਐਫ਼ਆਈਆਰ ਦਾ ਸਵਾਗਤ ਕਰਦਾ ਹਾਂ।''
ਉਨ੍ਹਾਂ ਨੇ ਲਿਖਿਆ ਕਿ ''ਇਹ ਕੋਰੀ ਨਫ਼ਰਤ ਹੈ!''