You’re viewing a text-only version of this website that uses less data. View the main version of the website including all images and videos.
ਕੇਕੇ ਦਾ ਅਚਾਨਕ ਦੇਹਾਂਤ, 'ਯਾਦ ਆਏਂਗੇ ਯੇ ਪਲ' ਵਾਲੇ ਗਾਇਕ ਨੂੰ ਜਾਣੋ
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
'ਹਮ ਰਹੇਂ ਯਾ ਨਾ ਰਹੇਂ ਕਲ... ਯਾਦ ਆਏਂਗੇ ਯੇ ਪਲ... ਪਲ ਯੇ ਹੈਂ ਪਿਆਰ ਕੇ ਪਲ...
ਗੱਲ ਦੋਸਤੀ ਦੀ ਹੋਵੇ ਜਾਂ ਪਿਆਰ ਦੀ, ਇੱਕ ਸਮਾਂ ਸੀ ਜਦੋਂ ਜ਼ਿੰਦਗੀ ਦੇ ਬੇਹੱਦ ਕਰੀਬੀ ਇਹ ਗੀਤ ਕਿਸੇ ਐਂਥਮ ਵਰਗੇ ਬਣ। ਮਿਸਾਲ ਵਜੋਂ ਇਹ ਗੀਤ:
'ਯਾਰੋਂ ਦੋਸਤੀ ਬੜੀ ਹੀ ਹਸੀਨ ਹੈ...'
ਸਾਲ 1999 'ਚ ਆਈ ਐਲਬਮ 'ਪਲ' ਨੂੰ ਗਾਉਣ ਵਾਲੇ ਗਾਇਕ ਦਾ ਨਾਂਅ ਕੇਕੇ - ਕ੍ਰਿਸ਼ਣਕੁਮਾਰ ਕੁੰਨਥ ਸੀ। ਕੇਕੇ ਇਸ ਐਲਬਮ ਤੋਂ ਪਹਿਲਾਂ ਉਂਝ ਤਾਂ ਬਹੁਤ ਸਾਰੇ ਜਿੰਗਲ ਗਾਅ ਚੁੱਕੇ ਸਨ ਪਰ 'ਯਾਦ ਆਏਂਗੇ ਯੇ ਪਲ' ਗੀਤ ਨਾਲ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਇੱਕ ਖਾਸ ਥਾਂ ਬਣਾ ਲਈ।
ਫਿਰ ਉਸ ਵੇਲੇ ਉਹ ਆਪਣੀ ਰੂਹਾਨੀ ਆਵਾਜ਼ ਨੂੰ ਇੱਕ ਵੱਖਰੇ ਹੀ ਮੁਕਾਮ 'ਤੇ ਲੈ ਗਏ ਜਦੋਂ ਉਨ੍ਹਾਂ ਨੇ ਬਿਰਹਾ ਨੂੰ ਆਪਣੀ ਗਾਇਕੀ 'ਚ ਢਾਲਿਆ ਅਤੇ ਗਾਇਆ - 'ਤੜਪ-ਤੜਪ ਕੇ ਇਸ ਦਿਲ ਸੇ ਆਹ ਨਿਕਲਤੀ ਰਹੀ..'
ਮੰਗਲਵਾਰ ਰਾਤ ਇਸ ਗਾਇਕ ਦੀ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਤੋਂ ਬਾਅਦ ਮੌਤ ਹੋ ਗਈ।
ਕੇਕੇ ਫ਼ਿਲਮ ਸੰਗੀਤ ਦੀ ਦੁਨੀਆ 'ਚ ਆਏ ਅਤੇ ਛਾਅ ਗਏ। ਕਦੇ ਸ਼ਾਹਰੁਖ ਦੀ ਰੂਮਾਨੀਅਤ ਬਣ ਕੇ (ਆਂਖੋਂ ਮੇਂ ਤੇਰੀ ਅਜਬ ਸੀ ਗ਼ਜ਼ਬ ਸੀ ਅਦਾਏਂ ਹੈ), ਕਦੇ ਪਿਆਰ 'ਚ ਸਿਜਦਾ ਕਰਦੇ ਰਣਬੀਰ ਦੀ ਆਵਾਜ਼ ਬਣ ਕੇ (ਸਜਦੇ ਮੇਂ ਯੂੰ ਹੀ ਝੁਕਤਾ ਹੂੰ, ਤੁਮ ਪੇ ਹੀ ਆ ਕੇ ਰੁਕਤਾ ਹੂੰ), ਕਦੇ ਪਿਆਰ ਦੇ ਅੱਲ੍ਹੜਪੁਣੇ ਨੂੰ ਆਵਾਜ਼ ਦੇ ਕੇ (ਦਸ ਬਹਾਨੇ ਕਰ ਕੇ ਲੇ ਗਏ ਦਿਲ) ਅਤੇ ਕਦੇ ਦਿਲ ਦੀ ਤੜਪ ਬਣ ਕੇ (ਤੜਪ-ਤੜਪ ਕੇ ਇਸ ਦਿਲ ਸੇ ਆਹ ਨਿਕਲਤੀ ਰਹੀ)।
ਆਪਣੇ ਅੰਦਰ ਇੱਕ ਗਾਇਕ ਨੂੰ ਸਮੇਟੇ ਕੇਕੇ ਹੋਰ ਵੀ ਬਹੁਤ ਕੁਝ ਸਨ- ਗਾਇਕ, ਸੰਗੀਤਕਾਰ, ਖਾਣ ਦੇ ਸ਼ੌਕੀਨ, ਕੁਦਰਤ ਨੂੰ ਪਿਆਰ ਕਰਨ ਵਾਲੇ, ਸਫ਼ਰ ਕਰਨ ਤੇ ਘੁੰਮਣ-ਫਿਰਨ ਦੇ ਸ਼ੌਕੀਨ।
ਕੇਕੇ ਨੇ ਕਦੇ ਸੰਗੀਤ ਸਿੱਖਿਆ ਨਹੀਂ ਸੀ ਪਰ ਉਨ੍ਹਾਂ ਦੇ ਸੁਰ-ਤਾਲ ਕਮਾਲ ਦੇ ਸਨ।
ਇਹ ਵੀ ਪੜ੍ਹੋ:
53 ਸਾਲ ਦੀ ਉਮਰ 'ਚ ਅਚਾਨਕ ਦੇਹਾਂਤ
ਮਹਿਜ਼ 53 ਸਾਲ ਦੀ ਉਮਰ 'ਚ ਕੇਕੇ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਉਹ ਕੋਲਕਾਤਾ ਵਿੱਚ ਇੱਕ 'ਪ੍ਰੋਗਰਾਮ ਚ ਹਿੱਸਾ ਲੈਣ ਗਏ ਸਨ। ਪ੍ਰੋਗਰਾਮ ਦੇ ਦੌਰਾਨ ਹੀ ਉਨ੍ਹਾਂ ਨੇ ਆਪਣੀ ਸਿਹਤ ਵਿਗੜਨ ਦੀ ਗੱਲ ਕਹੀ ਸੀ।
ਪ੍ਰੋਗਰਾਮ ਤੋਂ ਵਾਪਸ ਪਰਤਦੇ ਸਮੇਂ ਹੀ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਅਗਸਤ 2014 'ਚ ਲੰਡਨ 'ਚ ਹੋਈ ਸੀ ਮੁਲਾਕਾਤ। ਪੜ੍ਹੋ ਉਸ ਦੇ ਕੁਝ ਅੰਸ਼:
ਗਾਇਕ ਬਣਨ ਬਾਰੇ ਤੁਸੀਂ ਕਦੋਂ ਅਤੇ ਕਿਵੇਂ ਸੋਚਿਆ?
ਬਚਪਨ ਤੋਂ ਹੀ ਮੈਨੂੰ ਸੰਗੀਤ ਦਾ ਸ਼ੌਕ ਸੀ, ਪੁਰਾਣੇ ਕੈਸੇਟ ਪਲੇਅਰ 'ਚ ਖੂਬ ਗੀਤ ਸੁਣਿਆ ਕਰਦਾ ਸੀ। ਕਾਲਜ 'ਚ ਦੋਸਤਾਂ ਨਾਲ ਮਿਲ ਕੇ ਪਰਫ਼ਾਰਮ ਕਰਦਾ ਸੀ। ਪਰ ਜਦੋਂ ਵਿਆਹ ਹੋਇਆ ਤਾਂ ਕਿਸੇ ਦੋਸਤ ਨੇ ਮਾਰਕਿਟਿੰਗ 'ਚ ਨੌਕਰੀ ਲਗਵਾ ਦਿੱਤੀ।
ਕੰਮ ਕਰਦੇ-ਕਰਦੇ ਮੈਨੂੰ ਲੱਗਣ ਲੱਗਾ ਕਿ ਮੈਂ ਇੱਥੇ ਕੀ ਕਰ ਰਿਹਾ ਹਾਂ। ਬੱਸ, ਮੁੰਬਈ ਚਲਾ ਗਿਆ। ਮੈਂ ਵਿਗਿਆਪਨਾਂ 'ਚ ਜਿੰਗਲ ਦਾ ਕੰਮ ਸ਼ੁਰੂ ਕੀਤਾ ਅਤੇ ਹਜ਼ਾਰਾਂ ਜਿੰਗਲਜ਼ ਗਾਏ।
ਬਾਲੀਵੁੱਡ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?
ਵਿਗਿਆਪਨਾਂ 'ਚ ਕੰਮ ਕਰਦੇ-ਕਰਦੇ ਮੈਨੂੰ ਫ਼ਿਲਮ 'ਮਾਚਿਸ' 'ਚ ਗਾਉਣ ਦਾ ਮੌਕਾ ਮਿਲਿਆ- 'ਛੋੜ ਆਏ ਹਮ ਵੋ ਗਲੀਆਂ'। ਕਹਿਣ ਨੂੰ ਤਾਂ ਦੋ ਹੀ ਲਾਈਨਾਂ ਸਨ ਪਰ ਵਿਸ਼ਾਲ ਭਾਰਦਵਾਜ ਦੀ ਫ਼ਿਲਮ ਸੀ।
ਫਿਰ ਏ ਆਰ ਰਹਿਮਾਨ ਨੇ ਮੌਕਾ ਦਿੱਤਾ ਫ਼ਿਲਮ 'ਸਪਨੇ' 'ਚ। ਪਰ ਟਰਨਿੰਗ ਪੁਆਇੰਟ ਆਇਆ 1999 'ਚ।
ਫ਼ਿਲਮ 'ਹਮ ਦਿਲ ਦੇ ਚੁਕੇ ਸਨਮ' ਦੇ ਲਈ ਇਸਮਾਈਲ ਦਰਬਾਰ ਨੇ ਮੈਨੂੰ 'ਤੜਪ-ਤੜਪ ਕੇ ਇਸ ਦਿਲ ਸੇ' ਗੀਤ ਗਵਾਇਆ।
ਆਮ ਤੌਰ 'ਤੇ ਅਜਿਹੇ ਗੀਤ ਲਈ ਸੰਗੀਤਕਾਰ ਕਿਸੇ ਸੀਨੀਅਰ ਗਾਇਕ ਨੂੰ ਹੀ ਲੈਂਦੇ ਹਨ। ਪਰ ਇਸਮਾਈਲ ਨੇ ਮੇਰੇ ਉੱਤੇ ਭਰੋਸਾ ਕੀਤਾ ਅਤੇ ਮੈਂ ਵੀ ਦਿਲ ਨਾਲ ਗਾ ਦਿੱਤਾ।
ਉਹ ਗੀਤ ਬਹੁਤ ਹਿੱਟ ਹੋਇਆ।
ਇਸੇ ਸਾਲ ਮੇਰੀ ਐਲਬਮ ਵੀ ਰਿਲੀਜ਼ ਹੋਈ। ਇਸ ਦੇ ਗੀਤ, ਜਿਵੇਂ - 'ਯਾਦ ਆਏਂਗੇ ਵੋ ਪਲ' ਪ੍ਰਸਿੱਧ ਹੋ ਗਏ। ਅੱਜ ਵੀ ਕਿਸੇ ਕਾਲਜ ਆਦਿ 'ਚ ਜਾਂਦਾ ਹਾਂ ਤਾਂ ਇਹ ਗੀਤ ਚਲਾਏ ਜਾਂਦੇ ਹਨ।
ਗੀਤ ਦੇ ਬੋਲਾਂ 'ਤੇ ਅੱਜਕੱਲ੍ਹ ਕਾਫੀ ਬਹਿਸ ਹੁੰਦੀ ਹੈ। ਕਦੇ ਅਜਿਹਾ ਹੋਇਆ ਹੈ ਕਿ ਤੁਸੀਂ ਗੀਤ ਦੇ ਬੋਲ ਦੇ ਕਾਰਨ ਗਾਉਣ ਤੋਂ ਮਨ੍ਹਾ ਕਰ ਦਿੱਤਾ ਹੋਵੇ?
ਇੱਕ ਵਾਰ ਇੱਕ ਨਵੇਂ ਸੰਗੀਤਕਾਰ ਨੇ ਮੇਰੇ ਕੋਲੋਂ ਗੀਤ ਗਵਾਇਆ। ਅਚਾਨਕ ਮੈਨੂੰ ਲੱਗਿਆ ਕਿ ਇਹ ਕਿਹੋ ਜਿਹੇ ਬੋਲ ਹਨ। ਮੈਂ ਗੀਤ ਛੱਡ ਕੇ ਚਲਾ ਗਿਆ।
ਫਿਰ ਬਾਅਦ 'ਚੋਂ ਫੋਨ ਆਇਆ ਕਿ ਗੀਤ ਦੇ ਬੋਲ ਬਦਲ ਦਿੱਤੇ ਗਏ ਹਨ ਅਤੇ ਤੁਸੀਂ ਆ ਜਾਓ।
ਸੰਗੀਤਕਾਰ ਦੀ ਇਹ ਪਹਿਲੀ ਫ਼ਿਲਮ ਸੀ ਅਤੇ ਨਿਰਮਾਤਾ ਵੱਡਾ ਸੀ, ਤਾਂ ਸੰਗੀਤਕਾਰ ਵੀ ਨਾ ਨਹੀਂ ਕਹਿ ਪਾ ਰਿਹਾ ਸੀ। ਹੁਣ ਸ਼ਾਇਦ ਲੋਕਾਂ ਨੂੰ ਪਤਾ ਹੈ ਕਿ ਮੈਂ ਅਜਿਹੇ ਗੀਤ ਨਹੀਂ ਗਾਉਂਦਾ।
ਤੁਸਾਡੇ ਲਈ ਚੰਗੇ ਗਾਇਕ ਦੀ ਪਰਿਭਾਸ਼ਾ ਕੀ ਹੈ?
ਮੇਰੇ ਹਿਸਾਬ ਨਾਲ ਚੰਗਾ ਗਾਇਕ ਉਹੀ ਹੈ ਜੋ ਕਿਸੇ ਸੰਗੀਤਕਾਰ ਦੇ ਗੀਤ ਨੂੰ ਆਪਣਾ ਬਣਾ ਕੇ ਗਾ ਸਕੇ। ਹੋ ਸਕਦਾ ਹੈ ਕਿ ਗੀਤ ਖੁਸ਼ਨੁਮਾ ਹੋਵੇ ਅਤੇ ਤੁਹਾਡਾ ਮੂਡ ਕੁਝ ਹੋਰ ਹੋਵੇ... ਇਸ ਲਈ ਮੈਂ ਇੱਕ ਦਿਨ 'ਚ ਸਿਰਫ਼ ਇੱਕ ਗੀਤ ਦੀ ਰਿਕਾਰਡਿੰਗ ਰੱਖਦਾ ਹਾਂ।
ਜਦੋਂ ਤੱਕ ਗਾਇਕ ਆਪ ਗੀਤ ਨੂੰ ਮਹਿਸੂਸ ਨਹੀਂ ਕਰ ਸਕਦਾ, ਉਦੋਂ ਤੱਕ ਸਰੋਤੇ ਨੂੰ ਕਿਵੇਂ ਚੰਗਾ ਲੱਗੇਗਾ।
ਇਹ ਵੀ ਪੜ੍ਹੋ: