You’re viewing a text-only version of this website that uses less data. View the main version of the website including all images and videos.
ਕੇਜਰੀਵਾਲ ਦਾ ਐਲਾਨ, 'ਦਿੱਲੀ 'ਚ ਬਿਜਲੀ ਸਬਸਿਡੀ ਉਨ੍ਹਾਂ ਨੂੰ ਹੀ ਮਿਲੇਗੀ ਜੋ ਇਸ ਦੀ ਮੰਗ ਕਰਨਗੇ' - ਪ੍ਰੱਸ ਰਿਵੀਊ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਉਂਦੀ 1 ਅਕਤੂਬਰ ਤੋਂ ਦਿੱਲੀ ਵਿੱਚ ਸਿਰਫ਼ ਉਨ੍ਹਾਂ ਨੂੰ ਹੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ ਜੋ ਇਸਦੀ ਮੰਗ ਕਰਨਗੇ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ, ''ਬਹੁਤ ਸਾਰੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲਦੀ ਹੈ ਜਿਸਦੇ ਲਈ ਦਿੱਲੀ ਸਰਕਾਰ ਸਬਸਿਡੀ ਦਿੰਦੀ ਹੈ।"
"ਮੈਨੂੰ ਅਜਿਹੇ ਕਈ ਸੁਝਾਅ ਅਤੇ ਪੱਤਰ ਮਿਲੇ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਸਾਨੂੰ ਮੁਫ਼ਤ ਬਿਜਲੀ ਦਿੰਦੇ ਹੋ ਇਹ ਚੰਗੀ ਗੱਲ ਹੈ ਪਰ ਕਿਉਂਕਿ ਸਾਡੇ ਵਿੱਚੋਂ ਕੁਝ ਲੋਕ ਸਮਰੱਥ ਹਨ ਅਤੇ ਅਸੀਂ ਮੁਫ਼ਤ ਸਬਸਿਡੀ ਅਤੇ ਬਿਜਲੀ ਨਹੀਂ ਚਾਹੁੰਦੇ। ਤੁਸੀਂ ਇਸ ਪੈਸੇ ਨੂੰ ਸਕੂਲਾਂ ਅਤੇ ਹਸਪਤਾਲਾਂ 'ਤੇ ਲਗਾ ਸਕਦੇ ਹੋ।''
ਉਨ੍ਹਾਂ ਅੱਗੇ ਕਿਹਾ, ''ਇਸ ਲਈ ਅਸੀਂ ਫੈਸਲਾ ਕੀਤਾ ਕਿ ਅਸੀਂ ਲੋਕਾਂ ਨੂੰ ਚੁਣਨ ਲਈ ਕਹਾਂਗੇ। ਅਸੀਂ ਉਨ੍ਹਾਂ ਨੂੰ ਪੁੱਛਾਂਗੇ ਕਿ ਕੀ ਉਨ੍ਹਾਂ ਨੂੰ ਬਿਜਲੀ ਸਬਸਿਡੀ ਚਾਹੀਦੀ ਹੈ। ਜੇ ਉਹ ਹਾਂ ਕਹਿਣਗੇ ਤਾਂ ਅਸੀਂ ਉਨ੍ਹਾਂ ਨੂੰ ਇਹ ਦੇ ਦੇਵਾਂਗੇ। ਜੇ ਨਾ ਕਹਿਣਗੇ ਤਾਂ ਨਹੀਂ ਦੇਵਾਂਗੇ।''
ਕੇਜਰੀਵਾਲ ਨੇ ਕਿਹਾ, ''ਲੋਕਾਂ ਨੂੰ ਪੁੱਛਣ ਦੀ ਇਹ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ ਅਤੇ 1 ਅਕਤੂਬਰ ਤੋਂ ਸਿਰਫ਼ ਮੰਗਣ ਵਾਲਿਆਂ ਨੂੰ ਹੀ ਸਬਸਿਡੀ ਦਿੱਤੀ ਜਾਵੇਗੀ।''
ਦਿੱਲੀ ਵਿੱਚ ਕੁੱਲ 58,18,231 ਬਿਜਲੀ ਦੇ ਖਪਤਕਾਰ ਹਨ ਅਤੇ ਸਰਕਾਰ ਦਾ ਕਹਿਣਾ ਹੈ ਕਿ ਸਬਸਿਡੀ ਵਾਲੇ ਕੁਨੈਕਸ਼ਨਾਂ ਦੀ ਕੁੱਲ ਸੰਖਿਆ 47,16,075 ਹੈ।
ਦਿੱਲੀ ਸਰਕਾਰ ਦਾ ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਦੇਸ਼ ਕੋਲ਼ੇ ਦੀ ਘਾਟ ਦੇ ਚੱਲਦਿਆਂ ਗੰਭੀਰ ਬਿਜਲੀ ਸੰਕਟ ਦੇ ਕਰੀਬ ਹੈ।
ਇਹ ਵੀ ਪੜ੍ਹੋ:
ਪੰਜਾਬ 'ਚ ਨਿੱਜੀ ਖਰੀਦਦਾਰਾਂ ਦੁਆਰਾ ਕਣਕ ਦੀ ਖਰੀਦ 'ਚ 6 ਫੀਸਦੀ ਦਾ ਵਾਧਾ
ਪੰਜਾਬ 'ਚ ਵੀਰਵਾਰ ਤੋਂ ਅਨਾਜ ਮੰਡੀਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਫਸਲ ਖਰੀਦਣ ਵਿੱਚ ਨਿੱਜੀ ਖਰੀਦਦਾਰਾਂ ਦੀ ਵੱਡੀ ਭੂਮਿਕਾ ਰਹੀ ਹੈ।
ਇਸ ਸਾਲ ਨਿੱਜੀ ਖਰੀਦਦਾਰਾਂ ਦੁਆਰਾ ਖਰੀਦ ਵਿੱਚ 6 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਜੋ ਕਿ ਪਿਛਲੇ ਸਾਲਾਂ ਵਿੱਚ ਕਾਫੀ ਘੱਟ ਰਿਹਾ ਹੈ।
ਨਿੱਜੀ ਖਰੀਦ ਨਾਲ ਇਸ ਵਾਰ ਕਿਸਾਨਾਂ ਨੂੰ ਇਹ ਮੌਕਾ ਵੀ ਮਿਲਿਆ ਕਿ ਉਹ ਆਪਣੀਆਂ ਫਸਲਾਂ ਐੱਮਐੱਸਪੀ (ਨਿਊਨਤਮ ਸਮਰਥਨ ਮੁੱਲ) ਨਾਲੋਂ ਵਧੇਰੇ ਮੁੱਲ 'ਤੇ ਵੇਚ ਸਕਣ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਪੰਜਾਬ ਮੰਡੀ ਬੋਰਡ ਦੇ ਡੇਟਾ ਤੋਂ ਜਾਣਕਾਰੀ ਮਿਲਦੀ ਹੈ ਕਿ ਇਸ ਵਾਰ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੋਂ 101.50 ਲੱਖ ਟਨ ਕਣਕ ਦੀ ਖਰੀਦ ਹੋਈ ਹੈ, ਜਿਸ ਵਿੱਚੋਂ ਨਿੱਜੀ ਖਰੀਦਦਾਰਾਂ ਨੇ 6 ਫੀਸਦੀ ਭਾਵ 5.98 ਲੱਖ ਟਨ ਕਣਕ ਖਰੀਦੀ ਹੈ।
ਬਜ਼ਾਰ ਵਿੱਚ ਐੱਮਐੱਸਪੀ 2,015 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਸੀ ਜਿਸ ਕਰਕੇ ਕਿਸਾਨਾਂ ਨੇ ਪ੍ਰਾਈਵੇਟ ਖਰੀਦਦਾਰਾਂ ਦਾ ਰੁਖ ਕੀਤਾ ਜੋ ਕਿ ਉਨ੍ਹਾਂ ਨੂੰ 2,150 ਰੁਪਏ ਪ੍ਰਤੀ ਕੁਇੰਟਲ 'ਤੇ ਦੇ ਰਹੇ ਸਨ।
ਦੂਜੇ ਪਾਸੇ ਹਰਿਆਣਾ 'ਚ ਕਣਕ ਦੀ ਖਰੀਦ 'ਚ 50 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫਸਲ ਦਾ ਜ਼ਿਆਦਾ ਮੁੱਲ ਪ੍ਰਾਪਤ ਕਰਨ ਦੀ ਉਮੀਦ 'ਚ ਇਸਨੂੰ ਰੱਖੀ ਬੈਠੇ ਹਨ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫਸਲ ਮੰਡੀ ਵਿੱਚ ਲਿਆ ਹੀ ਨਹੀਂ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਐੱਮਐੱਸਪੀ ਨਾਲੋਂ ਜ਼ਿਆਦਾ ਮੁੱਲ ਮਿਲ ਰਿਹਾ ਸੀ।
ਭਾਰਤ 'ਸਭ ਤੋਂ ਗਰਮ' ਗ੍ਰਹਿ 'ਤੇ ਆਪਣਾ ਨਵਾਂ ਮਿਸ਼ਨ ਭੇਜਣ ਦੀ ਤਿਆਰੀ 'ਚ
ਭਾਰਤ ਬਹ੍ਰਿਮੰਡ ਦੇ ਸਭ ਤੋਂ ਚਮਕੀਲੇ ਤੇ ਗਰਮ ਗ੍ਰਹਿ ਸ਼ੁੱਕਰ 'ਤੇ ਆਪਣਾ ਨਵਾਂ ਮਿਸ਼ਨ ਭੇਜਣ ਦੀ ਤਿਆਰੀ ਕਰ ਰਿਹਾ ਹੈ, ਜਿਸ ਬਾਰੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਐਲਾਨ ਕੀਤਾ ਹੈ ਕਿ ਇਹ ਮਿਸ਼ਨ ਵੀਨਸ ਦਸੰਬਰ 2024 ਵਿੱਚ ਲਾਂਚ ਕੀਤਾ ਜਾਵੇਗਾ।
ਫਾਇਨੈਂਸ਼ੀਅਲ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਮੰਗਲਯਾਨ ਦੀ ਸਫਲਤਾ ਤੋਂ ਬਾਅਦ ਹੁਣ ਇਸਰੋ ਇਸ ਨਵੇਂ ਮਿਸ਼ਨ ਨਾਲ ਸ਼ੁੱਕਰ ਦੇ ਵਾਯੂਮੰਡਲ ਬਾਰੇ ਜਾਣਕਾਰੀ ਇਕੱਠੀ ਕਰੇਗਾ ਜੋ ਕਿ ਟੌਕਸਿਕ ਵੀ ਹੈ ਅਤੇ ਕੋਰੋਸਿਵ ਵੀ।
ਇਸਰੋ ਨੇ ਇਸ ਮਿਸ਼ਨ ਨੂੰ ਲਾਂਚ ਕਰਨ ਦਾ ਸਮਾਂ ਇਸ ਹਿਸਾਬ ਨਾਲ ਤੈਅ ਕੀਤਾ ਹੈ ਕਿ ਉਸ ਸਮੇਂ ਧਰਤੀ ਅਤੇ ਸ਼ੁੱਕਰ ਵਧੇਰੇ ਨੇੜੇ ਹੋਣਗੇ ਅਤੇ ਸ਼ੁੱਕਰ ਦੇ ਔਰਬਿਟ ਵਿੱਚ ਸਪੇਸਕਰਾਫ਼ਟ ਨੂੰ ਆਸਾਨੀ ਨਾਲ ਸੈੱਟ ਕੀਤਾ ਜਾ ਸਕੇਗਾ।
ਇਸਰੋ ਦੀ ਕੋਸ਼ਿਸ਼ ਹੈ ਕਿ ਇਸ ਮਿਸ਼ਨ ਦੁਆਰਾ ਅਜਿਹਾ ਨਵਾਂ ਡੇਟਾ ਜੁਟਾਇਆ ਜਾਵੇ ਜੋ ਕਿ ਵਿਸ਼ਵ ਭਰ ਲਈ ਉਪਯੋਗੀ ਹੋਵੇ।
ਇਹ ਵੀ ਪੜ੍ਹੋ: