ਕਿਸਾਨ ਅੰਦੋਲਨ ਤੋਂ 6 ਮਹੀਨੇ ਬਾਅਦ : ''ਜੋ ਜ਼ਿੰਦਗੀ ਦੇ 60 ਸਾਲ ਨਾ ਕਰ ਸਕੀ ਕਿਸਾਨ ਅੰਦੋਲਨ ਨੇ ਕਰਨ ਲਾ ਦਿੱਤਾ''

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: 'ਜਦੋਂ ਔਰਤ ਕਿਸੇ ਸੰਘਰਸ਼ ਵਿੱਚ ਅੱਗੇ ਲੱਗੇ ਨਾ ਤਾਂ ਸਰਕਾਰ ਸੋਚ ਕੇ ਹੱਥ ਪਾਉਂਦੀ ਹੈ'
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

"ਕਿਸਾਨ ਅੰਦੋਲਨ ਨੇ ਮੇਰੀ ਜਿੰਦਗੀ ਹੀ ਬਦਲ ਦਿੱਤੀ, ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਮੇਰਾ ਨਵਾਂ ਜੀਵਨ ਹੈ", ਇਹ ਸ਼ਬਦ ਹਨ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲ੍ਹੀਆਂ ਦੀ ਰਹਿਣ ਵਾਲੀ ਬਚਿੱਤਰ ਕੌਰ ਦੇ।

ਬਚਿੱਤਰ ਕੌਰ ਸੇਵਾ ਮੁਕਤ ਅਧਿਆਪਕਾ ਹੈ ਅਤੇ ਬੀਬੀਸੀ ਪੰਜਾਬੀ ਨੇ ਉਹਨਾਂ ਨਾਲ ਅੰਦਲੋਨ ਦੇ ਮੁਲਤਵੀ ਹੋਣ ਤੋਂ ਛੇ ਮਹੀਨੇ ਬਾਅਦ ਗੱਲਬਾਤ ਕੀਤੀ।

ਬਚਿੱਤਰ ਕੌਰ ਨੇ ਦੱਸਿਆ ਕਿ ਦਿੱਲੀ ਤੋਂ ਅੰਦਲੋਨ ਜਿੱਤ ਕੇ ਭਾਵੇਂ ਉਹ ਵਾਪਸ ਘਰ ਆ ਗਏ ਹਨ ਪਰ ਕਿਸਾਨੀ ਮੰਗਾਂ ਲੜਾਈ ਅਜੇ ਵੀ ਜਾਰੀ ਹੈ।

ਬਚਿੱਤਰ ਕੌਰ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਹਿਲਾ ਵਿੰਗ ਵਿੱਚ ਸ਼ਾਮਲ ਹੋ ਗਏ ਹਨ ਅਤੇ ਪਿੰਡਾਂ ਵਿਚ ਕਿਸਾਨੀ ਸਮੱਸਿਆ ਸਬੰਧੀ ਔਰਤਾਂ ਨੂੰ ਜਾਗਰੂਕ ਕਰ ਰਹੇ ਹਨ।

ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਏ ਗਏ ਸਨ ਜਿਸ ਦੇ ਖਿਲਾਫ਼ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਡੇਰੇ ਲਗਾ ਕੇ ਅੰਦੋਲਨ ਕੀਤਾ ਸੀ। ਨਵੰਬਰ 2021 ਵਿੱਚ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲੈ ਲਏ ਸਨ ਜਿਸ ਮਗਰੋਂ ਅੰਦੋਲਨ ਮੁਲਤਵੀ ਹੋ ਗਿਆ ਸੀ। ਬਚਿੱਤਰ ਕੌਰ ਨੇ ਵੀ ਲੰਬਾ ਵਕਤ ਉਸੇ ਅੰਦੋਲਨ ਵਿੱਚ ਲਗਾਇਆ ਸੀ।

'ਜੋ 60 ਸਾਲ ਨਹੀਂ ਕਰ ਸਕੀ ਉਹ ਅੰਦੋਲਨ ਨੇ ਮੌਕਾ ਦਿੱਤਾ'

ਬਚਿੱਤਰ ਕੌਰ ਦਾ ਕਹਿਣਾ ਹੈ ਕਿਸਾਨ ਅੰਦਲੋਨ ਨੇ ਉਹਨਾਂ ਦੀ ਜਿੰਦਗੀ ਪੂਰੀ ਤਰਾਂ ਬਦਲ ਕੇ ਰੱਖ ਦਿੱਤੀ ਹੈ, ਹੁਣ ਉਹਨਾਂ ਨੂੰ ਜਿੰਦਗੀ ਜੀਉਣ ਦਾ ਨਵਾਂ ਮਕਸਦ ਮਿਲ ਗਿਆ ਹੈ।

ਆਪਣੀ ਜਿੰਦਗੀ ਦੀ ਕਿਤਾਬ ਦੇ ਪੁਰਾਣੇ ਵਰਕੇ ਫਰੋਲਦਿਆਂ 60 ਸਾਲਾ ਬਚਿੱਤਰ ਕੌਰ ਆਖਦੇ ਹਨ, "ਮੈਂ ਕੁਝ ਕਰਨਾ ਚਾਹੁੰਦੀ ਸੀ, ਮੇਰੇ ਵਿਚ ਜੋਸ਼ ਸੀ,ਪਰ ਘਰੇਲੂ ਜ਼ਿੰਮੇਵਾਰੀਆਂ ਅਤੇ ਸਮਾਜ ਦੇ ਕਾਰਨ ਮੈਂ 60 ਸਾਲ ਤੱਕ ਅਜਿਹਾ ਨਹੀਂ ਕਰ ਸਕੀ।"

ਆਪਣੇ ਨਿੱਜੀ ਜੀਵਨ ਬਾਰੇ ਗੱਲ ਕਰਦਿਆਂ ਬਚਿੱਤਰ ਕੌਰ ਆਖਦੇ ਹਨ ਕਿ ਉਨ੍ਹਾਂ ਦੇ ਪਿਤਾ ਅਜ਼ਾਦੀ ਘੁਲਾਟੀਏ ਸਨ।

ਵੀਡੀਓ ਕੈਪਸ਼ਨ, ਕਿਸਾਨੀ ਸੰਘਰਸ਼ ’ਚ 11 ਮਹੀਨੇ ਕਟ ਕੇ ਆਈ ਬਚਿੱਤਰ ਕੌਰ ਦੀ ਕਹਾਣੀ (ਵੀਡੀਓ ਦਸੰਬਰ 2021 ਦੀ ਹੈ)

ਬਚਿੱਤਰ ਕੌਰ ਅਨੁਸਾਰ ਘਰੇਲੂ ਜਿੰਮਵਾਰੀਆਂ ਕਾਰਨ ਉਨ੍ਹਾਂ ਦੀਆਂ ਆਪਣੀ ਇਛਾਵਾਂ ਦੱਬੀਆਂ ਰਹੀ ਗਈਆਂ।

"ਫਿਰ ਜਦੋਂ ਅੰਦੋਲਨ ਸ਼ੁਰੂ ਹੋਇਆ ਪਤਾ ਨਹੀਂ ਕਿਥੋਂ ਹਿੰਮਤ ਆਈ ਕਿ ਮੈਂ ਪਿੰਡੋਂ ਦਿੱਲੀ ਜਾ ਰਹੀ ਟਰੈਕਟਰ ਟਰਾਲੀ ਵਿੱਚ ਸਵਾਰ ਹੋਕੇ ਟਿਕਰੀ ਬਾਰਡਰ ਉਤੇ ਪਹੁੰਚ ਗਈ।"

"ਸ਼ੁਰੂ ਵਿਚ ਸੜਕ ਉੱਤੇ ਰਹਿਣ ਵਿੱਚ ਦਿੱਕਤਾਂ ਆਈਆਂ ਪਰ ਹੌਲੀ-ਹੌਲੀ ਉਥੇ ਹੀ ਦਿਲ ਲੱਗਣੇ ਸ਼ੁਰੂ ਹੋ ਗਏ। ਇਕ ਵਕਤ ਅਜਿਹਾ ਵੀ ਸੀ ਘਰ ਦੀ ਥਾਂ ਟਿਕਰੀ ਬਾਰਡਰ ਉਤੇ ਹੀ ਦਿਲ ਲੱਗਣਾ ਸੁਰੂ ਹੋ ਗਿਆ।"

ਉਹ ਆਖਦੇ ਹਨ ਕਿ ਜਦੋਂ ਤੱਕ ਅੰਦੋਲਨ ਚੱਲਿਆ ਉਨ੍ਹਾਂ ਉਥੇ ਹੀ ਸਮਾਂ ਬਤੀਤ ਕੀਤਾ।

ਯਾਦਾਂ ਨੂੰ ਤਰੋ-ਤਾਜ਼ਾ ਕਰਦੇ ਬਚਿੱਤਰ ਕੌਰ ਕਹਿੰਦੇ ਹਨ, ''ਨਿੱਜੀ ਤੌਰ 'ਤੇ ਮੇਰੇ ਵਿੱਚ ਬਹੁਤ ਬਦਲਾਅ ਆਇਆ, ਭਾਸ਼ਣ ਦੇਣ ਦੀ ਹਿੰਮਤ ਆਈ, ਸਰਕਾਰਾਂ ਕਿਸ ਤਰੀਕੇ ਨਾਲ ਕੰਮ ਕਰਦੀਆਂ ਹਨ ਇਸ ਦੀ ਜਾਂਚ ਆ ਗਈ।"

''ਅੰਦੋਲਨ ਦੌਰਾਨ ਗਲਤ ਨੂੰ ਗਲਤ ਕਹਿਣ, ਲੋਕਾਂ ਨਾਲ ਹੋ ਰਹੀਆਂ ਵਧੀਕੀਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਦੀ ਹਿੰਮਤ ਵੀ ਮੈਂ ਦਿੱਲੀ ਦੇ ਟਿੱਕਰੀ ਬਾਰਡਰ ਉੱਤੇ ਹੀ ਸਿੱਖੀ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ ਕਿ ਜ਼ਿੰਦਗੀ ਪ੍ਰਤੀ ਨਜ਼ਰੀਆ ਪੂਰੀ ਤਰਾਂ ਬਦਲ ਗਿਆ ਹੈ ਅਤੇ ਇਹ ਸਭ ਕੁਝ ਅੰਦੋਲਨ ਦੀ ਹੀ ਦੇਣ ਹੈ।

''ਜੇਕਰ ਅੰਦਲੋਨ ਨਾ ਹੁੰਦਾ ਤਾਂ ਸ਼ਾਇਦ ਮੈਂ ਕੁਝ ਵੀ ਨਹੀਂ ਕਰ ਪਾਉਂਦੀ। ਇਸ ਕਰਕੇ ਹੁਣ ਮੈਂ ਆਪਣੀ ਬਾਕੀ ਜ਼ਿੰਦਗੀ ਸੰਘਰਸ਼ ਦੇ ਨਾਮ ਲਾ ਦਿੱਤੀ ਹੈ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕਰ ਰਹੀ ਹਾਂ।"

‘ਪਹਿਲਾਂ ਇੱਕ ਬੇਟਾ ਤੇ ਬੇਟੀ ਸਨ ਪਰ ਹੁਣ ਕਈ ਧੀਆਂ ਪੁੱਤਰ ਹਨ’

ਬਚਿੱਤਰ ਕੌਰ ਆਖਦੇ ਹਨ ਉਨ੍ਹਾਂ ਦਾ ਬੇਟਾ ਅਤੇ ਬੇਟੀ ਕਈ ਸਾਲਾਂ ਤੋਂ ਵਿਦੇਸ਼ ਵਿਚ ਹਨ ਪਰ ਇਸ ਅੰਦਲੋਨ ਨੇ ਉਸ ਨੂੰ ਨਵੇਂ ਰਿਸ਼ਤੇ ਦਿੱਤੇ ਹਨ।

ਉਹ ਆਖਦੇ ਹਨ ਕਿ ਹੁਣ ਇੱਕ ਬੇਟੀ ਨਹੀਂ ਸਗੋਂ ਕਈ ਧੀਆਂ ਅਤੇ ਪੁੱਤਰ ਹਨ।

ਉਹ ਦੱਸਦੇ ਹਨ ਕਿ ਅੰਦਲੋਨ ਦੌਰਾਨ ਜਦੋਂ ਉਨ੍ਹਾਂ ਦਾ ਪਿੰਡ ਆਉਣਾ ਹੁੰਦਾ ਸੀ ਤਾਂ ਘਰ ਵਿੱਚ ਉਨ੍ਹਾਂ ਦਾ ਦਿਲ ਨਹੀਂ ਸੀ ਲੱਗਦਾ, ਉਹ ਕੰਮ ਖਤਮ ਕਰਕੇ ਫਿਰ ਤੋਂ ਟਿੱਕਰੀ ਬਾਰਡਰ ਉਤੇ ਪਹੁੰਚ ਜਾਂਦੇ ਸੀ।

ਕਿਸਾਨ ਅੰਦੋਲਨ

ਤਸਵੀਰ ਸਰੋਤ, Bachittar kaur

ਤਸਵੀਰ ਕੈਪਸ਼ਨ, ਕਿਸਾਨ ਅੰਦੋਲਨ ਦੌਰਾਨ ਬਚਿੱਤਰ ਕੌਰ

ਉਹ ਦੱਸਦੇ ਹਨ ਕਿ ਬਹਾਦਰਗੜ੍ਹ (ਹਰਿਆਣਾ) ਦੇ ਕਈ ਲੋਕਾਂ ਨਾਲ ਨਵੇਂ ਰਿਸ਼ਤੇ ਬਣੇ, ਜਿਨ੍ਹਾਂ ਨਾਲ ਹੁਣ ਵੀ ਗੱਲ ਹੁੰਦੀ ਰਹਿੰਦੀ ਹੈ।

ਇਸ ਅੰਦਲੋਨ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਭਾਈਚਾਰਕ ਸਾਂਝ ਦੀਆਂ ਨਵੀਂ ਤੰਦਾਂ ਕਾਇਮ ਹੋਈਆਂ ਹਨ।

ਬਚਿੱਤਰ ਕੌਰ ਨੂੰ ਸਰਕਾਰਾਂ ਨਾਲ ਗੁੱਸਾ ਹੈ। ਉਹ ਆਖਦੇ ਹਨ ਕਿ ਗਲਤ ਨੀਤੀਆਂ ਕਾਰਨ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਹਨ।

ਮਾਪੇ ਘਰਾਂ ਵਿਚ ਇਕੱਲੇ ਹਨ ਇਹ ਸਭ ਸਰਕਾਰਾਂ ਦੀ ਮਹਿਰਬਾਨੀ ਹੈ। ਬੱਚਿਤਰ ਕੌਰ ਆਖਦੇ ਹਨ ਕਿ ਅੰਦੋਲਨ ਵਿਚ ਔਰਤਾਂ ਦੀ ਬਹੁਤ ਦੇਣ ਹੈ।

ਰਾਣੀ ਝਾਂਸੀ ਅਤੇ ਮਾਈ ਭਾਗੋ ਦਾ ਜ਼ਿਕਰ ਕਰਦਿਆਂ ਆਖਦੇ ਹਨ ਕਿ ਜਿਸ ਅੰਦੋਲਨ ਵਿਚ ਔਰਤਾਂ ਮਰਦਾਂ ਦੇ ਨਾਲ ਮਿਲ ਜਾਣ ਤਾਂ ਸਮਝੋ ਉਹ ਮੋਰਚਾ ਇੱਕ ਦਿਨ ਫ਼ਤਹਿ ਜ਼ਰੂਰ ਹੋਵੇਗਾ।

ਅੰਦੋਲਨ ਕਾਰਨ ਮਿਲੀ ਨਵੀਂ ਪਛਾਣ

"ਕਿਸਾਨ ਅੰਦੋਲਨ ਕਾਰਨ ਮੈਨੂੰ ਨਵਾਂ ਨਾਮ ਲਾਡੋ ਰਾਣੀ ਮਿਲਿਆ, ਹੁਣ ਹਰ ਕੋਈ ਮੈਨੂੰ ਇਸੇ ਨਾਮ ਨਾਲ ਜਾਣਦਾ ਹੈ'', ਇਹ ਸ਼ਬਦ ਹਨ ਦਿੱਲੀ ਦੇ ਨਰੇਲਾ ਇਲਾਕੇ ਦੀ ਰਹਿਣ ਵਾਲੀ ਸ੍ਰਮਿਤੀ ਆਰਿਆ ਦੇ ਹਨ।

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ ਦੀ 'ਲਾਡੋ ਰਾਣੀ' ਸਮ੍ਰਿਤੀ ਆਰਿਆ ਸੰਘਰਸ਼ ਤੇ ਆਪਸੀ ਸਾਂਝ ਨੂੰ ਇੰਝ ਯਾਦ ਕਰਦੀ ਹੈ

ਸਮ੍ਰਿਤੀ ਦਿੱਲੀ ਦੀ ਜੰਮਪਾਲ ਹੈ ਪਰ ਕਿਸਾਨੀ ਅੰਦੋਲਨ ਦੌਰਾਨ ਉਸ ਨੂੰ ਕਿਸਾਨਾਂ ਨਾਲ ਇਸ ਕਦਰ ਮੋਹ ਪਿਆ ਕਿ ਉਹ ਰੋਜ਼ਾਨਾ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਸਿੰਘੂ ਬਾਰਡਰ ਉੱਤੇ ਲੰਗਰ ਦੀ ਸੇਵਾ ਲਈ ਜਾਣ ਲੱਗੇ।

ਅੰਦੋਲਨ ਮੁਲਤਵੀ ਹੋਣ ਤੋਂ ਬਾਅਦ ਹੁਣ ਸ੍ਰਮਿਤੀ ਆਪਣੀ ਉਚੇਰੀ ਪੜਾਈ ਲਈ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਹੈ ਪਰ ਅੰਦੋਲਨ ਦੀਆਂ ਯਾਦਾਂ ਉਹ ਹੁਣ ਵੀ ਦਿਲ ਵਿਚ ਸਮੋਈ ਬੈਠੀ ਹੈ।

ਸਮ੍ਰਿਤੀ ਆਖਦੇ ਹਨ ਕਿ ਬੇਸ਼ੱਕ ਕਿਸਾਨਾਂ ਨੂੰ ਦਿੱਲੀ ਤੋਂ ਗਿਆਂ ਕਈ ਮਹੀਨੇ ਹੋ ਗਏ ਹਨ ਪਰ ਸਿੰਘੂ ਬਾਰਡਰ ਉੱਤੇ ਬਤੀਤ ਕੀਤਾ ਹਰ ਇੱਕ ਦਿਨ ਉਸ ਨੂੰ ਚੰਗੀ ਤਰਾਂ ਯਾਦ ਹੈ।

ਸਮ੍ਰਿਤੀ ਦੱਸਦੀ ਹੈ ਕਿ ਜਦੋਂ ਅੰਦੋਲਨ ਮੁਲਤਵੀ ਹੋਇਆ ਤਾਂ ਉਹ ਕਿਸਾਨਾਂ ਦੇ ਨਾਲ ਫ਼ਤਹਿ ਮਾਰਚ ਵਿਚ ਸ਼ਾਮਲ ਹੋ ਕੇ ਪੰਜਾਬ ਆਏ ਸਨ।

''ਪੰਜਾਬ ਦੇ ਲੋਕਾਂ ਨੇ ਜੋ ਪਿਆਰ ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ, ਉਹ ਮੈਂ ਕਦੇ ਵੀ ਭੁਲਾ ਨਹੀਂ ਸਕਾਂਗੀ।''

ਸਿੰਘੂ ਬਾਰਡਰ ਨੂੰ ਯਾਦ ਕਰਕੇ ਸਮ੍ਰਿਤੀ ਹੁਣ ਵੀ ਭਾਵੁਕ ਹੋ ਜਾਂਦੇ ਹਨ। ਸਮ੍ਰਿਤੀ ਦੱਸਦੇ ਹਨ ਕਿ ਜਦੋਂ ਕਿਸਾਨ ਦਿੱਲੀ ਆਏ ਤਾਂ ਸਥਾਨਕ ਲੋਕ ਬਹੁਤ ਡਰੇ ਹੋਏ ਸਨ।

ਪਹਿਲੀ ਵਾਰ ਜਦੋਂ ਉਹ ਸਿੰਘੂ ਬਾਰਡਰ ਉੱਤੇ ਆਪਣੀ ਮਾਂ ਦੇ ਨਾਲ ਗਈ ਤਾਂ ਦੇਖਿਆ ਉੱਥੇ ਇਕ ਪਿੰਡ ਵਰਗਾ ਦ੍ਰਿਸ਼ ਸੀ। ਇਕ ਥਾਂ ਉਤੇ ਲੰਗਰ ਤਿਆਰ ਹੋ ਰਿਹਾ ਸੀ ਤਾਂ ਉਥੇ ਮੌਜੂਦਾ ਕਿਸਾਨਾਂ ਨੇ ਉਹਨਾਂ ਨੂੰ ਲੰਗਰ ਖਾਣ ਦਾ ਸੱਦਾ ਦਿੱਤਾ।

ਸਮ੍ਰਿਤੀ ਨੇ ਲੰਗਰ ਖਾਣ ਦੀ ਥਾਂ ਇਸ ਵਿੱਚ ਸੇਵਾ ਕਰਨ ਦੀ ਗੱਲ ਆਖੀ। ਇਸ ਤੋਂ ਬਾਅਦ ਉਹ ਲੰਗਰ ਤਿਆਰ ਕਰਨ ਲੱਗ ਗਏ। ਇਸ ਦਿਨ ਤੋਂ ਬਾਅਦ ਉਹ ਰੋਜ਼ਾਨਾ ਉਥੇ ਜਾਂਦੇ ਅਤੇ ਸੇਵਾ ਕਰਦੇ।

ਕਿਸਾਨ ਅੰਦੋਲਨ

ਤਸਵੀਰ ਸਰੋਤ, SMRITI ARYA

ਇਸ ਦੌਰਾਨ ਉਥੇ ਮੌਜੂਦਾ ਔਰਤਾਂ ਕਦੋਂ ਉਨ੍ਹਾਂ ਦੀ ਚਾਚੀ, ਮਾਮੀ ਅਤੇ ਮਾਸੀ ਬਣ ਗਈਆਂ ਪਤਾ ਹੀਂ ਨਹੀਂ ਲੱਗਾ। ਸਮ੍ਰਿਤੀ ਆਖਦੇ ਹਨ ਕਿ ਉਨ੍ਹਾਂ ਦੇ ਦੋਸਤਾਂ- ਮਿੱਤਰਾਂ ਨੇ ਅੰਦੋਲਨ ਸਮੇਂ ਸਿੰਘੂ ਜਾਣ ਤੋਂ ਵਰਜਿਆ ਸੀ ਪਰ ਉਸ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਇਕ ਸਾਲ ਦੌਰਾਨ ਬਹੁਤ ਕੁਝ ਸਿੱਖਿਆ, ਅਨਾਜ ਕਿਵੇਂ ਪੈਦਾ ਹੁੰਦਾ ਇਸ ਦਾ ਪਤਾ ਲੱਗਾ, ਕਿਸਾਨਾਂ ਦੀ ਸਮੱਸਿਆ ਕੀ ਹੈ ਇਸ ਨੂੰ ਬਹੁਤ ਹੀ ਨੇੜੇ ਤੋਂ ਸਮਝਣ ਦਾ ਪਤਾ ਲੱਗਾ।

ਸ੍ਰਮਿਤੀ ਮੁਤਾਬਕ ਜਿਸ ਦਿਨ ਕਿਸਾਨਾਂ ਨੇ ਵਾਪਸ ਜਾਣਾ ਸੀ, ਉਸ ਤੋਂ ਇਕ ਰਾਤ ਪਹਿਲਾਂ ਉਹ ਬਹੁਤ ਰੋਏ ਸਨ।

ਕੋਈ ਵੀ ਸਮ੍ਰਿਤੀ ਨਹੀਂ ਆਖਦਾ

ਸ੍ਰਮਿਤੀ ਹੁਣ ਵੀ ਪੰਜਾਬ ਆਉਂਦੇ ਹਨ ਤੇ ਕਿਸਾਨਾਂ ਦੇ ਘਰਾਂ ਵਿਚ ਰਹਿ ਕੇ ਜਾਂਦੇ ਹਨ। ਮੋਹਾਲੀ ਜ਼ਿਲ੍ਹੇ ਦੇ ਪਿੰਡ ਚਿੱਲਾ ਦੇ ਕਿਸਾਨ ਅਮਰੀਕ ਸਿੰਘ ਨਾਲ ਤਾਂ ਸ੍ਰਮਿਤੀ ਦਾ ਖਾਸ ਰਿਸ਼ਤਾ ਹੈ।

ਅਮਰੀਕ ਸਿੰਘ ਵੀ ਨਰੇਲਾ ਜਾਂਦੇ ਹਨ। ਅਮਰੀਕ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ''ਅਸੀਂ ਸਿਰਫ ਅੰਦੋਲਨ ਹੀ ਨਹੀਂ ਜਿੱਤਿਆ ਬਲਕਿ ਲੋਕਾਂ ਦੇ ਦਿੱਲ ਵੀ ਜਿੱਤ ਲਏ ਹਨ।''

ਉਨ੍ਹਾਂ ਨੇ ਦੱਸਿਆ ਕਿ ਸਮ੍ਰਿਤੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਲਈ ਰਿਸ਼ਤੇਦਾਰਾਂ ਤੋਂ ਵੀ ਵੱਧ ਕੇ ਹਨ।

ਅਮਰੀਕ ਸਿੰਘ ਆਖਦੇ ਹਨ ਕਿ ਪਿੰਡ ਵਿਚ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਸੀ ਤਾਂ ਸਮ੍ਰਿਤੀ ਦਾ ਪੂਰਾ ਪਰਿਵਾਰ ਇਸ ਵਿਚ ਸ਼ਾਮਲ ਹੋਇਆ ਅਤੇ ਇਨ੍ਹਾਂ ਰਿਸ਼ਤਿਆਂ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ।

ਵੀਡੀਓ ਕੈਪਸ਼ਨ, ਸਿੰਘੂ ਬਾਰਡਰ 'ਤੇ ਕਿਸਾਨਾਂ ਨਾਲ ਪਈ ਦਿੱਲੀ ਦੀ ਕੁੜੀ ਦੀ ਸਾਂਝ (ਵੀਡੀਓ ਦਸੰਬਰ 2021 ਦੀ ਹੈ)

ਸ੍ਰਮਿਤੀ ਮੁਤਾਬਕ ਇਸ ਅੰਦੋਲਨ ਦੇ ਕਾਰਨ ਹੀ ਉਸ ਨੇ ਪੰਜਾਬੀ ਸਿੱਖੀ, ਪੰਜਾਬੀ ਵਿਰਸੇ ਨੂੰ ਸਮਝਿਆ।

ਉਹ ਮਾਣ ਨਾਲ ਦੱਸਦੇ ਹਨ ਕਿ ਪੰਜਾਬ ਵਿੱਚ ਉਸ ਨੂੰ ਕੋਈ ਵੀ ਸਮ੍ਰਿਤੀ ਨਹੀਂ ਆਖਦਾ ਸਾਰੇ ਲਾਡੋ ਰਾਣੀ ਹੀ ਆਖਦੇ ਹਨ। ਸਮ੍ਰਿਤੀ ਫੋਨ ਅਤੇ ਸ਼ੋਸਲ ਮੀਡੀਆ ਉਤੇ ਪੰਜਾਬੀ ਭਾਈਚਾਰੇ ਨਾਲ ਸੰਪਰਕ ਵਿੱਚ ਹੈ।

ਕਿਉਂ ਸ਼ੁਰੂ ਹੋਇਆ ਸੀ ਅੰਦੋਲਨ

ਵੀਡੀਓ ਕੈਪਸ਼ਨ, ਦਿੱਲੀ ਵੱਲ ਜਾਂਦੇ ਕਿਸਾਨ ਖਨੌਰੀ ਬਾਰਡਰ ’ਤੇ ਹੋਏ ਇਕੱਠੇ, ਕੀ ਕੀਤੇ ਦਾਅਵੇ (ਵੀਡੀਓ 25 ਨਵੰਬਰ 2021 ਦਾ ਹੈ)

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅਸਲ ਵਿੱਚ ਸਤੰਬਰ 2020 ਤੋਂ ਹੀ ਪੰਜਾਬ ਅਤੇ ਹਰਿਆਣਾ ਵਿਚ ਚੱਲ ਰਿਹਾ ਸੀ ਪਰ ਜਦੋਂ ਕਿਸਾਨਾਂ ਨੂੰ ਲੱਗਿਆ ਕਿ ਇਥੇ ਗੱਲ ਨਹੀਂ ਬਣਨੀ ਤਾਂ ਕਿਸਾਨਾਂ ਨੇ 25 ਨਵਬੰਰ ਨੂੰ ਦਿੱਲੀ ਨੂੰ ਚਾਲੇ ਪਾ ਦਿੱਤੇ।

ਆਖਰਕਾਰ ਇੱਕ ਸਾਲ ਬੀਤ ਜਾਣ ਤੋਂ ਬਾਅਦ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇਂ ਖੇਤੀ ਕਾਨੂੰਨ ਵਾਪਸ ਲੈਣ ਸਮੇਤ ਕਿਸਾਨਾਂ ਦੀ ਕੁਝ ਹੋਰ ਮੰਗਾਂ ਵੀ ਮੰਨ ਲਈਆਂ। ਇਸ ਤਰ੍ਹਾਂ ਕਿਸਾਨਾਂ ਨੇ ਅੰਦਲੋਨ ਨੂੰ ਮੁਤਲਵੀ ਕਰਕੇ 11 ਦਸੰਬਰ ਤੋਂ ਘਰ ਵਾਪਸੀ ਕਰ ਲਈ।

ਪਰ ਇਸ ਤੋਂ ਪਹਿਲਾਂ 9 ਦਸੰਬਰ 2021 ਨੂੰ ਉਸ ਸਮੇਂ ਦੇ ਭਾਰਤ ਸਰਕਾਰ ਦੇ ਖੇਤੀ ਵਿਭਾਗ ਦੇ ਸਕੱਤਰ ਸੰਜੇ ਅਗਰਵਾਲ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਚਿੱਠੀ ਲਿਖ ਕੇ ਕਿਸਾਨਾਂ ਦੀ ਪੰਜ ਹੋਰ ਮੰਗਾਂ ਮੰਨਣਾ ਬਾਰੇ ਲਿਖਤੀ ਭਰੋਸਾ ਦਿੱਤਾ।

ਅੰਦੋਲਨ ਮੁਲਤਵੀ ਕਰਨ ਦੀਆਂ ਸ਼ਰਤਾਂ

ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਉਤੇ ਕਮੇਟੀ - ਸਰਕਾਰ ਨੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਇੱਕ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ, ਆਰਥਿਕ ਮਾਹਿਰ ਅਤੇ ਸਰਕਾਰ ਦੇ ਨੁਮਾਇੰਦੇ ਸ਼ਾਮਲ ਹੋਣ ਦੀ ਗੱਲ ਕੀਤੀ ਸੀ।

ਸਰਕਾਰ ਨੇ ਕਿਸਾਨਾਂ ਨਾਲ ਲਿਖਤੀ ਵਾਅਦਾ ਕੀਤਾ ਸੀ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਫ਼ਸਲਾਂ ਦੀ ਖਰੀਦ ਜਾਰੀ ਰਹੇਗੀ।

ਕੇਸ ਵਾਪਸ ਲੈਣ ਦਾ ਭਰੋਸਾ - ਕੇਂਦਰ ਸਰਕਾਰ ਨੇ ਉਸ ਸਮੇਂ ਵਾਅਦਾ ਕੀਤਾ ਸੀ ਕਿ ਯੂਪੀ, ਉੱਤਰਾਖੰਡ, ਹਿਮਾਚਲ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਅੰਦੋਲਨ ਨਾਲ ਸਬੰਧਤ ਮਾਮਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣਗੀਆਂ।

ਇਸ ਤੋਂ ਇਲਾਵਾ ਦਿੱਲੀ ਸਮੇਤ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦਰਜ ਕੇਸ ਵੀ ਵਾਪਸ ਹੋਣਗੇ।

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਪੰਜਾਬ ਤੋਂ ਸ਼ੁਰੂ ਹੋਏ ਵਿਰੋਧ ਤੋਂ ਲੈ ਕੇ ਸਰਕਾਰ ਦੇ ਝੁਕਣ ਤੱਕ (ਵੀਡੀਓ ਨਵੰਬਰ 2021 ਦੀ ਹੈ)

ਮੁਆਵਜ਼ਾ - ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਮੁਆਵਜ਼ੇ ਸਬੰਧੀ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰਿਆਣਾ ਅਤੇ ਯੂਪੀ ਸਰਕਾਰ ਨੇ ਇਸ ਸਬੰਧੀ ਸਹਿਮਤੀ ਦੇ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਇਸ ਸਬੰਧੀ ਐਲਾਨ ਕਰ ਦਿੱਤਾ ਹੈ।

ਬਿਜਲੀ ਬਿੱਲ- ਨਵੇਂ ਬਿਜਲੀ ਸੋਧ ਬਿੱਲ ਉਤੇ ਵੀ ਕਿਸਾਨਾਂ ਨੂੰ ਇਤਰਾਜ਼ ਸੀ,ਪਰ ਸਰਕਾਰ ਨੇ ਲਿਖਤੀ ਵਿਚ ਦਿੱਤਾ ਸੀ ਕਿ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਤੋਂ ਬਾਅਦ ਹੀ ਇਸ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ।

ਪਰਾਲੀ ਸਾੜਨ ਬਾਰੇ - ਜਿਥੋਂ ਤੱਕ ਪਰਾਲੀ ਨੂੰ ਅੱਗ ਲਗਾਉਣ ਦਾ ਸਵਾਲ ਹੈ ਭਾਰਤ ਸਰਕਾਰ ਨੇ ਪਾਸ ਕੀਤੇ ਗਏ ਕਾਨੂੰਨ ਦੀ ਧਾਰਾ 14 ਅਤੇ 15 ਵਿਚੋਂ ਕਿਸਾਨਾਂ ਨੂੰ ਅਪਰਾਧਿਕ ਮੁਕਦਮੇ ਤੋਂ ਛੋਟ ਦੇ ਦਿੱਤੀ ਹੈ।

ਕਿਸਾਨੀ ਮੰਗਾਂ ਉਤੇ ਕਿਸਾਨ ਯੂਨੀਅਨਾਂ ਦਾ ਮੌਜੂਦਾ ਸਟੈਂਡ

ਛੇ ਮਹੀਨੇ ਬਾਅਦ ਕੇਂਦਰ ਸਰਕਾਰ ਨੇ ਜੋ ਭਰੋਸਾ ਕਿਸਾਨੀ ਮੰਗਾਂ ਬਾਰੇ ਦਿੱਤਾ ਸੀ ਇਸ ਬਾਬਤ ਬੀਬੀਸੀ ਪੰਜਾਬੀ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਗੱਲ ਕੀਤੀ।

ਉਨ੍ਹਾਂ ਨੇ ਆਖਿਆ ਕਿ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਸਮੇਂ ਕੇਂਦਰ ਸਰਕਾਰ ਨੇ ਕਿਸਾਨ ਸੰਗਠਨਾਂ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਕਿ ਐੱਮਐੱਸਪੀ ਸਬੰਧੀ ਇੱਕ ਕਮੇਟੀ ਬਣਾਈ ਗਈ ਹੈ, ਜਿਸ ਵਿਚ ਖੇਤੀ ਮਾਹਰਾਂ ਅਤੇ ਕੇਂਦਰ ਤੋਂ ਇਲਾਵਾ ਕਿਸਾਨ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ।

ਉਸ ਤੋਂ ਬਾਅਦ ਕੇਂਦਰ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਕਿਸਾਨ ਸੰਗਠਨਾਂ ਦੇ ਨੁਮਾਇੰਦੇ ਮੀਟਿੰਗ ਲਈ ਨਹੀਂ ਆਏ।

ਉਗਰਾਹਾਂ ਕਹਿੰਦੇ ਹਨ, "ਸਾਡਾ ਸਵਾਲ ਇਹ ਹੈ ਕਿਸਾਨਾਂ ਨੂੰ ਦੱਸਿਆ ਤਾਂ ਜਾਵੇ ਕਿ ਆਖਿਰਕਾਰ ਐੱਮਐੱਸਪੀ ਸਬੰਧੀ ਕਿਹੜੀ ਨੀਤੀ ਕਿਸ ਤਰ੍ਹਾਂ ਨਾਲ ਤਿਆਰ ਕਰਨੀ ਹੈ ਅਤੇ ਮੀਟਿੰਗ ਦਾ ਏਜੰਡਾ ਕੀ ਹੈ। ਸਪੱਸ਼ਟ ਹੈ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਉਗਰਾਹਾਂ ਨੇ ਆਖਿਆ ਕਿ ਐੱਮਐੱਸਪੀ ਲਈ ਉਨ੍ਹਾਂ ਦੀ ਲੜਾਈ ਅਜੇ ਵੀ ਜਾਰੀ ਹੈ।''

ਜੋਗਿੰਦਰ ਸਿੰਘ ਉਗਰਾਹਾਂ

ਉਗਰਾਹਾਂ ਮੁਤਾਬਕ ਸਰਕਾਰ ਨੇ ਕਈ ਫ਼ਸਲਾਂ ਉੱਪਰ ਐੱਮਐੱਸਪੀ ਦਾ ਐਲਾਨ ਕੀਤਾ ਹੈ ਪਰ ਹੁਣ ਦੇਖਣਾ ਪਵੇਗਾ ਕਿ ਇਹ ਭਾਰਤ ਦੇ ਸਾਰੇ ਸੂਬਿਆਂ ਵਿੱਚ ਐੱਮਐੱਸਪੀ ਮਿਲਦੀ ਹੈ ਜਾਂ ਨਹੀਂ।

ਕਿਸਾਨ ਅੰਦਲੋਨ ਦੌਰਾਨ ਕਿਸਾਨਾਂ ਉਤੇ ਦਰਜ ਹੋਏ ਮਾਮਲਿਆਂ ਬਾਰੇ ਬੋਲਦਿਆਂ ਉਗਰਾਹਾਂ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਚਿੱਠੀ ਵਿੱਚ ਕਿਹਾ ਸੀ ਕਿ ਕੇਸ ਵਾਪਸ ਹੋਣਗੇ।

ਹਾਲੇ ਤਕ ਇਸ ਦੀ ਵੀ ਰਿਪੋਰਟ ਨਹੀਂ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਿਸਾਨਾਂ ਖਿਲਾਫ਼ ਕਿੰਨੇ ਕੇਸ ਦਰਜ ਕੀਤੇ ਸਨ ਅਤੇ ਕਿੰਨੇ ਵਾਪਸ ਲਏ ਹਨ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪਸਿੰਘ ਵਾਲਾ ਮੁਤਾਬਕ ਪੰਜਾਬ ਵਿਚ ਦਰਜ ਮਾਮਲੇ ਲਗਪਗ ਵਾਪਸ ਲਏ ਜਾ ਚੁੱਕੇ ਹਨ

ਹਰਿਆਣਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਮੁਤਾਬਕ ਅੰਦੋਲਨ ਦੌਰਾਨ ਸੂਬੇ ਵਿਚ ਕੁੱਲ 272 ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 82 ਕੇਸ ਵਾਪਸ ਲੈ ਗਏ ਸਨ।

ਇਸੇ ਤਰ੍ਹਾਂ ਕੇਂਦਰ ਦੇ ਰੇਲਵੇ ਅਤੇ ਕੌਮੀ ਸ਼ਾਹ ਮਾਰਗ ਅਥਾਰਟੀ ਨਾਲ ਸੰਬਧਤ 82 ਕੇਸ ਵਾਪਸ ਲੈਣ ਲਈ ਪ੍ਰਵਾਨਗੀ ਮਿਲ ਚੁੱਕੀ ਹੈ।

ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੰਢੂਨੀ ਨੇ ਆਖਿਆ ਕਿ ਜ਼ਿਆਦਾਤਰ ਕੇਸ ਵਾਪਸ ਹੋ ਗਏ ਹਨ, ਪਰ ਕੁਝ ਗੰਭੀਰ ਧਾਰਾਵਾਂ ਵਾਲੇ ਬਾਕੀ ਹਨ, ਜਿਸ ਉੱਤੇ ਮੁੱਖ ਮੰਤਰੀ ਨਾਲ ਵਿਚਾਰ ਜਾਰੀ ਹੈ।

ਪੰਜਾਬ ਦੀਆਂ ਕਿਸਾਨ ਯੂਨੀਅਨ ਦੀ ਏਕਤਾ ਦਾ ਕੀ ਹੋਇਆ

ਪੰਜਾਬ ਵਿੱਚ ਜਦੋਂ ਅੰਦਲੋਨ ਸੁਰੂ ਹੋਇਆ ਸੀ ਤਾਂ ਕਰੀਬ 32 ਕਿਸਾਨ ਯੂਨੀਅਨਾਂ ਸਨ। ਕੁਝ ਯੂਨੀਅਨ ਵਲੋਂ ਚੋਣ ਲੜਨ ਕਾਰਨ ਸੰਯੁਕਤ ਕਿਸਾਨ ਮੋਰਚੇ ਨੇ ਇਹਨਾਂ ਨੂੰ ਮੋਰਚੇ ਤੋਂ ਬਾਹਰ ਕਰ ਦਿੱਤਾ ਯਾਨਿ ਕਿਸਾਨ ਯੂਨੀਅਨਾਂ ਦੀ ਏਕਤਾ ਨੂੰ ਅੰਦੋਲਨ ਤੋਂ ਬਾਅਦ ਢਾਹ ਲੱਗ ਗਈ।

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਕਿ ਬਿਨਾਂ ਸ਼ੱਕ ਕੁਝ ਕਿਸਾਨ ਆਗੂਆਂ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਕੁਝ ਨਾ ਕੁਝ ਤਾਂ ਢਾਹ ਲੱਗੀ ਹੈ।

ਕਿਸਾਨ ਅੰਦੋਲਨ

ਤਸਵੀਰ ਸਰੋਤ, Skm/fb

ਉਨ੍ਹਾਂ ਕਿਹਾ ਕਿ ਅਜਿਹਾ ਵੀ ਨਹੀਂ ਹੈ ਕਿ ਕਿਸਾਨ ਏਕਤਾ ਦੁਬਾਰਾ ਕਾਇਮ ਨਹੀਂ ਹੋ ਸਕਦੀ। 32 ਜਥੇਬੰਦੀਆਂ ਵਿੱਚੋਂ ਫਿਲਹਾਲ 22 ਕਿਸਾਨ ਜਥੇਬੰਦੀਆਂ ਇਕ ਮੰਚ ਉਤੇ ਇਕੱਠੀਆਂ ਹਨ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਹਨ ਅਤੇ ਛੇਤੀ ਹੀ ਕਿਸਾਨੀ ਮੰਗਾਂ ਲਈ ਇਕੱਠੇ ਹੋ ਕੇ ਸੰਘਰਸ਼ ਦਾ ਰਾਹ ਫੜਨਗੀਆਂ।

ਐੱਮਐੱਸਪੀ ਦਾ ਭਵਿੱਖ

ਸਰਕਾਰ ਨੇ ਕਿਸਾਨ ਅੰਦਲੋਨ ਦੌਰਾਨ ਕਿਸਾਨਾਂ ਨੂੰ ਐੱਮਐੱਸਪੀ ਉੱਤੇ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇਸ ਉੱਤੇ ਹੋਇਆ ਕੁਝ ਨਹੀਂ।

ਇਸ ਮੁੱਦੇ ਉਤੇ ਬੀਬੀਸੀ ਪੰਜਾਬੀ ਨੇ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਆਖਿਆ ਕਿ ਐੱਮਐੱਸਪੀ ਕਿਸਾਨੀ ਦੀ ਆਰਥਿਕ ਹਾਲਤ ਸੁਧਾਰਨ ਲਈ ਜ਼ਰੂਰੀ ਹੈ ਅਤੇ ਇਸ ਉਤੇ ਕਾਨੂੰਨ ਬਣਨਾ ਚਾਹੀਦਾ ਹੈ।

ਦੇਵਿੰਦਰ ਸ਼ਰਮਾ
ਤਸਵੀਰ ਕੈਪਸ਼ਨ, ਦੇਵਿੰਦਰ ਸ਼ਰਮਾ ਮੁਤਾਬਕ ਐੱਮਐੱਸਪੀ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਜ਼ਰੂਰੀ ਹੈ

ਉਨ੍ਹਾਂ ਨੇ ਸਵਾਲ ਕੀਤਾ ਇੰਡਸਟਰੀ ਦਾ ਕੋਈ ਵੀ ਪ੍ਰੋਡਕਟ ਜਿਵੇਂ ਟੂਥਪੇਸਟ, ਪਾਊਡਰ, ਸਾਈਕਲ ਅਤੇ ਕਾਰਾਂ ਲੈਂਦਾ ਹੈ ਤਾਂ ਉਸ ਉਤੇ ਪ੍ਰਾਈਜ ਟੈੱਗ ਲੱਗਿਆ ਹੁੰਦਾ ਹੈ ਪਰ ਕਿਸਾਨ ਵਲੋਂ ਪੈਦਾ ਕੀਤੀ ਗਈ ਕਿਸੇ ਵੀ ਵਸਤੂ ਉਤੇ ਕੋਈ ਪ੍ਰਾਈਜ਼ ਟੈੱਗ ਨਹੀਂ ਹੁੰਦਾ।

ਉਸ ਦਾ ਭਾਅ ਮਾਰਕਿਟ ਤੈਅ ਕਰਦੀ ਹੈ ਕਿ ਟਮਾਟਰ ਦਾ ਭਾਅ 10 ਪ੍ਰਤੀ ਕਿਲੋ ਦੇਣਾ ਹੈ ਜਾਂ ਨਹੀਂ, ਜਦੋਂਕਿ ਬਾਕੀ ਵਸਤਾਂ ਦਾ ਭਾਅ ਫੈਕਟਰੀ ਮਾਲਕ ਤੈਅ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਫ਼ਸਲਾਂ ਦਾ ਸਰਕਾਰ ਭਾਅ ਤੈਅ ਕਰਦੀ ਹੈ ਉਥੇ ਵੀ ਕਿਸਾਨਾਂ ਦੀ ਹਾਲਤ ਠੀਕ ਨਹੀਂ ਹੈ ਇਸ ਦਾ ਮਤਲਬ ਇਹ ਹੈ ਕਿ ਭਾਅ ਸਹੀ ਤੈਅ ਨਹੀਂ ਹੋ ਰਿਹਾ।

ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਐੱਮਐੱਸਪੀ ਕਿਸਾਨ ਦੀ ਲਾਗਤ ਦੇ ਹਿਸਾਬ ਨਾਲ ਮਿਲਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਐੱਮਐੱਸਪੀ ਤੈਅ ਕਰਨ ਵਾਲੇ ਅਦਾਰੇ ਦਾ ਚੇਅਰਮੈਨ ਆਰਥਿਕ ਮਾਹਿਰ ਨਹੀਂ ਸਗੋਂ ਕੌਸਟ ਅਕਾਊਂਟੈਂਟ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਜਿਵੇਂ ਇੰਡਸਟਰੀ ਵਿਚ ਬਣਨ ਵਾਲੇ ਸਮਾਨ ਦਾ ਭਾਅ ਨਿਰਧਾਰਿਤ ਹੁੰਦਾ ਹੈ ਉਸੇ ਹਿਸਾਬ ਨਾਲ ਫਸਲਾਂ ਦਾ ਭਾਅ ਨਿਰਧਾਰਿਤ ਹੋਣਾ ਚਾਹੀਦਾ ਹੈ।

ਦਵਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਲਈ ਇਕ ਲੰਮੀ ਅਤੇ ਠੋਸ ਨੀਤੀ ਬਣਾਉਣ ਦੀ ਲੋੜ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਠੀਕ ਕਿ ਮੌਜੂਦਾ ਪੰਜਾਬ ਸਰਕਾਰ ਨੇ ਮੂੰਗੀ ਦੀ ਫ਼ਸਲ ਉਤੇ ਐੱਮਐੱਸਪੀ ਦਿੱਤੀ ਅਤੇ ਹੋਰ ਫ਼ਸਲਾਂ ਉੱਤੇ ਵੀ ਇਸ ਨੂੰ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਕਿਸਾਨਾਂ ਲਈ ਖੇਤੀ ਲਾਹੇਵੰਦ ਹੋ ਸਕੇ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)